More Punjabi Kahaniya  Posts
ਕੌੜੀ ਹਕੀਕਤ


ਸੂਹ ਪੱਕੀ ਸੀ..ਉੱਤੋਂ ਆਏ ਹੁਕਮ ਮੁਤਾਬਿਕ ਅਸਾਂ ਦਿਨ ਢਲੇ ਸਿਧੇ ਰਾਹ ਨਾਲੋਂ ਮਗਰਲੀ ਫਿਰਨੀ ਤੇ ਥੋੜੀ ਵਿਥ ਜਿਹੀ ਪਾ ਜਾ ਜਿਪਸੀ ਖਲਿਆਰੀ..!
ਕੰਧ ਵੀ ਪਿਛਲੇ ਪਾਸਿਓਂ ਟੱਪੀ..
ਵੇਖਿਆ ਉਹ ਕੱਲਾ ਆਪੇ ਹੀ ਟੋਕਾ ਗੇੜ ਰਿਹਾ ਸੀ..!
ਏਡੇ ਵੱਡੇ ਪਿੰਡ ਵਿਚ ਏਨੀ ਦਹਿਸ਼ਤ ਕੇ ਕਿਸੇ ਨੇ ਚੀਰਨੀ ਤੱਕ ਲਾਉਣ ਵਾਸਤੇ ਵੀ ਹਾਮੀ ਨਾ ਭਰੀ..!
ਜਦੋਂ ਹੌਲਦਾਰ ਨੇ ਹੌਲੀ ਜਿਹੀ ਰੂੜੀ ਦੇ ਢੇਰ ਤੇ ਹੇਠਾਂ ਛਾਲ ਮਾਰੀ ਤਾਂ ਉਸ ਨੇ ਅੱਗਿਓਂ ਨੱਸਣ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕੀਤੀ..ਪੈਂਦੀ ਸੱਟੇ ਓਸੇ ਦੇ ਸਿਰੋਂ ਪਰਨਾ ਲਾਹ ਉਸਦੇ ਹੱਥ ਬੰਨ ਲਏ..!
ਉਹ ਏਨੀ ਗੱਲ ਹੀ ਆਖੀ ਗਿਆ ਕੇ ਭਾਊ ਡੰਗਰ ਕੱਲ ਦੇ ਭੁੱਖੇ ਤਿਰਹਾਏ ਨੇ..ਵੀਰ ਬਣ ਕੇ ਇੱਕ ਪੰਡ ਕੁਤਰ ਲੈਣ ਦਿਓ..ਬੇਜੁਬਾਨ ਅਸੀਸਾਂ ਦੇਣਗੇ..ਇਹਨਾਂ ਨਾਲ ਕਿਸੇ ਦਾ ਕਾਹਦਾ ਵੈਰ..!
ਅਸੀਂ ਕੋਈ ਗੱਲ ਨਾ ਸੁਣੀ ਬੱਸ ਉਸਨੂੰ ਜਿਪਸੀ ਵਿਚ ਸਿੱਟ ਲਿਆ..
ਫੇਰ ਨੱਬੇ ਦੀ ਸਪੀਡ ਤੇ ਉਡਦੀ ਜਾਂਦੀ ਦੇ ਵਿਚ ਹੀ ਪੁੱਛਗਿੱਛ ਸ਼ੁਰੂ ਕਰ ਦਿੱਤੀ..
ਉਹ ਅੱਗਿਓਂ ਬੱਸ ਏਨੀ ਗੱਲ ਹੀ ਆਖੀ ਗਿਆ ਕੇ ਮੈਨੂੰ ਉਸਦਾ ਕੋਈ ਨਹੀਂ ਪਤਾ..ਕਿਥੇ ਹੈ..ਹੈ ਵੀ ਕੇ ਨਹੀਂ..!
ਹੌਲਦਾਰ ਆਖਣ ਲੱਗਾ “ਫੇਰ ਮਾਲ ਪਾਣੀ ਹੀ ਦੱਸਦੇ ਕਿਥੇ ਲੁਕਾਇਆ”?
ਆਖਣ ਲੱਗਾ “ਭਾਊ ਕਿਹੜਾ ਮਾਲ ਪਾਣੀ..ਉਹ ਤੇ ਸਗੋਂ ਆਪਣੇ ਹਿੱਸੇ ਆਉਂਦੀ ਵੀ ਵੇਚ ਗਿਆ ਸੀ ਅਖ਼ੇ ਪੰਥ ਦੀ ਸੇਵਾ ਕਰਨੀ ਏ ਤੇ ਯਕੀਨ ਮੰਨੀ ਜਦੋਂ ਵੀ ਆਇਆ ਬੱਸ ਖਾਲੀ ਹੱਥ ਹੀ ਆਇਆ..ਤੇ ਆਇਆ ਵੀ ਕੱਲਾ..”
ਫੇਰ ਉਸ ਦਿਨ ਉਹ ਸ਼ਹਿਰ ਜਾਂਦੇ ਹੋਏ ਮੈਨੂੰ ਮੇਰੇ ਪਿੰਡ ਕੋਲ ਲਾਹ ਗਏ..ਰਿਸ਼ਤੇਦਾਰੀ ਵਿਚ ਵਿਆਹ ਸੀ..!
ਚੋਥੇ ਦਿਨ ਵਾਪਿਸ ਹਾਜਿਰ ਹੋਇਆ ਤਾਂ ਪੁੱਛਿਆ..ਉਸਦਾ ਕੀ ਕੀਤਾ?
ਮਸ਼ਕਰੀ ਜਿਹੀ ਨਾਲ ਆਖਣ ਲੱਗੇ “ਓਹੀ ਜੋ ਅਕਸਰ ਕਰੀਦਾ..ਤੈਨੂੰ ਨਹੀਂ ਪਤਾ”
ਪੁੱਛਿਆ ਕਿੱਦਣ?
ਕਹਿੰਦਾ ਅਗਲੇ ਹੀ ਦਿਨ ਤੜਕੇ ਸਵਖਤੇ!
ਫੇਰ ਦੱਸਣ ਲੱਗਾ ਭਾਊ ਭੜਾ ਧੱਕਾ ਹੋਇਆ ਓਹਨਾ ਵੇਲਿਆਂ ਵਿਚ..
ਜਿਹੜੀ ਧਿਰ ਦਾ ਜ਼ੋਰ ਚੱਲਦਾ ਘੱਟ ਨਾ ਕਰਦੀ..ਕੰਮ ਕੋਈ ਕਰ...

ਜਾਂਦਾ..ਚੁੱਕ ਕਿਸੇ ਹੋਰ ਨੂੰ ਲਿਆਉਂਦੇ..ਪੁੱਛਗਿੱਛ ਕੋਈ ਹੋਰ ਕਰਦਾ..ਮੁਕਾਬਲਾ ਕਿਧਰੇ ਹੋਰ ਥਾਂ ਬਣਾਇਆ ਜਾਂਦਾ ਤੇ ਅਗਲੇ ਦਿਨ ਖਬਰ ਕਿਸੇ ਹੋਰ ਥਾਂ ਦੀ ਆਉਂਦੀ!
ਇੱਕ ਕੋਟੇ ਨਾਮ ਦਾ ਸ਼ਹਿਰ ਰਾਜਿਸਥਾਨ ਵਿਚ ਹੈ ਤੇ ਦੂਜਾ ਕੋਟਾ ਮਹਿਕਮੇ ਦੇ ਹਰ ਅਫਸਰ ਦੇ ਦਿਮਾਗ ਵਿਚ ਹੁੰਦਾ ਸੀ..
ਦੌੜ ਪ੍ਰੋਮੋਸ਼ਨ ਪੈਸੇ ਖਬਰਾਂ ਮਸਹੂਰੀ ਸਾਬਾਸ਼ੀਆਂ ਜਨੂੰਨ ਨੇ ਚੰਗੇ ਭਲੇ ਅੰਨ੍ਹੇ-ਬੋਲੇ ਕੀਤੇ ਹੋਏ ਸਨ..ਬੱਸ ਅੰਨ੍ਹੇ ਨੂੰ ਬੋਲਾ ਘਸੀਟੀ ਜਾਂਦਾ ਸੀ..ਆਟੇ ਨਾਲੋਂ ਬਹੁਤਾ ਘੁਣ ਪੀਸ ਦਿੱਤਾ!
ਹੁਣ ਉਮਰ ਦੇ ਆਖਰੀ ਪੜਾਹ ਤੇ ਅੱਪੜ ਗਏ ਬਹੁਤੇ ਜਿੰਨੀ ਦੇਰ ਦੋ ਚਾਰ ਪੈਗ ਨਾ ਲਾ ਲੈਣ ਰਾਤੀ ਨੀਂਦਰ ਨਹੀਂ ਪੈਂਦੀ..!
ਕਈ ਰਾਤੀਂ ਅਬੜ੍ਹਾ-ਅਬੜ੍ਹਾ ਉਠਦੇ..ਆਖਦੇ ਛਾਤੀ ਤੇ ਭਾਰ ਪੈਂਦਾ!
ਸਾਨੂੰ ਉਸ ਵਕਤ “ਖੰਡ” ਵੀ ਬਣਨਾ ਪਿਆ ਤੇ ਅਸੀਂ ਬਿਨਾ ਕਿਸੇ ਹੀਲ ਹੁੱਜਤ ਦੇ “ਲੂਣ” ਵੀ ਬਣੇ ਪਰ ਉਪਰਲਿਆਂ ਸਾਨੂੰ ਵਰਤਿਆ ਆਪਣੇ ਸਵਾਦ ਮੁਤਾਬਿਕ ਹੀ..!
ਹੁਣ ਜਿੰਦਗੀ ਦਾ ਤੱਤ ਸਾਰ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ..
ਕੁਦਰਤ ਦਾ ਇੱਕ ਅਸੂਲ ਹੈ..ਜਿਹੜਾ ਹਰੇਕ ਦੀ ਜਿੰਦਗੀ ਤੇ ਇੰਨ ਬਿੰਨ ਲਾਗੂ ਹੁੰਦਾ ਏ..!
ਹਰੇਕ ਦਾ ਸਿਖਰ ਦੁਪਹਿਰੇ ਦੀ ਚੜਾਈ ਵਾਲਾ ਥੋੜ ਚਿਰਾ ਚਮਕਦਾ ਸੂਰਜ ਕੁਝ ਘੜੀਆਂ ਮਗਰੋਂ ਅਖੀਰ ਨੂੰ ਢਲ ਹੀ ਜਾਣਾ ਹੁੰਦਾ ਏ ਪਰ ਇਸ ਕੌੜੀ ਹਕੀਕਤ ਦਾ ਇਹਸਾਸ ਸਿਰਫ ਓਦੂੰ ਹੀ ਹੋਣਾ ਸ਼ੁਰੂ ਹੁੰਦਾ ਜਦੋਂ ਜਦੋਂ ਪਰਛਾਵੇਂ ਖੁਦ ਦੇ ਕਦ ਨਾਲੋਂ ਲੰਮੇ ਹੁੰਦੇ ਜਾਪਣ ਪਰ ਅਫਸੋਸ ਉਸ ਵੇਲੇ ਤੱਕ ਕਾਫੀ ਦੇਰ ਹੋ ਗਈ ਹੁੰਦੀ ਏ ਤੇ ਕਿੰਨਾ ਸਾਰਾ ਪਾਣੀ ਪਹਿਲਾਂ ਹੀ ਪੁਲਾਂ ਹੇਠੋਂ ਗੁਜਰ ਗਿਆ ਹੁੰਦਾ ਏ..ਤੇ ਇੱਕ ਵਾਰ ਹੇਠੋਂ ਲੰਘ ਗਏ ਮੁੜ ਪਰਤ ਕੇ ਕਿਥੇ ਆਉਂਦੇ ਨੇ!
(ਮਹਿਕਮੇਂ ਵਿਚੋਂ ਰਿਟਾਇਰ ਇੱਕ ਵੀਰ ਦੇ ਨਿੱਜੀ ਜਜਬਾਤ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਕੌੜੀ ਹਕੀਕਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)