More Punjabi Kahaniya  Posts
ਸਨੈਪਚੈਟ ਭਾਗ- 3


ਸਨੈਪਚੈਟ
ਭਾਗ- 3
ਗੁਰਪ੍ਰੀਤ ਕੌਰ
#gurkaurpreet
ਇੱਕ ਹਫ਼ਤਾ ਇੰਝ ਹੀ ਲੰਘ ਗਿਆ। ਉਸਦਾ ਕੋਈ ਮੈਸੇਜ ਨਾ ਆਇਆ। ਮੈਂ ਰੋਜ ਸਨੈਪਚੈਟ ਦੇਖਦੀ, ਉਹਦੇ ਨਾਲ ਬਿਤਾਇਆ ਹੋਇਆ ਸਮਾਂ ਕਿਸੇ ਸੁਪਨੇ ਵਰਗਾ ਲੱਗਦਾ। ਲੱਗਦਾ ਹੀ ਨਾ ਕਿ ਉਹ ਸਭ ਹਕੀਕਤ ਸੀ। ਉਸਨੇ ਮੇਰੇ ਦਿਲ ਦੀਆਂ ਉਹਨਾਂ ਗਹਿਰਾਈਆਂ ਨੂੰ ਸਮਝਿਆ ਸੀ, ਜੋ ਮੈਂ ਖੁਦ ਵੀ ਸਮਝਣ ਦੇ ਅਸਮਰੱਥ ਸੀ।
ਮੈਂ ਸੋਚਦੀ ਕਿ ਉਸਨੂੰ ਮੈਸੇਜ ਕਰਾਂ, ਪਰ ਦਿਲ ਡਰ ਜਾਂਦਾ ਕਿ ਪਤਾ ਨਹੀਂ ਉਹ ਕੀ ਸੋਚੇਗਾ। ਇੱਥੋਂ ਤੱਕ ਕਿ ਕਿੰਨੀ ਵਾਰ ਮੈਸੇਜ ਟਾਈਪ ਕਰਕੇ ਵੀ ਡਿਲੀਟ ਕਰ ਦਿੰਦੀ, ਕ‌ਈ ਵਾਰ ਉਂਝ ਹੀ ਟਾਈਪ ਕਰਕੇ ਛੱਡ ਰੱਖਦੀ, ਸੈਂਡ ਤੇ ਕਲਿੱਕ ਕਰਨ ਦੀ ਹਿੰਮਤ ਹੀ ਨਾ ਪੈਂਦੀ।
ਜਦੋਂ ਮੈਂ ਇਹ‌ ਮੰਨ ਲਿਆ ਸੀ ਕਿ ਮੈਂ ਆਪਣੇ ਦੋਸਤ ਨੂੰ ‌ਗਵਾ ਦਿੱਤਾ ਹੈ, ਤੇ ਆਪਣੀ ਜ਼ਿੰਦਗੀ ਦੀ ਹਕੀਕਤ ਨੂੰ ਜਿਉਣ ਲੱਗ ਪ‌ਈ। ਤੇ ਉਸੇ ਦੌਰਾਨ ਅਚਾਨਕ ਮੈਨੂੰ ਉਸਦਾ ਮੈਸੇਜ ਆਇਆ। ਕਿਸੇ ਕਹਾਣੀ ਦੀਆਂ ਸਤਰਾਂ ਸਨ,
*”ਅਸੀਂ ਪਲ ਭਰ ਲਈ ਮਿਲੇ, ਪਰ ਉਸੇ ਪਲ ਚ ਮੈਂ ਜ਼ਿੰਦਗੀ ਨੂੰ ਜੀ ਲਿਆ, ਤੇ ਦੂਜੇ ਪਾਸੇ ਉਹ ਇਨਸਾਨ ਸੀ ਜਿਹਦੇ ਨਾਲ ਰਹਿੰਦਿਆਂ ਸਾਰੀ ਜ਼ਿੰਦਗੀ ਬੀਤ ਗ‌ਈ ਸੀ, ਪਰ ਇੱਕ ਪਲ‌ਵੀ ਨਹੀਂ ਸਾਂ ਜੀ ਪਾਈ..”*
ਮੈਨੂੰ ਇਹਨਾਂ ਸਤਰਾਂ ਦੀ ਸਮਝ ਨਾ ਆਈ, ਕਿ ਇਹ ਕਿਉਂ ਉਸਨੇ ਮੈਨੂੰ ਭੇਜੀਆਂ। ਮੈਂ ਮੈਸੇਜ ਟਾਈਪ ਕਰ ਰਹੀ ਸੀ, ਕਿ ਉਸਦਾ ਅਗਲਾ‌ ਮੈਸੇਜ ਆ ਗਿਆ। ਇੱਕ ਕਿਤਾਬ ਦੀ ਫੋਟੋ ਸੀ। ਉਸਨੇ ਮੈਨੂੰ ਕਿਹਾ, “ਆਪਣਾ ਐਡਰੈੱਸ ਭੇਜੋ.. ਮੈਂ ਇਹ ਕਿਤਾਬ ਭੇਜਣੀ ਹੈ ਤੁਹਾਨੂੰ…”
ਮੈਨੂੰ ਕਿਸੇ ਤੋਂ ਪੈਸੇ ਨਾਲ ਸੰਬੰਧਿਤ ਅਹਿਸਾਨ ਲੈਣਾ ਬਿਲਕੁਲ ਵੀ ਪਸੰਦ ਨਹੀਂ, ਇਸ ਲਈ ਮੈਂ ਤੁਰੰਤ ਉਸਨੂੰ ਮੈਸੇਜ ਕਰ ਦਿੱਤਾ, “ਕੋਈ ਗੱਲ ਨਹੀਂ ਮੈਂ ਖੁਦ ਖਰੀਦ ਲਵਾਂਗੀ… ਤੁਸੀਂ ਫੋਟੋ ਭੇਜੋ ਦਿੱਤੀ ਹੈ ਐਨਾ ਕਾਫ਼ੀ ਹੈ…”
ਉਸਨੇ ਮੈਸੇਜ ਦੇਖ ਲਿਆ ਸੀ, ਤੇ ਉਹ ਟਾਈਪ ਕਰ ਰਿਹਾ ਸੀ, ਐਨੇ ਕੁਝ ਸਮੇਂ ਚ ਮੈਂ ਉਸ ਤਸਵੀਰ ਨੂੰ ਸੇਵ ਕਰਕੇ ਰੱਖਣ ਲਈ ਇੱਕ ਸਕਰੀਨ ਸ਼ਾਟ ਲੈ ਲਿਆ। ਤੁਰੰਤ ਉਸਦਾ ਮੈਸੇਜ ਆਇਆ, “ਸਕਰੀਨ ਸ਼ਾਟ ਕਿਉਂ ਲਿਆ ਹੈ… ਡਿਲੀਟ ਕਰੋ… ਹੁਣੇ ਹੀ…”
ਮੈਂ ਉਸਨੂੰ ਕਿਹਾ ਕਿ, “ਪੁਸਤਕ ਦਾ ਨਾਮ ਨਾ ਭੁੱਲ ਜਾਵਾਂ ਇਸ ਲਈ ਲਿਆ ਹੈ…”
ਤੁਰੰਤ ਉਸਦੇ ਕ‌ਈ ਮੈਸੇਜ ਆ ਗ‌ਏ, “ਡਿਲੀਟ ਕਰੋ.”
ਡਿਲੀਟ ਦੀ ਉਸਨੇ ਇੰਝ ਰਟ ਲਾ ਲਈ ਜਿਵੇਂ ਪਤਾ ਨਹੀਂ ਇੰਝ ਉਸਦਾ ਕਿਹੜਾ ਰਾਜ਼ ਜੱਗ ਜ਼ਾਹਿਰ ਹੋ ਜਾਵੇਗਾ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਮੈਂ ਡਿਲੀਟ ਕਰ ਦਿੱਤਾ ਸੀ। ਮੈਂ ਉਸਨੂੰ ਦੱਸ ਦਿੱਤਾ ਕਿ ਠੀਕ ਹੈ, ਮੈਂ ਡਿਲੀਟ ਕਰ ਦਿੱਤਾ ਹੈ। ਫੇਰ ਉਸਨੇ ਕਿਹਾ ਕਿ ਸਬੂਤ ਦਿਉ ਕਿ ਸੱਚੀਂ ਡਿਲੀਟ ਕੀਤਾ ਹੈ ਜਾਂ ਨਹੀਂ। ਉਸਨੇ ਮੈਨੂੰ ਆਪਣੀ ਫੋਨ ਗੈਲਰੀ ਦੀ ਸਕਰੀਨ ਰਿਕਾਰਡਿੰਗ ਭੇਜਣ ਲਈ ਕਿਹਾ। ਮੈਂ ਭੇਜ ਦਿੱਤੀ, ਉਸਨੂੰ ਯਕੀਨ ਹੋ ਗਿਆ ਕਿ ਮੈਂ ਉਹ ਸਕਰੀਨ ਸ਼ਾਟ ਡਿਲੀਟ ਕਰ ਦਿੱਤਾ ਹੈ।
ਉਸਤੋਂ ਮਗਰੋਂ ਦਿਨ ਭਰ ਕੋਈ ਗੱਲ ਨਾ ਹੋਈ। ਜਦੋਂ ਰਾਤ ਨੂੰ ਉਸ ਨਾਲ ਗੱਲ ਕਰਨ ਲਈ ਸਨੈਪਚੈਟ ਓਪਨ ਕੀਤੀ, ਤਾਂ ਉਸਦੀ ਆਈ.ਡੀ ਮੈਨੂੰ ਲੱਭੀ ਹੀ ਨਾ। ਫੇਰ ਅਹਿਸਾਸ ਹੋਇਆ ਕਿ ਉਸਨੇ ਮੈਨੂੰ ਫਰੈਂਡ ਲਿਸਟ ਵਿੱਚੋਂ ਹਟਾ ਕੇ ਬਲੌਕ ਕਰ ਦਿੱਤਾ ਹੈ। ਇੱਕ ਨਿੱਕੀ ਜਿਹੀ ਗੱਲ ਤੇ ਇਸ ਤਰ੍ਹਾਂ ਦਾ ਵਰਤਾਵ ਕਰੇਗਾ, ਇਹ ਮੈਂ ਸੋਚਿਆ ਵੀ ਨਹੀਂ ਸੀ।
ਅਗਲੇ ਦਿਨ ਸ਼ਾਮ ਨੂੰ ਫੇਰ ਉਸਦਾ ਮੈਸੇਜ ਆਇਆ ਹੋਇਆ ਸੀ, “ਕੱਲ ਜੋ ਵੀ ਹੋਇਆ ਉਹਦੇ ਲਈ ਸੌਰੀ…. ਪਰ ਤੁਸੀਂ ਵੀ ਮੁੜ ਕੇ ਕਦੇ ਇਸ ਤਰ੍ਹਾਂ ਸਕਰੀਨ ਸ਼ਾਟ ਜਾਂ ਚੈਟ ਵਗੈਰਾ ਸੇਵ ਨ ਕਰਨਾ…”
ਮੈਂ ਵੀ ਰਿਪਲਾਈ ਕਰ ਦਿੱਤਾ, “ਕੋਈ ਗੱਲ...

ਨਹੀਂ… ਮੇਰੀ ਵੀ ਗਲਤੀ ਸੀ… ਮੇਰੇ ਵੱਲੋਂ ਵੀ ਸੌਰੀ…”
ਫੇਰ ਉਸਨੇ ਕਿਹਾ, “ਤੁਹਾਡੇ ਤੇ ਆਪਣੇ, ਦੋਵਾਂ ਦੇ ਭਲੇ ਲਈ ਕਹਿ ਰਿਹਾ ਹਾਂ.. ਆਪਾਂ ਦੋਵੇਂ ਪਰਿਵਾਰ ਵਾਲੇ ਹਾਂ..”
ਮੈਂ ਜਵਾਬ ਵਿੱਚ ਹਾਂਜੀ ਲਿਖ ਦਿੱਤਾ। ਮੈਂ ਵੀ ਸਮਝਦੀ ਸੀ ਕਿ ਸਾਡਾ ਸਮਾਜ ਕਿਹੋ ਜਿਹਾ ਹੈ, ਅਸੀਂ ਆਪਣੇ ਜੀਵਨ ਸਾਥੀ ਨੂੰ ਲੈ ਕੇ ਐਨੇ ਡਰਦੇ ਹਾਂ ਕਿ ਉਸਦੇ ਕਿਸੇ ਦੋਸਤ ਨੂੰ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ। ਮੇਰਾ ਇਸ ਨਾਲ ਭਲੇ ਹੀ ਕੋਈ ਗਲਤ ਰਿਸ਼ਤਾ ਨਹੀਂ, ਪਰ ਮੰਨਣ ਵਾਲਿਆਂ ਨੇ ਤਾਂ ਇਸਨੂੰ ਗਲਤ ਹੀ ਕਹਿਣਾ ਹੈ। ਇਸ ਲਈ ਮੈਨੂੰ ਵੀ ਲੱਗਿਆ ਕਿ ਉਹ ਠੀਕ ਹੀ ਕਹਿ ਰਿਹਾ ਹੈ, ਆਪਣੇ ਚਰਿੱਤਰ ਤੇ ਇਲਜਾਮ ਲਗਵਾਉਣ ਨਾਲੋਂ ਬੇਹਤਰ ਹੈ ਕਿ ਪਹਿਲਾਂ ਹੀ ਧਿਆਨ ਰੱਖੋ।
ਇੱਥੇ ਤਾਂ ਜੇ ਕਿਸੇ ਨੌਕਰੀਸ਼ੁਦਾ ਕੁੜੀ ਨੂੰ ਉਸਦਾ ਮਰਦ ਕੁਲੀਗ ਦੋ ਦਾਨ ਲਗਾਤਾਰ ਘਰ ਛੱਡਣ ਆ ਜਾਵੇ ਤਾਂ ਲੋਕੀਂ ਸਮਝ ਲੈਂਦੇ ਹਨ ਕਿ ਇਹਨਾਂ ਦਾ ਆਪਸ ਚ ਕੋਈ ਗਲਤ ਸੰਬੰਧ ਹੈ, ਅਸੀਂ ਤਾਂ ਮਿਲੇ ਹੀ ਅਜਿਹੀ ਥਾਂ ਤੇ ਸਾਂ, ਜਿੱਥੇ ਇਹੋ ਮੰਨਿਆ ਜਾਂਦਾ ਹੈ ਕਿ ਲੋਕ ਸਮਾਜਿਕ ਰਿਸ਼ਤਿਆਂ ਤੋਂ ਬਾਹਰ ਜਾ ਕੇ ਅਵੈਧ ਰਿਸ਼ਤਿਆਂ ਦਾ ਨਿੱਘ ਮਾਨਣ ਲਈ ਹੀ ਆਉਂਦੇ ਨੇ। ਮੈਂ ਵੀ ਉਸਦੀ ਗੱਲ ਨਾਲ ਸਹਿਮਤ ਹੋ ਗ‌ਈ।
ਉਸਦਾ ਇੱਕ ਹੋਰ ਮੈਸੇਜ ਆਇਆ,‌ “ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ.. ਮੈਂ ਤੁਹਾਡੇ ਤੋਂ ਕੋਈ ਜਵਾਬ ਨਹੀਂ ਮੰਗਦਾ.. ਪਰ ਮੈਂ ਇਹ ਵੀ ਚਾਹੁੰਦਾ ਹਾਂ ਕਿ ਤੁਹਾਨੂੰ ਪਤਾ ਹੋਵੇ…”
ਮੇਰੇ ਦਿਲ ਚ ਹਲਚਲ ਜਿਹੀ ਹੋਈ ਕਿ ਅਜਿਹਾ ਕੀ ਦੱਸਣਾ ਹੈ, ਉਸਦਾ ਅਗਲਾ ਮੈਸੇਜ ਆਇਆ, “ਪ੍ਰੀਤ ਜੀ ਇਸ਼ਕ ਦਾ ਬੂਟਾ ਅਜਿਹਾ ਬੂਟਾ ਹੈ ਸੋ ਪੱਥਰ ਪਾੜ ਕੇ ਵੀ ਉੱਗ ਪੈਂਦਾ ਹੈ… ਇਸ ਬੂਟੇ ਨੂੰ ਹਰਿਆ ਭਰਿਆ ਰੱਖਣ ਲਈ ਯਾਰ ਦਾ ਦਿਦਾਰ ਹੀ ਕਾਫੀ ਹੁੰਦਾ ਹੈ… ਰੋਜ਼ ਦਾ ਮਿਲਣਾ ਜਾਂ ਅੱਧੀ ਰਾਤ ਤੀਕਰ ਮੁਹੱਬਤ ਨਾਲ ਲਬਰੇਜ਼ ਕਾਫ਼ੀਆਂ ਭੇਜਣ ਦੀ ਜ਼ਰੂਰਤ ਨਹੀਂ ਪੈਂਦੀ… ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਖੁਦ ਨੂੰ ਸੰਭਾਲ ਕੇ ਰੱਖਾਂ.. ਆਪਣੇ ਜਜ਼ਬਾਤਾਂ ਨੂੰ ਕਾਬੂ ਚ ਰੱਖਾਂ.. ਪਰ ਪਤਾ ਨਹੀਂ ਕਿਉਂ ਮੇਰੇ ਦਿਲ ਚ ਇਹ ਇਸ਼ਕ ਦਾ ਬੂਟਾ ਉੱਗ ਆਇਆ ਹੈ… ਮੇਰਾ ਵੱਸ ਚੱਲੇ ਤਾਂ ਮੈਂ ਸਾਰੀ ਦੁਨੀਆਂ ਨੂੰ ਚੀਕ ਚੀਕ ਕੇ ਦੱਸ ਦਿਆਂ, ਪਰ ਮੈਂ ਮਜਬੂਰ ਹਾਂ ਇਹ ਕਰ ਨਹੀਂ ਸਕਦਾ… ਪਰ ਤੁਹਾਨੂੰ ਦੱਸ ਸਕਦਾ ਹਾਂ ਕਿ ਮੇਰੇ ਦਿਲ ਚ ਇਹ ਇਸ਼ਕ ਦਾ ਬੂਟਾ ਤੁਹਾਡੀ ਸੁਗੰਧ ਨਾਲ ਭਰਿਆ ਹੈ… ਹਰ ਕਰੂੰਬਲ ਚ ਤੁਹਾਡਾ ਅਹਿਸਾਸ ਹੈ… ਜਿੰਨਾ ਮੈਂ ਇਹਨਾਂ ਜਜ਼ਬਾਤਾਂ ਨੂੰ ਦੱਬ ਕੇ ਰੱਖਣ ਦੀ ਕੋਸ਼ਿਸ਼ ਕੀਤੀ ਇਹ ਓਨਾ ਹੀ ਵੱਧਦੇ ਫੁੱਲਦੇ ਗ‌ਏ ਤੇ ਅੱਜ ਮੈਨੂੰ ਇੱਥੇ ਤੀਕਰ ਮਜਬੂਰ ਕਰ ਦਿੱਤਾ…”
ਉਸਨੇ ਆਪਣੀ ਡਾਇਰੀ ਦੀ ਫੋਟੋ ਭੇਜੀ, ਜਿਸ ਵਿੱਚ ਇੱਕ ਪੂਰਾ ਪੰਨਾ ਮੇਰੇ ਨਾਮ ਨਾਲ ਭਰਿਆ ਜੀ, ਤੇ ਇੱਕ ਪੰਨੇ ਤੇ ਉਸਨੇ ਮੇਰੀਆਂ ਅੱਖਾਂ ਦੀ ਤਸਵੀਰ ਬਣਾਈ ਹੋਈ ਸੀ। ਮੈਂ ਉਹ ਮੈਸੇਜ ਕ‌ਈ ਵਾਰ ਪੜਿਆ। ਮੇਰੀਆਂ ਅੱਖਾਂ ਚ ਹੰਝੂ ਤੇ ਬੁੱਲਾਂ ਤੇ ਮੁਸਕਰਾਹਟ ਸੀ। ਭਲਾ ਇੰਝ ਕੌਣ ਕਿਸੇ ਨੂੰ ਪਿਆਰ ਕਰਦਾ ਹੈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਸ ਗੱਲ ਤੇ ਮੈਂ ਖੁਸ਼ ਹੋਵਾਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਇਸ ਗੱਲ ਦਾ ਦੁੱਖ ਮਨਾਵਾਂ ਕਿ ਨਾ ਉਹ ਮੇਰਾ ਹੋ ਸਕਦਾ ਹੈ ਤੇ ਨਾ ਮੈਂ ਉਸਦੀ ਹੋ ਸਕਦੀ ਹਾਂ।
ਚਲਦਾ…

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)