More Punjabi Kahaniya  Posts
ਲਾਗਣ.


ਲਾਗਣ….ਕਹਾਣੀ
ਅੱਜ ਉਸ ਨੂੰ ਭੋਰਾ ਨੀਂਦ ਨਹੀਂ ਸੀ ਆ ਰਹੀ। ਉਹ ਕਦੇ ਛੱਤ ਤੇ ਲੱਗੇ ਹੌਲੀ ਹੌਲੀ ਘੁੰਮਦੇ ਪੱਖੇ ਵੱਲ ਵੇਖਦੀ ਤੇ ਕਦੇ ਸਾਹਮਣੇ ਅੱਧ ਨੰਗੀ ਕੰਧ ਵੱਲ ਟਿਕਟਿਕੀ ਲਗਾਕੇ ਵੇਖਣ ਲੱਗਦੀ ਜਿਹਦੀ ਅੱਧੀ ਕੁ ਸਫ਼ੈਦੀ ਲਹਿ ਗਈ ਸੀ ਸਲਾਬਾ ਆਉਣ ਕਾਰਨ । ਕਦੇ ਕਦੇ ਉਹ ਅੱਖਾਂ ਬੰਦ ਕਰ ਲੈਂਦੀ ਆਪਣੇ ਆਪ ਨੂੰ ਧੋਖਾ ਦੇਣ ਲਈ ਕਿ ਖੌਰੇ ਅੱਖਾਂ ਬੰਦ ਕੀਤਿਆਂ ਹੀ ਨੀਂਦ ਆ ਜਾਵੇ । ਉਹ ਕੜਥਣ ਲੈਣਾ ਚਾਹੁੰਦੀ ਸੀ ਪਰ ਲੈ ਨਹੀਂ ਸੀ ਰਹੀ ਇਹ ਸੋਚ ਕੇ ਹੀ ਕਿਧਰੇ ਉਹਦੀ ਧੀ ਨਾ ਜਾਗ ਜਾਵੇ । ਉਂਜ ਵੀ ਆਪਣੀ ਫ਼ਿਕਰਾਂ ਦੀ ਪੰਡ ਆਪਣੀ ਧੀ ਦੇ ਸਿਰ ਕਾਹਨੂੰ ਧਰਨੀ । ਇਹ ਸੋਚ ਕੇ ਉਹ ਉਂਜ ਹੀ ਪਈ ਰਹੀ ਪਰ ਮਨ ਵਿੱਚ ਕਿਧਰੇ ਨਾ ਕਿਧਰੇ ਇਹ ਵੀ ਸੀ ਕਿ ਮੇਰੀ ਧੀ ਵੀ ਹਾਲੇ ਸੁੱਤੀ ਨਹੀਂ ਉਹ ਵੀ ਮੇਰੇ ਵਾਂਗੂੰ ਅੱਖਾਂ ਮੀਚ ਸੌਣ ਦੀ ਜੱਦੋ ਜਹਿਦ ਤਾਂ ਨਹੀਂ ਕਰ ਰਹੀ ? ਫਿਰ ਉਹ ਆਪਣੀ ਮਾਂ ਬਾਰੇ ਸੋਚਣ ਲੱਗ ਪਈ ਕਿ ਜਦੋਂ ਮੈਂ ਜਾਗਦੀ ਹੁੰਦੀ ਸਾਂ ਤਾਂ ਮੇਰੀ ਮਾਂ ਦੀ ਨੀਂਦ ਵੀ ਆਪਣੇ ਆਪ ਕਿਧਰੇ ਗਵਾਚ ਜਾਂਦੀ ਸੀ । ਅੱਜ ਉਹਨੂੰ ਮੁੜ ਮੁੜ ਉਹ ਦਿਨ ਚੇਤੇ ਆ ਰਹੇ ਸਨ ਜਦੋਂ ਉਹ ਤੀਹਾਂ ਨੂੰ ਢੁੱਕ ਗਈ ਸੀ ਪਰ ਰਿਸ਼ਤੇ ਦਾ ਕਿਤੇ ਨਾਂ ਥੈਂ ਨਹੀਂ ਸੀ ਜੁੜਦਾ। ਜਿੱਥੇ ਵੀ ਗੱਲ ਤੁਰਦੀ ਝੱਟ ਜਵਾਬ ਮਿਲ ਜਾਂਦਾ ਸੀ। ਕਿੰਨੀ ਥਾਂ ਦੇਖ ਦਿਖਾਈ ਹੋਈ ਪਰ ਹਰ ਥਾਂ ਨਾਂਹ ਹੀ ਪੱਲੇ ਪਈ । ਇੱਕ ਦਿਨ ਫੇਰ ਅਜਿਹਾ ਵੀ ਆ ਗਿਆ ਕਿ ਦੇਖ ਦਿਖਾਈ ਦਾ ਚਾਅ ਮੁੱਕਣ ਦੇ ਨਾਲ ਨਾਲ ਦੇਖ ਦਖਾਈ ਦੇ ਨਾਂ ਤੇ ਮਨ ਮਸੋਸ ਕੇ ਰਹਿ ਜਾਂਦਾ । ਭੋਰਾ ਚਿੱਤ ਨਾ ਕਰਦਾ ਤਿਆਰ ਹੋਣ ਲਈ ਪਰ ਪਿਓ ਦੀ ਘੂਰ ਵੇਖ ਤਿਆਰ ਹੋ ਕੇ ਬੈਠ ਜਾਂਦੀ। ਉਂਜ ਜੇ ਦੇਖਿਆ ਜਾਵੇ ਸਰਬਜੀਤ ਸ਼ਕਲੋ ਸੂਰਤ ਇੰਨੀ ਮਾੜੀ ਵੀ ਨਹੀਂ ਸੀ । ਹਾਂ , ਮੰਨਿਆ ਕਿ ਪਰੀਆਂ ਵਰਗੀ ਸੋਹਣੀ ਤਾਂ ਨਹੀਂ ਸੀ ਪਰ ਫੇਰ ਵੀ ਜਦੋੰ ਲਾ ਪਾ ਕੇ ਨਿਕਲਦੀ ਤਾਂ ਬਥੇਰੀ ਜੱਚਦੀ ਉਂਝ ਵੀ ਸੁੱਖ ਨਾਲ ਦੱਸਵੀਂ ਤਾਂ ਕਰ ਹੀ ਲਈ ਸੀ । ਜਦੋਂ ਕਿ ਉਨ੍ਹਾਂ ਦੀ ਰਿਸ਼ਤੇਦਾਰੀ ‘ਚ ਤਾਂ ਕੋਈ ਕੁੜੀ ਅੱਠ ਨਹੀਂ ਸੀ ਟੱਪੀ ।
ਜਿਹੜਾ ਕੋਈ ਉਹਨੂੰ ਵੇਖਣ ਆਉਂਦਾ ਪਸੰਦ ਪਤਾ ਨੀ ਕਿਉਂ ਨੀ ਸੀ ਕਰਕੇ ਜਾਂਦਾ, ਉਹ ਹਮੇਸ਼ਾਂ ਸੋਚਦੀ । ਉਂਜ ਇਕ ਦੋ ਮੁੰਡਿਆਂ ਨੇ ਆਪ ਮੁਹਰੇ ਹੋ ਕੇ ਰਿਸ਼ਤੇ ਘੱਲੇ ਪਰ ਉੱਥੇ ਰਿਸ਼ਤਾ ਕਰਨਾ ਉਹਦੇ ਪਿਓ ਨੂੰ ਗਵਾਰਾ ਨਹੀਂ ਸੀ । ਉਹਦਾ ਪਿਉ ਬਹੁਤ ਹੀ ਕੱਬੇ ਸੁਭਾਅ ਦਾ ਬੰਦਾ ਸੀ। ਕਹਿੰਦਾ ਸੀ ਲੋਕਾਂ ਨੇ ਕਹਿਣਾ ਕੁੜੀ ਨੇ ਮੁੰਡਾ ਆਪੇ ਪਸੰਦ ਕਰ ਲਿਆ । ਮਾਂ ਪਿਓ ਮਰ ਗਏ ਸੀ ਭਲਾ ? ਨਾਲੇ ਸਾਡੇ ਘਰਾਂ ‘ਚ ਨੀ ਆਪੇ ਪਸੰਦ ਕਰਨ ਵਾਲੇ ਸਾਕ ਪੁੱਗਦੇ। ਅਸੀਂ ਇੱਜ਼ਤਾਂ ਵਾਲੇ ਬੰਦੇ ਹਾਂ। ਸਰਬਜੀਤ ਨੂੰ ਯਾਦ ਹੈ ਕਿ ਸੁਖਜੀਤ ਜਿਹੜੀ ਉਹਦੇ ਨਾਲ ਪੜ੍ਹਦੀ ਸੀ ਜਦੋਂ ਚਾਈਂ ਚਾਈੰ ਆਪਣੇ ਮਾਮੇ ਦੇ ਮੁੰਡੇ ਦਾ ਸਾਕ ਲਿਆਈ ਉਹਦੀ ਮਾਂ ਨੇ ਸੁਖਜੀਤ ਨੂੰ ਸਾਫ਼ ਨਾਹ ਕਰਦੇ ਹੋਏ ਕਿਹਾ ਸੀ ,” ਧੀਏ ! ਮੇਰੀ ਕਿਸੇ ਨੇ ਨਹੀਂ ਮੰਨਣੀ । ਤੈਨੂੰ ਇਹਦੇ ਪਿਓ ਦਾ ਤਾਂ ਪਤਾ ਈ ਐ । ਜੇ ਕਿਧਰੇ ਉਹਦੇ ਕੰਨੀਂ ਇਹ ਗੱਲ ਪੈ ਗਈ ਤਾਂ ਉਹਨੇ ਸਰਬਜੀਤ ਤੇ ਮੇਰੇ ਹੱਡ ਗੋਡੇ ਭੰਨ ਦੇਣੇ । ਉਹਨੇ ਤਾਂ ਸਾਡਾ ਜੀਣਾ ਦੁੱਭਰ ਕਰ ਦੇਣਾ । ਨਾ ਧੀਏ ! ਅੱਜ ਤੋਂ ਬਾਅਦ ਅਜਿਹੀ ਗੱਲ ਮੂੰਹੋਂ ਨਾ ਕੱਢੀ । ਆਪੇ ਵੇਖੂੰ ਇਹਦਾ ਪਿਉ ਜਿੱਥੇ ਰਿਸ਼ਤਾ ਕਰਨਾ ਹੋਊਂ।” ਸੁਖਜੀਤ ਨੇ ਚੁੱਪੀ ਵੱਟ ਲਈ। ਮੁੜ ਕਦੇ ਵੀ ਸਰਬਜੀਤ ਲਈ ਰਿਸ਼ਤੇ ਦੀ ਕੋਈ ਗੱਲ ਨਾ ਤੋਰੀ ।
ਸਰਬਜੀਤ ਦੇ ਪਿਓ ਨੇ ਤਾਂ ਉਹਨੂੰ ਤੇ ਉਹਦੀ ਮਾਂ ਨੂੰ ਸਾਫ਼ ਸਾਫ਼ ਕਹਿ ਰੱਖਿਆ ਸੀ ਕਿ ਜੇ ਕਿਧਰੇ ਬਾਹਰੋਂ ਕੋਈ ਅਜਿਹੀ ਗੱਲ ਸੁਣਨ ਨੂੰ ਮਿਲੀ ਜਿਸ ਨਾਲ ਮੈਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ ਤਾਂ ਮੈੰ ਤੁਹਾਡੇ ਦੋਵਾਂ ਮਾਵਾਂ ਧੀਆਂ ਦੇ ਡੱਕਰੇ ਕਰ ਆਪ ਗਲ ਫਰਾਹਾ ਲੈ ਕੇ ਮਰਨਾ ਪਸੰਦ ਕਰੂੰ ਪਰ ਕਿਸੇ ਅੱਗੇ ਅੱਖਾਂ ਨੀਵੀਆਂ ਕਰਕੇ ਨਈ ਜੀਣਾ। ਪਿਉ ਦੇ ਮੂੰਹੋੰ ਨਿਕਲੀਆਂ ਇਹ ਗੱਲਾਂ ਸਰਬਜੀਤ ਲਈ ਪੱਥਰ ਤੇ ਲਕੀਰ ਵਾਂਗੂੰ ਸਨ । ਉਹਨੇ ਇਹ ਗੱਲਾਂ ਇਸ ਤਰ੍ਹਾਂ ਆਪਣੀ ਰੂਹ ਨਾਲ ਗੁੰਦ ਲਈਆਂ ਕਿ ਉਹ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਵੇਖਣਾ ਤਾਂ ਦੂਰ ਦੀ ਗੱਲ ਕੋਲੋਂ ਲੰਘਦੀ ਹੋਈ ਵੀ ਕੰਬ ਜਾਂਦੀ ਸੀ । ਉਹ ਦੂਰੋਂ ਹੀ ਨੀਵੀਂ ਪਾ ਲੰਘ ਜਾਂਦੀ । ਜੇ ਕੋਈ ਮੁੰਡਾ ਉਹਦੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹ ਘਬਰਾ ਕੇ ਪਾਸਾ ਵੱਟ ਲੈੰਦੀ । ਉਹਦੇ ਹਾਣ ਦੀਆਂ ਕੁੜੀਆਂ ਉਹਨੂੰ ਵੇਖ ਹੱਸਦੀਆਂ ਤੇ ਆਖਦੀਆਂ ,” ਤੈਨੂੰ ਅਗਲੇ ਨੇ ਖਾ ਲੈਣਾ ਸੀ ? ਜੇ ਕੋਈ ਗੱਲ ਕਰਨੀ ਚਾਹੁੰਦਾ ਸੀ ਤਾਂ ਸੁਣ ਤਾਂ ਲੈਂਦੀ । ਖੌਰੇ ਕਿੰਨੀ ਕੁ ਜ਼ਰੂਰੀ ਗੱਲ ਹੋਵੇ ?” ਪਰ ਸਰਬਜੀਤ ਬੁੱਲ੍ਹਾਂ ਤੇ ਚੁੱਪ ਦੀ ਪਰਤ ਧਰੀ ਰੱਖਦੀ । ਉਹਨੂੰ ਅਜਿਹਾ ਹਾਸਾ ਮਜ਼ਾਕ ਚੰਗਾ ਨਾ ਲੱਗਦਾ। ਉਹ ਆਪਣੇ ਕੰਮ ਤਕ ਮਤਲਬ ਰੱਖਦੀ ।
ਜਦੋਂ ਉਹਦੀ ਸਹੇਲੀ ਸੁਖਜੀਤ ਵਿਆਹ ਤੋੰ ਬਾਅਦ ਪਹਿਲੀ ਵਾਰ ਉਹਨੂੰ ਮਿਲਣ ਆਈ ਉਹਦੇ ਪਾਇਆ ਸਿਲਕ ਦਾ ਗੁਲਾਬੀ ਰੰਗ ਦਾ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਵਿੱਚ ਉਹ ਉਹਨੂੰ ਐਨੀ ਸੋਹਣੀ ਲੱਗੀ ਕਿ ਉਹ ਉਹਦੇ ਵੱਲ ਨੀਝ ਲਾ ਕੇ ਵੇਖਦੀ ਰਹਿ ਗਈ । ਸੁਖਜੀਤ ਉਹਨੂੰ ਹੱਸ ਕੇ ਆਖਣ ਲੱਗੀ ,” ਮੇਰਾ ਸੂਟ ਤੇ ਜੁੱਤੀ ਨਾ ਵੇਖ। ਵੇਖੀਂ ਜਦੋਂ ਤੂੰ ਮੁਕਲਾਵੇ ਜਾਣਾ ਤੈਨੂੰ ਵੀ ਸਿਲਕ ਦਾ ਸੂਟ ਤੇ ਪੰਜਾਬੀ ਤਿੱਲੇ ਦੀ ਕੱਢੀ ਹੋਈ ਜੁੱਤੀ ਮਿਲਣੀ ਸ਼ਗਨਾਂ ‘ਚ “। ਸਰਬਜੀਤ ਦੇ ਮਨ ਵਿੱਚ ਵੀ ਤਿੱਲੇਦਾਰ ਪੰਜਾਬੀ ਜੁੱਤੀ ਤੇ ਸਿਲਕ ਦੇ ਸੂਟ ਦੀ ਰੀਝ ਕੜਥਣਾਂ ਲੈਣ ਲੱਗੀ। ਉਹਦੀਆਂ ਸੋਚਾਂ ਦੀਆਂ ਤੰਦਾਂ ਹੁਣ ਵਿਆਹ ਦੇ ਨਾਲ ਨਾਲ ਸਿਲਕ ਦੇ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਦੇ ਆਲੇ ਦੁਆਲੇ ਲਿਪਟਣ ਲੱਗੀਆਂ । ਹੁਣ ਜਦੋਂ ਵੀ ਉਹਦੇ ਵਿਆਹ ਦੀ ਗੱਲ ਤੁਰਦੀ ਤਾਂ ਉਹਦੀਆਂ ਅੱਖਾਂ ਮੁਹਰੇ ਸਿਲਕ ਦਾ ਸੂਟ ਤੇ ਪੰਜਾਬੀ ਤਿੱਲੇਦਾਰ ਜੁੱਤੀ ਪਹਿਲਾਂ ਘੁੰਮਣ ਲੱਗਦੀ।
ਜਦੋਂ ਰਿਸ਼ਤੇ ਦੀ ਗੱਲ ਸਿਰੇ ਨਾ ਚੜ੍ਹਦੀ ਤਾਂ ਉਹ ਖਿੱਝ ਜਾਂਦੀ । ਇਕ ਦਿਨ ਇੱਕ ਮੁੰਡਾ ਉਹਨੂੰ ਵੇਖਣ ਆਇਆ ਤੇ ਝੱਟ ਨਾਂਹ ਵਿੱਚ ਸਿਰ ਮਾਰ ਗਿਆ ਤਾਂ ਸਰਬਜੀਤ ਸੋਚਾਂ ਵਿੱਚ ਪੈ ਗਈ ਕਿ ਆਪ ਕਿੰਨਾ ਕੁ ਸੋਹਣਾ ਸੁਨੱਖਾ ਸੀ ? ਪੱਕਾ ਰੰਗ , ਮੋਟੇ ਨੈਣ ਨਕਸ਼ ਤੇ ਆਵਾਜ਼ ਗਲੇ ਚੋਂ ਜ਼ੋਰ ਲਾਇਆਂ ਮਸਾਂ ਹੀ ਨਿਕਲਦੀ ਸੀ । ਕਈ ਵਾਰ ਤਾਂ ਉਹਨੂੰ ਆਪਣੇ ਪਿਓ ਤੇ ਵੀ ਗੁੱਸਾ ਆਉਂਦਾ ਕਿ ਕਿਹੋ ਜਿਹੇ ਨਾਲ ਉਹਦਾ ਸਾਕ ਕਰਨ ਲੱਗਿਆ ਸੀ ? ਪਰ ਪਿਓ ਦੀਆਂ ਅੱਖਾਂ ਵੇਖ ਡਰ ਜਾਂਦੀ ਅਤੇ ਚੁੱਪ ਚਾਪ ਸਿਰ ਤੇ ਚੁੰਨੀ ਲੈ ਨੀਵੀਂ ਪਾ ਬੈਠ ਜਾਂਦੀ । ਫੇਰ ਉਹ ਆਪਣੇ ਮਨ ਨੂੰ ਸਮਝਾਉਣ ਲਈ ਸਿਲਕ ਦੇ ਸੂਟ ਅਤੇ ਤਿੱਲੇਦਾਰ ਜੁੱਤੀ ਬਾਰੇ ਹੀ ਸੋਚਣ ਲੱਗਦੀ ।
ਪਤਾ ਨਹੀਂ ਕਿੰਨੇ ਕੁ ਮੁੰਡੇ ਸਰਬਜੀਤ ਦੇ ਪਿਓ ਨੇ ਪਸੰਦ ਕੀਤੇ ਪਰ ਦੇਖ ਦਖਾਈ ਤੋਂ ਅੱਗੇ ਗੱਲ ਨਾ ਤੁਰਦੀ। ਹੁਣ ਇਕ ਮੁੰਡਾ ਹੋਰ ਉਹਦੇ ਪਿਉ ਨੂੰ ਜੱਚ ਗਿਆ ਸੀ ਤਿੱਖੇ ਨੈਣ ਨਕਸ਼ ,ਸੋਹਣਾ ਸੁਨੱਖਾ ਪਰ ਗੱਲ ਮੁੰਡੇ ਦੀ ਪਸੰਦ ਨਾ ਪਸੰਦ ਤੇ ਖੜ੍ਹੀ ਸੀ। ਸਰਬਜੀਤ ਤੇ ਉਹਦੀ ਮਾਂ ਘਬਰਾਈਆਂ ਹੋਈਆਂ ਸਨ । ਮੁੰਡਾ ਤੇ ਉਸ ਦੀ ਭਰਜਾਈ ਮੋਗੇ ਤੋਂ ਸਰਬਜੀਤ ਨੂੰ ਵੇਖਣ ਆਏ । ਸਰਬਜੀਤ ਹਮੇਸ਼ਾ ਦੀ ਤਰ੍ਹਾਂ ਨੀਵੀਂ ਪਾਈ ਬੈਠੀ ਰਹੀ । ਜੋ ਕੁਝ ਪੁੱਛਿਆ ਉਹਦਾ ਜਵਾਬ ਸਰਬਜੀਤ ਸਲੀਕੇ ਨਾਲ ਦੇ ਰਹੀ ਸੀ। ਹਮੇਸ਼ਾਂ ਵਾਂਗ ਸਰਬਜੀਤ ਦੀ ਹਿੰਮਤ ਨਾ ਪਈ ਮੁੰਡੇ ਵੱਲ ਵੇਖਣ ਦੀ । ਉਨ੍ਹਾਂ ਚਾਹ ਪਾਣੀ ਪੀਤਾ ਅਤੇ ਘਰ ਜਾ ਕੇ ਸਲਾਹ ਕਰਕੇ ਸੁਨੇਹਾ ਘੱਲਣ ਦੀ ਗੱਲ ਆਖ ਤੁਰ ਗਏ । ਸਰਬਜੀਤ ਦਾ ਪਿਓ ਹਮੇਸ਼ਾਂ ਵਾਂਗ ਸਰਬਜੀਤ ਨੂੰ ਹੀ ਅੱਖਾਂ ਨਾਲ ਤਾੜਦਾ ਰਿਹਾ ਤੇ ਸਰਬਜੀਤ ਡਰ ਗਈ ਕਿ ਇਸ ਵਾਰ ਵੀ ਪੱਕਾ ਜਵਾਬ ਹੀ ਮਿਲਣਾ । ਉਹ ਸਾਰੀ ਰਾਤ ਜਾਗਦੀ ਰਹੀ ਤੇ ਉਹਦੀਆਂ ਅੱਖਾਂ ਚੋਂ ਕੋਸੇ ਕੋਸੇ ਹੰਝੂ ਸਿੰਮਦੇ ਰਹੇ। ਉਹ ਰੱਬ ਕੋਲੋਂ ਪੁੱਛ ਰਹੀ ਸੀ ਕਿ ਉਹਨੇ ਕੀ ਗੁਨਾਹ ਕੀਤਾ ? ਉਹਦਾ ਸਾਕ ਸਿਰੇ ਕਿਉਂ ਨਹੀਂ ਚੜ੍ਹਦਾ ? ਕੀ ਉਹ ਸਾਰੀ ਉਮਰ ਕੁਆਰੀ ਹੀ ਰਹੇਗੀ , ਆਪਣੇ ਮਾਂ ਬਾਪ ਤੇ ਬੋਝ ਬਣੀ ਹੋਈ ? ਉਹਦੇ ਹਾਣ ਦੀਆਂ ਸਭ ਵਿਆਹੀਆਂ ਗਈਆਂ ਸਨ । ਹੁਣ ਤਾਂ ਗੁਆਂਢ ਦੀਆਂ ਔਰਤਾਂ ਵੀ ਗੱਲਾਂ ਗੱਲਾਂ ‘ਚ ਪੁੱਛਦੀਆਂ ਰਹਿੰਦੀਆਂ ਸਨ ਕਿ ਵੇਖਿਆ ਕੋਈ ਰਿਸ਼ਤਾ ? ਬਣੀ ਕੋਈ ਗੱਲ? ਕਿਸੇ ਪੰਡਤ ਨੂੰ ਟੇਵਾ ਵਿਖਾ ਲੈਂਦੇ। ਕੀ ਪਤਾ ਕਈ ਵਾਰ ਸੰਯੋਗ ਬੰਨ੍ਹੇ ਜਾਂਦੇ । ਉਨ੍ਹਾਂ ਦੀ ਗੁਆਂਢਣ ਬਾਂਸੋ ਤਾਂ ਟੋਟਕੇ ਵੀ ਦੱਸ ਜਾਂਦੀ। ਇੱਕ ਦਿਨ ਉਹ ਆਖਣ ਲੱਗੀ ,” ਕੁੜੀਏ! ਆਪਣੀ ਮਾਂ ਨਾਲ ਜਾ ਕੇ ਇੱਕ ਰੁਮਾਲ ‘ਚ ਜਿੰਨੇ ਸਰਦੇ ਪੰਜ – ਦਸ ਰੁਪਏ ਪਾ ਕੇ ਪੰਜ ਗੰਢਾਂ ਬੰਨ੍ਹ ਕੇ ਚੁਰਸਤੇ ‘ਚ ਮੂੰਹ ਨ੍ਹੇਰੇ ਰੱਖ ਆਵੀਂ । ਜਦੋਂ ਕਿਸੇ ਨੇ ਰੁਮਾਲ ਦੀਆਂ ਗੰਢਾਂ ਖੋਲ੍ਹੀਆਂ ਤਾਂ ਸੰਜੋਗ ਆਪੇ ਖੁੱਲ੍ਹ ਜਾਣੇ। ਜੇ ਏਦਾਂ ਨ੍ਹੀਂ ਹੁੰਦਾ ਤਾਂ ਇੱਕ ਲੋਹੇ ਦਾ ਜਿੰਦਰਾ ਲਾ ਕੇ ਵਿੱਚ ਹੀ ਚਾਬੀ ਛੱਡ ਕੇ ਚੁਰਸਤੇ ਤੇ ਰੱਖ ਆ , ਜਦੋਂ ਕਿਸੇ ਨੇ ਜਿੰਦਰਾ ਖੋਲ੍ਹਿਆ ਤਾਂ ਤੇਰੇ ਸੰਜੋਗ ਵੀ ਖੁੱਲ੍ਹ ਜਾਣੇ । ਸਰਬਜੀਤ ਦੀ ਮਾਂ ਨੇ ਤਾਂ ਇੱਕ ਦਿਨ ਝਾੜੂ ਦੀਆਂ ਤੀਲਾਂ ਖ਼ਲਾਰ ਕੇ ਚੁਰਸਤੇ ਵਿੱਚ ਰੱਖਕੇ ਵੀ ਵੇਖ ਲਈਆਂ। ਕਹਿੰਦੇ ਨੇ ਜੇ ਕੋਈ ਝਾੜੂ ਦੀਆਂ ਤੀਲਾਂ ਇਕੱਠੀਆਂ ਕਰ ਲਵੇ ਤਾਂ ਵੀ ਸੰਜੋਗ ਇਕੱਠੇ ਹੋ ਜਾਂਦੇ । ਸਰਬਜੀਤ ਦੀ ਮਾਂ ਨੇ ਪਤਾ ਨਹੀਂ ਕਿੰਨੇ ਟੋਟਕੇ ਵਰਤ ਕੇ ਵੇਖ ਲਏ । ਉਹ ਦਿਨ ਰਾਤ ਫ਼ਿਕਰਾਂ ਨਾਲ ਘੁਲਦੀ ਰਹਿੰਦੀ ਆਪਣੀ ਕੋਠੇ ਜਿੱਡੀ ਕੁਆਰੀ ਧੀ ਨੂੰ ਵੇਖ ਵੇਖ ਕੇ ।
ਇੱਕ ਦਿਨ ਸਰਬਜੀਤ ਦੀ ਚਾਚੀ ਮੋਗੇ ਵਾਲਾ ਰਿਸ਼ਤਾ ਸਿਰੇ ਨਾ ਚੜ੍ਹਦਾ ਵੇਖ ਗੁਆਂਢਣ ਨੂੰ ਆਖਣ ਲੱਗੀ ,” ਇਹ ਰਿਸ਼ਤਾ ਵੀ ਸਿਰੇ ਨਈ ਲੱਗਦਾ । ਇਹਦਾ ਨ੍ਹੀਂ ਛੇਤੀ ਛੇਤੀ ਸਾਕ ਹੋਣਾ ਕਿੱਧਰੇ। ਅੱਜਕੱਲ੍ਹ ਤਾਂ ਚੰਗੀਆਂ ਭਲੀਆਂ ਦੇ ਰਿਸ਼ਤੇ ਨਈ ਛੇਤੀ ਹੁੰਦੇ … ਅਗਲੇ ਸੌ ਨੱਕ ਬੁੱਲ ਕੱਢਦੇ …ਇਹ ਤਾਂ ਉਂਜ ਵੀ ਬਹੁਤੀ ਸੋਹਣੀ ਨਹੀਂ। ਮੇਰੀ ਕੁੜੀ ਵੱਲ ਵੇਖੋ ਪਰੀਆਂ ਵਰਗੀ… ਚਾਹੇ ਅੱਜ ਵਿਆਹ ਬਾਰੇ ਸੋਚਾਂ ਕੱਲ੍ਹ ਨੂੰ ਛੱਤੀ ਰਿਸ਼ਤੇ ਆ ਜਾਣ …ਪਰ ਮੈਂ ਸੋਚਦੀ ਪਹਿਲਾਂ ਇਹਦਾ ਰਿਸ਼ਤਾ ਨਿੱਬੜੇ… ਨਹੀਂ ਤਾਂ ਐਵੇਂ ਮਾਵਾਂ ਧੀਆਂ ਹਾਅ ਪਾਓਂ ਮੇਰੀ ਧੀ ਤੇ ।” ਜਦੋਂ ਸਰਬਜੀਤ ਤੇ ਉਹਦੀ ਮਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਈਆਂ ਤਾਂ ਦੋਵੇਂ ਸੁੰਨ ਰਹਿ ਗਈਆਂ । ਭਲਾ ਇਹੋ ਜਿਹੀਆਂ ਗੱਲਾਂ ਕਿੱਥੇ ਲੁਕੀਆਂ ਰਹਿੰਦੀਆਂ ? ਪਰ ਉਹ ਚੁੱਪ ਕਰ ਗਈਆਂ ਇਹ ਸੋਚ ਕੇ ਕਿ ਘਰ ਵਿੱਚ ਕਲੇਸ਼ ਕਾਹਨੂੰ ਕਰਨਾ ?
ਮੋਗੇ ਵਾਲੇ ਮੁੰਡੇ ਬਾਰੇ ਦੋ ਚਾਰ ਦਿਨ ਘਰ ਵਿੱਚ ਚਰਚਾ ਹੁੰਦੀ ਰਹੀ ਪਰ ਉਥੋਂ ਕੋਈ ਸੁੱਖ ਸੁਨੇਹਾ ਨਾ ਆਉਣ ਕਾਰਨ ਉਨ੍ਹਾਂ ਨੂੰ ਇਹ ਰਿਸ਼ਤਾ ਵੀ ਹੱਥੋਂ ਨਿਕਲਦਾ ਜਾਪਿਆ ਪਰ ਇੱਕ ਦਿਨ ਵਿਚੋਲੇ ਦਾ ਫ਼ੋਨ ਆ ਗਿਆ ਕਿ ਮੁੰਡੇ ਨੂੰ ਤੁਹਾਡੀ ਧੀ ਪਸੰਦ ਹੈ । ਸਹਿਮਤੀ ਨਾਲ ਵਿਆਹ ਦਾ ਦਿਨ ਪੱਕਾ ਕਰ ਲਓ। ਮੁੰਡੇ ਵਾਲੇ ਤਾਂ ਝੱਟ ਮੰਗਣੀ ਪੱਟ ਵਿਆਹ ਵਾਲੀ ਗੱਲ ਕਰ ਰਹੇ ਨੇ । ਬਾਕੀ ਤੁਸੀਂ ਦੱਸੋ । ਸਰਬਜੀਤ ਦੇ ਪਿਉ ਨੇ ਹਾਮੀ ਭਰਨ ਲੱਗਿਆਂ ਦੇਰ ਨਾ
ਲਾਈ । ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ । ਮੁੰਡੇ ਵੱਲੋਂ ‘ਹਾਂ ਦੀ ਗੱਲ ਸੁਣ ਸਰਬਜੀਤ ਦੀਆਂ ਅੱਖਾਂ ਮੁਹਰੇ ਸਿਲਕ ਦਾ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਘੁੰਮਣ ਲੱਗੀ। ਉਹ ਅੱਜ ਵਾਰ ਵਾਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰ ਰਹੀ ਸੀ । ਭਾਵੇਂ ਉਹ ਆਪਣੇ ਮਾਂ ਪਿਓ ਕੋਲੋਂ ਤਿੱਲੇਦਾਰ ਜੁੱਤੀ ਤੇ ਸਿਲਕ ਦਾ ਸੂਟ ਲੈ ਸਕਦੀ ਸੀ । ਉਨ੍ਹਾਂ ਕਿਹੜੇ ਮਨ੍ਹਾ ਕਰਨਾ ਸੀ ? ਚਾਈਂ ਚਾਈਂ ਲੈ ਕੇ ਦੇਣਾ ਸੀ । ਪਰ ਉਹਨੂੰ ਤਾਂ ਆਪਣੇ ਸਹੁਰਿਆਂ ਵੱਲੋਂ ਸਿਲਕ ਦਾ ਸੂਟ ਤੇ ਪੰਜਾਬੀ ਤਿੱਲੇਦਾਰ ਜੁੱਤੀ ਚਾਹੀਦੀ ਸੀ ਤਾਂ ਕਿ ਉਹ ਵੀ ਆਪਣੀਆਂ ਸਹੇਲੀਆਂ ਨੂੰ ਚਾਵਾਂ ਨਾਲ ਵਿਖਾ ਸਕੇ ਕਿ ਉਹਦੇ ਸਹੁਰਿਆਂ ਨੇ ਲੈ ਕੇ ਦਿੱਤੀ । ਸਰਬਜੀਤ ਨੇ ਕਦੇ ਵੀ ਆਪਣੇ ਬਾਰੇ ਨਹੀਂ ਸੀ ਸੋਚਿਆ ਜਿਵੇਂ ਆਮ ਕੁੜੀਆਂ ਸੋਚਦੀਆਂ ਆਪਣੇ ਜੀਵਨ ਸਾਥੀ ਬਾਰੇ ਕਿ ਉਹ ਉਹਨੂੰ ਬਹੁਤ ਪਿਆਰ ਕਰੇਗਾ , ਉਹਦੀ ਹਰ ਰੀਝ ਪੁਗਾਏਗਾ , ਉਹ ਤਾਂ ਇਹੋ ਸੋਚਦੀ ਸੀ ਕਿ ਉਹ ਕਦੇ ਆਪਣੇ ਘਰਵਾਲੇ ਨੂੰ ਦੁਖੀ ਨਹੀਂ ਹੋਣ ਦੇਵੇਗੀ। ਉਸ ਦੀ ਖ਼ੂਬ ਸੇਵਾ ਕਰੇਗੀ। ਉਸ ਦੀ ਚੰਗੀ ਮਾੜੀ ਗੱਲ ਮੰਨੇਗੀ। ਜੇ ਮੈਂ ਉਸ ਨਾਲ ਚੰਗਾ ਨਿਭਾਂਗੀ ਤਾਂ ਭਲਾ ਉਹ ਮੇਰੇ ਨਾਲ ਕਿਵੇਂ ਮਾੜਾ ਹੋ ਸਕਦਾ ਹੈ ? ਜਾਂ ਫਿਰ ਉਹ ਸੋਚਦੀ ਕਿ ਮੇਰੇ ਮਾਂ ਪਿਓ ਜਦੋਂ ਇਸ ਰਿਸ਼ਤੇ ਤੋਂ ਖੁਸ਼ ਹਨ ਤਾਂ ਮੈਂ ਵੀ ਖੁਸ਼ ਹੀ ਰਹਾਂਗੀ । ਮੇਰੀ ਖੁਸ਼ੀ ਮੇਰੇ ਘਰਦਿਆਂ ਨਾਲ ਹੀ ਬੱਝੀ ਹੋਈ ਹੈ ।
ਸਰਬਜੀਤ ਆਪਣੇ ਮਾਂ ਪਿਓ ਨੂੰ ਖ਼ੁਸ਼ ਵੇਖ ਕੇ ਖ਼ੁਸ਼ ਸੀ ਤੇ ਉਹਦੀ ਮਾਂ ਆਪਣੀ ਧੀ ਦੇ ਚਿਹਰੇ ਤੇ ਰੀਝਾਂ ਤੇ ਚਾਵਾਂ ਦੇ ਰੰਗ ਵੇਖ ਕੇ। ਗਲੀ ਗੁਆਂਢ ਵਿੱਚ ਵੀ ਬਹੁਤ ਚਾਅ ਕੀਤਾ ਗਿਆ ਕਿ ਚਲੋ ਧੀ ਧਿਆਣੀ ਆਪਣਾ ਘਰ ਸਾਂਭੇ । ਚਾਵਾਂ ਨਾਲ ਹਲਦੀ ਦੇ ਟਿੱਕੇ ਲਾ ਚਿੱਠੀ ਤੋਰੀ ਗਈ । ਸੁੱਖੀ ਸਾਂਦੀ ਵਿਆਹ ਦਾ ਦਿਨ ਆ ਗਿਆ । ਸਾਰੇ ਸ਼ਗਨ ਮਨਾਏ ਗਏ ,ਸੁਹਾਗ ਗਾਏ ਗਏ, ਵਟਣਾ ਮਲਿਆ ਤੇ ਉਹ ਚੂੜੇ ਤੇ ਮਹਿੰਦੀ ਨਾਲ ਗੱਲਾਂ ਕਰਦੀ ਕਲੀਰਿਆਂ ਨਾਲ ਸਾਂਝ ਪਾ , ਸੂਹੇ ਸੂਟ ‘ਚ ਸਜੀ ਡੋਲੀ ਜਾ ਬੈਠੀ ।
ਉਹ ਸਾਰੇ ਰਾਹ ਸੋਚਦੀ ਰਹੀ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਪਲਾਂ ਬਾਰੇ । ਗੱਡੀ ‘ਚ ਬੈਠੀ ਉਹ ਆਪਣੇ ਆਪ ਗੱਲਾਂ ਕਰਦੀ ਰਹੀ ਕਿ ਹੁਣ ਤਾਂ ਮੇਰੇ ਘਰ ਦੇ ਸਾਰੇ ਖ਼ੁਸ਼ ਨੇ । ਚਲੋ ਹੁਣ ਕਦੇ ਮੇਰੀ ਮਾਂ ਨੂੰ ਮੇਰੀ ਚਾਚੀ ਦੀਆਂ ਦਿਲ ਚੀਰਵੀਆਂ ਗੱਲਾਂ ਵੀ ਨਹੀਂ ਸੁਣਨੀਆਂ ਪੈਣਗੀਆਂ । ਸੋਚਾਂ ਸੋਚਦੇ ਸੋਚਦੇ ਜਦੋਂ ਡੋਲੀ ਵਾਲੀ ਗੱਡੀ ਨੇ ਉਹਦੇ ਸਹੁਰੇ ਘਰ ਮੁਹਰੇ ਬਰੇਕ ਲਾਈ ਉਦੋਂ ਉਹਦੀ ਸੁਰਤ ਖੁੱਲ੍ਹੀ। ਸ਼ਗਨਾਂ ਦੇ ਨਾਲ ਉਹਨੂੰ ਡੋਲੀ ਚੋਂ ਬਾਹਰ ਕੱਢਿਆ ਗਿਆ । ਫਿਰ ਪਾਣੀ ਵਾਰ ਕੇ ਉਹਦੀ ਚਾਚੀ ਸੱਸ ਨੇ ਉਹਦਾ ਗ੍ਰਹਿ ਪ੍ਰਵੇਸ਼ ਕਰਵਾਇਆ । ਆਪਣੇ ਲਈ ਹੁੰਦੇ ਸ਼ਗਨਾਂ ਨੂੰ ਵੇਖ ਉਹ ਫੁੱਲੀ ਨਹੀਂ ਸੀ ਸਮਾ ਰਹੀ ,ਕਿਉਂਕਿ ਇਹ ਉਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ । ਪਰ ਉਹ ਆਪਣੇ ਸ਼ਗਨਾਂ ਦਾ ਸਾਮਾਨ ਦੇਖਕੇ ਉਦਾਸ ਵੀ ਹੋਈ ਕਿ ਉਹਨੂੰ ਸਿਲਕ ਦਾ ਸੂਟ ਤੇ ਤਿੱਲੇਦਾਰ ਜੁੱਤੀ ਵਰੀ ਵਿੱਚ ਕਿਧਰੇ ਨਜ਼ਰ ਨਹੀਂ ਆਏ...

?
ਦਿਨ ਬੀਤਣ ਲੱਗੇ ਜ਼ਿੰਦਗੀ ਤੁਰ ਪਈ ਨਵੀਂਆਂ ਲੀਹਾਂ ਤੇ । ਦਿਨਾਂ ਦੇ ਨਾਲ ਨਾਲ ਮਹੀਨੇ ਬੀਤਣ ਲੱਗੇ ਤੇ ਫਿਰ ਸਾਲ । ਇਸ ਤਰ੍ਹਾਂ ਦਸ ਸਾਲ ਬੀਤ ਗਏ । ਉਹ ਹਮੇਸ਼ਾ ਆਪਣੇ ਪਤੀ ਕੋਲ ਹਿਰਖ ਕਰਦੀ ਕਿ ਉਹਨੇ ਉਹਨੂੰ ਸ਼ਗਨਾਂ ‘ਚ ਗੁਲਾਬੀ ਸਿਲਕ ਦਾ ਸੂਟ ਤੇ ਤਿੱਲੇਦਾਰ ਪੰਜਾਬੀ ਜੁੱਤੀ ਕਿਉਂ ਨਹੀਂ ਦਿੱਤੇ ? ਸ਼ੁਰੂ ਸ਼ੁਰੂ ‘ਚ ਤਾਂ ਉਹ ਹੱਸਕੇ ਸਾਰ ਦਿੰਦਾ ਸੀ ਤੇ ਹੁਣ ਕਈ ਕਈ ਵਾਰ ਤਾਂ ਖਿੱਝ ਜਾਂਦੈ ਤੇ ਆਖਦਾ ,”ਤੂੰ ਨੀ ਰੱਜਣਾ ਕਦੇ ਸੂਟਾਂ ਨਾਲ ।” ਜਦੋਂ ਉਹ ਇੰਝ ਆਖਦਾ ਤਾਂ ਉਹ ਸੋਚੀ ਪੈ ਜਾਂਦੀ ਕਿ ਐਨੇ ਸਾਲਾਂ ਵਿੱਚ ਉਹਦੇ ਪਤੀ ਨੇ ਉਹਨੂੰ ਕਿੰਨੇ ਕੁ ਸੂਟ ਖਰੀਦ ਕੇ ਦਿੱਤੇ ਤੇ ਉਹਨਾਂ ਦੀ ਗਿਣਤੀ ਉਹ ਉੰਗਲਾਂ ਤੇ ਕਰ ਲੈੰਦੀ । ਕਿਉਂਕਿ ਉਹ ਤਾਂ ਹੁਣ ਤੱਕ ਤਕਰੀਬਨ ਆਏ ਗਏ ਕੱਪੜੇ ਜਾਂ ਫਿਰ ਆਪਣੇ ਪੇਕਿਆਂ ਤੋੰ ਕਿਸੇ ਤਿੱਥ ਤਿਓਹਾਰ ਤੇ ਮਿਲੇ ਕੱਪੜੇ ਹੀ ਹੰਢਾਉਂਦੀ ਆਈ ਸੀ ।
ਇਨ੍ਹਾਂ ਦਸਾਂ ਸਾਲਾਂ ਵਿਚ ਉਹਨੂੰ ਸਿਲਕ ਦਾ ਸੂਟ ਤੇ ਤਿੱਲੇਦਾਰ ਜੁੱਤੀ ਨਾ ਜੁੜੀ । ਉਹ ਹਮੇਸ਼ਾ ਆਪਣੇ ਪਤੀ ਨੂੰ ਆਖਦੀ ਕਿ ਉਹਨੂੰ ਬੜੀ ਰੀਝ ਸੀ ਕਿ ਉਹਦੇ ਸਹੁਰਿਆਂ ਤੋਂ ਉਹਨੂੰ ਸਿਲਕ ਦਾ ਸੂਟ ਤੇ ਤਿੱਲੇਦਾਰ ਜੁੱਤੀ ਮਿਲਦੀ। ਉਹ ਪਤੀ ਦੀ ਖੁਸ਼ੀ ‘ਚ ਖ਼ੁਸ਼ ਹੁੰਦੀ ਤੇ ਉਹਦੇ ਦੁੱਖ ‘ਚ ਦੁੱਖ । ਪਤੀ ਤੇ ਕੱਬੇ ਸੁਭਾਅ ਨੂੰ ਹੱਸ ਕੇ ਜਰ ਲੈਂਦੀ । ਭਾਵੇਂ ਉਹ ਉਸ ਦੀ ਲਾਹ ਪਾਹ ਕਰਨ ਲੱਗਿਆਂ ਦੇਰ ਨਾ ਲਾਉਂਦਾ ਪਰ ਉਹ ਹੱਸ ਕੇ ਸਾਰ ਦਿੰਦੀ । ਕਦੇ ਮੋੜਵਾਂ ਜਵਾਬ ਨਾ ਦਿੰਦੀ । ਡਰਦੀ ਸੀ ਪੇਕਿਆਂ ‘ਚ ਵੀ ਪਿਓ ਦੇ ਭਾਂਬੜ ਵਰਗੇ ਗੁੱਸੇ ਤੋਂ ਕਿ ਉਹਨੇ ਵੀ ਪੇਕੇ ਵੜਨ ਨਹੀਂ ਦੇਣਾ ਮੈਨੂੰ । ਇਸ ਕਰ ਕੇ ਆਪਣੀ ਕਿਸਮਤ ਮੰਨ ਕੇ ਸਹਿ ਲੈਂਦੀ ਸੀ ਕੌੜਾ ਕੁਸੈਲਾ । ਉਹਦਾ ਪਤੀ ਪਿੰਡੋਂ ਦੂਰ ਸ਼ਹਿਰ ਵਿੱਚ ਆਪਣੇ ਵੱਡੇ ਭਰਾ ਦੀ ਦੁਕਾਨ ਤੇ ਉਹਦਾ ਹੱਥ ਵਟਾਉਂਦਾ ਸੀ । ਭਰਾ ਮਹੀਨੇ ਦਾ ਰਾਸ਼ਨ ਪਾਣੀ ਦੇ ਦਿੰਦਾ ਤੇ ਘਰ ਦਾ ਮਾੜਾ ਮੋਟਾ ਹੋਰ ਖ਼ਰਚਾ । ਦੁੱਧ ਲਈ ਉਹਨੇ ਦੋ ਮੱਝਾਂ ਰੱਖੀਆਂ ਹੋਈਆਂ ਸਨ । ਘਰ ਦੁੱਧ ਵਰਤ ਕੇ ਬਚਦਾ ਦੁੱਧ ਡੇਅਰੀ ਪਾ ਦਿੰਦੀ । ਸਰਬਜੀਤ ਲਾਡਾਂ ਚਾਵਾਂ ਨਾਲ ਉਪਰੋੰ ਥਲੀ ਹੋਏ ਦੋਵਾਂ ਬੱਚਿਆਂ ਨੂੰ ਪਾਲਣ ਲੱਗੀ । ਜਦੋਂ ਵਾਢੀ ਹੁੰਦੀ ਤਾਂ ਨਾ ਧੁੱਪ ਵੇਖਦੀ ਨਾ ਛਾਂ ਦਾਣੇ ਖਾਣ ਜੋਗੇ ਇਕੱਠੇ ਕਰ ਹੀ ਲੈਂਦੀ । ਸੋਹਣੀ ਦਿਨ ਕਟੀ ਹੋ ਰਹੀ ਸੀ ।
ਕਦੇ ਕਦਾਈ ਜੇਠ ਜੇਠਾਣੀ ਵੀ ਪਿੰਡ ਗੇੜਾ ਮਾਰ ਜਾਂਦੇ । ਜਦੋਂ ਉਹ ਪਿੰਡ ਆਉੰਦੇ ਸਰਬਜੀਤ ਦੇ ਚਾਅ ਸਾਂਭੇ ਨਾ ਜਾਂਦੇ । ਉਹ ਭੱਜੀ ਫ਼ਿਰਦੀ ਆਪਣੀ ਜੇਠਾਣੀ ਦੇ ਅੱਗੇ ਪਿੱਛੇ । ਸਰਬਜੀਤ ਦਾ ਪਤੀ ਜ਼ਿਆਦਾਤਰ ਆਪਣੇ ਭਰਾ ਦੇ ਘਰ ਹੀ ਰਹਿੰਦਾ ਸੀ । ਉਹ ਹਫ਼ਤੇ ਕੁ ਬਾਅਦ ਪਿੰਡ ਸੌਦਾ ਪੱਤਾ ਦੇਣ ਆਉਂਦਾ ਤੇ ਇੱਕ ਅੱਧਾ ਦਿਨ ਘਰ ਗੁਜ਼ਾਰ ਕੇ ਚਲਿਆ ਜਾਂਦਾ । ਜੁਆਕ ਵੱਡੇ ਹੋ ਰਹੇ ਸਨ । ਸਿਆਣੇ ਅਕਸਰ ਕਹਿੰਦੇ ਨੇ ਜਦੋੰ ਜੁਆਕ ਵੱਡੇ ਹੋਣ ਲੱਗਣ ਤਾਂ ਫੇਰ ਮਾਂ ਦੇ ਲਾਡ ਦੇ ਨਾਲ ਨਾਲ ਪਿਓ ਦੀ ਘੂਰ ਦਾ ਹੋਣਾ ਵੀ ਜਰੂਰੀ ਹੁੰਦੈ। ਪਰ ਜੇ ਵੇਖਿਆ ਜਾਵੇ ਤਾਂ ਸਰਬਜੀਤ ‘ਕੱਲੀ ਹੀ ਪਾਲ ਰਹੀ ਸੀ ਜੁਆਕਾਂ ਨੂੰ ਉਹ ਵੀ ਆਪਣੇ ਪਤੀ ਨੂੰ ਕਦੇ ਕੋਈ ਸ਼ਿਕਾਇਤ ਕੀਤਿਆਂ ਬਗੈਰ ।
ਪਿਛਲੇ ਮਹੀਨੇ ਉਹਦਾ ਪਤੀ ਤੜਕੇ ਹੀ ਉਹਦੇ ਜੇਠ ਜੇਠਾਣੀ ਦੇ ਆਉਣ ਦਾ ਸੁਨੇਹਾ ਲੈ ਆਇਆ। ਉਨ੍ਹਾਂ ਦੇ ਘਰ ਆਉਣ ਦੀ ਗੱਲ ਸੁਣ ਸਰਬਜੀਤ ਨੂੰ ਚਾਅ ਚੜ੍ਹ ਗਿਆ ਕਿਉਂਕਿ ਉਹਦੀ ਜੇਠਾਣੀ ਕਿਸੇ ਖਾਸ ਮੌਕੇ ਤੇ ਹੀ ਪਿੰਡ ਆਉਂਦੀ ਸੀ। ਉਹ ਸੋਚਾਂ ‘ਚ ਪੈ ਗਈ ਕਿ ਅਜਿਹਾ ਕਿਹੜਾ ਖਾਸ ਮੌਕਾ ਆਉਣ ਵਾਲਾ ਹੈ ? ਫ਼ਿਰ ਅਚਨਚੇਤ ਉਹਦਾ ਧਿਆਨ ਰਸੋਈ ਵੱਲ ਦੌੜਿਆ ਤੇ ਉਹ ਆਪਣੇ ਪਤੀ ਨੂੰ ਸੌਦਿਆਂ ਬਾਰੇ ਪੁੱਛਣ ਲੱਗੀ ਕਿ ਇਸ ਵਾਰੀ ਖ਼ਾਲੀ ਹੱਥ ਹੀ ਆ ਗਏ ? ਤਾਂ ਉਸਦਾ ਪਤੀ ਆਖਣ ਲੱਗਿਆ ਵੀਰੇ ਨੇ ਹਾਲੇ ਪੈਸੇ ਨਈ ਦਿੱਤੇ । ਖ਼ਾਲੀ ਹੱਥ ਤੜਕੇ ਤੜਕੇ ਕਿਹੜੀ ਦੁਕਾਨ ਤੇ ਜਾ ਕੇ ਖੜ੍ਹ ਜਾਂਦਾ ? ਪਤੀ ਦੇ ਮੂੰਹੋਂ ਇਹ ਗੱਲਾਂ ਸੁਣ ਉਹ ਰਸੋਈ ਵੱਲ ਤੁਰ ਪਈ ਤੇ ਚਾਹ ਧਰਨ ਲੱਗੀ ਪਰ ਜਦੋਂ ਚਾਹ ਪੱਤੀ ਵਾਲੇ ਡੱਬੇ ‘ਚ ਹੱਥ ਮਾਰਿਆ ਤਾਂ ਖਾਲੀ ਵੇਖ ਝੱਟ ਆਪਣੀ ਗੁਆਂਢਣ ਹਰਨਾਮੋ ਦਾ ਬੂਹਾ ਜਾ ਖੜਕਾਇਆ। ਚਾਹ ਬਣਾਉੰਦੇ ਹੋਏ ਉਹ ਆਪਣੇ ਘਰ ਦੀ ਖਸਤਾ ਹਾਲਤ ਬਾਰੇ ਸੋਚਣ ਲੱਗੀ। ਉਹ ਸੋਚਣ ਲੱਗੀ ਕਿ ਉਹਦਾ ਪਤੀ ਤੇ ਉਹਦਾ ਜੇਠ ਇੱਕੋ ਪਿਓ ਦੇ ਪੁੱਤ ਪਰ ਕਿੰਨਾ ਫ਼ਰਕ ? ਭਾਵੇਂ ਮੇਰਾ ਪਤੀ ਮੇਰੇ ਜੇਠ ਕੋਲ ਦਿਨ ਰਾਤ ਕੰਮ ਕਰਦਾ ਪਰ ਫੇਰ ਵੀ ਸਾਨੂੰ ਦੋ ਵਕਤ ਦੀ ਰੋਟੀ ਨੀ ਚੱਜ ਨਾਲ ਜੁੜਦੀ । ਚਲੋ ਕਰਮ ਆਪੋ ਆਪਣੇ। ਫੇਰ ਸੋਚਦੀ ਅਗਲੇ ਨੂੰ ਵੀ ਸੋਚਣਾ ਚਾਹੀਦੈ ਕਿ ਸਭ ਦੇ ਢਿੱਡ ਲੱਗੇ ਨੇ…ਤੇ ਢਿੱਡ ਰੋਟੀ ਮੰਗਦਾ…ਫੇਰ ਅਚਨਚੇਤ ਉਹਦੀ ਸੋਚਾਂ ਦੀ ਤੰਦ ਜੇਠਾਣੀ ਨਾਲ ਜਾ ਜੁੜੀ ਕਿ ਨਾਂ ਵੀ ਰਾਣੀ ਤੇ ਉਂਝ ਵੀ ਰਾਣੀ। ਕਦੇ ਹਲਕਾ ਕੱਪੜਾ ਨਈ ਪਾਇਆ ਦੇਖਿਆ । ਨਿੱਤ ਨਵਾਂ ਤੇ ਨਵਾਂ ਕੱਪੜਾ ਹੰਢਾਉੰਦੀ । ਪਤੀ ਨੂੰ ਚਾਹ ਦਾ ਗਿਲਾਸ ਫੜਾ , ਰੋਟੀ ਨਾਲ ਨੂੰ ਕੀ ਧਰੇ ? ਸੋਚਣ ਲੱਗੀ । ਅੱਜ ਤਾਂ ਘਰ ‘ਚ ਦਾਲ ਵੀ ਨਹੀਂ । ਗਰੀਬ ਦਾ ਕੀ ਐ? ਉਹ ਤਾਂ ਅਚਾਰ ਨਾਲ ਵੀ ਰੋਟੀ ਦੀ ਬੁਰਕੀ ਖਾ ਲੈਂਦਾ । ਗਰੀਬ ਨੇ ਤਾਂ ਢਿੱਡ ਈ ਭਰਨਾ ਹੁੰਦਾ । ਢਿੱਡ ਭਰਿਆ ਬਿਨਾਂ ਸਰਦਾ ਜੋ ਨਈ , ਜੇ ਸਰਦਾ ਹੁੰਦਾ ਤਾਂ ਪਾਣੀ ਦੇ ਘੁੱਟ ਨਾਲ ਈ ਸਬਰ ਕਰ ਲੈਂਦਾ। ਉਹ ਰਸੋਈ ‘ਚ ਬਾਰੀ ਤੇ ਅਖ਼ਬਾਰ ਹੇਠਾਂ ਹੱਥ ਮਾਰ ਲੱਭਣ ਲੱਗੀ , ਜੇ ਕੋਈ ਰੁਪਿਆ ਲੱਭ ਜਾਵੇ। ਉਹ ਕਦੇ ਕਦਾਈ ਉੱਥੇ ਪੈਸਾ ਧੇਲਾ ਰੱਖ ਦਿੰਦੀ ਸੀ ਜਿਹੜਾ ਅੜਦੇ ਥੁੜ੍ਹਦੇ ਨੂੰ ਕੰਮ ਆ ਜਾਂਦਾ ਸੀ ਤੇ ਅੱਜ ਵੀ ਸਰ ਗਿਆ। ਬਾਰੀ ਤੋਂ ਪੰਜਾਹ ਰੁਪਏ ਦਾ ਨੋਟ ਚੁੱਕ ਉਹਨੇ ਆਪਣੇ ਪੁੱਤ ਕਰਮੇ ਨੂੰ ਹਾਕ ਮਾਰੀ ਕਿ ਹੱਟੀ ਤੋਂ ਜਾ ਕੇ ਪੰਜਾਹਾਂ ਦੀ ਮਾਂਹਾਂ ਦੀ ਦਾਲ ਲੈ ਆਵੇ ਤਾਂ ਜੋ ਜੇਠ ਜੇਠਾਣੀ ਲਈ ਦਾਲ ਚੁੱਲੇ ਤੇ ਧਰ ਦਏ। ਉਨ੍ਹਾ ਦੇ ਆਉਂਦਿਆਂ ਤੱਕ ਦਾਲ ਰਿੱਝ ਜਾਵੇ ।
ਇਸ ਵਾਰ ਜਦੋੰ ਸਰਬਜੀਤ ਦੀ ਜੇਠਾਣੀ ਪਿੰਡ ਆਈ , ਉਹਨੂੰ ਵੇਖ ਕੇ ਸਰਬਜੀਤ ਨੂੰ ਆਪਣੀ ਪੁਰਾਣੀ ਅਧੂਰੀ ਸਹਿਕਦੀ ਰੀਝ ਚੇਤੇ ਆ ਗਈ । ਉਹਦੀ ਜੇਠਾਣੀ ਰਾਣੀ ਦੇ ਸਿਲਕ ਦਾ ਸੂਟ ਪਾਇਆ ਵੇਖ ਉਹਦੀ ਨਿਗਾਹ ਪੈੰਦੇ ਸਾਰ ਉਹਦੇ ਪੈਰਾਂ ਤੇ ਜਾ ਪਈ। ਉਹਦੇ ਪੰਜਾਬੀ ਤਿੱਲੇ ਦੀ ਕੱਢੀ ਜੁੱਤੀ ਖੂਬ ਜੱਚ ਰਹੀ ਸੀ । ਸਰਬਜੀਤ ਦੇ ਮਨ ਨੂੰ ਅਧੂਰੀ ਰੀਝ ਦੇ ਪਰਛਾਵੇਂ ਦੇ ਸੇਕ ਨੇ ਘੇਰ ਲਿਆ। ਉਹ ਆਪਣੇ ਪੈਰਾਂ ਵਿੱਚ ਪਾਈ ਹੋਈ ਘਸੀ , ਗੋਹੇ ਨਾਲ ਲਿਬੜੀ ਕੈਂਚੀ ਚੱਪਲ ਨੂੰ ਘੂਰਨ ਲੱਗੀ । ਉਹਦੀ ਜੇਠਾਣੀ ਅੱਜ ਆਪਣੀ ਧੀ ਦੇ ਪੱਕੇ ਹੋਏ ਸਾਕ ਦੀ ਖੁਸ਼ੀ ਸਾਂਝੀ ਕਰਨ ਆਈ ਸੀ । ਜਦੋਂ ਉਹਦੀ ਜੇਠਾਣੀ ਰਾਣੀ ਨੇ ਉਹਨੂੰ ਅਗਲੇ ਮਹੀਨੇ ਵਿਆਹ ਬਾਰੇ ਦੱਸਿਆਂ ਸਰਬਜੀਤ ਨੂੰ ਚਾਅ ਚੜ੍ਹ ਗਿਆ । ਉਹ ਆਖਣ ਲੱਗੀ,” ਚਲੋ ਚੰਗਾ! ਧੀਆਂ ਦੇ ਸਾਕ ਤਾਂ ਜਿੰਨੀ ਛੇਤੀ ਹੋ ਜਾਣ ਉੱਨਾ ਚੰਗਾ । ਉਮਰ ਸਿਰ ਸਾਕ ਵਧੀਆ ਰਹਿੰਦੇ । ” ਰਾਣੀ ਉਹਦੀ ਗੱਲ ਸੁਣ ਕੇ ਆਖਣ ਲੱਗੀ ,”ਤਾਂਈਆਂ ਚਾਚੀਆਂ ਵੀ ਮਾਵਾਂ ਬਰਾਬਰ ਹੁੰਦੀਆਂ । ਮੈਥੋਂ ‘ਕੱਲੀ ਤੋਂ ਵਿਆਹ ਦਾ ਚੱਕਣ ਨਹੀਂ ਸਾਂਭ ਹੋਣਾ । ਤੂੰ ਹਫ਼ਤਾ ਪਹਿਲਾਂ ਆ ਜਾਵੀਂ ।” ਜੇਠਾਣੀ ਦੀਆਂ ਗੱਲਾਂ ਸੁਣ ਸਰਬਜੀਤ ਆਖਣ ਲੱਗੀ ,”ਆਉਣ ਨੂੰ ਤਾਂ ਮੈਂ ਭਲਾ ਦਸ ਦਿਨ ਪਹਿਲਾਂ ਆ ਜਾਵਾਂ ਪਰ ਮੇਰੀਆਂ ਦੋ ਮੱਝਾਂ ਕਿਹਨੇ ਸਾਂਭਣੀਆਂ ? ਸੁੱਖ ਨਾਲ ਸੋਹਣਾ ਦੁੱਧ ਦਿੰਦੀਆਂ । ਮੈਂ ਡਾਇਰੀ ਵੀ ਦੁੱਧ ਪਾ ਆਉੰਦੀ। ਮੱਝਾਂ ਦੇ ਕੱਖ ਕੰਡੇ ਦੀ ਖੇਚਲ ਕੌਣ ਕਰੂੰ ?” ਸਰਬਜੀਤ ਦੀ ਗੱਲ ਸੁਣ ਰਾਣੀ ਆਖਣ ਲੱਗੀ ,”ਇਹ ਮੈਨੂੰ ਨਹੀਂ ਪਤਾ …ਜੇ ਤੇਰੀ ਆਪਣੀ ਧੀ ਦਾ ਵਿਆਹ ਹੁੰਦਾ ਫੇਰ ਵੀ ਭਲਾ ਤੂੰ ਐਦਾਂ ਈ ਕਹਿੰਦੀ? ਮਰਜ਼ੀ ਤੇਰੀ … ਮੇਰਾ ਭਲ਼ਾ ਕੀ ਜ਼ੋਰ ਤੇਰੇ ਤੇ ?” ਆਪਣੀ ਜੇਠਾਣੀ ਰਾਣੀ ਦੀਆਂ ਐਨੇ ਮਾਣ ਅਤੇ ਹੱਕ ਭਰੀਆਂ ਗੱਲਾਂ ਸੁਣ ਸਰਬਜੀਤ ਨੇ ਉਹਨੂੰ ਜ਼ੁਬਾਨ ਦੇ ਦਿੱਤੀ ਕਿ ਉਹ ਹਫ਼ਤਾ ਪਹਿਲਾਂ ਆ ਜਾਵੇਗੀ ।
ਥੋੜ੍ਹੇ ਦਿਨ ਇੰਜ ਹੀ ਬੀਤ ਗਏ । ਵਿਆਹ ਤੋਂ ਪੰਦਰਾਂ ਕੁ ਦਿਨ ਪਹਿਲਾਂ ਸਰਬਜੀਤ ਦਾ ਪਤੀ ਜਦੋਂ ਘਰ ਆਇਆ ,ਉਹਦੇ ਹੱਥਾਂ ਵਿੱਚ ਨਵੇਂ ਨਕੋਰ ਕੱਪੜਿਆਂ ਵਾਲੇ ਲਿਫ਼ਾਫ਼ੇ ਵੇਖ ਉਹਦੇ ਜੁਆਕ ਚਾਈਂ ਚਾਈਂ ਉਹਦੇ ਆਲ਼ੇ ਦੁਆਲੇ ਘੁੰਮਣ ਘੇਰੀਆਂ ਪਾਉਣ ਲੱਗੇ। ਉਹ ਸਮਝ ਗਏ ਕਿ ਇਸ ਵਾਰ ਉਹਨਾਂ ਦੇ ਪਿਉ ਦੇ ਹੱਥ ਵਿੱਚ ਉਨ੍ਹਾਂ ਲਈ ਵਿਆਹ ਤੇ ਪਾਉਣ ਵਾਲੇ ਕੱਪੜੇ ਹਨ। ਸਰਬਜੀਤ ਦੇ ਮਨ ਅੰਦਰ ਵੀ ਰੀਝ ਉੱਠ ਖੜ੍ਹੀ ਹੋਈ ਲਿਫ਼ਾਫੇ ਵਿਚਲੇ ਕੱਪੜੇ ਵੇਖਣ ਦੀ । ਜਦੋਂ ਉਹਦਾ ਪਤੀ ਬੱਚਿਆਂ ਨੂੰ ਵਿਆਹ ਤੇ ਪਾਉਣ ਲਈ ਲਿਆਂਦੇ ਕੱਪੜੇ ਵਿਖਾਉਣ ਲੱਗਿਆ ਉਹਨੇ ਇੱਕ ਲਿਫ਼ਫਾ ਪੇਟੀ ਤੇ ਰੱਖ ਦਿੱਤਾ ਅਤੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇਸ ਵਿੱਚ ਉਸ ਦਾ ਜ਼ਰੂਰੀ ਸਮਾਨ ਹੈ ਇਸ ਨੂੰ ਕੋਈ ਨਹੀਂ ਛੇੜੇਗਾ । ਦੋਵੇਂ ਬੱਚੇ ਆਪਣੇ ਆਪੋ ਆਪਣੇ ਕੱਪੜੇ ਲੈ ਕੇ ਚਾਈਂ ਚਾਈਂ ਪਾ ਕੇ ਵੇਖਣ ਲੱਗੇ । ਸਰਬਜੀਤ ਦੇ ਮਨ ਚੋਂ ਇੱਕ ਅਜੀਬ ਜਿਹੀ ਚੀਸ ਨਿਕਲੀ ਕਿ ਇਸ ਵਾਰ ਵੀ ਮੇਰੇ ਲਈ ਕੁਝ ਨਹੀਂ ਲੈ ਕੇ ਆਏ । ਪਰ ਛੇਤੀ ਹੀ ਬੱਚਿਆਂ ਦੇ ਚਿਹਰੇ ਦੀ ਰੌਣਕ ਹੇਠ ਉਹ ਚੀਸ ਦੱਬ ਗਈ । ਉਹਨੇ ਪੇਟੀ ਤੋਂ ਲਿਫ਼ਾਫ਼ਾ ਚੁੱਕ ਪਰ੍ਹੇ ਰੱਖ ਦਿੱਤਾ ਅਤੇ ਪੇਟੀ ਚੋਂ ਉਹਦੀ ਭਾਬੀ ਦਾ ਦਿੱਤਾ ਹੋਇਆ ਸੂਟ ਵੇਖਣ ਲੱਗੀ ਜਿਹੜਾ ਇਸ ਵਾਰ ਰੱਖੜੀਆਂ ਤੇ ਉਹਨੂੰ ਦਿੱਤਾ ਸੀ । ਉੰਜ ਤਾਂ ਸੂਟ ਸੋਹਣਾ ਸੀ ਪਰ ਸਰਬਜੀਤ ਨੂੰ ਉਹਦਾ ਰੰਗ ਭੋਰਾ ਪਸੰਦ ਨਹੀਂ ਸੀ । ਇਸ ਲਈ ਉਹਨੇ ਇਹ ਸੋਚਕੇ ਪੇਟੀ ਵਿੱਚ ਰੱਖ ਦਿੱਤਾ ਸੀ ਕਿ ਕਿਤੇ ਦੇਣ ਲੈਣ ਦੇ ਕੰਮ ਆ ਜਾਵੇਗਾ । ਪਰ ਹੁਣ ਸੋਚਿਆ ਕਿ ਚਲੋ ਉਹਦੇ ਨਾਲ ਹੀ ਵਿਆਹ ਦਾ ਕੰਮ ਸਾਰ ਲਵਾਂਗੀ । ਉਹ ਸੂਟ ਪੇਟੀ ਤੇ ਰੱਖ ਆਪ ਰਸੋਈ ਵਿਚ ਭਾਂਡੇ ਧੋਣ ਲੱਗੀ । ਉਹਨੇ ਸੋਚਿਆ ਕਿ ਆਪਣੀ ਗੁਆਂਢਣ ਹਰਨਾਮ ਕੌਰ ਦੀ ਨੂੰਹ ਨੂੰ ਸੂਟ ਸਿਊਣ ਲਈ ਦੇ ਆਵੇ । ਜਦੋਂ ਉਹ ਭਾਂਡੇ ਧੋ ਕਮਰੇ ਵਿੱਚ ਵਾਪਸ ਆਈ ਤਾਂ ਪੇਟੀ ਤੇ ਗੁਲਾਬੀ ਰੰਗ ਦਾ ਸਿਲਕ ਦਾ ਸੂਟ ਅਤੇ ਪੰਜਾਬੀ ਤਿੱਲੇਦਾਰ ਜੁੱਤੀ ਵੇਖ ਉਹਦੀਆਂ ਅੱਖਾਂ ਭਰ ਆਈਆਂ । ਉਹ ਆਪਣੇ ਪਤੀ ਦੇ ਮੁਸਕਰਾਉਂਦੇ ਹੋਏ ਚਿਹਰੇ ਵੱਲ ਵੇਖ ਕੇ ਮੁਸਕਰਾ ਪਈ । ਅੱਜ ਉਹਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਹਦੇ ਪਤੀ ਨੇ ਉਹਦੀ ਐਨੇ ਸਾਲਾਂ ਦੀ ਰੀਝ ਪੁਗਾ ਦਿੱਤੀ । ਉਹ ਭੱਜੀ ਭੱਜੀ ਆਪਣੀ ਗੁਆਂਢਣ ਕੋਲ ਸਿਲਕ ਦਾ ਗੁਲਾਬੀ ਸੂਟ ਸਿਉਣ ਲਈ ਦੇ ਆਈ । ਉਹਨੇ ਗੱਲਾਂ ਗੱਲਾਂ ਵਿੱਚ ਹਰਨਾਮ ਕੌਰ ਨੂੰ ਮਨਾ ਲਿਆ ਕਿ ਉਹ ਇਕ ਹਫ਼ਤੇ ਲਈ ਉਹਦੀਆਂ ਮੱਝਾਂ ਨੂੰ ਸਾਂਭੇਗੀ । ਇਸ ਬਦਲੇ ਉਹ ਹਫ਼ਤੇ ਭਰ ਦਾ ਦੁੱਧ ਭਾਵੇਂ ਵਰਤੇ ਭਾਵੇਂ ਡਾਇਰੀ ਪਾਵੇ ਉਹਦੀ ਮਰਜ਼ੀ। ਰਿਸ਼ਤਿਆਂ ਲਈ ਉਹ ਸਭ ਨਫ਼ੇ ਨੁਕਸਾਨ ਝੱਲਣ ਲਈ ਤਿਆਰ ਸੀ ।
ਆਪਣੀ ਜੇਠਾਣੀ ਨੂੰ ਦਿੱਤੀ ਹੋਈ ਆਪਣੀ ਜ਼ੁਬਾਨ ਦਾ ਮਾਣ ਰੱਖਦੇ ਹੋਏ ਉਹ ਹਫ਼ਤਾ ਪਹਿਲਾਂ ਆਪਣੀ ਜਠਾਣੀ ਦੇ ਘਰ ਪਹੁੰਚ ਗਈ । ਉਹ ਇੰਜ ਨੱਠ ਭੱਜ ਕੇ ਕੰਮ ਕਰ ਰਹੀ ਸੀ ਜਿਵੇਂ ਸੱਚਮੁਚ ਉਹਦੀ ਧੀ ਦਾ ਹੀ ਵਿਆਹ ਹੋਵੇ। ਵਿਆਹ ਵਾਲੇ ਦਿਨ ਉਹ ਬਹੁਤ ਜ਼ਚ ਰਹੀ ਸੀ । ਉਹ ਆਪਣੇ ਗੁਲਾਬੀ ਸਿਲਕ ਦੇ ਸੂਟ ਅਤੇ ਜੁੱਤੀ ਨੂੰ ਵਾਰ ਵਾਰ ਨਿਹਾਰ ਰਹੀ ਸੀ। ਨਿਹਾਰਦੀ ਵੀ ਕਿਉਂ ਨਾ ਵਿਆਹ ਦੇ ਐਨੇ ਵਰ੍ਹਿਆਂ ਪਿੱਛੋਂ ਤਾਂ ਉਹਦੀ ਰੀਝ ਪੂਰੀ ਹੋਈ ਸੀ । ਹੁਣ ਤਕ ਤਾਂ ਉਹ ਆਏ ਗਏ ਕੱਪਡ਼ਿਆਂ ਨਾਲ ਹੀ ਤਨ ਢੱਕਦੀ ਆ ਰਹੀ ਸੀ ਜਾਂ ਫਿਰ ਕਿਸੇ ਤਿੱਥ ਤਿਉਹਾਰ ਤੇ ਆਪਣੇ ਮਾਪਿਆਂ ਵੱਲੋੰ ਆਏ ਕੱਪੜੇ ਚਾਈਂ ਚਾਈਂ ਹੰਢਾ ਲੈਂਦੀ । ਵਿਆਹ ਸੁੱਖੀ ਸਾਂਦੀ ਹੋ ਗਿਆ। ਕੁੜੀ ਸ਼ਗਨਾਂ ਆਪਣੇ ਸੁਹਰੇ ਘਰ ਤੁਰ ਗਈ। ਵਿਆਹ ਤੋਂ ਅਗਲੇ ਦਿਨ ਉਹ ਘਰ ਦੀ ਸਾਫ਼ ਸਫ਼ਾਈ ਵਿੱਚ ਰੁੱਝ ਗਈ। ਐਨੇ ਨੂੰ ਉਹਦੀ ਜੇਠਾਣੀ ਦੀ ਇੱਕ ਗੁਆਂਢਣ ਉਨ੍ਹਾਂ ਦੇ ਘਰ ਆ ਬੈਠੀ । ਸਰਬਜੀਤ ਚਾਈਂ ਚਾਈਂ ਉਹਦੇ ਲਈ ਚਾਹ ਬਣਾ ਤੇ ਇੱਕ ਪਲੇਟ ਵਿੱਚ ਸੀਰਨੀ ਪਾ ਕੇ ਲੈ ਆਈ । ਜੇਠਾਣੀ ਦਾ ਸਿਰ ਦੁਖਦਾ ਸੀ ਤੇ ਉਹ ਚੁੱਪ ਚਾਪ ਬੈੱਡ ਤੇ ਬੈਠੀ ਹੋਈ ਸੀ ਕਿ ਅਚਾਨਕ ਗੁਆਂਢਣ ਨੇ ਗੱਲ ਸ਼ੁਰੂ ਕੀਤੀ ,” ਧੀਏ! ਕੀ ਨਾਂ ਕੀ ਤੇਰਾ ?”
ਉਹ ਬੜੇ ਮੋਹ ਨਾਲ ਪੁੱਛ ਰਹੀ ਸੀ ਤੇ ਸਰਬਜੀਤ ਨੂੰ ਉਸਦਾ ਧੀਏ ਕਹਿ ਕੇ ਬੁਲਾਉਣਾ ਉਸ ਦੇ ਮਨ ਨੂੰ ਟੁੰਬ ਗਿਆ ,” ਉਹ ਬੜੀ ਹਲੀਮੀ ਨਾਲ ਆਖਣ ਲੱਗੀ ,” ਜੀ! ਸਰਬਜੀਤ ”
ਗੁਆਂਢਣ ਉਸ ਦੀ ਜੇਠਾਣੀ ਤੇ ਉਸਦੇ ਵੱਲ ਵੇਖਦੀ ਹੋਈ ਕਹਿਣ ਲੱਗੀ ,” ਧੀਏ ! ਮੇਰੀ ਪੋਤੀ ਦਾ ਵਿਆਹ ਹੈ ਅਗਲੇ ਹਫ਼ਤੇ । ਹੁਣ ਤੂੰ ਕਿਤੇ ਨਾ ਜਾਈਂ । ਥੋੜ੍ਹੇ ਦਿਨ ਹੋਰ ਰੁਕ ਜਾ।”
ਸਰਬਜੀਤ ਨੂੰ ਉਹਦੇ ਹੱਕ ਤੇ ਲਾਡ ਨਾਲ ਕਹੇ ਬੋਲ ਸੁਣ ਕੇ ਬਹੁਤ ਚੰਗਾ ਲੱਗਾ । ਉਹ ਉਸੇ ਲਾਡ ਨਾਲ ਆਖਣ ਲੱਗੀ ,”ਮਾਂ ਜੀ! ਹੋਰ ਤਾਂ ਕੁਝ ਨਈ… ਬੱਚਿਆਂ ਦੇ ਪੇਪਰ ਨੇ… ਨਾਲੇ ਮੈਂ ਆਪਣਾ ਘਰ ਵੀ ਵੇਖਣਾ ਜਾ ਕੇ… ਕਿੰਨੇ ਦਿਨ ਹੋ ਗਏ ! ਗੁਆਂਢੀਆਂ ਨੂੰ ਕਹਿ ਕੇ ਆਈ ਪਸ਼ੂ ਸਾਂਭਣ ਲਈ। ਹੋਰ ਰਹਿ ਕੇ ਨਹੀਂ ਸਰਨਾ ਮੇਰਾ ।”
ਉਹ ਬਜ਼ੁਰਗ ਮਾਣ ਨਾਲ ਆਖਣ ਲੱਗੀ ,” ਤੇਰਾ ਹੱਕ ਨਹੀਂ ਰੱਖਦੀ ਮੈਂ । ਤੈਨੂੰ ਤੇਰੇ ਕੰਮ ਦਾ ਪੂਰਾ ਲਾਗ ਦਊੰਗੀ ਮੈਂ। ਉਂਝ ਵੀ ਤੂੰ ਸੋਹਣੀ ਸੁਨੱਖੀ ਤੇ ਸਾਫ਼ ਸੁਥਰੀ ਐ। ਕੰਮ ਨੂੰ ਵੀ ਸੋਹਣਾ ਹੱਥ ਪਾਉਂਦੀ ,ਜਿਵੇਂ ਘਰ ਦਾ ਵਿਆਹ ਹੋਵੇ । ਜਿੱਦਾਂ ਦਾ ਸਿਲਕ ਦਾ ਸੂਟ ਤੇ ਤਿੱਲੇਦਾਰ ਪੰਜਾਬੀ ਜੁੱਤੀ ਰਾਣੀ ਨੇ ਦਿੱਤੀ ਤੈਨੂੰ ਉਹਦੇ ਨਾਲੋਂ ਵੀ ਵਧੀਆ ਦਊਂਗੀ ।” ਗੁਆਂਢਣ ਦੀਆਂ ਗੱਲਾਂ ਸੁਣ ਸਰਬਜੀਤ ਦੇ ਚਿਹਰੇ ਦਾ ਰੰਗ ਉੱਡ ਗਿਆ । ਉਹ ਆਪਣੀ ਜੇਠਾਣੀ ਦੇ ਮੂੰਹ ਵੱਲ ਵੇਖਣ ਲੱਗੀ ਜਿਹੜੀ ਸਰਬਜੀਤ ਤੋਂ ਨਜ਼ਰਾਂ ਚੁਰਾ ਰਹੀ ਸੀ । ਸਰਬਜੀਤ ਚੁੱਪ ਚਾਪ ਬਿਨਾਂ ਕੁਝ ਆਖਿਆ ਉਥੋਂ ਉੱਠ ਅੰਦਰ ਗਈ ਤੇ ਆਪਣਾ ਸਾਮਾਨ ਪੈਕ ਕਰ ਜਦੋਂ ਤੁਰਨ ਲੱਗੀ ਤਾਂ ਆਪਣੇ ਘਰਵਾਲੇ ਨੂੰ ਸਿਲਕ ਦਾ ਸੂਟ ਤੇ ਜੁੱਤੀ ਫੜਾਉਂਦੇ ਹੋਏ ਆਖਣ ਲੱਗੀ ,” ਕੁਝ ਰੀਝਾਂ ਅਧੂਰੀਆਂ ਹੀ ਚੰਗੀਆਂ ਉਨ੍ਹਾ ਪੂਰੀਆਂ ਰੀਝਾਂ ਨਾਲੋਂ ਜਿਹੜੀਆਂ ਰੂਹ ਤੇ ਕੰਡਿਆਂ ਵਾਂਗੂੰ ਜ਼ਿੰਦਗੀ ਭਰ ਚੁੱਭਦੀਆਂ ਰਹਿਣ ਤੇ ਅਜਿਹੀਆਂ ਰੀਝਾਂ ਦੀ ਕੀਮਤ ਲਾਉਂਣੀ ਆਪਣੇ ਵੱਸ ਵਿੱਚ ਨਹੀਂ ਹੁੰਦੀ।” ਉਹ ਆਪਣੇ ਦੋਵਾਂ ਜੁਆਕਾਂ ਨਾਲ਼ ਬੱਸ ਅੱਡੇ ਵੱਲ ਤੁਰ ਪਈ ।
ਮਨਦੀਪ ਰਿੰਪੀ…ਰੂਪਨਗਰ

...
...



Related Posts

Leave a Reply

Your email address will not be published. Required fields are marked *

2 Comments on “ਲਾਗਣ.”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)