ਅਸੀਂ ਬੀ.ਐਡ.ਕਰਦੇ ਸੀ ਮੋਗੇ ਡੀ.ਐਮ ਕਾਲਜ ਵਿੱਚ…
ਉਹਨੀਂ ਦਿਨੀ ਲੈਂਡ ਲਾਇਨ ਫ਼ੋਨ ਹੀ ਹੁੰਦੇ ਸੀ। ਆਹ ਮੋਬਾਇਲ ਆਲੀ ਬਿਪਤਾ ਨਹੀਂ ਆਈ ਸੀ । ਸਾਡਾ ਜਮਾਤੀ ਸੀ ਗਿੱਲ ..,ਬੜਾ ਹੀਰਾ ਬੰਦਾ ….ਯਾਰਾਂ ਦਾ ਯਾਰ ।ਸਾਡੇ ਸਾਰਿਆਂ ਵਿੱਚ ਵਾਹਵਾ ਹਰਮਨ ਪਿਆਰਾ ਸੀ ..,ਹਾਜ਼ਰ ਜਬਾਬ ਵੀ ਸਿਰੇ ਦਾ ।
ਸਾਡੀ ਇੱਕ ਜਮਾਤਣ ਸੇਖੋਂ ਸੀ ਉਹਦੇ ਨਾਲ ਬੜੀ ਨੋਕ ਝੋਕ ਹੁੰਦੀ ਸੀ ਇਹਦੀ ।ਅੱਗੋਂ ਸੇਖੋਂ ਵੀ ਸਿਰੇ ਦੀ ਹਾਜ਼ਰ ਜਬਾਬ ਸੀ ਦੋਨਾਂ ਨੇ ਇੱਕ ਦੂਜੇ ਦੇ ਪੁੱਠੇ ਸਿੱਧੇ ਨਾਂ ਲੈਣੇ …..ਸੇਖੋਂ ਨੇ ਗਿੱਲ ਨੂੰ ਬਾਂਦਰ,ਟੀਰਾ,ਚੌਰਾ ਹੀ ਕਹਿ ਕੇ ਬੁਲਾਉਣਾ । ਗਿੱਲ ਨੇ ਸੇਖੋਂ ਨੂੰ ਜੈਲਦਾਰਨੀ,ਝਿੰਗਪ੍ਰੀਤ …ਹੋਰ ਪਤਾ ਨਹੀ ਕੀ ਕੀ ਕਹਿਣਾ।
ਗਿੱਲ ਦਾ ਬਾਪੂ ਸਿਰੇ ਦਾ ਸ਼ੱਕੀ ਸੀ ਉਹਨੂੰ ਲੱਗਦਾ ਸੀ ਮੁੰਡੇ ਨੂੰ ਕੁੜੀਆਂ ਦੇ ਫ਼ੋਨ ਬਹੁਤ ਆਉਦੇਂ ਨੇ …..ਇੱਕਲਾ ਮੁੰਡਾ ਕਿਤੇ ਹੋਰੇ ਨਾ ਲਵ ਮੈਰਜ ਵਾਲੀ ਲੈ ਆਵੇ ਕੋਈ..ਇਸੇ ਕਰਕੇ ਹਰ ਫ਼ੋਨ ਭੱਜ ਕੇ ਪਹਿਲਾਂ ਚੱਕਦਾ ਸੀ ।ਅੱਗੋ ਇਹੀ ਕਹਿਣਾ ਗਿੱਲ ਬੋਲਦਾ ।ਅਵਾਜ ਵੀ ਪਿਉ ਪੁੱਤਾਂ ਦੀ ਜਮਾਂ ਇੱਕੋ ਜਿਹੀ ਸੀ । ਮੈਨੂੰ ਵੀ ਸੁਰੂ ਵਿੱਚ ਇੱਕ ਦੋ ਵਾਰ ਭੁਲੇਖਾ ਲੱਗਿਆ ਸੀ ।ਮੈਂ ਕਹਿਣਾ ਕਿੱਦਾਂ ਗਿੱਲ .. ਇੱਕ ਦੋ ਗੱਲਾਂ ਕਰਕੇ ਫ਼ੇਰ ਕਹਿਣਾ ਕਿ ਮੈਂ ਉਹਦਾ ਡੈਡੀ ਬੋਲਦਾ ।ਕਈ ਵਾਰ ਹੈਰਾਨੀ ਹੋਣੀ ਅੰਕਲ ਪਹਿਲੀ ਵਾਰ ਹੀ ਕਿਉਂ ਨਹੀ ਦੱਸਦਾ ।
ਅਸੀਂ ਸਰਦੀ ਦੀਆਂ ਛੁੱਟੀਆਂ ਵਿੱਚ ਘਰ ਗਏ ਸਾਰੇ ਵਾਪਸ ਆਏ ਤਾਂ ਗਿੱਲ ਖੁਸ਼ ਹੋਇਆ ਫਿਰੇ ….ਕਹਿੰਦਾ ਸੇਖੋਂ ਕਿੱਥੇ ਆ ਯਾਰ ….ਉਹਦਾ ਧੰਨਵਾਦ ਕਰਨਾ ਸੈਪਸ਼ਲ…ਅਸੀਂ ਹੈਰਾਨ ਵੀ ਇਹ ਕੀ ਕਹੀ ਜਾਂਦਾ ?ਇਹ ਤਾਂ ਜੁਵਾਕਾਂ ਵਾਂਗ ਲੜਦੇ ਰਹਿੰਦੇ ਨੇ।
ਉਧਰ ਸੇਖੋਂ ਨੂੰ ਬੁਲਾਇਆ ਉਹ ਹੋਸਟਲ ਵਿੱਚੋਂ ਡਰਦੀ ਬਾਹਰ ਨਾ ਆਵੇ ।
ਕਹਿੰਦੀ … ਗਿੱਲ ਲੜੂਗਾ …ਮੈਂ ਨੀ...
ਆਉਣਾ ਤੁਸੀਂ ਮੇਰੇ ਵੱਲੋਂ ਮੁਆਫੀ ਮੰਗ ਲਉ ਬੱਸ ।
ਅਸੀਂ ਮਸਾ ਮਨਾ ਕੇ ਲਿਆਂਦੀ…… ਵੀ ਉਹ ਤਾਂ ਧੰਨਵਾਦ ਕਰਨ ਨੂੰ ਕਹਿੰਦਾ ਤੂੰ ਉਦਾਂ ਹੀ ਡਰੀ ਜਾਂਨੀ ਆ ।
ਅਸੀਂ ਕਿਹਾ ਗੱਲ ਤਾਂ ਦੱਸੋ ਕੀ ਹੋਇਆ ?
ਗਿੱਲ ਕਹਿੰਦਾ ਯਾਰ ਏਹਨੇ ਤਾਂ ਰੋਗ ਹੀ ਜੜੋ ਚੱਕਤਾ …ਸਵਾਦ ਲਿਆ ਦਿੱਤਾ ।
ਸਾਨੂੰ ਗੱਲ ਨਾ ਸਮਝ ਆਵੇ ਕਿ ਇਹੋ ਜਿਹਾ ਕੀ ਕਰਤਾ ਉਹਨੇ …ਆਈ ਤਾਂ ਘਰੋਂ ਆ ।
ਅਸੀਂ ਕਿਹਾ ਚੰਗੀ ਤਰਾਂ ਦੱਸ ਖੁੱਲ ਕੇ..ਕੀ ਬੁਝਾਰਤਾਂ ਜਿਹੀਆਂ ਪਾਈ ਜਾਨਾਂ ।
ਕਹਿੰਦਾ ਸੇਖੋਂ ਨੇ ਛੁੱਟੀਆਂ ਵਿੱਚ ਮੈਨੂੰ ਫ਼ੋਨ ਕੀਤਾ ਘਰ ..ਜਿਵੇਂ ਪੱਕਾ ਹੀ ਹੁੰਦਾ ਮੇਰੇ ਬਾਪੂ ਨੇ ਭੱਜ ਕੇ ਫ਼ੋਨ ਚੱਕਿਆ ..ਇਹ ਕਹਿੰਦੀ ਕੌਣ ਗਿੱਲ ..ਬਾਪੂ ਕਹਿੰਦਾ ਹਾਂ ਗਿੱਲ ਬੋਲਦਾ …ਇਹਨੂੰ ਵਿਚਾਰੀ ਨੂੰ ਲੱਗਿਆ ਮੈਂ ਹਾਂ …..ਇਹ ਚੱਲ ਪਈ ਹੋਣੀ ਆ ਫ਼ੇਰ ਕਾਲਜ ਵਾਂਗ ਹੀ …ਵਿਸ਼ੇਸ਼ਣ ਲਾਉਣ ….ਬਾਂਦਰ ਜਿਹਾ ..ਚੌਰਿਆ ..ਟੀਰਾ ਜਿਹਾ ….
ਭਰਾਵੋ ਬਾਪੂ ਤਾਂ ਫ਼ੋਨ ਹੋਲਡ ਰੱਖ ਕੇ ਭੱਜ ਕੇ ਮੇਰੇ ਕਮਰੇ ਵਿੱਚ ਆਇਆ …ਤੇਰਾ ਫ਼ੋਨ ਆ ਉਏ ਸੁਣ ਲਾ …ਮੈਂ ਤਾਂ ਬਾਪੂ ਦਾ ਢਿੱਲਾ ਜਿਹਾ ਮੂੰਹ ਦੇਖ ਕੇ ਹੀ ਅੰਦਾਜਾ ਲਾਇਆ ਕਿ ਬਾਪੂ ਨਾਲ ਮਾੜੀ ਹੋ ਗਈ । ਕਈ ਦਿਨ ਬਾਪੂ ਨੇ ਅੱਖ ਜਿਹੀ ਨੀ ਮਲਾਈ …ਨਾਲੇ ਹੁਣ ਜੇ ਫ਼ੋਨ ਵੱਜੇ ਕੋਲ ਬੈਠਾ ਵੀ ਕਹੀ ਜਾਊ ਕਿ ਚੱਕ ਉਏ ਆ ਕੇ ਫ਼ੋਨ ।
ਹੁਣ ਵੀ ਜਦੋਂ ਇਕੱਠੇ ਹੋਈ ਦਾ ਉਹ ਗੱਲ ਯਾਦ ਕਰਕੇ ਬਹੁਤ ਖੁਸ਼ ਹੋਈ ਦਾ ।
ਹਰਵਿੰਦਰ ਸਿੰਘ ਭੱਟੋੰ
94640-00070