More Punjabi Kahaniya  Posts
ਜਾਲ!!! ਕਿੱਥੇ ਦਿੱਖਦੇ ਨੇ ????


ਜਾਲ!!! ਕਿੱਥੇ ਦਿੱਖਦੇ ਨੇ ????
ਵਿਛਾਏ ਵੀ ਤਾਂ ਫਿਰ ਬਹੁਤ ਸੋਹਣੇ ਤਰੀਕੇ ਨਾਲ ਹੀ ਜਾਂਦੇ ਨੇ । ਤਾਹੀਉਂ ਤਾਂ ਭੋਲੇ ਭਾਲੇ ਪੰਛੀ ਫਸ ਜਾਂਦੇ ਹਨ । ਪੰਛੀ ਤਾਂ ਫਿਰ ਪੰਛੀ ਹੀ ਹੁੰਦੇ ਹਨ । ਬੰਦੇ ਵੀ ਤਾਂ ਫੱਸਦੇ ਨੇ । ਪੰਜਾਬੀ ਤਾਂ ਬਾਹਲਾ ਫੱਸਦੇ ਨੇ । ਪਹਿਲਾਂ ਮੇਰੇ ਡੈਡੀ ਫਸੇ । ਫਿਰ 25-30 ਸਾਲਾਂ ਬਾਅਦ ਮੈਂ ਵੀ ਉਸੇ ਜਾਲ ਵਿੱਚ ਹੀ ਫਸੀ । ਸਾਨੂੰ ਅੰਨ੍ਹਿਆਂ ਨੂੰ ਕੁੱਝ ਦਿੱਖਿਆ ਹੀ ਨਹੀਂ । ਸੁਨਾਮ ਵਿੱਚ ਪਹਿਲਾ ਅੰਗਰੇਜੀ ਮੀਡੀਅਮ ਸਕੂਲ ਖੁੱਲ੍ਹਿਆ ਸੀ । ਮਸ਼ਹੂਰੀ ਹੀ ਐਡੀ ਹੋਈ ਸੀ ਕਿ ਮੇਰੇ ਡੈਡੀ ਜੀ ਨੇ ਮੇਰੇ ਛੋਟੇ ਭਰਾ ਨੂੰ ਹਿੰਦੀ ਮੀਡੀਅਮ ਸਕੂਲ ਚੋਂ ਹਟਾ ਕੇ ਉੱਥੇ ਪਾ ਦਿੱਤਾ । ਸੁਪਨੇ ਜਾਗ ਗਏ ਸੀ ਮੇਰੇ ਡੈਡੀ ਦੇ ਕਿ ਪੁੱਤ ਵੱਡਾ ਹੋ ਕੇ ਪੱਟਰ ਪੱਟਰ ਅੰਗਰੇਜੀ ਬੋਲਿਆ ਕਰੂ । ਉਹ ਛੋਟਾ ਸੀ ਇਸਲਈ ਉਸਦਾ ਬੇਸ ਵਧੀਆ ਬਣ ਜੂ । ਇਹ ਸੋਚ ਸੀ ਡੈਡੀ ਜੀ ਦੀ । ਮੈਨੂੰ ਹਿੰਦੀ ਮੀਡੀਅਮ ਸਕੂਲ ਵਿੱਚ ਹੀ ਰੱਖਿਆ । ਸੋਚਿਆ ਤਾਂ ਮੇਰੇ ਬਾਰੇ ਵੀ ਸੀ ਪਰ ਮੈਂ ਸਕੂਲ ਵਿੱਚ ਪਹਿਲੀ ਪੁਜੀਸ਼ਨ ਤੇ ਆਉਂਦੀ ਸੀ ਤੇ ਇਸਲਈ ਡੈਡੀ ਦੀ ਰਿਸਕ ਚੁੱਕਣ ਦੀ ਹਿੰਮਤ ਨਾ ਪਈ । ਪਰ ਛੋਟੇ ਭਰਾ ਲਈ ਕੀਤੇ ਗਏ ਫੈਸਲੇ ਲਈ ਉਹ ਬਹੁਤ ਖੁਸ਼ ਸੀ । ਪਰ ਹੋਇਆ ਡੈਡੀ ਦੀਆਂ ਉਮੀਦਾਂ ਤੋਂ ਬਿਲਕੁੱਲ ਉਲਟ। ਸਕੂਲ ਵਿੱਚ ਕੱਖ ਨਾ ਸਮਝ ਆਇਆ ਕਰੇ ਮੇਰੇ ਭਰਾ ਨੂੰ । ਨਾ ਘਰ ਵਿੱਚ ਕੋਈ ਅੰਗਰੇਜੀ ਸਮਝਣ ਵਾਲਾ ਨਾ ਆਂਡ ਗੁਆਂਢ ਚ । ਟਿਊਸ਼ਨ ਰੱਖ ਦਿੱਤੀ ਗਈ । ਪਰ ਟਿਊਸ਼ਨ ਆਲੀ ਮੈਡਮ ਕੋਲ ਵੀ ਅੰਗਰੇਜ਼ੀ ਮੀਡੀਅਮ ਆਲੇ ਬੱਚੇ ਇੱਕ ਦੋ ਹੀ ਸੀ । ਉਸਨੂੰ ਵੀ ਵਿਚਾਰੀ ਨੂੰ ਬਹੁਤ ਮਿਹਨਤ ਕਰਨੀ ਪੈਂਦੀ । ਕਿਤਾਬਾਂ ਔਖੀਆਂ ਲੱਗਦੀਆਂ। ਮੈਂ ਵੀ ਕਦੇ ਕਦੇ ਮੱਥਾ ਮਾਰਦੀ ਆਪਣੇ ਭਰਾ ਤੇ ਪਰ ਮੇਰਾ ਆਪਣਾ ਹੀ ਬਹੁਤ ਕੰਮ ਹੁੰਦਾ ਸੀ । ਨੀਂਹ ਕਮਜ਼ੋਰ ਰਹਿ ਗਈ ਤੇ ਮੇਰੇ ਭਰਾ ਦੀ ਪੜ੍ਹਾਈ ਵਿੱਚ ਕਦੇ ਦਿਲਚਸਪੀ ਨਾ ਬਣ ਸਕੀ। ਪਤਾ ਨਹੀਂ ਕਿਹੜੀ ਜਮਾਤ ਵਿੱਚੋਂ ਹਟਾਇਆ ਉਸਨੂੰ ਪਰ ਉਸਦੀ ਗੱਡੀ ਦੁਬਾਰਾ ਕਦੇ ਲੀਹ ਤੇ ਨਾ ਚੜ੍ਹ ਸਕੀ। ਭਾਵੇਂ ਅੱਜ ਉਹ ਆਪਣੀ ਅਣਥੱਕ ਮਿਹਨਤ ਕਰਕੇ ਪੁਰਾ ਕਾਮਯਾਬ ਹੈ ਪਰ ਜਿਹੜੀਆਂ ਠੋਕਰਾਂ ਉਸਨੂੰ ਜ਼ਿੰਦਗੀ ਵਿੱਚ ਘੱਟ ਪੜ੍ਹੇ ਹੋਣ ਕਰਕੇ ਖਾਣੀਆਂ ਪਈਆਂ ਉਸਦਾ ਮੈਨੂੰ ਤਾਂ ਬੇਹੱਦ ਅਫ਼ਸੋਸ ਹੈ । ਸੋਚ ਤਾਂ ਡੈਡੀ ਜੀ ਦੀ ਚੰਗੀ ਹੀ ਸੀ ਪਰ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਜਿਸਦਾ ਨਤੀਜਾ ਮੇਰੇ ਭਰਾ ਨੂੰ ਭੁਗਤਣਾ ਪਿਆ ।
ਹੁਣ ਮੇਰੇ ਨਾਲ ਕੀ ਹੋਇਆ ਉਹ ਵੀ ਸੁਣੋ। ਮੈਂ 2002ਵਿੱਚ B.Ed ਪਾਸ ਕੀਤੀ ਤੇ ਆਰਮੀ ਸਕੂਲ ਬਠਿੰਡਾ ਵਿੱਚ ਨੌਕਰੀ ਲਈ ਅਪਲਾਈ ਕਰ ਦਿੱਤਾ। ਮੇਰੀ ਬਤੌਰ ਸਮਾਜਿਕ ਸਿੱਖਿਆ ਅਧਿਆਪਕਾ ਨਿਯੁਕਤੀ ਹੋ ਗਈ । ਚੰਗਾ ਸਟੈਂਡਰਡ ਦਾ ਸਕੂਲ ਹੈ ਬਠਿੰਡੇ ਦਾ ਇਹ। ਮੈਂ ਚਾਈਂ ਚਾਈਂ ਸਕੂਲ ਜੋਆਏਨ ਕੀਤਾ । ਇੰਟਰਵਿਊ ਅੰਗਰੇਜੀ ਵਿੱਚ ਹੋਈ ਸੀ ਮੇਰੀ । ਐਮੇ ਅੰਗਰੇਜ਼ੀ ਸੀ ਮੇਰੀ ਤੇ ਆਤਮਵਿਸ਼ਵਾਸ ਵੀ ਬਹੁਤ ਸੀ । ਜਮਾਤ ਵਿੱਚ ਬੱਚਿਆਂ ਨੂੰ ਪੜਾਉਣ ਲਈ ਬੇਹੱਦ ਮਿਹਨਤ ਕੀਤੀ ਮੈਂ ਉੱਥੇ। ਮੈਂ ਅੰਗਰੇਜ਼ੀ ਠੀਕ ਠਾਕ ਬੋਲ ਲੈਂਦੀ ਸੀ ਪਰ ਫਲੋ ਬਹੁਤ ਜਿਆਦਾ ਵਧੀਆ ਵੀ ਨਹੀਂ ਸੀ ਮੇਰਾ। ਬੱਚਿਆਂ ਨੂੰ ਮੇਰੇ ਪੜ੍ਹਾਉਣ ਦੇ ਤਰੀਕੇ ਤੋਂ ਕੋਈ ਜਿਆਦਾ ਪ੍ਰੋਬਲਮ ਨਹੀਂ ਸੀ । ਪਰ ਸਟਾਫ਼ ਰੂਮ ਵਿੱਚ ਬਹਿ ਕੇ ਪੰਜਾਬੀ ਵਿੱਚ ਗੱਲ ਕਰਨਾ ਉੱਥੇ ਅਨਪੜ੍ਹ ਹੋਣ ਦੇ ਬਰਾਬਰ ਸਮਝਿਆ ਜਾਂਦਾ ਸੀ । ਗੱਲ 20 ਸਾਲ ਪੁਰਾਣੀ ਹੈ ਅੱਜਕਲ੍ਹ ਉੱਥੇ ਕੀ ਮਾਹੌਲ ਹੈ ਉਸਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਹੈ। ਵੱਡੇ ਵੱਡੇ ਅਫ਼ਸਰਾਂ ਦੀਆਂ ਘਰ ਵਾਲੀਆਂ ਮੈਡਮਾਂ ਸੀ ਉੱਥੇ । ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲੀਆਂ ਮੈਡਮਾਂ ਵੀ ਸਿਰਫ਼ ਤੇ ਸਿਰਫ਼ ਅੰਗਰੇਜ਼ੀ ਹੀ ਬੋਲਦੀਆਂ ਸੀ ਜਾਂ ਕਦੇ ਕਦੇ ਹਿੰਦੀ ਵੀ ਚੱਲ ਜਾਂਦੀ ਸੀ। ਪਰ ਪੰਜਾਬੀ ਦੀ ਤਾਂ ਕੋਈ ਇੱਜ਼ਤ ਨਹੀਂ ਸੀ । ਅੰਗਰੇਜ਼ੀ ਬੋਲਣਾ ਅਸਲ ਵਿੱਚ ਸਟੇਟਸ ਸਿੰਬਲ ਸੀ ਉੱਥੇ। ਸਾਂਹ ਘੁੱਟਦਾ ਮਹਿਸੂਸ ਹੁੰਦਾ ਸੀ ਮੈਨੂੰ ਇਹੋ ਜਿਹੇ ਮਾਹੌਲ ਵਿੱਚ । ਪੰਜਾਬ ਦੇ ਹੀ ਸਕੂਲ ਵਿੱਚ ਪੰਜਾਬੀ ਦਾ ਕੋਈ ਸਤਿਕਾਰ ਨਹੀਂ ਸੀ । ਕਦੇ ਕਦਾਈਂ ਪੰਜਾਬੀ ਮੂੰਹੋਂ ਨਿਕਲ ਜਾਂਦੀ ਤਾਂ ਮੇਰੀਆਂ ਕੂਲੀਗਜ਼ ਨੇ ਇੱਕ ਦੂਜੇ ਨਾਲ ਅੱਖ ਮਟੱਕੇ ਲਗਾ ਜਾਂ ਕੋਈ ਤਾਹਣਾ ਮਾਰ ਮੈਨੂੰ ਉੱਥੇ ਹੀ ਜ਼ਲੀਲ ਕਰ ਜਾਣਾ। ਇਹ...

ਇਸ਼ਾਰੇ ਬਾਜ਼ੀ ਤੇ ਤਾਹਨੇਬਾਜ਼ੀ ਮੈਨੂੰ ਧੁਰੋਂ ਝਿੰਜੋੜ ਦਿੰਦੀ। ਕੰਮ ਤਾਂ ਭਾਵੇਂ ਮੈਂ ਉੱਥੇ ਡੇਢ ਕੁ ਸਾਲ ਹੀ ਕੀਤਾ ਸੀ ਪਰ ਮੇਰੀ ਸੋਚ ਵਿੱਚ ਵੱਡਾ ਬਦਲਾਅ ਆ ਗਿਆ ਸੀ । ਹੁਣ ਪੰਜਾਬੀ ਮੇਰੇ ਲਈ ਵੀ ਅਨਪੜ੍ਹਾਂ ਦੀ ਬੋਲੀ ਹੀ ਬਣ ਚੁੱਕੀ ਸੀ ਤੇ ਮੈਨੂੰ ਵੀ ਇਸਤੋਂ ਬਹੁਤ ਨਫ਼ਰਤ ਹੋ ਗਈ ਸੀ। 2004ਵਿੱਚ ਮੇਰੇ ਬੇਟੇ ਨੇ ਜਨਮ ਲਿਆ । ਮੈਂ ਕਦੇ ਉਸਦੇ ਨਾਲ ਪੰਜਾਬੀ ਵਿੱਚ ਗੱਲ ਨਹੀਂ ਕੀਤੀ। ਹਸਬੈਂਡ ਦੀ ਵੀ ਸਹਿਮਤੀ ਇਸੇ ਵਿੱਚ ਹੀ ਸੀ। ਮੇਰਾ ਹਾਲ ਉਹਨਾਂ ਨੇ ਅੱਖੀਂ ਦੇਖ ਲਿਆ ਸੀ। ਜੋ ਮੇਰੇ ਨਾਲ ਹੋਇਆ ਉਹ ਮੇਰੇ ਬੱਚਿਆਂ ਨਾਲ ਕਦੇ ਨਹੀਂ ਹੋਵੇਗਾ, ਇਹ ਸੋਚਣਾ ਮੇਰੇ ਲਈ ਸੁਭਾਵਿਕ ਹੀ ਸੀ। ਕਿੰਨੇ ਸਾਲ ਐਵੇਂ ਹੀ ਚੱਲਦਾ ਰਿਹਾ । ਪਰ ਪੰਜਾਬ ਵਿੱਚ ਰਹਿ ਕੇ ਬੱਚਾ ਪੰਜਾਬੀ ਤੋਂ ਕਿਵੇਂ ਬੱਚ ਸਕਦਾ ਸੀ । ਕੁੱਝ ਸਾਲ ਤਾਂ ਵਧੀਆ ਹਿੰਦੀ ਬੋਲਦਾ ਰਿਹਾ । ਫਿਰ ਹਿੰਦੀ ਪੰਜਾਬੀ ਮਿਕਸ ਹੋਣੀ ਸ਼ੁਰੂ ਹੋ ਗਈ। ਮੈਂ ਇਹ ਸੋਚਿਆ ਨਹੀਂ ਸੀ ਕਦੇ ਤੇ ਮੈਨੂੰ ਮੇਰੀ ਹਾਰ ਦਿੱਖਣ ਲੱਗ ਪਈ। ਵੱਡੀ ਗਲਤੀ ਕਰ ਬੈਠੀ ਸੀ ਮੈਂ । ਆਪਣੇ ਹੀ ਬੱਚੇ ਨੂੰ ਉਸਦੀ ਮਾਂ ਬੋਲੀ ਤੋਂ ਦੂਰ ਕਰ ਦਿੱਤਾ । ਜਿਹੜੀ ਗਲਤੀ ਮੇਰੇ ਡੈਡੀ ਨੇ ਕੀਤੀ ਉਹੀ ਮੈਂ ਵੀ ਕਰ ਦਿੱਤੀ । ਖੈਰ ਮੇਰੇ ਪੜ੍ਹੇ ਲਿਖੇ ਹੋਣ ਕਾਰਨ ਮੇਰਾ ਬੱਚਾ ਕਦੇ ਪੜ੍ਹਾਈ ਵਿੱਚ ਪਿੱਛੇ ਨਹੀਂ ਰਿਹਾ ਪਰ ਮੈਂ ਉਸਨੂੰ ਪੰਜਾਬੀ ਬੋਲੀ ਨਾਲ ਪਿਆਰ ਕਰਨਾ ਨਹੀਂ ਸਿਖਾ ਸਕੀ। ਅੱਜਤੱਕ ਸਾਡੀ ਜਿਆਦਾ ਗੱਲਬਾਤ ਹਿੰਦੀ ਭਾਸ਼ਾ ਵਿੱਚ ਹੀ ਹੁੰਦੀ ਹੈ। ਖੈਰ ਮੇਰੀ ਬੇਟੀ ਵਧੀਆ ਪੰਜਾਬੀ ਬੋਲ ਲੈਂਦੀ ਹੈ ਕਿਉਂਕਿ ਉਹਦੇ ਵੇਲੇ ਨੂੰ ਮੈਨੂੰ ਥੋੜ੍ਹੀ ਅਕਲ ਆ ਗਈ ਸੀ।
ਇੱਕ ਕਿੱਸਾ ਆਪਣੇ ਹੁਣ ਵਾਲੇ ਸਕੂਲ ਦਾ ਵੀ ਸੁਣਾ ਹੀ ਦਿੰਦੀ ਹਾਂ। ਕਰੋਨਾ ਕਾਲ ਕਰਕੇ ਇਸ ਸੈਸ਼ਨ ਵਿੱਚ ਬਹੁਤ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹੱਟ ਕੇ ਮੇਰੀ ਕਲਾਸ ਵਿੱਚ ਦਾਖਲ ਹੋਏ । ਮੈਂ ਇੱਕ ਹੁਸ਼ਿਆਰ ਦਿੱਖਣ ਵਾਲੀ ਕੁੜੀ ਦਾ ਦਾਖਲਾ ਫਾਰਮ ਭਰ ਰਹੀ ਸੀ। ਮੈਂ ਜਿਹੜਾ ਵੀ ਪ੍ਰਸ਼ਨ ਪੁੱਛਾਂ ਕੁੜੀ ਉੱਤਰ ਵਿੱਚ yes mam ,no mam ਤੋਂ ਅੱਗੇ ਨਾ ਟੱਪੇ। ਦਸਤਾਵੇਜ ਪੂਰੇ ਕਰਦਿਆਂ ਜਿੰਨੇ ਵਾਰੀ ਵੀ ਮੁਲਾਕਾਤ ਹੁੰਦੀ ਉਹ ਕੁੜੀ ਬਸ ਐਨਾ ਹੀ ਬੋਲਦੀ । ਮੈਨੂੰ ਬੜੀ ਖਿੱਝ ਜਿਹੀ ਮੱਚਦੀ ਕਿ ਆਹ ਕਿ ਤਰੀਕਾ ਹੈ ਗੱਲ ਕਰਨ ਦਾ। ਭੌਰਾ ਚੰਗਾ ਨਾ ਲੱਗਦਾ। ਆਨਲਾਈਨ ਕਲਾਸਾਂ ਕਰਕੇ ਕਿੰਨੇ ਮਹੀਨੇ ਢੰਗ ਨਾਲ ਮੁਲਾਕਾਤ ਵੀ ਨਾ ਹੋਈ। ਕੁੱਝ ਸਮਾਂ ਬਾਅਦ ਮੈਨੂੰ ਇਸਦੇ ਪਿੱਛੇ ਦਾ ਕਾਰਨ ਵੀ ਸਮਝ ਆ ਗਿਆ। ਅੰਗਰੇਜੀ ਮੀਡੀਅਮ ਪ੍ਰਾਈਵੇਟ ਸਕੂਲਾਂ ਵਿੱਚ ਅਕਸਰ ਹੀ ਪੰਜਾਬ ਦੇ ਬੱਚਿਆਂ ਦੇ ਮੂੰਹ ਤੇ ਤਾਲੇ ਜੜ੍ਹ ਦਿੱਤੇ ਜਾਂਦੇ ਹਨ। ਪਂਜਾਬੀ ਉਹਨਾਂ ਨੂੰ ਬੋਲਣ ਨਹੀਂ ਦਿੱਤੀ ਜਾਂਦੀ ਤੇ ਅੰਗਰੇਜ਼ੀ ਬੋਲਣੀ ਉਹਨਾਂ ਨੂੰ ਸਿਖਾਈ ਨਹੀਂ ਜਾਂਦੀ ਜਾਂ ਉਹ ਸਿੱਖ ਨਹੀਂ ਪਾਉਂਦੇ। ਨਤੀਜਾ ਉਹ yes ma’am ਤੇ No ma’am ਤੱਕ ਸੀਮਿਤ ਹੋ ਕੇ ਰਹਿ ਜਾਂਦੇ ਹਨ। ਅੱਜ 8 ਮਹੀਨੇ ਹੋ ਗਏ ਹਨ ਉਸ ਕੁੜੀ ਨੂੰ ਮੇਰੀ ਕਲਾਸ ਵਿੱਚ ਦਾਖਲ ਹੋਈ ਨੂੰ। ਝੂਠ ਨਹੀਂ ਬੋਲ ਰਹੀ । ਸੱਭ ਤੋਂ ਵੱਧ ਜਮਾਤ ਵਿੱਚ ਉਹ ਹੀ ਬੋਲਦੀ ਹੈ। ਖੁੱਲ ਕੇ ਜੀ ਰਹੀ ਹੈ ਆਪਣੀ ਜ਼ਿੰਦਗੀ ਨੂੰ ।
ਯਕੀਨ ਮੰਨੋ ਸਾਨੂੰ ਪੰਜਾਬੀਆਂ ਨੂੰ ਹੁਣ ਸੰਭਲਣਾ ਚਾਹੀਦਾ ਹੈ । ਅਸੀਂ ਛੇਤੀ ਧੋਖਾ ਖਾ ਜਾਣੇ ਹਾਂ। ਉਦਾਹਰਣ ਮੇਰੇ ਡੈਡੀ ਹਨ , ਮੈਂ ਹਾਂ , ਮੇਰੀ ਵਿਦਿਆਰਥਣ ਹੈ। ਕਿਤੇ ਤੁਸੀਂ ਵੀ ਤਾਂ ਨਹੀਂ ਹੋ????? ਮੈਨੂੰ ਪਤਾ ਹੈ 99 ਪ੍ਰਤੀਸ਼ਤ ਦਾ ਉੱਤਰ ਹਾਂ ਹੀ ਹੈ । ਘਰ ਘਰ ਤਾਂ ਲੱਗੀ ਹੋਈ ਹੈ ਇਹ ਅੱਗ। ਹੁਣ ਕਿਹੜੇ ਮੂੰਹ ਨਾਲ ਮਨਾਉਂਦੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੈਂ ?? ਆਪਣੀ ਮਾਂ ਦਾ ਗਲਾ ਤਾਂ ਆਪਣੇ ਹੱਥੀਂ ਮੈਂ ਆਪ ਘੋਟਿਆ ਹੈ। ਸੱਚੀਂ ਜਾਲ ਨਹੀਂ ਦਿੱਖਿਆ ਮੈਨੂੰ। ਭਲਾਂ ਜਾਲ ਦਿੱਖਣ ਲਈ ਥੋੜ੍ਹਾ ਵਿਛਾਏ ਜਾਂਦੇ ਹਨ। ਅੱਖਾਂ ਤਾਂ ਮੈਂ ਹੀ ਬੰਦ ਕੀਤੀਆਂ ਹੋਈਆਂ ਸੀ ਆਪਣੀਆਂ । ਸ਼ਿਕਾਰੀ ਨੂੰ ਕਿਵੇਂ ਦੋਸ਼ ਦੇ ਦੇਵਾਂ??????
ਮੀਨੂੰ ਬਾਲਾ
24-02-22

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)