More Punjabi Kahaniya  Posts
ਜਿੰਦਗੀ ਜਿਉਣ ਦੇ ਦੋ ਤਰੀਕੇ


ਅੱਖੀਂ ਵੇਖੀ ਗੱਲ ਏ..
ਇੱਕ ਸੀਰੀਂ ਜਦੋਂ ਸ਼ਹਿਰੋਂ ਵਿਆਹ ਵੇਖ ਕੇ ਮੁੜਦਾ ਤਾਂ ਕਿੰਨੇ-ਕਿੰਨੇ ਦਿਨ ਕੰਮ ਤੇ ਹੀ ਨਾ ਆਇਆ ਕਰਦਾ..
ਧੱਕੇ ਨਾਲ ਲਿਆਉਂਦੇ ਤਾਂ ਆਖਦਾ..”ਵੱਡੇ ਲੋਕਾਂ ਦਾ ਵਿਆਹ..ਅੱਗੇ ਪਿੱਛੇ ਫਿਰਦੇ ਕਿੰਨੇ ਸਾਰੇ ਬਹਿਰੇ..ਤਰਾਂ ਤਰਾਂ ਦੀਆਂ ਵੰਨਗੀਆਂ..ਕਿੰਨੀਆਂ ਸਾਰੀਆਂ ਕਾਰਾਂ ਬੱਸਾਂ..ਏਨਾ ਕੁਝ ਵੇਖ ਹੁਣ ਗੋਹੇ ਅਤੇ ਪੱਠਿਆਂ ਵਾਲੀ ਦਾਤਰੀ ਵੱਲ ਵੇਖਣ ਨੂੰ ਜੀ ਜਿਹਾ ਨਹੀਂ ਕਰਦਾ..”
ਫੇਰ ਜਦੋਂ ਬੱਧਾ-ਰੁੱਧਾ ਕੰਮ ਤੇ ਲੱਗ ਜਾਇਆ ਕਰਦਾ ਤਾਂ ਬਹਾਨੇ ਬਹਾਨੇ ਨਾਲ ਡੰਗਰਾਂ ਨੂੰ ਹੀ ਕੁੱਟੀ ਜਾਂਦਾ!

ਕਹਾਵਤ ਏ ਕੇ ਖੋਤੀ ਥਾਣਿਓਂ ਹੋ ਆਵੇ ਤਾਂ ਕੁਝ ਚਿਰ ਆਪਣੇ ਆਪ ਨੂੰ ਥਾਣੇਦਾਰ ਸਮਝਣ ਲੱਗ ਜਾਂਦੀ ਏ..
ਆਮ ਦਰਮਿਆਨੇ ਘਰ ਦੇ ਹਮਾਤੜ ਨੂੰ ਜਦੋਂ ਕੋਈ ਬਹੁਤ ਵੱਡਾ ਅਹੁਦਾ ਮਿਲ ਜਾਵੇ ਤਾਂ ਫੇਰ ਸੱਤਾ ਦੇ ਗਲਿਆਰਿਆਂ ਦੀ ਚਮਕ ਦਮਕ,ਬੱਤੀ ਵਾਲੀਆਂ ਕਾਰਾਂ ਅਤੇ ਆਸ ਪਾਸ ਵਰਦੀ ਵਾਲੇ ਵੇਖ ਜਿਥੋਂ ਉੱਠ ਕੇ ਗਿਆ ਹੁੰਦਾ ਓਹੀ ਲੋਕ ਬੁਰੇ ਲੱਗਣ ਲੱਗ ਜਾਂਦੇ..
ਖਾਸ ਕਰਕੇ ਓਦੋਂ ਜਦੋਂ ਰਾਸ਼ਟਰੀਅਤਾ ਦਾ ਕੀੜਾ ਤਾਜਾ ਤਾਜਾ ਲੜਿਆ ਹੋਵੇ..ਤਾਂ ਪਰਿਵਾਰ ਦੇ ਖੂਨ ਦੇ ਰਿਸ਼ਤੇ ਵੀ ਰਾਸ਼੍ਟ੍ਰਵਿਰੋਧੀ ਲੱਗਣ ਲੱਗ ਜਾਂਦੇ ਨੇ..!

ਦਿੱਲੀ ਦਾ ਤੇ ਸ਼ੁਰੂ ਤੋਂ ਹੀ ਇਹ ਅਸੂਲ ਰਿਹਾ..
ਇਹ ਹਮੇਸ਼ਾ ਜੁੱਤੀ ਦੀ ਨੋਕ ਤੇ ਰੱਖਦੀ ਆਈ ਏ..
ਕਹਿੰਦੇ ਕਹਾਉਂਦੇ ਨੂੰ ਪਹਿਲੋਂ ਆਪਣੇ ਲੱਤ ਹੇਠੋਂ ਲੰਘਾਉਂਦੀ ਏ..ਫੇਰ ਰਾਸ਼ਟਰਵਾਦ ਵਾਲੇ ਟੀਕੇ ਦੀ ਸੂਈ ਗਰਮ ਕੀਤੀ ਜਾਂਦੀ ਏ..ਜਿਹੜਾ ਥੋੜੀ ਬਹੁਤ ਚੂੰ-ਚਾਂ ਕਰੇ ਉਸਨੂੰ ਬੰਦਾ ਬਣਾਉਣ ਲਈ ਫੇਰ ਸਾਰੇ ਇੱਕਠੇ ਹੋ ਜਾਂਦੇ ਨੇ..ਫੇਰ ਮਾਰਨ ਤੋਂ ਪਹਿਲਾਂ ਉਸਨੂੰ ਚੰਗੀ ਤਰਾਂ ਭੰਡਿਆ ਜਾਂਦਾ ਏ..!
ਅਜੇ ਵੀ ਯਾਦ ਏ ਕਿਆਸੀ ਬਿਆਸੀ ਵਿਚ ਦੇਸ਼ ਦਾ ਦਸਤਾਰਧਾਰੀ ਗ੍ਰਹਿ ਮੰਤਰੀ ਮੰਤਰੀ ਗਿਆਨੀ ਜੈਲ ਸਿੰਘ ਅਕਸਰ ਆਖਿਆ ਕਰਦਾ ਸੀ ਕੇ “ਜੇ ਬੀਬੀ ਇੰਦਰਾ ਮੈਨੂੰ ਇਹ ਆਖੇ ਕੇ ਸਾਰਾ ਦਿਨ ਪਾਰਲੀਮੈਂਟ ਹਾਊਸ ਦੇ ਬਾਹਰ ਬੈਠਾ ਜੋੜੇ ਝਾੜਦਾ ਰਹਿ ਤਾਂ ਇਹ ਮੇਰੇ ਧੰਨ ਭਾਗ ਹੋਣਗੇ..”
ਫੇਰ ਅਗਲਾ ਜੋੜੇ ਝਾੜਦਾ ਰਾਸ਼ਟਰਪਤੀ ਬਣ ਗਿਆ

ਇੱਕ ਰਾਜਨੀਤੀ ਦਾ ਜਾਣਕਾਰ ਦੱਸਿਆ ਕਰਦਾ ਸੀ ਕੇ ਜੂਨ ਚੁਰਾਸੀ ਤੋਂ ਪਹਿਲਾਂ ਜਦੋਂ ਅਕਾਲੀ ਲੀਡਰਸ਼ਿਪ ਭੇਜੇ ਹੋਏ ਖਾਸ ਹਵਾਈ ਜਹਾਜ ਤੇ ਚੜ...

ਅੰਮ੍ਰਿਤਸਰੋਂ ਦਿੱਲੀ ਗੁਪਤ ਗੱਲ ਕਰਨ ਜਾਇਆ ਕਰਦੀ ਤਾਂ ਬੀਬੀ ਵੱਲੋਂ ਆਪਣੇ ਸਲਾਹਕਾਰਾਂ ਫੋਤੇਦਾਰ ਅਤੇ ਧਵਨ ਵਰਗਿਆਂ ਨੂੰ ਖਾਸ ਹਿਦਾਇਤ ਹੁੰਦੀ ਸੀ ਕੇ ਚਾਹ ਪਿਆਉਣ ਵੇਲੇ ਇਹਨਾਂ ਦੀ ਪਲੇਟ ਵਿਚ ਬਹੁਤ ਜਿਆਦਾ ਬਿਸਕੁਟ ਨਾ ਰੱਖੇ ਜਾਣ..ਏਦਾਂ ਕਰਨ ਨਾਲ ਇਹ ਆਪਣੀ ਔਕਾਤ ਵਿਚ ਰਹਿੰਦੇ ਨੇ ਤੇ ਜਿਆਦਾ ਚੂੰ ਚਾਅ ਨਹੀਂ ਕਰਦੇ..!

ਅਗਲੀ ਇਹਨਾਂ ਸਾਰਿਆਂ ਨੂੰ ਬਾਂਦਰ ਵਾਂਙ ਨਚਾਉਂਦੀ..ਪੈਰ ਪੈਰ ਤੇ ਵਾਹਦੇ ਕਰਦੀ..ਫੇਰ ਮੁੱਕਰਦੀ..ਮਗਰੋਂ ਬਿਆਨ ਬਦਲਦੀ..ਪਰ ਸ਼ਹਿਰ ਵੱਡੇ ਘਰ ਵਾਲਾ ਵਿਆਹ ਵੇਖਣ ਆਏ ਸੀਰੀ ਵਾਂਙ ਇਸ ਲੀਡਰਸ਼ਿਪ ਨੂੰ ਵੀ ਪੰਜਾਬ ਦਿੱਲੀ ਤੋਂ ਬਹੁਤ ਛੋਟਾ ਅਤੇ ਪਛੜਿਆ ਹੋਇਆ ਲੱਗਣ ਲੱਗਦਾ..ਮਨ ਤੇ ਰਾਜਧਾਨੀ ਦੀਆਂ ਉੱਚੀਆਂ ਇਮਾਰਤਾਂ ਅਤੇ ਮੋਟੇ ਥੰਮਾਂ ਦਾ ਨਸ਼ਾ ਛਾਇਆ ਰਹਿੰਦਾ..ਇਹ ਵਰਤਾਰਾ ਕਿਸੇ ਨਾ ਕਿਸੇ ਰੂਪ ਵਿਚ ਅੱਜ ਤੱਕ ਵੀ ਓਸੇ ਤਰਾਂ ਕਾਇਮ ਹੈ..!

ਦੋਸਤੋ ਜਿੰਦਗੀ ਜਿਉਣ ਦੇ ਦੋ ਤਰੀਕੇ ਹੁੰਦੇ ਨੇ..ਪਹਿਲਾ ਇਹ ਕੇ ਆਸ ਪਾਸ ਜੋ ਹੁੰਦਾ ਉਸਨੂੰ ਹੋਈ ਜਾਣ ਦਿਓ..ਬੱਸ ਬੇਗਾਨੀ ਲੱਸੀ ਡਕਾਰ ਮੁੱਛਾਂ ਨੂੰ ਵੱਟ ਚਾੜੋ ਤੇ ਆਪਣਾ ਰਾਂਝਾ ਰਾਜੀ ਰੱਖੋ ਤੇ ਨੰਬਰ ਦੋ “ਬੁਰੇ ਦੇ ਘਰ ਤੱਕ ਅੱਪੜ ਉਸਨੂੰ ਉਸਦੇ ਗਲਤ ਕੀਤੇ ਦਾ ਇਹਸਾਸ ਕਰਾਓ ਅਤੇ ਬਣਦੀ ਸਜਾ ਦਿਓ”
ਪਰ ਦੂਜੀ ਸੋਚ ਵਾਲੇ ਨੂੰ ਸਿਸਟਮ ਬਹੁਤੀ ਦੇਰ ਤੱਕ ਜਿਉਂਦਾ ਨਹੀਂ ਰਹਿਣ ਦਿੰਦਾ..

ਦੱਸਦੇ ਇੱਕ ਵਾਰ ਕੁਝ ਪੱਤਰਕਾਰ ਭਿੰਡਰਾਂਵਾਲੇ ਸੰਤਾਂ ਨੂੰ ਪੁੱਛਣ ਲੱਗੇ ਕੇ “ਸੰਤ ਜੀ ਤੁਹਾਡਾ ਦਿੱਲੀ ਨਾਲ ਆਖਰ ਰੌਲਾ ਹੈ ਕੀ..?”
ਆਖਣ ਲੱਗੇ “ਭਾਈ ਉਹ ਕਹਿੰਦੇ ਧੌਣ ਨੀਵੀਂ ਕਰਕੇ ਤੁਰਿਆ ਕਰ ਤੇ ਮੈਨੂੰ ਮੇਰੇ ਦਸਮ ਪਿਤਾ ਨੇ ਹਰ ਹਾਲ ਵਿਚ ਸਿੱਧੀ ਕਰਕੇ ਤੁਰਨਾ ਸਿਖਾਇਆ ਏ..ਬੱਸ ਆਹੀ ਰੌਲਾ ਏ”

ਆਓ ਹੁਣ ਤਸਵੀਰ ਵਾਲੇ ਸਖਸ਼ ਦੀ ਗੱਲ ਕਰਦੇ ਹਾਂ..ਇਹ ਨਿੱਕੇ ਜਿਹੇ ਦੇਸ਼ “ਪਾਪੂਆ ਨਿਊ ਗਿੰਨੀ” ਦਾ ਰਾਸ਼ਟਰਪਤੀ ਏ..ਜਿਸਨੇ ਅਮਰੀਕਾ ਵਿਚ ਯੂ.ਐਨ.ਓ ਇਜਲਾਸ ਵਿਚ ਬੈਠਣ ਵੇਲੇ ਆਪਣੇ ਕੌਮੀ ਲਿਬਾਸ ਨੂੰ ਪਹਿਲ ਦਿੱਤੀ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)