ਅੱਸੀਵਿਆਂ ਦੀ ਗੱਲ ਏ..ਪਿਤਾ ਜੀ ਦਸੂਹੇ ਕੋਲ ਭੰਗਾਲੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..!
ਸੀਮਤ ਜਿਹੀਆਂ ਗੱਡੀਆਂ ਹੀ ਖਲੋਇਆ ਕਰਦੀਆਂ..ਇੱਕ ਵੇਰ ਅਜੀਬ ਵਰਤਾਰਾ ਸ਼ੁਰੂ ਹੋ ਗਿਆ..ਸੁਵੇਰੇ ਚੱਲਦੀ ਸਵਾਰੀ ਗੱਡੀ ਵੇਲੇ ਇੱਕ ਕੁੱਤਾ ਆਉਂਦਾ ਤੇ ਗਾਰਡ ਦੇ ਡੱਬੇ ਕੋਲ ਆ ਕੇ ਪੂੰਛ ਹਿਲਾਉਣੀ ਸ਼ੁਰੂ ਕਰ ਦਿਆ ਕਰਦਾ..!
ਉਹ ਭੁੱਖਾ ਸਮਝ ਰੋਟੀ ਪਾਉਂਦਾ ਪਰ ਇਹ ਮੂੰਹ ਨਾ ਲਾਇਆ ਕਰੇ..ਪਤਾ ਕੀਤਾ..ਲਾਗੋ ਕਿਸੇ ਫਾਰਮ ਹਾਊਸ ਵਾਲਿਆਂ ਦਾ ਸੀ..ਓਹਨਾ ਦਾ ਜਵਾਨ ਪੁੱਤ ਇਸੇ ਗੱਡੀ ਰਾਂਹੀ ਹੋਸ਼ਿਆਰ ਪੁਰ ਗਿਆ ਕਦੀ ਨਹੀਂ ਸੀ ਮੁੜਿਆ..!
ਉਸ ਗਵਾਚ ਗਏ ਨੇ ਹੀ ਇਸ ਜਾਨਵਰ ਨੂੰ ਨਿੱਕੇ ਹੁੰਦੇ ਤੋਂ ਖੁਦ ਹੀ ਪਾਲਿਆ ਸੀ..ਘਰ ਵਾਲੇ ਦੱਸਦੇ ਕੇ ਸੁਵੇਰੇ ਰੋਟੀ ਖਾ ਕੇ ਕੋਲੇ ਵਾਲੇ ਇੰਜਣ ਦੀ ਵਿਸਲ ਵੱਜਦਿਆਂ ਹੀ ਟੇਸ਼ਨ ਤੇ ਆ ਜਾਂਦਾ..ਫੇਰ ਆਥਣ ਵੇਲੇ ਦੀ ਵਾਪਸ ਪਰਤਦੀ ਗੱਡੀ ਉਡੀਕ ਕੇ ਮੁੜ ਜਾਂਦਾ..ਵਿਚ ਵਿਚਾਲੇ ਕਦੀ ਕਦਾਈਂ ਰੋਟੀ ਖਾਣ ਘਰੇ ਚਲਾ ਜਾਂਦਾ..!
ਇੱਕ ਵੇਰ ਸਾਰੇ ਟੇਸ਼ਨ ਤੇ ਆ ਗਏ..ਅਖ਼ੇ ਦੋ ਦਿਨ ਹੋ ਗਏ ਜਾਨਵਰ ਘਰੇ ਨਹੀਂ ਪਰਤਿਆ..!
ਕਿਸੇ ਦੱਸਿਆ...
ਕੇ ਵਧੀਆ ਨਸਲ ਦਾ ਹੋਣ ਕਰਕੇ ਕੋਈ ਪੁਚਕਾਰ ਕੇ ਗੱਡੀ ਚਾੜ ਲੈ ਗਿਆ ਸੀ..ਬਜੁਰਗ ਮਾਤਾ ਆਖਿਆ ਕਰੇ ਇਹ ਟੇਸ਼ਨ ਮੇਰਾ ਇੱਕ ਨਹੀਂ ਦੋ ਪੁੱਤ ਖਾ ਗਿਆ..!
ਦੋਸਤੋ ਇਹ ਘਟਨਾ ਓਹਨਾ ਵੇਲਿਆਂ ਦੀ ਏ ਜਦੋਂ ਪੰਜਾਬ ਦੇ ਹਜਾਰਾਂ ਪੁੱਤ ਰਾਜਨੀਤੀ ਦੀ ਭੇਂਟ ਚੜ ਗਏ ਤੇ ਬਾਕੀ ਰਹਿ ਗਿਆਂ ਨੂੰ ਪਦਾਰਥਵਾਦ ਖਾ ਗਿਆ ਸੀ..ਪਰ ਸਭ ਤੋਂ ਜਿਆਦਾ ਨੁਕਸਾਨ ਓਹਨਾ ਮਾਵਾਂ ਦਾ ਹੋਇਆ ਜਿਹੜੀਆਂ ਮੜੀ ਤੇ ਪੈਣ ਤੱਕ ਵੀ ਸ਼ਹਿਰੋਂ ਆਉਂਦੇ ਸੁੰਞੇ ਰਾਹ ਤੱਕਦੀਆਂ ਰਹੀਆਂ!
ਅੱਜ ਸਬੱਬੀਂ ਹੀ ਨਾਲ ਰਲਦੀ ਤਸਵੀਰ ਮਿਲ ਗਈ ਤਾਂ ਚਾਰ ਦਹਾਕੇ ਪੂਰਾਣੀ ਗੱਲ ਚੇਤੇ ਆ ਗਈ..!
ਵਾਕਿਆ ਕਿਸੇ ਸਹੀ ਆਖਿਆ..
“ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ..ਤੂੰ ਲੱਭਦੀ ਫਿਰੇਂ ਬਜਾਰ ਕੁੜੇ..ਇਹ ਸੌਦਾ ਮੁੱਲ ਵੀ ਮਿਲਦਾ ਨੀ..ਤੂੰ ਲੱਭਦੀ ਫਿਰੇ ਉਧਾਰ ਕੁੜੇ”
ਹਰਪ੍ਰੀਤ ਸਿੰਘ ਜਵੰਦਾ