More Punjabi Kahaniya  Posts
ਸਬੰਧ


ਕਹਾਣੀ ਪੂਰੀ ਪੜ੍ਹ ਕੇ ਹੀ ਕੁਮੈਂਟ ਕਰਿਉ ਜੀ 🙏🙏
ਕਹਾਣੀ – ਸਬੰਧ
ਹਾੜ ਦਾ ਪਿਛਲਾ ਪੱਖ , ਦਿਨ ਚੜ੍ਹਦੇ ਹੀ ਪੂਰਾ ਗ੍ਹੰਮ ਜਿਵੇਂ ਭੱਠੀ ਤਪਦੀ ਹੋਵੇ ,, ਕਦੇ ਕਦੇ ਪੱਛੋਂ ਵੱਲੋਂ ਹਵਾ ਰੁਮਕਦੀ , ਥੋੜਾ ਸਾਹ ਆਉਂਦਾ ਪਰ ਫੇਰ ਦਹਿਮ ਵੱਜ ਜਾਂਦਾ ,,,,
ਅੱਜ ਫੇਰ ਗੇਲੂ ਕੇ ਪੰਚਾਇਤ ਸੀ , ਇਹ ਤੀਜੀ ਪੰਚਾਇਤ ਸੀ ,, ਵੇਹੜੇ ਵਾਲਿਆਂ ਨੇ ਕੱਠ ਕੀਤਾ ਸੀ , ਆਖਿਰ ਸਾਰੇ ਧੀਆਂ ਭੈਣਾਂ ਆਲੇ ਸਨ , ਆਂਢ ਗੁਆਂਢ ਬਹੁਤ ਔਖਾ ਸੀ ,,, ਗੇਲੂ ਦੀ ਘਰਵਾਲੀ ਵੀਰੀ ਨੇ ਤਾਂ ਜਮਾਂ ਸੰਗ ਸ਼ਰਮ ਈ ਲਾਹ ਦਿੱਤੀ ਸੀ ,,, ਨੰਬਰਦਾਰਾਂ ਦੇ ਮੀਤੇ ਨੂੰ ਪਹਿਲਾਂ ਤਾਂ ਕਿਤੇ ਖੇਤ ਬਾੜੇ ‘ਚ ਈ ਮਿਲਦੀ ਸੀ ਪਰ ਹੁਣ ਤਾਂ ਸ਼ਰੇਆਮ ਈ ਘਰੇ ਸੱਦਣ ਲੱਗ ਗਈ ਸੀ , ਸੱਦਣ ਕੀ ਮੀਤਾ ਤਾਂ ਰਹਿੰਦਾ ਈ ਹੁਣ ਗੇਲੂ ਕੇ ਘਰੇ ਸੀ ,, ਨਾ ਦਿਨੇ ਨਾ ਰਾਤ ਨਿਕਲਦਾ ਈ ਨੀ ਸੀ , ਏਸੇ ਕਰਕੇ ਅੱਜ ਵੀਰੀ ਦੇ ਪੇਕਿਆਂ ਨੂੰ ਵੀ ਸੱਦਿਆ ਸੀ , ਗੱਲ ਇੱਕ ਪਾਸੇ ਲਾਉਣੀ ਸੀ , ਕੁੜੀਆਂ ਕੱਤਰੀਆਂ ਤੇ ਭੈੜਾ ਅਸਰ ਪੈਂਦਾ ਸੀ ,,, ਸਾਰੇ ਵਿਹੜੇ ਵਿੱਚ ਵੀਰੀ ਤੇ ਮੀਤੇ ਦੇ ਚਰਚੇ ਸਨ , ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਸਨ ,,,
ਵੀਰੀ ਤਿੰਨ ਜੁਆਕਾਂ ਦੀ ਮਾਂ ਪੂਰੀ ਬਣਦੀ ਤਣਦੀ ਸੀ ,,, ਰੰਗ ਭਾਵੇਂ ਕਣਕ ਵੰਨਾ ਸੀ ਪਰ ਨੈਣ ਨਕਸ਼ ਤਿੱਖੇ , ਅੱਖਾਂ ਹਿਰਨੀ ਵਰਗੀਆਂ , ਮੂੰਹ ਥੋੜਾ ਗੋਲ ਤੇ ਲੰਮਾਂ , ਕੱਦ ਸਾਢੇ ਕੁ ਪੰਜ ਫੁੱਟ , ਸ਼ਰੀਰ ਪਤਲਾ , ਚਾਲ ਮਸਤਾਨੀ , ਕੋਈ ਕਹਿ ਨੀ ਸੀ ਸਕਦਾ ਕਿ ਇਹ ਗੇਲੂ ਦੀ ਘਰਵਾਲੀ ਹੋਊ , ਗੇਲੂ ਰੰਗ ਦਾ ਕਾਲਾ , ਅੱਖਾਂ ਚੁੱਚੀਆਂ ਤੇ ਨੱਕ ਮਿੱਡਾ , ਜਮਾਂ ਬਦਸ਼ਕਲ ਤੇ ਉੱਤੋਂ ਨਸ਼ਿਆਂ ਦਾ ਖਾਧਾ ਹੋਇਆ , ਚਾਲੀ ਸਾਲਾਂ ਦਾ ਪਰ ਲਗਦਾ ਸੱਠਾਂ ਦਾ ਸੀ , ਥੋੜਾ ਕੁੱਬ ਵੀ ਪੈ ਚੱਲਿਆ ਸੀ , ਪਰ ਰੱਸੀ ਸੜੀ ਤੋਂ ਰਹਿ ਗਏ ਵੱਟ ਵਾਲੀ ਆਕੜ ਅਜੇ ਸੀ ,,,
ਬਿਨਾਂ ਪਲਸਤਰ ਹੋਏ ਦੋ ਕਮਰੇ , ਇੱਕ ਰਸੋਈ ਨੁਮਾ ਵਰਾਂਡਾ ਤੇ ਇੱਕ ਪਾਸੇ ਸਰਕਾਰੀ ਗੁਸਲਖਾਨੇ ਬਣੇ ਹੋਏ ਪਰ ਵਿਹੜਾ ਬਹੁਤ ਖੁੱਲ੍ਹਾ ਸੀ , ਵਿਹੜੇ ਵਿੱਚ ਹਰੀ ਕਚਾਰ ਪੂਰੀ ਭਰਵੀਂ ਨਿੰਮ ਸੀ ਜਿਹੜੀ ਅੱਧਿਓਂ ਵੱਧ ਵਿਹੜੇ ਵਿੱਚ ਫੈਲੀ ਹੋਈ ਸੀ ,,,, ਨਿੰਮ ਦੀ ਛਾਵੇਂ ਮੰਜਿਆਂ ਤੇ ਇੱਕ ਪਾਸੇ ਪਿੰਡ ਦੀ ਪੰਚਾਇਤ ਤੇ ਦੂਏ ਪਾਸੇ ਵੀਰੀ ਦੇ ਪੇਕਿਆਂ ਤੋਂ ਆਏ ਬੰਦੇ ਜਿੰਨ੍ਹਾਂ ਵਿੱਚ ਵੀਰੀ ਦਾ ਪਿਉ ਤੇ ਦੋ ਛੋਟੇ ਭਰਾ , ਦੋ ਤਿੰਨ ਘਰਾਂ ਚੋਂ ਚਾਚੇ ਤਾਏ ਤੇ ਵੀਰੀ ਦੀ ਮਾਸੀ ਬੈਠੇ ਸਨ ,, ਆਂਢ ਗੁਆਂਢ ਕੁਸ਼ ਕੰਧਾਂ ਦੇ ਉੱਤੋਂ ਦੀ ਦੇਖ ਰਹੇ ਤੇ ਕੁਝ ਮੰਜਿਆਂ ਦੇ ਆਲੇ ਦੁਆਲੇ ਖੜ੍ਹ ਗਏ ,,,
ਵੀਰੀ ਦੀ ਸਿਹਤ ਤੇ ਕੋਈ ਅਸਰ ਨਹੀਂ ਸੀ , ਉਹ ਤੌੜੇ ਚੋਂ ਪਾਣੀ ਦੇ ਗਲਾਸ ਭਰ ਭਰ ਥਾਲ ਵਿੱਚ ਰੱਖ ਆਵਦੇ ਭਰਾ ਨੂੰ ਫੜਾ ਰਹੀ ਸੀ ਜਿਹੜਾ ਅਗਾਂਹ ਸਾਰੀ ਪੰਚਾਇਤ ਨੂੰ ਵਰਤਾ ਰਿਹਾ ਸੀ ,,, ਗੇਲੂ ਚਿੱਟਾ ਕੁੜਤਾ ਪਜਾਮਾ ਪਾ ,, ਸਿਰ ਤੇ ਡੱਬੀਆਂ ਆਲਾ ਸਾਫਾ ਟੇਢਾ ਕਰਕੇ ਬੰਨ੍ਹਿਆ ਮੁੱਛਾਂ ਨੂੰ ਤਾਅ ਦੇ ਚੌੜਾ ਹੋ ਵੱਡਾ ਰਿਆੜ ਬਣਿਆ ਬੈਠਾ ਸੀ ,,,
ਥੋੜਾ ਚਿਰ ਮੜ੍ਹੀਆਂ ਵਰਗੀ ਚੁੱਪ ਛਾਈ ਰਹੀ ਜਿਵੇਂ ਕੋਈ ਮਰਿਆ ਹੋਵੇ , ਜਿਵੇਂ ਕੁੜੀ ਦੱਬ ਕੇ ਆਏ ਹੋਣ ,, ਜਿਵੇਂ ਕਿਸੇ ਦੇ ਮੂੰਹ ਵਿੱਚ ਜੁਬਾਨ ਹੀ ਨਾ ਹੋਵੇ ,, ਜਾਂ ਫਿਰ ਸਾਰੇ ਸਰਪੰਚ ਦੇ ਮੂੰਹ ਵੱਲ ਵੇਖ ਰਹੇ ਸੀ ਕਿ ਗੱਲ ਸ਼ੁਰੂ ਹੋਵੇ ,,,
ਅਖੀਰ ਸਰਪੰਚ ਨੇ ਖੰਗੂਰਾ ਮਾਰ ਕੇ ਬੋਲਿਆ ,,, ਹਾਂ ਬਈ ਗੇਲੂ ਸਿਆਂ , ਕੀ ਰੌਲਾ ਭਾਈ ਥੋਡਾ ? ਕਿਉਂ ਤੀਜੇ ਕੁ ਦਿਨ ਸਾਨੂੰ ਸੱਦ ਲੈਂਦੇ ਓ ! ਆਵਦਾ ਕੰਮ ਧੰਦਾ ਕਰੋ ਨਾਲੇ ਸਾਨੂੰ ਕਰਨ ਦਿਉ , ਹੈਂਅ !!
ਸਰਪੰਚ ਨੂੰ ਜਿਵੇਂ ਕੁਝ ਵੀ ਪਤਾ ਨਹੀਂ ਸੀ , ਜਮਾਂ ਅਣਜਾਣ ਸੀ , ਉਹਨੂੰ ਨਹੀਂ ਸੀ ਪਤਾ ਕਿ ਸਾਨੂੰ ਕਿਉਂ ਸੱਦਿਆ , ਜਿਵੇਂ ਦੁੱਧ ਚੁੰਘਦਾ ਬੱਚਾ ਸੀ ਸਰਪੰਚ ,,, ਜਿਵੇਂ ਉਹ ਕਿਸੇ ਹੋਰ ਪਿੰਡ ਤੋਂ ਸੀ ਤੇ ਏਥੇ ਰਿਸ਼ਤੇਦਾਰੀ ਵਿੱਚ ਆਇਆ ਹੋਇਆ ਸੀ ,,, ਜਿਵੇਂ ਭੋਲਾ ਭਾਲਾ ਸੀ ਸਰਪੰਚ ,,, ਜਾਂ ਫਿਰ ਪੂਰਾ ਹੰਢਿਆ ਵਰਤਿਆ ਸੀ ,,,
ਗੱਲ ਕੀ ਹੋਣੀ ਆ ਸਰਪੰਚਾ ,,, ਐਵੇਂ ਲੋਕੀਂ ਸਾਕ ਕਰਦੇ ਆ ,,, ਘਰੇ ਬੈਠਿਆਂ ਨੂੰ ਰੋਟੀ ਨੀ ਖਾਣ ਦਿੰਦੇ ,,, ਜੈਹ ਮਾਰਿਆ ਸਾਨੂੰ ਤਾਂ ,,, ਆਬਦੀਆਂ ਸੰਭਾਲੀਂ ਦੀਆਂ ਨੀ , ਸਾਡੇ ਤੇ ਚਿੱਕੜ ਸਿਟਦੇ ਆ ,,, ਗੇਲੂ ਜਿਵੇਂ ਲੋਕਾਂ ਤੋਂ ਬਹੁਤ ਦੁਖੀ ਸੀ , ਲੋਕ ਉਸਨੂੰ ਜਿਉਣ ਨਹੀਂ ਦਿੰਦੇ ਸੀ , ਗੇਲੂ ਤੇ ਮਸਾਂ ਤਾਂ ਸੁੱਖ ਦੇ ਦਿਨ ਆਏ ਸੀ ,, ਗੇਲੂ ਢੋਲੇ ਦੀਆਂ ਲਾਉਂਦਾ ਸੀ ,,, ਗੇਲੂ ਤਾਂ ਕੋਈ ਮਹਾਰਾਜਾ ਸੀ ,,, ਉਹਨੂੰ ਬੈਠੇ ਬਿਠਾਏ ਨੂੰ ਸਭ ਕੁਸ਼ ਮਿਲਦਾ ਸੀ ,,, ਪਹਿਲਾਂ ਗੇਲੂ ਤੇ ਗਰੀਬੀ ਸੀ , ਉਹ ਗੋਲੀਆਂ ਨਾਲ ਡੰਗ ਟਪਾਉਂਦਾ ਸੀ , ਪਰ ਹੁਣ ਉਹਦੇ ਗੀਝੇ ਚ ਕਾਲੀ ਨਾਗਣੀ ਹੁੰਦੀ ਆ ,,, ਨਾ ਦਿਹਾੜੀ ਜਾਣਾ ਪੈਂਦਾ , ਚਿੱਟੇ ਪਾ ਕੇ ਲੋਕਾਂ ਨੂੰ ਮਚਾਉਂਦਾ ,,, ਤਾਂ ਈ ਸ਼ਾਇਦ ਲੋਕ ਉਹਦੇ ਤੇ ਦੁਖੀ ਹਨ ।
ਵੇ ਤੇਰੇ ਕੀੜੇ ਪੈ ਜਾਣ ਗੇਲੂਆ ,,, ਲੋਕ ਤੈਨੂੰ ਰੋਟੀ ਨੀ ਖਾਣ ਦਿੰਦੇ !! ਵੇ ਤੇਰੀ ਤਾਂ ਜਮਾਂ ਈ ਅਣਖ਼ ਮਰਗੀ ਵੇ ਕੰਜਰਾ , ਵੇ ਚੌਰਿਆ , ਵੇ ਤੂੰ ਤਾਂ ਚਕਲਾ ਚਲਾ ਲਿਆ ਵੇ ਘਰੇ ,,, ਹੱਡ ਖਾਣਿਆਂ ਕਮੂਤਾ ,, ਜਮਾਂ ਈ ਸ਼ਰਮ ਲਹਿਗੀ ਵੇ ਤੇਰੀ ,,, ਘਰਾਂ ਚੋਂ ਲਗਦੀ ਤਾਈ ਇਉਂ ਬੋਲੀ ਜਿਵੇਂ ਮੋਟਰ ਚੱਲਪੀ ਹੁੰਦੀ ਆ , ਕੁਤਰੇ ਆਲੀ ਮਸ਼ੀਨ ਵਾਂਗ ਤਾਈ ਇੱਕੋ ਸਾਹ ਸਾਰੀ ਮੈਗਜ਼ੀਨ ਗੇਲੂ ਤੇ ਖਤਮ ਕਰ ਦਿੱਤੀ ,,, ਪਰ ਗੇਲੂ ਤੇ ਤਾਈ ਦੀ ਗੱਲ ਦਾ ਭੋਰਾ ਅਸਰ ਨਾ ਹੋਇਆ ,,, ਜਿਵੇਂ ਉਹਨੇ ਸੁਣੀ ਈ ਨਹੀਂ ਸੀ ,,, ਜਿਵੇਂ ਉਹਦੇ ਕੰਨਾਂ ਵਿੱਚ ਰੂੰਅ ਦਿੱਤੀ ਹੋਵੇ ,,,
ਆਹ ਵੇਖਲੈ ਸਰਪੰਚ ਸਾਹਬ ਕਿਵੇਂ ਢਿੱਡ ਮੱਚਿਆ ਪਿਆ ਲੋਕਾਂ ਦਾ ,,, ਗੇਲੂ ਨੇ ਜਿਵੇਂ ਸਧਾਰਨ ਗੱਲ ਕੀਤੀ ,,
ਆਜਾ ਭਾਈ ਤੂੰ ਦੱਸ ਕੀ ਚੱਕਰ ਆ ਥੋਡਾ ? ਹਰੀਏ ਮੈਂਬਰ ਨੇ ਸਭ ਕੁਸ਼ ਜਾਣਦਿਆਂ ਵੀ ਸਵਾਦ ਲੈਣ ਖਾਤਰ ਵੀਰੀ ਨੂੰ ਚੌਂਕੇ ਚੋਂ ਵਾਜ਼ ਮਾਰੀ ,,, ਹਰੀਏ ਦੀ ਓਦੋਂ ਦੀ ਅੱਖ ਵੀਰੀ ਵਿੱਚ ਸੀ ,,, ਉਹ ਨਜ਼ਰਾਂ ਨਾਲ ਓਦੋਂ ਦਾ ਈ ਵੀਰੀ ਦਾ ਤਰਜਮਾ ਕਰਨ ਲੱਗਿਆ ਹੋਇਆ ਸੀ ,,,
ਨਾ ਚਾਚਾ ਮੈਂ ਤਾਂ ਅਖ਼ੀਰ ਤੇ ਈ ਬੋਲੂੰ ,, ਇਹਨਾਂ ਨੂੰ ਭੌਂਕ ਲੈਣ ਦੇ ਪਹਿਲਾਂ ,,,, ਵੀਰੀ ਕੋਈ ਗੋਂਦ ਗੁੰਦ ਰਹੀ ਸੀ ,,, ਉਹ ਰਾਹ ਪੱਧਰਾ ਕਰਨ ਦੀ ਸੋਚ ਰਹੀ , ਅੱਜ ਸਾਰੇ ਇੱਟਾਂ ਰੋੜੇ ਕੰਡੇ ਰਾਹ ਚੋਂ ਚੱਕ ਦੇਣਾ ਚਾਹੁੰਦੀ ਸੀ ,,, ਉਹਦੇ ਮਨ ਵਿੱਚ ਨ੍ਹੇਰੀ ਆਂਗੂੰ ਵਿਚਾਰ ਚੱਲ ਰਹੇ ਸੀ ,,, ਉਹ ਰੋਜ਼ ਦੀ ਕਿਚ ਕਿਚ ਤੋਂ ਇੱਕ ਪਾਸਾ ਕਰ ਲੈਣਾ ਚਹੁੰਦੀ ਸੀ ,,, ਇੱਕ ਪਾਸਾ ਵੀ ਉਹ ਜਿਹੜਾ ਉਹਦਾ ਆਵਦਾ ਪਾਸਾ ਸੀ ,,, ਬੱਸ ਡਰ ਸੀ ਤਾਂ ਇੱਕ ਸੀ ਉਹਨੂੰ ।
ਅੱਧੀ ਧੁੱਪ ਛਾਂ ਵਿੱਚ ਖੜ੍ਹੇ ਤਮਾਸ਼ਬੀਨ ਉਡੀਕ ਰਹੇ ਸਨ ਪੂਰਾ ਮੇਲਾ ਭਖਣ ਨੂੰ , ਅਜੇ ਫਿਲਮ ਪੂਰੀ ਚੱਲੀ ਨਹੀਂ ਸੀ , ਉਹ ਜਿਹੜੇ ਡਾਇਲਾਗ ਸੁਣਨ ਨੂੰ ਕਦੋਂ ਦੇ ਧੁੱਪ ਵਿੱਚ ਖੜ੍ਹੇ ਸੀ ਉਹ ਕੋਈ ਬੋਲਿਆ ਨਹੀਂ ਸੀ ,,, ਕਿਤੇ ਮੇਲਾ ਐਵੇਂ ਈ ਨਾ ਵਿਝੜ ਜਾਵੇ , ਉਹਨਾਂ ਨੂੰ ਡਰ ਸੀ । ਵੀਰੀ ਦੇ ਪੇਕਿਆਂ ਤੋਂ ਆਏ ਬੰਦੇ ਨੀਵੀਆਂ ਪਾਈ ਬੈਠੇ ਸਨ , ਉਹ ਬੋਲਣ ਵੀ ਤਾਂ ਕੀ ਬੋਲਣ ? ਉਹਨਾਂ ਨੂੰ ਤਾਂ ਵਿਚੋਲੇ ਨੇ ਧੱਕੇ ਨਾਲ ਸੱਦਿਆ ਸੀ ਜਿਹੜਾ ਆਪ ਵੀ ਓਥੇ ਵਿਆਹਿਆ ਹੋਇਆ ਸੀ , ਉਹ ਸਭ ਤੋਂ ਵੱਧ ਦੁਖੀ ਸੀ ,,, ਉਹਨੂੰ ਦੁੱਖ ਕੀ...

ਸੀ ? ਇਹ ਸ਼ਾਇਦ ਉਹਨੂੰ ਖੁਦ ਵੀ ਪਤਾ ਨਹੀਂ ਸੀ ਪਰ ਉਹ ਮੱਚਿਆ ਸਭ ਤੋਂ ਵੱਧ ਪਿਆ ਸੀ , ਵੀਰੀ ਸਹੁਰਿਆਂ ਵੱਲੋਂ ਉਹਦੀ ਸਾਲੀ ਲਗਦੀ ਸੀ ,,, ਸ਼ਾਇਦ ਤਾਂ ਹੀ ਉਹਦੀ ਬੇਜਤੀ ਪਿੰਡ ਚ ਵੱਧ ਹੋ ਰਹੀ ਸੀ ਜਾਂ ਫਿਰ ਉਹਦਾ ਅੰਦਰ ਉਹਨੂੰ ਫਿਟਕਾਰਾਂ ਪਾ ਰਿਹਾ ਸੀ ਕਿ ਜਿਹੜੀ ਕੰਧ ਘਰ ਦੇ ਅੰਦਰ ਨੂੰ ਡਿੱਗਣੀ ਸੀ ਉਹ ਬਾਹਰ ਡਿੱਗ ਪਈ ਸੀ ,,, ਉਹ ਹਸਪਤਾਲ ‘ਚ ਫਾਰਮਾਸਿਸਟ ਲੱਗਿਆ ਹੋਇਆ ਸੀ ।
ਬਾਈ ਸਰਪੰਚਾ ਉਹਨੂੰ ਮੀਤੇ ਨੂੰ ਵੀ ਸੱਦੋ ,, ਜਿਹੜੀ ਪੁਆੜੇ ਦੀ ਜੜ ਆ ਸਾਰੀ ,,, ਉਹਨੇ ਸਰਪੰਚ ਨੂੰ ਇੱਕ ਤਰਾਂ ਬੇਨਤੀ ਨਹੀਂ ਹੁਕਮ ਚਾਹੜਿਆ , ਉਹ ਆਪਣੇ ਆਪ ਨੂੰ ਕੰਪੋਡਰ ਨਹੀਂ ਐਸ ਐਮ ਓ ਈ ਸਮਝਦਾ ਸੀ ,,,,
ਆਹੋ ਬਾਈ ਜੀਹਦਾ ਵਿਆਹ ਉਹਦੀ ਪੱਤਲ ਵੀ ਨਾ ,,,, ਕੋਲੇ ਬੈਠਾ ਵੀਰੀ ਦੇ ਪੇਕਿਆਂ ਤੋਂ ਇੱਕ ਬੋਲਿਆ ,,, ਦੂਜੇ ਨੇ ਹੁੱਜ ਮਾਰੀ ,, ਕੀ ਭੌਂਕੀ ਜਾਨਾ ? ਹੌਲੀ ਕੁ ਦੇਣੇ ਕੰਨ ਚ ਕਿਹਾ ,,, ਪੰਚਾਇਤੀਏ ਮੁਸ਼ਕੜੀਆਂ ਹੱਸੇ ,,,
ਮੀਤਾ ਆ ਗਿਆ ,,, ਮੀਤਾ ਚਾਲੀ ਕੁ ਵਰ੍ਹਿਆਂ ਦਾ ਨਰੋਆ ਗੱਭਰੂ ਸੀ ,,, ਵੀਹ ਕਿੱਲਿਆਂ ਦਾ ਇਕੱਲਾ ਵਾਰਿਸ ਸੀ , ਮਾਂ ਪਿਓ ਛੋਟੀ ਉਮਰੇ ਚੱਲ ਵਸੇ ਸਨ ,,, ਤਾਏ ਨੇ ਪਾਲਿਆ ਸੀ ,,, ਜ਼ਮੀਨ ਦੇ ਲਾਲਚ ਵਿੱਚ ਤਾਏ ਨੇ ਮੀਤੇ ਦਾ ਕੋਈ ਰਿਸ਼ਤਾ ਸਿਰੇ ਨਾ ਚੜ੍ਹਨ ਦਿੱਤਾ , ਆਪ ਭਾਨੀ ਮਾਰ ਆਉਂਦਾ ਜਾਂ ਪੈਸੇ ਦੇ ਕੇ ਕਿਸੇ ਨੂੰ ਭੇਜ ਦਿੰਦਾ ,,, ਆਈਂ ਮੀਤੇ ਦੀ ਵਿਆਹ ਦੀ ਉਮਰ ਟੱਪ ਗਈ , ਤਾਇਆ ਵੀ ਜ਼ਮੀਨ ਹਥਿਆਉਣ ਦੀਆਂ ਜੁਗਤਾਂ ਬਣਾਉਂਦਾ ਬਣਾਉਂਦਾ ਮਰ ਗਿਆ ,,, ਗੇਲੂ ਨਾਲ ਨਿੱਕੇ ਹੁੰਦੇ ਦੀ ਸੱਥਰੀ ਪੈਂਦੀ ਸੀ ,,, ਨਾ ਈ ਮੀਤਾ ਪੰਜਵੀਂ ਤੋਂ ਗਾਂਹ ਪੜ੍ਹਿਆ ਤੇ ਨਾ ਕਿਸੇ ਨੇ ਪੜ੍ਹਾਇਆ ,,, ਗੇਲੂ ਤੇ ਮੀਤਾ ਕੱਠੇ ਪਸ਼ੂ ਚਾਰਦੇ , ਇਕੱਠੇ ਖਾਂਦੇ ਪੀਂਦੇ ,,, ਠੇਕੇ ਤੇ ਜ਼ਮੀਨ ਦੇ ਕੇ ਅੱਜਕਲ੍ਹ ਮੀਤਾ ਗੇਲੂ ਕੇ ਘਰੇ ਹੀ ਰਹਿੰਦਾ ,, ਗੇਲੂ ਨੂੰ ਮੀਤੇ ਤੇ ਕੋਈ ਇਤਰਾਜ਼ ਨਹੀਂ ਸੀ ,,, ਉਹ ਜਿੱਥੇ ਮਰਜ਼ੀ ਉੱਠੇ ਬੈਠੇ , ਕੁਸ਼ ਕਰੇ , ਮੀਤੇ ਨੂੰ ਪੂਰੀ ਖੁੱਲ੍ਹ ਸੀ ,,,, ਗੇਲੂ ਤੇ ਵੀਰੀ ਦੀ ਲੋੜ ਸੀ ਮੀਤਾ ,,, ਤਾਂ ਹੀ ਸ਼ਾਇਦ ਵਿਹੜੇ ਵਾਲੀਆਂ ਦੂਜੀਆਂ ਵੀਰੀ ਦੇ ਹਾਣ ਦੀਆਂ ਵੀਰੀ ਨਾਲ ਈਰਖਾ ਰਖਦੀਆਂ ,, ਮੀਤੇ ਵਾਸਤੇ ਵੀਰੀ ਨੇ ਅੰਦਰੋਂ ਕੁਰਸੀ ਲਿਆਂਦੀ , ਜਿਹੜਾ ਸੈੱਟ ਥੋੜੇ ਦਿਨ ਪਹਿਲਾਂ ਈ ਮੀਤਾ ਸ਼ਹਿਰੋਂ ਦੁਆ ਕੇ ਲਿਆਇਆ ਸੀ ,,,
ਪਿੰਡ ਵਾਲੇ ਆਂਢ ਗੁਆਂਢ ਲਗਭਗ ਸਾਰੇ ਇੱਕ ਪਾਸੇ ਸੀ ,,, ਇੱਕੋ ਲੱਤ ਤੇ ਸੀ , ਤੀਹੋ ਕਾਲ ਮੀਤੇ ਦਾ ਗੇਲੂ ਦੇ ਘਰੇ ਵੜਨਾ ਬੰਦ ਕਰਨਾ ਚਾਹੁੰਦੇ ਸੀ ,,, ਦੂਜੇ ਪਾਸੇ ਗੇਲੂ ਤੇ ਵੀਰੀ ਮੀਤੇ ਨੂੰ ਓਏ ਵੀ ਨਹੀਂ ਸੀ ਕਹਿਣ ਦੇ ਰਹੇ ,,,
ਮੈਂ ਵੱਢੂੰ ਲੱਤਾਂ ਇਹਦੀਆਂ ਕੁੱਤੇ ਜੱਟ ਦੀਆਂ ਜੇ ਹੁਣ ਗਲੀ ਚ ਵੀ ਵੇਖਲਿਆ ਤਾਂ,,,, ਕੰਪੋਡਰ ਸ਼ੇਰ ਬਣਿਆ ਖੜ੍ਹਾ ਸੀ ,,, ਪਰ ਵੀਰੀ ਦੇ ਪੇਕੇ ਜਮਾਂ ਚੁੱਪ ਸੀ ,,, ਉਹਨਾਂ ਨੂੰ ਵੀਰੀ ਦੇ ਸੁਭਾਅ ਦਾ ਪਤਾ ਸੀ ,,, ਜੀਹਨੇ ਨਾ ਉਹਨਾਂ ਦੀ ਸੁਣਨੀ ਸੀ ਨਾ ਮੰਨਣੀ ਸੀ ,,,
ਭਾਈ ਸਾਥੋਂ ਤਾਂ ਇਹਨਾਂ ਦਾ ਕੰਜਰਖਾਨਾ ਨੀ ਵੇਖਿਆ ਜਾਂਦਾ ,,, ਸਾਡੇ ਜੁਆਕਾਂ ਤੇ ਕੀ ਅਸਰ ਪ ਊ ,,, ਗੁਆਂਢ ਚੋਂ ਇੱਕ ਬੋਲਿਆ ,,, ਬਾਈ ਸਰਪੰਚਾ ਹੱਲ ਕਰ ਕੋਈ ,,, ਜਾਂ ਇਹਨਾਂ ਨੂੰ ਏਥੋਂ ਵਿਹੜੇ ਚੋਂ ਕੱਢ ,,, ਜਾਂ ਸਾਨੂੰ ਕਿਤੇ ਕਲੋਨੀ ਕੱਟਦੇ ,,, ਤੀਜਾ ਬੋਲਿਆ ,,, ਜਿਵੇਂ ਸਰਪੰਚ ਹੁਣੇ ਫੀਤਾ ਚੱਕੀ ਖੜ੍ਹਾ ਹੋਵੇ , ਤੇ ਮੀਂਹ ਹਟਣ ਦੀ ਦੇਰ ਹੋਵੇ ,,,,
ਗੱਲ ਦਾ ਕੋਈ ਮੂੰਹ ਸਿਰ ਨਹੀਂ ਬਣ ਰਿਹਾ ਸੀ ,,, ਸਰਪੰਚ ਪਿਸ਼ੇਮਾਨ ਸੀ ,,, ਗਰੀਬੀ ਕਿਸ ਹੱਦ ਤੱਕ ਗਿਰਾ ਦਿੰਦੀ ਹੈ ਇਨਸਾਨ ਨੂੰ ,,, ਸਰਪੰਚ ਸੋਚ ਰਿਹਾ ਸੀ ,, ਐਨੀਆਂ ਘਟੀਆ ਸਰਕਾਰਾਂ !! ਜੇ ਸਰਕਾਰ ਚਾਹੇ ਤਾਂ ਇਹ ਗਰੀਬੀ ਅਮੀਰੀ ਦਾ ਫਾਸਲਾ ਕੁਝ ਹੱਦ ਤੱਕ ਘਟਾਇਆ ਜਾ ਸਕਦਾ ,,, ਰੱਬ ਵੀ ਪਤਾ ਨੀ ਹੈਗਾ ਕਿ ਹੈਨੀ !! ਸਰਪੰਚ ਸਾਰੇ ਮਾਮਲੇ ਦੀ ਤਹਿ ਜਾਣਦਾ ਸੀ ,,, ਮਨ ਹੀ ਮਨ ਸਰਪੰਚ ਐਸੇ ਸਮਾਜਿਕ , ਆਰਥਿਕ ਢਾਂਚੇ ਨੂੰ ਢਾਅ ਕੇ ਇੱਕ ਸੋਹਣਾ ਪੰਜਾਬ ਸਿਰਜ ਰਿਹਾ ਸੀ ,,, ਪਰ ਢਿੱਡ ਆਲੇ ਨੂੰ ਛੱਡ ਗੋਦੀ ਆਲੇ ਦਾ ਫ਼ਿਕਰ ਕਰ ਸਰਪੰਚਾ,, ਮਸਲਾ ਤਾਂ ਉਹਦੇ ਸਾਹਮਣੇ ਜਿਉਂ ਦਾ ਤਿਉਂ ਖੜ੍ਹਾ ਸੀ ,,, ਕੀ ਫੈਸਲਾ ਕਰੇ ਉਹ !!! ਸਰਪੰਚ ਪ੍ਰੇਸ਼ਾਨ ਹੀ ਨਹੀਂ ਦੁਖੀ ਵੀ ਸੀ ,,,,
ਹਾਂ ਭਾਈ ਵੀਰ ਕੁਰੇ ਤੂੰ ਦੱਸ ਹੁਣ ਤੇਰੀ ਕੀ ਮਰਜੀ ਆ ? ਪਿੰਡ ਵਿੱਚ ਇਹੋ ਜਿਹਾ ਗੰਦ ਅਸੀਂ ਨੀ ਪੈਣ ਦੇਣਾ ਪਿੰਡ ਚ ,, ਨਜਾਇਜ਼ ਸਬੰਧ ਪਿੰਡ ਨਹੀਂ ਬਰਦਾਸ਼ਤ ਕਰ ਸਕਦਾ ,, ਉਹੀ ਪਹਿਲਾਂ ਵਾਲਾ ਹਰੀਆ ਮੈਂਬਰ ਬੋਲਿਆ ,,, ਸ਼ਾਇਦ ਹੁਣ ਉਸ ਨੂੰ ਵੀਰੀ ਤੇ ਗੁੱਸਾ ਆ ਗਿਆ ਸੀ ,,, ਜਾਂ ਫਿਰ ਦੂਜਾ ਪੱਲੜਾ ਭਾਰੀ ਦੇਖ ਕੇ ਪੰਚ ਦਾ ਮਨ ਹੁਣ ਬਦਲ ਚੁੱਕਿਆ ਸੀ ,,,,
ਕਿਹੜਾ ਗੰਦ ? ਦੱਸੀਂ ਚਾਚਾ ? ਅਸੀਂ ਗਰੀਬ ਗੰਦ ਪਾਉਨੇ ਆਂ ,,, ਤੇ ਥੋਡੀਆਂ ਦੋ ਦੋ ਕਿੱਲਿਆਂ ਮਾਰੀਆਂ ਤਿੰਨ ਤਿੰਨ ਰੱਖ ਲੈਂਦੀਆਂ !! ਓਦੋਂ ਨੀ ਗੰਦ ਪੈਂਦਾ ,,, ਬੱਸ ਫਰਕ ਆਹੀ ਕਿ ਥੋਡੀ ਢਕੀ ਰਿੱਝ ਜਾਂਦੀ ਆ ਤੇ ਸਾਡੇ ਢੱਕਣ ਈ ਨੀ ਹੁੰਦੇ ,,,, ਤੇ ਨਾਲ ਈ ਵੀਰੀ ਨੇ ਚਾਰ ਪੰਜ ਲੋਹੇ ਪਲਾਸਟਿਕ ਦੀਆਂ ਖਾਲੀ ਪੀਪੀਆਂ ਪੰਚਾਇਤ ਦੇ ਪੈਰਾਂ ਚ ਮਾਰੀਆਂ ,,,
ਗੱਲ ਸੁਣੋ ਸਰਪੰਚ ਸਾਹਿਬ ,,, ਆਹ ਵੇਖਲੋ ਹਾਲ ,,, ਜਵਾਕ ਭੁੱਖੇ ਮਰਦੇ ਮੈਥੋਂ ਝੱਲੇ ਨੀ ਜਾਂਦੇ ,,,, ਮੈਂ ਮਜਦੂਰੀ ਕਰਕੇ ਇਹਦਾ ਨਸ਼ਾ ਪੂਰਾ ਕਰਾਂ ਕਿ ਜਵਾਕਾਂ ਦਾ ਢਿੱਡ ਝੁਲਸਾਂ !! ਜਿਉਂ ਦੀ ਵਿਆਹੀ ਆਂ ਇੱਕ ਦਿਨ ਇਹ ਦਿਹਾੜੀ ਨੀ ਗਿਆ ,, ਜੋ ਘਰਦਾ ਭਾਂਡਾ ਠੀਕਰ ਸੀ ਸਾਰਾ ਵੇਚ ਕੇ ਖਾ ਗਿਆ ,,, ਮੈਂ ਦੱਸ ਹੁਣ ਕਿਹੜੇ ਖੂਹ ਚ ਡਿਗਦੀ ,,, ਆਹ ਮਾਪੇ ਤਾਂ ਸੁਰਖੁਰੂ ਹੋਗੇ ਤੋਰ ਕੇ ,,, ਗਾਂਹ ਹੁਣ ਮੈਂ ਕੋਈ ਹੂਲਾ ਤਾਂ ਫੱਕਣਾ ਈ ਸੀ ,,, ਆਹ ਜਿਹੜੀਆਂ ਮੇਰੇ ਤੇ ਊਂਗਲ ਚੱਕਦੀਆਂ ਮੇਰੀਆਂ ਸੌਂਕਣਾ ,,, ਕੱਲੀ ਕੱਲੀ ਦੀ ਕਰਤੂਤ ਗਿਣਾ ਦਿੰਨੀ ਆਂ ,,, ਮੀਤੇ ਦਾ ਡੱਕੇ ਦਾ ਕਸੂਰ ਨੀ ,,, ਇਹ ਤਾਂ ਵਿਚਾਰਾ ਘਰ ਖਵਾਈ ਜਾਂਦਾ ਸਾਨੂੰ ,,, ਉਹਨੂੰ ਨਸ਼ਾ ਪੂਰਾ ਇਹ ਕਰਦਾ , ਆਟੇ ਨੂਨ ਤੋਂ ਲੈ ਕੇ ਸਾਰਾ ਲੀੜਾ ਲੱਤਾ ਇਹ ਦਵਾਉਂਦਾ ,,, ਜਵਾਕਾਂ ਦੀ ਫੀਸ ਭਰਦਾ , ਸਾਡਾ ਘਰ ਇਹ ਇਹ ਤੋਰਦਾ ਸਾਰਾ ,,,, ਹੁਣ ਇਹ ਦੱਸ ਜੇ ਬੰਦੇ ਦੋ੍ ਦੋ ਜ਼ਨਾਨੀਆਂ ਰੱਖ ਸਕਦੇ ਆ ਤਾਂ ਜਨਾਨੀ ਨੇ ਦੋ ਬੰਦੇ ਰੱਖਲੇ ਮਜਬੂਰੀ ਦੀ ਮਾਰੀ ਨੇ ਤਾਂ ਕੀ ਲੋਹੜਾ ਆ ਗਿਆ !! ਸਾਡੀ ਗਰੀਬਾਂ ਦੀ ਕੀ ਇੱਜਤ ਤੇ ਕੀ ਬੇਜਤੀ ,,, ਹੁਣ ਤੂੰ ਦੱਸਦੇ ਕੀ ਫੈਸਲਾ ਤੇਰਾ ? ਅਸੀਂ ਤਾਂ ਉਹ ਵੀ ਮੰਨਲਾਂਗੇ ਭਰਾਵਾ ,,, ਬੱਸ ਆਹ ਜੁਆਕਾਂ ਅੱਲ ਦੇਖਲੀਂ ਪਹਿਲਾਂ ,,,,, ‌।
ਸਰਪੰਚ ਜਿਵੇਂ ਜਿਵੇਂ ਸੁਣਦਾ ਗਿਆ ਸੁੰਨ ਹੁੰਦਾ ਗਿਆ , ਸਰਪੰਚ ਦੀ ਧੌਣ ਨਿੰਵਦੀ ਗਈ ,,, ਸਰਪੰਚ ਕੋਲ ਕੋਈ ਜੁਆਬ ਨਹੀਂ ਸੀ ,,, ਕਿਸੇ ਕੋਲ ਵੀ ਕੋਈ ਜੁਆਬ ਨਹੀਂ ਸੀ ,,, ਸ਼ਾਇਦ ਜਾਇਜ ਤੇ ਨਜਾਇਜ਼ ਸਬੰਧਾਂ ਵਿਚਲਾ ਫਰਕ ਸਰਪੰਚ ਲਈ ਲੱਭਣਾ ਔਖਾ ਸੀ ,,, ਜਾਂ ਫਿਰ ਉਹਨੂੰ ਇਹ ਫਰਕ ਪਤਾ ਲੱਗ ਗਿਆ ਸੀ ।
ਨੋਟ -( ਨਾਮ , ਸਥਾਨ , ਘਟਨਾਵਾਂ ਸਭ ਕਾਲਪਨਿਕ ਹਨ । ਇਸ ਕਹਾਣੀ ਦਾ ਕਿਸੇ ਦੇ ਵਾਸਤਵਿਕ ਜੀਵਨ ਨਾਲ ਕੋਈ ਸਬੰਧ ਨਹੀਂ ਹੈ )
ਰਾਜਿੰਦਰ ਸਿੰਘ ਢਿੱਲੋਂ ਬਾਜਾਖਾਨਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)