ਮੈ ਝੋਲ਼ਾ ਚੱਕੀ ਸਕੂਲੋਂ ਵਾਪਿਸ ਆਉਂਦੀ ਜਦੋਂ ਘਰ ਨੇੜੇ ਸਮੋਸਿਆਂ ਵਾਲੀ ਦੁਕਾਨ ਕੋਲ ਦੀ ਲੰਘੀ ਤਾਂ ਸਮੋਸਿਆਂ ਦੀ ਖੁਸ਼ਬੋ ਨੇ ਬੇਬੇ ਨੇ ਮੇਰੇ ਲਈ ਬਣਾਕੇ ਰੱਖੀ ਰੋਟੀ ਦਾ ਬਾਈਕਾਟ ਕਰਨ ਲਈ ਸ਼ੈਤਾਨ ਦਿਮਾਗ਼ ਨੂੰ ਮਜਬੂਰ ਕਰ ਦਿੱਤਾ. ਘਰੇ ਪਹੁੰਚ ਟੀਵੀ ਦਾ ਬਟਨ ਮਰੋੜ ਤੇ ਬੇਬੇ ਦੀ ਲਿਆਂਦੀ ਰੋਟੀ ਨੂੰ ਅਣਦੇਖਾ ਕਰਦੇ ਕਿਹਾ “ਮੈ ਨੀ ਖਾਣੀ ਰੋਟੀ ਰੂਟੀ ਰੋਜ ਰੋਜ ਓਹੀ ਖਾਣ ਨੂੰ” ਤਾਂ ਬੇਬੇ ਹੌਲੀ ਜਿਹੇ ਕੋਲ਼ੇ ਬੈਠਦੀ ਕਹਿੰਦੀ “ਪੁੱਤ ਮੈ ਸਵੇਰੇ ਦੀ ਲੱਗੀ ਹੋਈ ਹਾਂ ਬਣਾਉਣ ਚੱਲ ਇਕ ਬੁਰਕੀ ਪਵਾ ਲੈ ਮੂੰਹ ਚ ਜੇ ਨਹੀਂ ਚੰਗੀ ਲੱਗੀ ਤਾਂ ਮੈ ਕੁਝ ਹੋਰ ਬਣਾ ਦੇਵਾਂਗੀ”. ਮੈ ਬੁਰਕੀ ਮੂੰਹ ਚ ਪੈਂਦੇ ਹੀ ਭੈੜਾ ਜਿਹਾ ਮੂੰਹ ਬਣਾ ਕਿਹਾ “ਮੈ ਨੀ ਖਾਣੀ ਇਹ ਸਬਜ਼ੀ ਤੇ ਹੁਣ ਫਿਰ ਕੁਝ ਬਣਾਉਣ ਨੂੰ ਘੰਟਾ ਲੱਗੂ” ਤਾਂ ਮੇਰੀ ਮਾਂ ਨੇ ਸਿਰ ਤੇ ਹੱਥ ਫੇਰਦੇ ਕਿਹਾ “ਜਾਹ ਪੈਸੇ ਲੈ ਜਾ ਸਮੋਸੇ ਲੈ ਆ ਸਾਰਿਆਂ ਲਈ ਤੇ ਇਹ ਸਬਜ਼ੀ ਤੇਰੇ ਪਾਪਾ ਖਾ ਲੈਣਗੇ, ਉਹ ਵੀ ਹਫ਼ਤੇ ਬਾਦ ਘਰ ਆ ਰਹੇ ਨੇ ਕੰਮ ਕਰਕੇ ਉਹਨਾਂ ਵਿਚਾਰਿਆ ਨੂੰ ਵੀ ਉੱਥੇ ਆਪ ਹੀ ਹੱਥ ਜਲ਼ਾਉਣੇ ਪੈਂਦੇ ਨੇ ਹਰ ਰੋਜ”. ਮੈਨੂੰ ਲੱਗਿਆ ਜਿਵੇ ਮਾਂ ਪਹਿਲਾਂ ਹੀ ਜਾਣਦੀ ਸੀ ਕਿ ਮੇਰਾ ਅੱਜ ਗਰਮ ਗਰਮ ਸਮੋਸੇ ਖਾਣ ਨੂੰ ਦਿਲ ਕਰਦਾ ਤਾਂ ਹੀ ਸ਼ਾਇਦ ਉਸਨੇ ਪਾਪਾ ਦੀ ਸਭ ਤੋ ਪਸੰਦੀਦਾ ਸਬਜ਼ੀ ਬਣਾਈ ਸੀ. ਮੈ ਸਮੋਸਾ ਚਟਣੀ ਨਾਲ ਲਬੇੜ ਅਜੇ ਮੂੰਹ ਚ ਪਾਉਣ ਹੀ ਲੱਗੀ ਸੀ ਕਿ ਮੇਰੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਦੁਕਾਨ ਤੋ ਸਬਜੀ ਲੈਣ ਆਏ ਨੇ ਉੱਚੀ ਦੇਣੇ ਪੁੱਛਿਆ” ਚੈਰੀਆਂ ਕਿੱਥੇ ਹਨ ਜੀ?” ਤਾਂ ਮੈ ਸੰਭਲ਼ਦੇ ਹੋਏ ਕਿਹਾ “ਖਤਮ ਹਨ ਜੀ ਕੱਲ ਆਉਣਗੀਆਂ”. ਫਿਰ ਯਾਦ ਆਇਆ ਕਿ ਮੈ ਤਾਂ ਛੇ ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਮੈਲਬੌਰਨ ਆ ਗਈ ਸੀ ਤੇ ਪੜਾਈ ਦੇ ਨਾਲ ਨਾਲ ਇਸ ਵੈਜੀ ਸ਼ਾਪ ਤੇ ਕੰਮ ਕਰਦੀ ਹਾਂ ਆਪਣੀ ਇਕ ਸਹੇਲੀ ਨਾਲ ਜਿਸਦੇ ਅੱਜ ਬਿਮਾਰ ਹੋਣ ਕਰਕੇ ਚਾਰ ਪੰਜ ਘੰਟੇ ਤੋ ਬ੍ਰੇਕ ਵੀ ਨਹੀਂ ਲਈ ਸੀ ਲੈ ਪਾਈ. ਮੇਰੀ ਹਾਲਤ ਦੇਖ ਪਿਛਿਓਂ ਨਾਲ ਦੇ ਨੇ ਅਵਾਜ਼ ਮਾਰੀ “ਨਿੱਕੀ ਜਾਹ ਕੁਛ ਖਾ ਲੈ ਤੈਨੂੰ ਬਹੁਤ ਭੁੱਖ ਲੱਗੀ ਹੋਣੀ” ਤਾਂ ਮੈ ਪੁਰਾਣੇ ਦਿਨ ਯਾਦ ਕਰਦੀ ਲਗਾਤਾਰ ਖੜਨ ਕਰਕੇ ਭਾਰੀ ਹੋਈਆਂ ਲੱਤਾਂ ਨੂੰ ਧੂਹਦੀ ਹੋਈ ਲੰਚ...
ਵਾਲੇ ਕਮਰੇ ਚ ਚਲੀ ਗਈ. ਜਦੋਂ ਡੱਬਾ ਖੋਲਿਆ ਤਾਂ ਰਾਤ ਦੀ ਦਾਲ ਰੋਟੀ ਦੇਖ ਮਾਂ ਨੂੰ ਯਾਦ ਕਰ ਧਾਹ ਨਿਕਲ ਗਈ ਕਿਉਂਕਿ ਹਰ ਰੋਜ ਬਾਹਰੋਂ ਖਾ ਨਹੀਂ ਸਕਦੀ ਤੇ ਤਾਜ਼ੀ ਬਣਾਉਣ ਦਾ ਸਮਾਂ ਨਹੀਂ ਹੁੰਦਾ. ਫਿਰ ਮੇਰਾ ਮੱਲੋ-ਮੱਲੀ ਹਾਸਾ ਨਿਕਲ ਗਿਆ ਜਦੋਂ ਯਾਦ ਆਇਆ ਕਿ ਮੈ ਇਕ ਵਾਰ ਇਕ ਨਾਲ ਪੜਦਾ ਦੁਕਾਨ ਵਾਲਾ ਮੁੰਡਾ ਫੈਂਟਿਆ ਸੀ ਤੇ ਫਿਰ ਇਕ ਵਾਰ ਨਾਲ ਪੜਦੀ ਕੁੜੀ ਦੀ ਗੁੱਤ ਪੱਟ ਘਰ ਨੂੰ ਫੁਰਰ ਹੋ ਗਈ ਸੀ ਜਦੋਂ ਉੱਨਾਂ ਨੇ ਮੇਰੀ ਬੇਬੇ ਦੇ ਪਰਾਂਠੇ ਬਾਰੇ ਕੁਝ ਕਿਹਾ ਸੀ. ਥੱਕੀ ਹਾਰੀ ਘਰ ਪਹੁੰਚ ਰੋਟੀ ਬਣਾ ਕੇ ਖਾਣ ਲੱਗੀ ਦੇ ਯਾਦ ਆਇਆ ਕਿ ਕੱਪੜੇ ਧੋਣੇ ਜ਼ਰੂਰੀ ਨੇ ਤਾਂ ਕੱਪੜੇ ਧੋਣੇ ਪਾ ਕੇ ਜਦੋਂ ਬੁਰਕੀ ਮੂੰਹ ਚ ਪਾਈ ਤਾਂ ਮਾਂ ਕੋਲ ਕੀਤੇ ਨਖਰੇ ਯਾਦ ਆਏ “ਮਾਂ ਮੈ ਨੀ ਖਾਣੀ ਰੋਟੀ ਬਿਨਾ ਹੱਥ ਧੋਤੇ ਹੀ ਰੋਟੀ ਪਾਈ ਜਾਂਦੇ ਹੋ”. ਆਖਿਰ ਨੂੰ ਜਦੋਂ ਸੌਣ ਲਈ ਬੈਂਡ ਤੇ ਗਈ ਫਿਰ ਮਾਂ ਨੂੰ ਫ਼ੋਨ ਕਰਨਾ ਯਾਦ ਆਇਆ ਤੇ ਮਾਂ ਕਹਿੰਦੀ “ਤੈਨੂੰ ਨੀਂਦ ਆ ਜਾਂਦੀ ਥੱਕੀ ਹੋਈ ਨੂੰ” ਪਰ ਮੈ ਮਾਂ ਨੂੰ ਕਿਵੇ ਦੱਸਾਂ ਕਿ ਮੈ ਤਾਂ ਸਪਨਿਆ ਚ ਵੀ ਤੇਰੇ ਨਾਲ ਸਾਰੀ ਸਾਰੀ ਰਾਤ ਕਦੇ ਘੜਾ ਕੁਲਫ਼ੀ, ਚਾਟ ਪਾਪੜੀ, ਦਹੀ ਭੱਲੇ ਤੇ ਕਦੇ ਗਰਮ ਗਰਮ ਆਲੂਆ ਆਲੇ ਪਰਾਂਠੇ, ਸਾਗ ਤੇ ਗਜਰੇਲਾ ਖਾਂਦੀ ਰਹਿੰਦੀ ਹਾਂ ਤਾਂ ਮੈ ” ਕੱਲ ਕਰੂ ਫ਼ੋਨ ਮੈ ਸਵੇਰੇ ਜਲਦੀ ਉਠਕੇ ਕਾਲਜ ਜਾਣਾ” ਕਹਿ ਫ਼ੋਨ ਕੱਟ ਦਿੱਤਾ. ਪਰ ਮੇਰੀਆਂ ਨੀਂਦ ਨਾਲ ਭਾਰੀਆਂ ਹੋਈਆਂ ਅੱਖਾਂ ਚ ਫਰੀਦਕੋਟ ਦੀਆਂ ਕੁੜੀਆਂ ਨੇ ਜਰਮਨੀ ਚ ਜਿੱਤੇ ਗੋਲ਼ਡ ਮੈਡਲ ਤੇ ਬਲਜੀਤ ਕੌਰ ਨੇ 28 ਦਿਨਾਂ ਚ ਅੱਠ ਅੱਠ ਹਜ਼ਾਰ ਫੁੱਟ ਉੱਚੀਆਂ ਸਰ ਕੀਤੀਆਂ ਚਾਰ ਚੋਟੀਆਂ ਦੀ ਖਬਰ ਵਾਰ ਵਾਰ ਘੁੰਮ ਰਹੀ ਸੀ ਜਿਹੜੀ ਕਿ ਕੱਲ ਮੈਨੂੰ ਦੁਬਾਰਾ ਉੱਠ ਕੇ ਅੱਗੇ ਵੱਧਣ ਲਈ ਹੌਸਲਾ ਤੇ ਹਿੰਮਤ ਦੇ ਰਹੀ ਸੀ. ਬੇਬੇ ਨੇ ਏਥੇ ਆਉਣ ਤੋ ਪਹਿਲਾਂ ਬੁੱਕਲ਼ ਚ ਲੈ ਕੇ ਕਿਹਾ ਸੀ ਧੀਏ ਕਦੇ ਹੌਸਲਾ ਨਹੀਂ ਹਾਰਨਾ ਕਿਉਂਕਿ
“ਹਿੰਮਤੇ ਮਰਦਾ, ਮਦਦੇ ਖੁਦਾ”
ਬਲਜੀਤ ਫਰਵਾਲੀ