ਉਹ ਜੋ ਤਕਲੀਫ਼ ਵਿੱਚ ਸੀ….ਉਹ ਹੁਣ ਨਹੀਂ ਰਹੀ…
ਤੰਗ ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਸੀ… ਸਿਆਲਾਂ ਤੋਂ ਹੀ …ਪਰ ਜਿਵੇਂ ਕਿਵੇਂ ਵੇਲ਼ਾ ਟਪਾਈ ਜਾ ਰਹੀ ਸੀ। ਸਰੀਰ ਬੱਸ ਹੱਡੀਆਂ ਦੀ ਮੁੱਠ ਬਣਦਾ ਜਾ ਰਿਹਾ ਸੀ। ਪਰ ਗੁੱਸਾ ਘਟਣ ਦੀ ਬਜਾਏ ਦਿਨ-ਬ-ਦਿਨ ਹੋਰ ਗੂੜ੍ਹਾ ਹੋਰ ਗਹਿਰਾ ਹੁੰਦਾ ਜਾ ਰਿਹਾ ਸੀ। ਮਨ ਪਹਿਲਾਂ ਤੋਂ ਵੀ ਵੱਧ ਵਹਿਮੀ ਹੋ ਗਿਆ ਸੀ। ਹਰ ਬੰਦੇ ਨੂੰ ਹੋਰ ਵੀ ਸ਼ੱਕ ਦੀ ਤਿੱਖੀ ਨਜ਼ਰ ਨਾਲ ਦੇਖਣ ਲੱਗ ਪਈ ਸੀ। ਗਲ਼ੀ ਮੁਹੱਲੇ ਦੇ ਲੋਕ ਸੋਚਦੇ ਕਿ ਇਹਤੋਂ ਦੂਰੀ ਹੀ ਬਣਾ ਕੇ ਰੱਖੀ ਜਾਵੇ। ਇਹਦਾ ਕੀ ਪਤਾ ਬਈ ਕਿਹਦੇ ਸਿਰ ਚੋਰੀ ਚੱਕਾਰੀ ਜਾਂ ਮਾਰ ਕੁੱਟ ਦਾ ਦੂਸ਼ਣ ਧਰ ਦਏ।
ਹਾਂ ਇਹ ਸੱਚ ਹੈ ਕਿ ਪਸੰਦ ਤਾਂ ਉਹ ਮੈਨੂੰ ਵੀ ਨਹੀਂ ਸੀ ਕਰਦੀ ਪਰ ਫੇਰ ਵੀ ਉਹਨੂੰ ਮੇਰੇ ਤੇ ਮਾਣ ਜਿਹਾ ਰਹਿੰਦਾ ਸੀ। ਕੋਈ ਚੀਜ਼ ਚਾਹੀਦੀ ਹੁੰਦੀ ਤਾਂ ਧੱਕੇ ਨਾਲ ਮੰਗਦੀ। ਮੈਨੂੰ ਉਹਦਾ ਧੱਕਾ ਵੀ ਜਿਵੇਂ ਸਕੂਨ ਦਿੰਦਾ ਸੀ। ਮੇਰੇ ਲਈ ਉਹਦੇ ਜਿਉਂਦੀ ਹੋਣ ਦੇ ਜਿਵੇਂ ਕੋਈ ਅਰਥ ਸਨ…। ਹਫ਼ਤੇ ਦੇ ਪਿਛਲੇ ਤਿੰਨ ਦਿਨ ਮੇਰੀ ਡਿਊਟੀ ਜਲੰਧਰ ਹੋਣ ਕਰਕੇ ਉਹ ਮੇਰੀ ਨਿੱਕੀ ਧੀ ਨੂੰ ਡੋਰਬੈੱਲ ਵਜਾ ਕੇ ਮੇਰੀ ਘਰ ਹੋਣ ਬਾਰੇ ਪੁੱਛਦੀ ਰਹਿੰਦੀ। ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਉਹ ਤਾਂ ਮੈਨੂੰ ਪਸੰਦ ਵੀ ਨਹੀਂ ਸੀ ਕਰਦੀ, ਫੇਰ ਮੇਰੀ ਗ਼ੈਰ ਮੌਜੂਦਗੀ ਵਿੱਚ ਮੈਨੂੰ ਭਾਲ਼ਦੀ ਕਿਉਂ ਰਹਿੰਦੀ ਸੀ। ਕੁਝ ਗੱਲਾਂ ਦੇ ਕੋਈ ਜਵਾਬ ਨਹੀਂ ਹੁੰਦੇ ਤੇ ਮੇਰੇ ਲਈ ਵੀ ਉਹਦਾ ਰਵੱਈਆ ਸਮਝ ਤੋਂ ਬਾਹਰ ਸੀ।
ਹੁਣ ਉਹ ਜ਼ਿਆਦਾ ਬਾਹਰ ਨਾ ਨਿਕਲਦੀ। ਮੈਨੂੰ ਜਿਵੇਂ ਬੇਚੈਨੀ ਰਹਿੰਦੀ ਖ਼ਬਰੇ ਕੁਝ ਵਾਪਰ ਹੀ ਨਾ ਗਿਆ ਹੋਵੇ.. ਫ਼ੇਰ ਇੱਕ ਦਿਨ ਅਚਾਨਕ ਕਹਿਰ ਵਾਪਰਿਆ। ਉਹ ਬੂਹਾ ਭੇੜ ਕੇ ਅਜਿਹੀ ਸੁੱਤੀ ਕਿ ਫਿਰ ਉੱਠੀ ਹੀ ਨਹੀਂ। ਮੈਂ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਹਸਪਤਾਲੋਂ ਆਕੇ ਅਜੇ ਪਿੱਠ ਸਿੱਧੀ ਕਰਨ ਹੀ ਲੱਗੀ ਸੀ ਕਿ ਮੇਰੇ ਬੱਚਿਆਂ ਨੇ ਬਾਹਰੋਂ ਆ ਕੇ ਖ਼ਬਰ ਦਿੱਤੀ,” ਮੰਮੀ! ਸ਼ੀਲਾ ਮਰਗੀ…।” ਹੈਂਅਅਅਅ… ਕਦੋਂ… ਕੀ ਹੋਇਆ ਸੀ ਉਹਨੂੰ, ਆਖ਼ਦੀ ਮੈਂ ਮੇਨ ਗੇਟ ਵੱਲ ਦੌੜੀ। ਬਾਹਰ ਮਿਊਨਸਪੈਲਿਟੀ ਦੀ ਗੱਡੀ ਖੜ੍ਹੀ ਦੇਖ ਮੇਰਾ ਦਿਲ ਦਹਿਲ ਗਿਆ।
ਗਲ਼ੀ ਵਿੱਚ ਪੂਰੇ ਦਾ ਪੂਰਾ ਮੁਹੱਲਾ ਤਮਾਸ਼ਬੀਨ ਬਣਿਆ ਸਿਰਫ਼ ਗਤੀਵਿਧੀਆਂ ਰਿਕਾਰਡ ਕਰ ਰਿਹਾ ਸੀ। ਔਰਤਾਂ...
ਮੂੰਹ ਜੋੜ ਕੇ ਉਹਦੇ ਸੁਭਾਅ ਦੇ ਚੰਗੇ ਮਾੜੇ ਪੱਖਾਂ ਦੇ ਸਰਟੀਫਿਕੇਟ ਛਾਪ ਰਹੀਆਂ ਸਨ। ਕਿਸੇ ਦੀ ਵੀ ਅੱਖ ਵਿੱਚ ਇੱਕ ਕਮਜ਼ੋਰ ਦੁਖੀ ਬੀਮਾਰ ਬੁੱਢੀ ਔਰਤ ਦੇ ਜਹਾਨੋਂ ਤੁਰ ਜਾਣ ਦਾ ਭੌਰਾ ਵੀ ਦਰਦ ਨਹੀਂ ਸੀ। ਨਾ ਕਿਸੇ ਦੇ ਮੱਥੇ ਤੇ ਕੋਈ ਸ਼ਿਕਨ ਸੀ। ਉਹਦੇ ਬੇਜਿੰਦ ਸਰੀਰ ਨੂੰ ਬਾਹਰ ਲਿਆਂਦਾ ਗਿਆ। ਲੋਕ ਅਜੇ ਵੀ ਉਹਦੇ ਕਿਰਦਾਰ ਦੀ ਤਫ਼ਤੀਸ਼ ਵਿੱਚ ਵਿਅਸਤ ਸਨ। ਕਹਿੰਦੇ ਹਨ ਕਿ ਮੌਤ ਬੰਦੇ ਦੇ ਸਾਰੇ ਗੁਨਾਹ ਨਾਲ ਲੈ ਜਾਂਦੀ ਹੈ ਫੇਰ ਓਸ ਦਿਨ ਲੋਕ ਉਹਦੀ ਅਰਥੀ ਨਾਲ ਸ਼ਮਸ਼ਾਨ ਤੱਕ ਕਿਉਂ ਨਹੀਂ ਗਏ… ਉਹ ਲਾਵਾਰਿਸ ਤਾਂ ਨਹੀਂ ਸੀ ਫੇਰ ਮਿਊਨਸਪੈਲਿਟੀ ਦੀ ਗੱਡੀ ਉਹਨੂੰ ਕਿਉਂ ਲੈ ਕੇ ਚਲੀ ਗਈ.. ਕਿਸੇ ਨੇ ਵੀ ਉਹਦੇ ਮ੍ਰਿਤਕ ਦੇਹ ਕੋਲ ਪੈਸੇ ਧਰ ਕੇ ਮੱਥਾ ਕਿਉਂ ਨਹੀਂ ਟੇਕਿਆ.. ਜਦੋਂ ਰੱਬ ਮਰਨ ਤੇ ਸਾਰੇ ਗੁਨਾਹ ਮਾਫ਼ ਕਰ ਬੰਦੇ ਨੂੰ ਆਪਣੀ ਬੁੱਕਲ ਵਿੱਚ ਲੁਕਾ ਲੈਂਦਾ ਹੈ ਤਾਂ ਸਮਾਜ ਕਿਉਂ ਨਹੀਂ… ਕੀ ਲੋਕ ਰੱਬ ਤੋਂ ਵੀ ਵੱਡੇ ਹੋ ਜਾਂਦੇ ਹਨ…ਜਿਸ ਦਿਨ ਦੀ ਉਹ ਨਹੀਂ ਰਹੀ ਮੈਨੂੰ ਏਸ ਤਰ੍ਹਾਂ ਕਿਉਂ ਲੱਗਦਾ ਕਿ ਬੰਦਿਆਂ ਅੰਦਰੋਂ ਇਨਸਾਨੀਅਤ ਮਰਕੇ ਕਿੱਥੇ ਚਲੀ ਗਈ ਹੈ।
ਇਸ ਐਤਵਾਰ ਉਹਦਾ ਇਕਲੌਤਾ ਨਸ਼ੇ ਦਾ ਖਾਧਾ ਪੁੱਤ ਵੀ ਉਹਦੇ ਨਾਲ ਹੀ ਤੁਰ ਗਿਆ। ਜਦੋਂ ਉਹ ਜਿਉਂਦੀ ਸੀ ਤਾਂ ਆਪਣੇ ਪੁੱਤ ਦਾ ਉਹ ਜਮ੍ਹਾਂ ਵਸਾਹ ਨਹੀਂ ਸੀ ਖਾਂਦੀ। ਸ਼ਾਇਦ ਤਾਂ ਹੀ ਉਹ ਆਪਣੇ ਜਵਾਨ ਪੁੱਤ ਨੂੰ ਵੀ ਨਾਲ ਹੀ ਲੈ ਗਈ ਹੋਵੇ ਕਿਉਂਕਿ ਉਹ ਇਸ ਮਨੁੱਖਤਾ ਹੀਣ ਦੁਨੀਆਂ ਵਿੱਚ ਉਹਨੂੰ ਇਕੱਲਾ ਛੱਡ ਹੀ ਨਹੀਂ ਸੀ ਸਕਦੀ।
ਉਨ੍ਹਾਂ ਮਾਂ ਪੁੱਤਾਂ ਦੀ ਮੌਤ ਮੁਹੱਲੇ ਦੀ ਗਲ਼ੀ ਦੇ ਚੌਰਾਹੇ ਤੇ ਇੱਕ ਸਵਾਲ ਟੰਗ ਗਈ ਹੈ ਕਿ ਇਨਸਾਨੀਅਤ ਜਿਉਂਦੀ ਹੈ ਕਿ ਮਰ ਚੁੱਕੀ ਹੈ..? ਜੇਕਰ ਅਸੀਂ ਹਰ ਮੋੜ ਤੇ ਇਕੱਲੇ ਹਾਂ ਤਾਂ ਸਮਾਜ ਸਿਰਜਣ ਦੇ ਕੀ ਅਰਥ ਹਨ..?
ਜਵਾਬ ਸੋਚ ਕੇ ਰੱਖਣਾ ਕਿਉਂਕਿ ਜਦੋਂ ਇਤਿਹਾਸ ਦੁਹਰਾਇਆ ਜਾਵੇਗਾ ਤਾਂ ਮਨੁੱਖਤਾ ਜਵਾਬ ਦੀ ਮੰਗ ਕਰੇਗੀ..ਲਾਜ਼ਮੀ ਮੰਗ ਕਰੇਗੀ..!!
ਕਮਲਗੀਤ ਸਰਹਿੰਦ
9914883112