ਮੈਂ ਜਦੋਂ ਵੀ ਤੜਕੇ ਮੂੰਹ ਹਨੇਰੇ ਉਹ ਬੱਸ ਫੜਿਆ ਕਰਦੀ ਤਾਂ ਉਹ ਅਕਸਰ ਹੀ ਓਥੇ ਬੈਠੇ ਹੋਏ ਮੁਸਕੁਰਾ ਰਹੇ ਹੁੰਦੇ..ਮੈਂ ਵੀ ਅੱਗਿਓਂ ਵੱਡੇ ਸਮਝ ਸਤਿ ਸ੍ਰੀ ਅਕਾਲ ਬੁਲਾ ਦਿਆ ਕਰਦੀ!
ਇੱਕ ਦਿਨ ਓਹਨਾ ਇਸ਼ਾਰੇ ਨਾਲ ਕੋਲ ਸੱਦ ਮੈਨੂੰ ਆਂਪਣੇ ਨਾਲ ਬਿਠਾ ਲਿਆ..ਮੈਨੂੰ ਵੀ ਆਪਣੇ ਬਾਪੂ ਜੀ ਦੀ ਉਮਰ ਦੇ ਇਨਸਾਨ ਕੋਲ ਜਾਣ ਵਿਚ ਕੋਈ ਹਿਚਕਿਚਾਹਟ ਮਹਿਸੂਸ ਨਾ ਹੋਈ!
ਥੋੜੀ ਦੇਰ ਗੱਲਾਂ ਕਰਦੇ ਰਹੇ ਫੇਰ ਇੰਝ ਲੱਗਿਆ ਕੁਝ ਭਾਰ ਜਿਹਾ ਪੈ ਰਿਹਾ ਹੋਵੇ..ਮੈਂ ਸੁੰਗੜ ਕੇ ਇੱਕ ਪਾਸੇ ਨੂੰ ਹੋ ਗਈ..ਸੋਚਿਆ ਸ਼ਾਇਦ ਨੀਂਦ ਆ ਗਈ ਹੋਣੀ ਏ..ਪਰ ਅਗਲੇ ਹੀ ਪੱਲ ਜਦੋਂ ਪੁੱਛਣ ਲੱਗੇ ਕੇ ਕੁੜੀਏ ਤੇਰਾ ਵਿਆਹ ਹੋ ਗਿਆ ਤਾਂ ਮੇਰਾ ਤ੍ਰਾਹ ਨਿੱਕਲ ਗਿਆ!
ਮੈਂ ਇਸ ਅਣਕਿਆਸੇ ਸੁਆਲ ਨੂੰ ਸੁਣ ਹੱਕੀ-ਬੱਕੀ ਜਿਹੀ ਹੋ ਗਈ..ਪਰ ਅਗਲੇ ਹੀ ਪਲ ਆਪਾ ਸੰਭਾਲਦੀ ਹੋਈ ਆਖਣ ਲੱਗੀ ਕੇ ਨਹੀਂ ਅੰਕਲ ਜੀ ਅਜੇ ਸਟੂਡੈਂਟ ਹੀ ਹਾਂ ਅਤੇ ਪੜਾਈ ਪੂਰੀ ਕਰਨ ਮਗਰੋਂ ਪੀ.ਆਰ ਲੈਣੀ ਏ ਫੇਰ ਇਸ ਬਾਰੇ ਸੋਚਾਂਗੀ.!
ਅੱਗੋਂ ਨਿਸ਼ੰਗ ਜਿਹੇ ਹੋ ਕੇ ਆਖਣ ਲੱਗੇ ਕੇ ਕੋਈ ਬੋਵਾਏ ਫ੍ਰੇਂਡ ਤੇ ਹੋਣਾ ਬਹੁਤ ਜਰੂਰੀ ਏ..ਇਥੇ ਇਹ ਸਭ ਕੁਝ ਆਮ ਜਿਹੀ ਗੱਲ ਏ..ਜੇ ਨਹੀਂ ਹੈ ਤਾਂ ਜਰੂਰ ਬਣਾ ਲੈਣਾ ਚਾਹੀਦਾ ਏ ਕਿਓੰਕੇ ਇਹਨਾਂ ਮੁਲਖਾਂ ਵਿਚ ਕੱਲਿਆਂ ਜਿੰਦਗੀ ਬੜੀ ਔਖੀ ਲੰਘਦੀ ਏ..!
ਮੈਂ ਭੰਬਲਬੂਸੇ ਵਿਚ ਪਈ ਹੋਈ ਨੇ ਓਸੇ ਵੇਲੇ ਆਪਣਾ ਬੈਗ ਚੁੱਕਿਆ ਤੇ ਬਿਨਾ ਸੋਚੇ ਸਮਝੇ ਅਗਲੇ ਸਟੋਪ ਤੇ ਉੱਤਰ ਗਈ!
ਉਸ ਦਿਨ ਮਗਰੋਂ ਮੈਂ ਉਸ ਬੱਸ ਤੇ ਚੜਣਾ ਹੀ ਬੰਦ ਕਰ ਦਿੱਤਾ!
ਫੇਰ ਇੱਕ ਦਿਨ ਦੂਜੀ ਬੱਸ ਵਿਚੋਂ ਆਪਣੇ ਸਟੋਪ ਤੇ ਉੱਤਰ ਰਹੀ ਸਾਂ ਤਾਂ ਪਿੱਛੋਂ ਉੱਤਰਦਾ ਹੋਇਆ ਇੱਕ ਆਪਣਾ ਬਜ਼ੁਰਗ ਠੇਡਾ ਖਾ ਕੇ ਡਿੱਗ ਪਿਆ!
ਮੈਂ ਉਸ ਨੂੰ ਆਸਰਾ ਜਿਹਾ ਦਿੱਤਾ ਤੇ ਨਾਲ ਹੀ 911 ਕਾਲ ਕਰ ਐਂਬੂਲੈਂਸ ਬੁਲਾ ਲਈ..ਪੈਰਾ-ਮੇਡੀਕਸ ਆਖਣ ਲੱਗੇ ਕੇ ਤੂੰ ਹੁਣ ਜਾ ਸਕਦੀ ਏ..ਪਰ ਹੋਸ਼ ਹਵਾਸ ਵਿਚ ਆਉਂਦੇ ਹੋਏ ਬਜ਼ੁਰਗ ਨੇ ਤੁਰਦੀ ਹੋਈ ਨੂੰ ਆਪਣੇ ਘਰ ਦਾ ਨੰਬਰ ਦੇ ਦਿੱਤਾ ਕੇ ਘਰੇ ਦੱਸ ਦੇਵੀਂ ਕੇ ਮੈਂ ਹੁਣ ਠੀਕ ਹਾਂ!
ਅਗਲੇ ਦਿਨ ਓਸੇ ਬੱਸ ਦਾ ਡਰਾਈਵਰ ਮੈਨੂੰ ਬਜ਼ੁਰਗ ਦਾ ਹਾਲ ਚਾਲ ਪੁੱਛਦਾ ਹੋਇਆ ਆਖਣ ਲੱਗਾ ਕੇ ਬਜ਼ੁਰਗ ਦੇ ਘਰ ਵਾਲਿਆਂ ਮੇਰੀ ਸ਼ਿਕਾਇਤ ਕਰ ਦਿੱਤੀ ਏ ਕੇ ਉਹ ਮੇਰੀ ਗਲਤੀ ਨਾਲ ਉੱਤਰਦਾ ਹੋਇਆ ਥੱਲੇ ਡਿੱਗਿਆ ਹੈ..ਇਹ ਗੱਲ ਹੁਣ ਮਹਿਕਮੇਂ ਦੇ ਟ੍ਰਾੰਸਿਟ ਟ੍ਰਿਬਿਊਨਲ ਕੋਲ ਚਲੀ ਗਈ ਏ..ਜੇ ਤੂੰ ਮੇਰੇ ਹੱਕ ਵਿਚ ਗਵਾਹੀ ਦੇ ਦੇਵੇਂ ਤਾਂ ਮੇਰੀ ਨੌਕਰੀ ਬਚ ਸਕਦੀ ਏ!
ਮੈਂ...
ਇਨਸਾਨੀਅਤ ਦੇ ਨਾਤੇ ਗਵਾਹੀ ਦੇਣੀ ਮੰਨ ਗਈ ਤੇ ਉਸ ਡਰਾਈਵਰ ਨੇ ਸੰਪਰਕ ਵਾਸਤੇ ਮੇਰਾ ਸੈੱਲ ਫੋਨ ਨੰਬਰ ਵੀ ਲੈ ਲਿਆ!
ਮਸਾਂ ਦੋ ਦਿਨ ਹੀ ਲੰਘੇ ਸਨ ਕੇ ਅੱਧੀ ਰਾਤ ਨੂੰ ਟੈਕਸਟ ਦੀ ਘੰਟੀ ਵੱਜੀ..ਓਹੀ ਡਰਾਈਵਰ ਸੀ..ਆਖਣ ਲੱਗਾ ਨੀਂਦ ਨਹੀਂ ਸੀ ਆ ਰਹੀ ਸੋਚਿਆ ਤੇਰੇ ਨਾਲ ਗੱਲਾਂ ਕਰ ਲਵਾਂ..ਮੈਂ ਆਖਿਆ ਕੇ ਸੁਵੇਰੇ ਕੰਮ ਤੇ ਜਾਣਾ..ਸੁਵੇਰੇ ਗੱਲ ਕਰਾਂਗੇ..ਫੇਰ ਅਣਕਿਆਸੀ ਟੈਕਸਟਿੰਗ ਦਾ ਸਿਲਸਿਲਾ ਤੇਜ ਗਤੀ ਨਾਲ ਵਧਣ ਲੱਗਾ!
ਮੇਰੇ ਕੋਲ ਉਸ ਦਿਨ ਬੱਸ ਕੋਲ ਡਿਗੇ ਬਜ਼ੁਰਗ ਦੇ ਘਰਦਿਆਂ ਦਾ ਨੰਬਰ ਸੀ..ਮੈਂ ਉਸ ਤੇ ਕਾਲ ਕਰਕੇ ਪੁੱਛ ਹੀ ਲਿਆ ਕੇ ਕੀ ਤੁਸੀਂ ਵਾਕਿਆ ਹੀ ਉਸ ਬੱਸ ਡਰਾਈਵਰ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਸੀ ਤਾਂ ਓਹਨਾ ਦਾ ਜੁਆਬ ਨਾਂਹ ਵਿਚ ਸੀ..!
ਮੈਨੂੰ ਸਾਰੀ ਕਹਾਣੀ ਸਮਝ ਆ ਗਈ ਕੇ ਬੱਸ ਡਰਾਈਵਰ ਨੇ ਇਹ ਝੂਠੀ ਕਹਾਣੀ ਸਿਰਫ ਤੇ ਸਿਰਫ ਮੇਰਾ ਨੰਬਰ ਲੈਣ ਲੈ ਹੀ ਘੜੀ ਸੀ!
ਮੈਂ ਉਸ ਦਿਨ ਸ਼ਾਮ ਨੂੰ ਇੰਡੀਆ ਨੂੰ ਫੋਨ ਲਾ ਕੇ ਕਿੰਨੀ ਦੇਰ ਬਾਪੂ ਜੀ ਨਾਲ ਗੱਲਾਂ ਕਰਦੀ ਰਹੀ ਤੇ ਸੱਚੀ ਪੁਛੋ ਤੇ ਗੱਲਾਂ ਘੱਟ ਕੀਤੀਆਂ ਰੋਈ ਜਿਆਦਾ..ਤੇ ਨਾਲ ਹੀ ਆਖਦੀ ਰਹੀ ਕੇ ਡੈਡ ਸਾਰੀ ਦੁਨੀਆ ਦੇ ਇਨਸਾਨ ਤੁਹਾਡੇ ਵਰਗੇ ਕਿਓਂ ਨਹੀਂ ਨੇ..!
ਅੱਗੇ ਤਾਂ ਬਾਪੂ ਜੀ ਦੀਆਂ ਗੱਲਾਂ ਮੁੱਕਣ ਤੇ ਨਹੀਂ ਸਨ ਆਉਂਦੀਆਂ ਪਰ ਉਸ ਦਿਨ ਚੁੱਪ ਸਨ..ਇਹ ਵੀ ਜਾਣਦੀ ਸਾਂ ਕੇ ਇਹ ਓਦੋਂ ਹੀ ਚੁੱਪ ਕਰਦੇ ਜਦੋਂ ਗੱਚ ਭਰਿਆ ਹੁੰਦਾ!
ਖੈਰ ਕੁਝ ਦਿਨ ਮਗਰੋਂ ਹੀ ਮੈਂ ਬਾਪੂ ਜੀ ਵੱਲੋਂ ਭੇਜੇ ਪੈਸਿਆਂ ਅਤੇ ਖੁਦ ਦੀ ਕੀਤੀ ਥੋੜੀ ਬਹੁਤ ਬੱਚਤ ਨਾਲ ਇੱਕ ਪੂਰਾਣੀ ਕਾਰ ਜਰੂਰ ਲੈ ਲਈ..ਪਰ ਅਜੇ ਵੀ ਬੱਸਾਂ ਅਤੇ ਵੱਡੇ ਵਹੀਕਲਾਂ ਤੋਂ ਅਕਸਰ ਹੀ ਖਾਸੀ ਦੂਰੀ ਬਣਾ ਕੇ ਹੀ ਡਰਾਈਵ ਕਰਦੀ ਹਾਂ..ਕੀ ਪਤਾ ਕੌਣ ਅਚਨਚੇਤ ਹੀ ਆਪਣੇ ਹੇਠ ਦੱਬ ਲਵੇ!
ਮੇਰਾ ਇਸ ਹੱਡ ਬੀਤੀ ਨੂੰ ਸਾਂਝੀ ਕਰਨ ਦਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭੰਡਣਾ ਨਹੀਂ ਸਗੋਂ ਇੱਕ ਐਸੀ ਮਾਨਸਕਿਤਾ ਨੂੰ ਉਜਾਗਰ ਕਰਨਾ ਏ ਜਿਹੜੀ ਆਪਣੀ ਇੱਛਿਆ ਪੂਰਤੀ ਲਈ ਬੇਲਗਾਮ ਹੋ ਕੇ ਕਿਸੇ ਵੀ ਹੱਦ ਤੱਕ ਜਾ ਸਕਦੀ ਏ..ਚਾਹੇ ਉਸਦੇ ਇਸ ਸਫ਼ਰ ਦੇ ਦੌਰਾਨ ਕਿੰਨੀਆਂ ਨਵ ਖਿੜੀਆਂ ਫੁੱਲ-ਕਲੀਆਂ ਸਰੀਰਕ ਜਾੰ ਮਾਨਸਿਕ ਤੌਰ ਤੇ ਬੁਰੀ ਤਰਾਂ ਮਧੋਲੀਆਂ ਹੀ ਕਿਓਂ ਨਾ ਜਾਣ!
ਹਰਪ੍ਰੀਤ ਸਿੰਘ ਜਵੰਦਾ