More Punjabi Kahaniya  Posts
ਖੂਹ ਵਾਲਾ ਬੋਹੜ


ਖੂਹ ਵਾਲਾ ਬੋਹੜ 🌳
ਘਰ ਪਹੁੰਚ ਮੋਢੇ ਤੋਂ ਬਸਤਾ ਲਾਉਣਾ ਤਾਂ ਬੇਬੇ ਨੇ ਰੋਟੀ ਵਾਲੀ ਥਾਲੀ ਅਗੇ ਲਿਆ ਰੱਖਣੀ । ਤਰਲਾ ਮਾਰਦਿਆਂ ਕਹਿਣਾ , “ਬੇਬੇ !! ਦੁੱਧ ਦਾ ਗਲਾਸ ਪੀ ਲੈੰਦਾਂ ਪਰ ਮੇਰੀ ਰੋਟੀ ਖੂਹ ਵਾਲਿਆਂ ਦੀਆਂ ਰੋਟੀਆਂ ਵਿੱਚ ਬੰਨਦੇ। ਖੂਹ ਤੇ ਬੋਹੜਾਂ ਛਾਂਵੇ ਸਾਰਿਆਂ ਵਿੱਚ ਬਹਿ ਰੋਟੀ ਖਾਣ ਦਾ ਬੜਾ ਮਜਾ ਆਉਂਦਾ।”
ਖੂਹ ਪਿੰਡੋਂ ਚਾਰ ਕਿਲੋਮੀਟਰ ਦੀ ਵਿੱਥ ਉੱਤੇ ਸੀ। ਤਿਖੱੜ ਦੁਪਹਿਰਾਂ ਤੇ ਵਗੱਦੀ ਲੋਅ ਨੇ ਜਦੋਂ ਕਹਿਰ ਢਾਉਣਾ ਤਾਂ ਸਿਰ ਚੋਂ ਚੋੰਦੇ ਮੁੜਕੇ ਨੇ ਅੱਖਾਂ ਵਿੱਚ ਆ ਪੈਣਾ। ਝੱਗੇ ਨਾਲ ਅੱਖ ਪੂੰਝ ਵੇਖਣਾ ਤਾਂ ਪਹਿਲਾਂ ਨਾਲੋਂ ਦੂਰ ਤੱਕ ਸਾਫ਼ ਦਿਖਾਈ ਦੇਣਾ ਜਿਵੇਂ ਅੱਖ ਵਿੱਚ ਦਾਰੂ ਪੈ ਗਿਆ ਹੋਵੇ।
ਇਕ ਹੱਥ ਵਿੱਚ ਬਾਲਟੀ ਵਿੱਚ ਧੁੱਖਦੀਆਂ ਅੰਗੀਆਰੀਆਂ ਉਪਰ ਚਾਹ ਦਾ ਭਰਿਆ ਡੋਲੂ ਅਤੇ ਦੂਸਰੇ ਹੱਥ 5-6 ਕਾਮਿਆਂ ਦੀਆਂ ਰੋਟੀਆਂ ਨੂੰ ਨਿਆਣੀ ਉਮਰੇ ਖੂਹ ਤੱਕ ਲਿਜਾਣਾ “ਖਾਲਾ ਜੀ ਦਾ ਵਾੜਾ ਨਹੀਂ ਸੀ।” ਕਈ ਵਾਰ ਨੰਗੀ ਲੱਤ ਨੂੰ ਲਗੀ ਤੱਤੀ ਬਾਲਟੀ ਲੱਤ ਸਾੜਦੀ ਤਾਂ ਚੀਕ ਨਿਕਲ ਜਾਂਦੀ।
ਹੱਡ ਭੰਨਵੀੰ ਮੁਸ਼ਕਤ ਕਰਦੇ ਕਾਮੇ ਜਦੋਂ ਦੁਪਹਿਰਾਂ ਦੀਆਂ ਰੋਟੀਆਂ ਲਿਆਉਂਦੇ ਨੂੰ ਦੂਰੋਂ ਵੇਖਦੇ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਹਿਣਾ। ਖੂਹ ਤੇ ਪਹੁੰਚ ਉਥੋਂ ਦੀ ਚਹਿਲ ਪਹਿਲ ਵੇਖ ਰਾਹ ਵਿੱਚ ਆਏ ਦੁੱਖ ਭੁੱਲ-ਭੁਲਾ ਜਾਣੇ।
ਰੋਟੀਆਂ ਆਈਆਂ ਵੇਖ , ਵਾਗੀ ਡੰਗਰ ਖੂਹ ਨੂੰ ਹਿੱਕ ਤੁਰਦਾ, ਖਰਬੂਜ਼ਿਆਂ ਦੇ ਕਿਆਰੇ ਦਾ ਨੱਕਾ ਮੋੜ ਬਾਪੂ ਕਹੀ ਮੋਢੇ ਰੱਖ ਬੋਹੜ ਛਾਂਵੇ ਆਣ ਪਲੀ ਵਿਛਾਉੰਦਾ । ਟੀੰਡੇ-ਕਰੇਲੇ ਗੋਢਦੇ ਕਾਮੇ ਅੌਲੂ ਤੋਂ ਹੱਥ -ਮੂੰਹ ਧੋ ਰੋਟੀਆਂ ਕੋਲ ਆ ਢੁੱਕਦੇ।
ਬਾਪੂ ਚਾਰ -ਚਾਰ ਰੋਟੀਆਂ ਤੇ ਭਰਕੇ ਬਣਾਏ ਟੀਂਡਿਆਂ ਦਾ ਸਲੂਣਾ ਤੇ ਕੱਚੀਆਂ ਅੰਬੀਆਂ ਦਾ ਅਚਾਰ ਉੱਤੇ ਰੱਖ ਹੱਥਾਂ ਵਿੱਚ ਫੜਾਉੰਦਾ ਤਾਂ ਸਾਰੇ ਰਿਜਕ ਨੂੰ ਮੱਥੇ ਨਾਲ ਲਾ ਉਪਰਵਾਲੇ ਦਾ ਸ਼ੁਕਰ ਮਨਾਉੰਦੇ। ਜਦੋਂ ਬਾਪੂ ਗੁੜਵਾਲੇ ਲੌੰਗ ਪਾਕੇ ਬਣਾਏ ਮਿੱਠੇ ਬਾਸਮਤੀ ਦੇ ਚੌਲ ਵਰਤਾਉੰਦਾ ਤਾਂ ਖੂਹ ਦੀ ਫਿਜ਼ਾ ਮਿਹਕ ਉੱਠਦੀ।
ਖੂਹ ਦੀ ਗਾੜੀ ਤੇ ਬਹਿ ਜਦੋਂ ਝੂਟਾ ਲੈਣਾ ਤਾਂ ਬਾਲ ਮਨ ਮਚਲ ਮੌਲ ਉੱਠਣਾ ।
ਭਰੀਆਂ ਟਿੰਡਾਂ ਜਦੋਂ ਲਗਾਤਾਰ ਪਾੜਸ਼ੇ ਵਿੱਚ ਭਰ ਭਰ ਪਾਣੀ ਡੇਗਦੀਆਂ ਤਾਂ ਨਿਕਲੀ ਝਰਨਾਹਟ ਮੰਤਰ-ਮੁਗਧ ਕਰ ਦੇੰਦੀ। ਖੂਹ ਦੀ ਭੌਣੀ...

ਦਾ ਖੜਕਣਾ , ਬੱਲਦਾਂ ਦੇ ਗੱਲ ਪਈਆਂ ਹਮੇਲਾਂ ਦੇ ਘੂੰਗਰੁਆਂ – ਟੱਲੀਆਂ ਦਾ ਛੰਨਕਣਾ ਜਿਥੇ ਮਨਮੋਹਕ ਨਜ਼ਾਰਾ ਪੇਸ਼ ਕਰਦਾ ਉਥੇ ਰਲਵਵੇਂ -ਮਿਲਵੇਂ ਸੰਗੀਤ ਨੂੰ ਸੁਣ ਰੂਹਾਨੀ ਖੁਮਾਰੀ ਚੜ੍ਹ ਜਾਂਦੀ।
ਪੰਛੀ ਵੰਨ-ਸਵੰਨੀਆਂ ਸੁਰੀਲੀਆਂ ਅਵਾਜ਼ਾਂ ਕੱਢ ਕੰਨਾਂ ਵਿੱਚ ਮਿਸ਼ਰੀ ਘੋਲਦੇ ਤਾਂ ਬਜ਼ੁਰਗ ਇਤਹਾਸਕ ਕਥਾਵਾਂ ਸੁਣਾ ਗਿਆਨ ਵਿੱਚ ਵਾਧਾ ਕਰਦੇ। ਬੂਟਾ ਕੰਨ ਤੇ ਹੱਥ ਰੱਖ ਹੇਕ ਲਾ ਹੀਰ ਗਾਉੰਦਾ ਤਾਂ ਰਾਹੀ ਰੁੱਕ ਬੋਹੜ ਨੂੰ ਹੋ ਤੁਰਦੇ। ।
ਬੋਹੜ ਤੋਂ ਬਾਹਰ ਦੀ ਭੌੰ ਗਰਮੀ ਨਾਲ ਇੰਨੀ ਤੱਪਦੀ ਕਿ ਪੈਰ ਨਾ ਰੱਖ ਹੁੰਦਾ ਪਰ ਬੋਹੜ ਦੀ ਛਾਂਵੇ ਵੱਸੇ ਨਗਰ ਵਿੱਚ ਪਛੂ , ਪੰਛੀ , ਕੀੜੇ -ਮਕੌੜੇ ਤੇ ਮਨੁੱਖ ਠੰਡੀਆਂ ਹਵਾਵਾਂ ਦਾ ਭਰਪੂਰ ਅਨੰਦ ਮਾਣਦੇੇ ।
ਬੋਹੜ ਦੇ ਦੋਹ ਟਾਹਣੇ ਇੰਨੇ ਨੀਵੇਂ ਸਨ ਕਿ ਨਿਆਣੇ ਅਸਾਨੀ ਨਾਲ ਉਪਰ ਚੜ੍ਹ ਜਾਂਦੇ । ਉਨ੍ਹਾਂ ਨੂੰ ਵੇਖ ਇੰਝ ਮਹਿਸੂਸ ਹੁੰਦਾ ਜਿਵੇਂ ਕਿਸੇ ਬਜ਼ੁਰਗ ਨੇ ਆਪਣੇ ਬਾਲਾਂ ਨੂੰ ਕੁੱਛੜ ਚੁੱਕਣ ਲਈ ਬਾਹਾਂ ਨੀਵੀਂ ਕੀਤੀਆਂ ਹੋ।
ਦੁਪਹਿਰ ਭਾਵੇਂ ਢੱਲ ਜਾਂਦੀ ਫੇਰ ਵੀ ਬੋਹੜ ਦੀ ਠੰਡੀ ਛਾਂ ਤੇ ਰੌਣਕ ਮੇਲਾ ਛੱਡਣ ਨੂੰ ਕਿਸੇ ਦਾ ਚਿੱਤ ਨਾ ਕਰਦਾ। ਮਜਬੂਰੀ ਵੱਸ ਕੰਮਾਂ ਨੂੰ ਤੁਰਦੇ।
ਕਈ ਸਾਲਾਂ ਬਾਅਦ ਖੇਤਾਂ ਨੂੰ ਜਾਣਦਾ ਸੱਬਬ ਬਣਿਆ ਤਾਂ ਵੇਖਿਆ ਮੰਜਰ ਡਰਾਉਣਾ ਸੀ। ਦੂਰ-ਦੂਰ ਤੱਕ ਕੋਈ ਰੱਖ ਨਜ਼ਰ ਨਹੀਂ ਆਇਆ। ਪਿੰਡ ਵਾਸੀਆਂ ਨੂੰ ਪੁੱਛਿਆ ਕਿ ਰੁੱਖ ਕਿਧਰ ਗਏ ਤਾਂ ਉਨ੍ਹਾਂ ਦਾ ਸੁਭਾਵਿਕ ਜਵਾਬ ਸੀ ਰੁੱਖ ਫਸਲਾਂ ਲਈ ਨੁਕਸਾਨਦੇਹ ਸਨ, ਸੋ ਵੱਡ ਸੁੱਟੇ।
ਕਿਵੇਂ ਮਨ ਲਈਏ ਕਿ ਜਿਨ੍ਹਾਂ ਖੂਹਾਂ ਦੇ ਬੋਹੜਾਂ ਦੀ ਛਾਂਵਾਂ ਥੱਲੇ ਪਿੰਡ ਵੱਸਦੇ ਵੇਖੇ , ਜੋ ਸਭਨਾਂ ਨੂੰ ਜੀਵਨ ਦੇੰਦਾ ਸਨ , ਉਹ ਅੱਜ ਨੁਕਸਾਨਦੇਹ ਹੋ ਗਏ। ਅਧੁਨਿਕਤਾ ਦੇ ਨਾਂ ਹੇਠ ਹੋ ਰਿਹਾ ਰੁੱਖਾਂ ਦਾ ਕਤਲੇਆਮ ਮਨੁੱਖਤਾ ਲਈ ਜਰੂਰ ਨੁਕਸਾਨਦੇਹ ਹੈ ਪ੍ਰੰਤੂ ਰੁੱਖ ਤਾਂ ਜੀਵਨ ਦਾਤੇ ਹਨ। ਮੁੱਕ ਗਿਆਂ ਦੀਆਂ ਯਾਦਾਂ ਰਹਿ ਜਾਂਦੀਆਂ । ਅੱਜ ਵੀ ਚੇਤਿਆਂ ਵਿੱਚ ਚਿਤਵਿਆ “ਖੂਹ ਵਾਲਾ ਬੋਹੜ।”
✍:- ਗੁਰਨਾਮ ਨਿੱਜਰ=16/05/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)