ਬਜਾਰ ਦੀ ਐਨ ਨੁੱਕਰ ਤੇ ਮੇਰਾ ਚੂੜੀਆਂ ਮੇਕਅੱਪ ਅਤੇ ਹਾਰ-ਸ਼ਿੰਗਾਰ ਦੇ ਸਮਾਨ ਦਾ ਸਟੋਰ ਹੋਇਆ ਕਰਦਾ ਸੀ..
ਦੀਵਾਲੀ ਵਿਸਾਖੀ ਵਿਆਹ ਮੰਗਣੇ ਅਤੇ ਤੀਆਂ ਵਰਗੇ ਤਿੱਥ-ਤਿਓਹਾਰ..ਹਮੇਸ਼ਾਂ ਰੌਣਕ ਜਿਹੀ ਲੱਗੀ ਰਹਿੰਦੀ..
ਇੱਕ ਵਾਰ ਨੇੜੇ ਕਿਸੇ ਪਿੰਡ ਤੋਂ ਇੱਕ ਨਵਾਂ ਵਿਆਹਿਆ ਜੋੜਾ ਆਇਆ..
ਸਾਈਕਲ ਤੋਂ ਉੱਤਰ ਪੌੜੀਆਂ ਚੜ ਤੁਰੀ ਆਉਂਦੀ ਦੇ ਛਣ-ਛਣ ਕਰਦੇ ਚੂੜੇ ਅਤੇ ਪੰਜੇਬਾਂ ਦੀ ਅਵਾਜ ਨਾਲ ਇੰਝ ਲੱਗਾ ਜਿੱਦਾਂ ਚਾਰੇ ਪਾਸੇ ਬਹਾਰ ਜਿਹੀ ਛਾ ਗਈ ਹੋਵੇ..!
ਕਾਊਂਟਰ ਤੇ ਮੁੰਡਾ ਦੱਸਣ ਲੱਗਾ “ਜੀ ਸਵੇਰ ਦੇ ਦੂਜੀ ਵਾਰ ਆਏ ਨੇ..ਬੀਬੀ ਨੂੰ ਲਾਲ ਰੰਗ ਦੇ “ਗੋਖੜੂ” ਪਸੰਦ ਨੇ..”ਹਜਾਰ” ਆਖਿਆ ਸੀ ਪਰ ਬਾਈ ਦੀ ਸੂਈ ਸੱਤ ਸੌ ਤੇ ਹੀ ਅੜੀ ਹੋਈ ਏ..ਸ਼ਾਇਦ ਕੋਲ ਹੈ ਹੀ ਏਨੇ ਨੇ”..ਏਨੀ ਗੱਲ ਦੱਸਦੇ ਦਾ ਹਾਸਾ ਜਿਹਾ ਨਿੱਕਲ ਗਿਆ!
ਦੂਜੇ ਪਾਸੇ ਸਾਮਣੇ ਖਲੋਤਾ ਉਹ ਹਮਾਤੜ ਕਦੀ ਓਹਲੇ ਜਿਹੇ ਨਾਲ ਆਪਣਾ ਬਟੂਆ ਖੋਹਲ ਕੇ ਵੇਖ ਲਿਆ ਕਰਦਾ ਤੇ ਕਦੀ ਕੁਝ ਸੋਚ ਨਾਲਦੀ ਦੀਆਂ ਅੱਖਾਂ ਵਿਚ ਤੇਜੀ ਨਾਲ ਵੱਗਦੇ ਸੱਧਰਾਂ ਚਾਵਾਂ ਦੇ ਦਰਿਆ ਵਿਚ ਗੁਆਚ ਜਾਇਆ ਕਰਦਾ !
ਗਹੁ ਨਾਲ ਤੱਕਿਆ ਤਾਂ ਉਹ ਮਜਬੂਰੀ,ਬੇਬਸੀ,ਤੰਗੀ-ਤੁਰਸ਼ੀ ਅਤੇ ਸ਼ਰਮਿੰਦਗੀ ਦੇ ਆਲਮ ਵਿਚ ਡੁੱਬਿਆ ਹੋਇਆ ਨਜਰ ਆਇਆ..
ਮੈਨੂੰ ਬਹੁਤ ਪੁਰਾਣੀ ਖੁਦ ਨਾਲ ਬੀਤੀ ਹੱਡ-ਬੀਤੀ ਚੇਤੇ ਆ ਗਈ..
ਜਦੋਂ ਪਹਿਲੀ ਵਾਰ ਇਹਨਾਂ ਨਾਲ ਸ਼ਹਿਰ ਮਸਿਆ ਦੇ ਮੇਲੇ ਤੇ ਗਈ ਤਾਂ ਲਾਲ ਰੰਗ ਦੀਆਂ ਚੂੜੀਆਂ ਪਸੰਦ ਕਰ ਲਈਆਂ..!
ਭਲੇ ਜ਼ਮਾਨਿਆਂ ਵਿਚ ਉਸਨੇ ਅੱਠ ਰੁਪਈਏ ਮੰਗੇ..ਸ਼ਾਇਦ ਇਹਨਾਂ ਕੋਲ ਉਸ ਵੇਲੇ ਸਿਰਫ ਪੰਜ ਹੀ ਸਨ..ਸੌਦਾ ਸਿਰੇ ਨਾ ਚੜ ਸਕਿਆ!
ਆਥਣੇ ਪਿੰਡ ਮੁੜਦੇ ਵਕਤ ਟਾਂਗੇ ਦੀ ਪਿਛਲੀ ਸੀਟ ਤੇ ਬੈਠੇ ਹੋਇਆਂ ਨੇ ਸਾਰੇ ਰਾਹ ਨਾ ਤਾਂ ਅੱਖਾਂ ਮਿਲਾਈਆਂ ਤੇ ਨਾ ਹੀ ਮੂਹੋਂ ਕੁਝ ਬੋਲੇ..
ਹਾਰ ਕੇ ਮੂੰਹ ਬਣਿਆ ਵੇਖ ਮੈਂ ਹੁੱਝ ਜਿਹੀ ਮਾਰੀ ਤੇ ਹੌਲੀ ਜਿਹੀ ਆਖਿਆ..”ਫੇਰ ਕੀ ਹੋਇਆ..ਜੇ ਨਹੀਂ ਲਈਆਂ ਗਈਆਂ..ਅਗਲੀ ਮੱਸਿਆ ਨੂੰ ਸਹੀ..”
ਮੇਰੇ ਮੂਹੋਂ ਏਨੀ ਗੱਲ ਸੁਣ ਇਹਨਾਂ ਦੇ ਹੰਜੂ ਵਹਿ ਤੁਰੇ ਪਰ ਓਹਲੇ ਜਿਹੇ ਨਾਲ ਓਸੇ ਵੇਲੇ ਪੂੰਝ ਵੀ ਲਏ..!
ਉਸ ਦਿਨ ਮਗਰੋਂ ਇਹਨਾਂ ਮੇਰੀਆਂ ਖੁਸ਼ੀਆਂ ਲਈ ਦਿਨ ਰਾਤ ਇੱਕ ਕਰ ਦਿੱਤਾ..
ਕੋਈ ਚੀਜ ਮੂਹੋਂ ਬਾਅਦ ਵਿਚ ਕੱਢਦੀ..ਹਾਜਿਰ ਪਹਿਲਾਂ ਹੋ ਜਾਇਆ ਕਰਦੀ..ਫੇਰ ਇਹ ਦੁਕਾਨ ਖੋਲ ਕੇ ਦੇਣ ਵੇਲੇ ਤੱਕ ਆਪਣੀ ਬਿਮਾਰੀ ਵੀ ਮੈਥੋਂ ਲੁਕਾ ਕੇ ਰੱਖੀ..”
ਸਾਮਣੇ ਟੰਗੀ ਇਹਨਾਂ ਦੀ ਫੋਟੋ ਵੱਲ ਦੇਖ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ..
ਫੇਰ ਮੇਰੀ ਸੂਰਤ ਓਦੋਂ ਇੱਕ ਵਾਰ ਫੇਰ ਵਰਤਮਾਨ ਵਿਚ ਮੁੜ ਵਾਪਿਸ...
ਆ ਗਈ..ਜਦੋਂ ਚੂੜੇ ਵਾਲੀ ਦਾ ਘਰਵਾਲਾ ਤਰਲੇ ਜਿਹੇ ਨਾਲ ਕਾਊਂਟਰ ਵਾਲੇ ਮੁੰਡੇ ਨੂੰ ਆਖੀ ਜਾ ਰਿਹਾ ਸੀ ਕੇ “ਵੀਰੇ ਦੇਖ ਲੈ ਜੇ ਸੱਤ ਸੌ ਵਿਚ ਗੱਲ ਮੁੱਕਦੀ ਏ ਤਾਂ”
ਅੱਗੋਂ ਉਸਦਾ ਬੇਧਿਆਨੀ ਵਿਚ ਇੱਕ ਵਾਰ ਫੇਰ ਓਹੀ ਜੁਆਬ ਸੀ..”ਭਾਊ ਸੁਵੇਰ ਦਾ ਕਿੰਨੀ ਵਾਰੀ ਆਖ ਚੁੱਕਾਂ ਹਾਂ ਬੀ ਹਜਾਰ ਤੋਂ ਇੱਕ ਰੁਪਈਆ ਘੱਟ ਨੀ ਹੋਣਾ..ਲੈਣਾ ਏ ਤਾਂ ਲੈ ਨਹੀਂ ਅਹੁ ਜਾਂਦਾ ਈ ਰਾਹ”
ਏਨੀ ਗੱਲ ਸੁਣ ਉਸਨੇ ਇੱਕ ਵਾਰ ਫੇਰ ਨਾਲਦੀ ਵੱਲ ਦੇਖਿਆ..ਉਸ ਨੇ ਅੱਗੋਂ ਨੀਵੀਂ ਜਿਹੀ ਅੱਖ ਨਾਲ ਸੈਨਤ ਜਿਹੀ ਮਾਰ ਦਿੱਤੀ..ਸ਼ਾਇਦ ਨਾਲਦੇ ਦੀ ਮਜਬੂਰੀ ਸਮਝ ਚੁਕੀ ਸੀ..
ਫੇਰ ਜਦੋਂ ਦੋਵੇਂ ਰੈ ਜਿਹੀ ਰਲਾ ਕੇ ਬਾਹਰ ਨੂੰ ਤੁਰਨ ਲੱਗੇ ਤਾਂ ਮੈਨੂੰ ਅੰਦਰੋਂ ਕਾਹਲੀ ਜਿਹੀ ਪੈਣ ਲੱਗ ਪਈ..
ਮੈਂ ਛੇਤੀ ਨਾਲ ਜਾ ਦੋਵਾਂ ਨੂੰ ਵਾਪਿਸ ਮੋੜ ਲਿਆਂਦਾ ਤੇ ਇੱਕੋ ਸਾਹੇ ਆਖ ਦਿੱਤਾ ਕੇ “ਪੁੱਤ ਮੁਆਫ ਕਰਿਆ ਜੇ..ਇਹ ਗੋਖੜੂ ਅੱਜ ਹੀ ਸੁਵੇਰੇ ਅੱਧੇ ਮੁੱਲ ਵਾਲੇ ਡਿਸਕਾਊਂਟ ਤੇ ਲਾਏ ਸਨ..ਕਾਊਂਟਰ ਤੇ ਇਸ ਮੁੰਡੇ ਨੂੰ ਦੱਸਣਾ ਭੁੱਲ ਗਈ ਸਾਂ..ਸੋ ਲਿਆਓ ਪੰਜ ਸੌ ਤੇ ਇਹ ਹੁਣੇ ਪੈਕ ਕਰ ਦਿੰਦਾ ਏ..”
ਮੇਰੀ ਏਨੀ ਗੱਲ ਸੁਣ ਨਵੀਂ ਵਿਆਹੀ ਦੀਆਂ ਇੱਕ ਦਮ ਜਗ ਉਠੀਆਂ ਅੱਖੀਆਂ ਵੱਲ ਵੇਖ ਸੋਚ ਰਹੀ ਸਾਂ ਕੇ ਜੇ ਉਸ ਦਿਨ ਉਹ ਕਰਮਾ ਵਾਲਾ ਵੀ ਓਹੋ ਚੂੜੀਆਂ ਪੰਜਾਂ ਵਿਚ ਦੇ ਦਿੰਦਾ ਤਾਂ ਸ਼ਾਇਦ ਇਹਨਾਂ ਦੀਆਂ ਵੀ ਟਾਂਗੇ ਤੇ ਬੈਠਿਆਂ ਦੀਆਂ ਇਸੇ ਤਰਾਂ ਹੀ ਲਟ-ਲਟ ਜਗ ਰਹੀਆਂ ਹੁੰਦੀਆਂ”
ਹੁਣ ਕਾਊਂਟਰ ਤੇ ਖਲੋਤਾ ਮੁੰਡਾ ਕਦੀ ਮੇਰੇ ਵੱਲ ਤੇ ਕਦੀ ਬੜੇ ਚਾ ਨਾਲ ਗੋਖੜੂ ਸਾਂਭ ਰਹੀ ਜੋੜੀ ਵੱਲ ਇੰਝ ਵੇਖੀ ਜਾ ਰਿਹਾ ਸੀ ਜਿੱਦਾਂ ਕੇ ਮੈਂ ਜਿੰਦਗੀ ਵਿਚ ਪਹਿਲੀ ਵਾਰ ਕੋਈ ਬਹੁਤ ਵੱਡੇ ਘਾਟੇ ਦਾ ਸੌਦਾ ਕੀਤਾ ਹੋਵੇ..
ਪਰ ਉਸਨੂੰ ਕਿੱਦਾਂ ਸਮਝਾਉਂਦੀ ਕੇ ਕਮਲਿਆ ਜੁਆਨੀ ਦੀ ਸਿਖਰ ਵਿਚ ਲੰਮੇ ਸਫ਼ਰਾਂ ਦੇ ਹੁਸੀਨ ਪਾਂਧੀਆਂ ਦੇ ਮਨਾਂ ਵਿਚ ਆਪਮੁਹਾਰੇ ਹੀ ਫੁੱਟ ਪੈਂਦੀਆਂ ਕਿੰਨੀਆਂ ਸਾਰੀਆਂ ਕੋਮਲ ਸੱਧਰਾਂ ਅਤੇ ਅਨੇਕਾਂ ਅਰਮਾਨਾਂ ਦੇ ਸੌਦੇ ਕਰਨੇ ਵੀ ਭਲਾ ਕਿਸੇ ਦੇ ਵੱਸ ਵਿਚ ਹੋਏ ਨੇ..ਜੇ ਕਿਸੇ ਵੱਸ ਹੋਏ ਵੀ ਨੇ ਤਾਂ ਉਸਨੂੰ ਕਾਮਯਾਬ ਵਪਾਰੀ ਤਾਂ ਜਰੂਰ ਆਖਿਆ ਜਾ ਸਕਦਾ..ਇਨਸਾਨ ਨਹੀਂ!
ਹਰਪ੍ਰੀਤ ਸਿੰਘ ਜਵੰਦਾ
Rekha Rani
paji Gokhru ke hundey new very nice story but Gokhru ke hai
ਮਨਿੰਦਰ
ਆਖਰੀ ਪਹਿਰਾ 👌👌👌👌 speechless