ਮਨਰੀਤ ਦਾ ਹਸਦਾ ਵਸਦਾ ਪਰਿਵਾਰ ਜਿਸ ਵਿੱਚ ਮਨਰੀਤ,ਉਸਦੇ ਪਤੀ,ਦੋ ਪਿਆਰੇ ਜਿਹੇ ਬੱਚੇ ਨੂਰ ਤੇ ਜੱਸ,ਉਹਨਾਂ ਦੇ ਦਾਦਾ ਦਾਦੀ ਤੇ ਮਨਰੀਤ ਦੀ ਛੋਟੀ ਨਣਾਨ ਅਰਸ਼ ਸਨ।ਕੁਝ ਦਿਨਾਂ ਤੋਂ ਘਰ ਦਾ ਮਾਹੌਲ ਤਣਾਅ ਭਰਿਆ ਸੀ।ਕਾਰਣ ਇਹ ਕਿ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਵੀ ‘ਅਰਸ਼’ ਸਰਕਾਰੀ ਨੌਕਰੀ ਲਈ ਮੁਕਾਬਲੇ ਦਾ ਇਮਤਿਹਾਨ ਪਾਸ ਕਰਨ ਵਿੱਚ ਨਾਕਾਮ ਰਹੀ ਸੀ।ਇਸੇ ਲਈ ਉਹ ਉਦਾਸ ਤੇ ਗੁੰਮਸੁੰਮ ਜਿਹੀ ਹੋ ਕੇ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ।ਸਭ ਨੇ ਬੜੀ ਕੋਸ਼ਿਸ਼ ਕੀਤੀ ਉਸਨੂੰ ਸਮਝਾਉਣ ਦੀ ਪਰ ਓਹ ਤਾਂ ਗੱਲ ਦਿਲ ਤੇ ਲਾਈ ਬੈਠੀ ਸੀ।
ਕੁਝ ਦਿਨਾਂ ਦੀਆਂ ਛੁੱਟੀਆਂ ਹੋਣ ਕਾਰਨ ਸਾਰਾ ਪਰਿਵਾਰ ਘਰ ਹੀ ਸੀ।ਬੱਚੇ ਖੇਡਣ ਵਿੱਚ ਮਸਤ ਸਨ।ਮਨਰੀਤ ਨੇ ਘਰ ਦੀ ਸਾਫ਼ ਸਫ਼ਾਈ ਕੀਤੀ।ਓਹ ਸਾਰਾ ਦਿਨ ਰੁੱਝੀ ਰਹੀ ਤੇ ਆਥਣ ਤੱਕ ਥੱਕ ਕੇ ਚੂਰ ਹੋ ਗਈ।
ਮਨ ਹੀ ਮਨ ਸੋਚਿਆ ,”ਅੱਜ ਮੈਂ ਸਾਰਾ ਕੰਮ ਨਿਪਟਾ ਲਿਆ।ਕੱਲ੍ਹ ਸਾਰਾ ਦਿਨ ਆਰਾਮ ਕਰੂੰਗੀ।”
ਜੱਸ ਨੇ ਜਿਵੇਂ ਉਸਦੇ ਮਨ ਦੀ ਗੱਲ ਬੁੱਝ ਲਈ।
“ਮੰਮੀ ਕੱਲ੍ਹ ਆਪਾਂ ਰਲ਼ ਕੇ ਖੇਡਾਂਗੇ।”
“ਠੀਕ ਹੈ ਜੱਸ ਪਰ ਹੁਣ ਮੈਨੂੰ ਸੌਣ ਦੇ..”ਕਹਿ ਕੇ ਮਨਰੀਤ ਨੀੰਦ ਦੀ ਗੋਦ ਵਿੱਚ ਉੱਤਰ ਗਈ।
ਸਵੇਰੇ ਚਾਰ ਕੁ ਵਜੇ ਉਸਦੀ ਜਾਗ ਖੁੱਲ੍ਹੀ ।ਬਾਹਰ ਤੇਜ਼ ਹਨੇਰੀ ਚੱਲ ਪਈ ਸੀ।
” ਓ ਹੋ…ਹੋ ਗਿਆ ਸੱਤਿਆਨਾਸ..”ਓਹ ਮਨ ਹੀ ਮਨ ਬੁੜਬੜਾਉਣ ਲੱਗੀ।
ਬਹੁਤ ਹੀ ਭਿਆਨਕ ਤੂਫ਼ਾਨ ਸੀ।ਦਿਨ ਚੜ੍ਹੇ ਤੋਂ ਪਤਾ ਲੱਗਿਆ ਕਿ ਘਰ ਫ਼ੇਰ ਤੋਂ ਭਰ ਗਿਆ ਸੀ ਮਿੱਟੀ ਘੱਟੇ ਨਾਲ਼..ਇੰਝ ਲਗਦਾ ਸੀ ਜਿਵੇਂ ਵਰਿਆਂ ਤੋਂ ਇੱਥੇ ਕੋਈ ਨਾ ਰਹਿੰਦਾ ਹੋਵੇ।
ਮਨਰੀਤ ਤਾਂ ਸਿਰ ਫੜ ਕੇ ਬੈਠ ਗਈ,”ਹਾਇ ਰੱਬਾ ਹੁਣ ਕੀ ਕਰਾਂ?”
“ਮੰਮਾ!ਕਿੰਨੀ ਮਿਹਨਤ ਕੀਤੀ ਸੀ ਤੁਸੀੰ ਕੱਲ੍ਹ ..ਰੱਬ ਨੂੰ ਭੋਰਾ ਤਰਸ ਨੀੰ ਆਇਆ ਥੋਡੇ ਤੇ..”,ਕਹਿੰਦੀ ਹੋਈ ਨੂਰ ਵੀ ਕੋਲ਼ ਆ ਕੇ ਬੈਠ ਗਈ।
ਮਨਰੀਤ ਕੁਝ ਚਿਰ ਤਾਂ ਬੈਠੀ ਰਹੀ।ਫੇਰ ਪਤਾ ਨਹੀਂ ਮਨ ਵਿੱਚ ਕੀ ਆਇਆ ਕਿ ਫ਼ੇਰ ਝਾੜੂ ਚੱਕ ਲਿਆ।
“ਹੁਣ ਫ਼ੇਰ ਸਫ਼ਾਈ ਕਰੋਗੇ ਮੰਮੀ?”ਜੱਸ ਬੋਲਿਆ ।
“ਹਾਂ ਬੇਟੇ !ਮੰਨਿਆ ਕਿ ਮੇਰੀ ਮਿਹਨਤ ਬੇਕਾਰ ਕਰ ਦਿੱਤੀ ਇਸ ਤੂਫ਼ਾਨ ਨੇ ਪਰ ਹੌਸਲਾ ਥੋੜ੍ਹਾ ਹਾਰੀਦਾ ਹੁੰਦਾ ?ਤੂਫ਼ਾਨ ਤਾਂ ਆਉਂਦੇ ਹੀ...
ਰਹਿੰਦੇ ਨੇ।ਢੇਰੀ ਢਾਹ ਕੇ ਥੋੜ੍ਹਾ ਬਹਿ ਜਾਈਦਾ ਫੇਰ…। “ਇਹ ਕਹਿ ਕੇ ਮਨਰੀਤ ਵਿਹੜਾ ਸਾਫ਼ ਕਰਨ ਲੱਗੀ।
“ਠੀਕ ਹੈ ਮੰਮੀ..ਅਸੀਂ ਵੀ ਕਰਾਂਗੇ ਤੁਹਾਡੀ ਮਦਦ ਸਫ਼ਾਈ ਕਰਨ ‘ਚ” ਕਹਿ ਕੇ ਨੂਰ ਖਿੜਕੀਆਂ ਝਾੜਨ ਲੱਗੀ ਤੇ ਜੱਸ ਕੂੜਾ ਇਕੱਠਾ ਕਰਨ ਲੱਗਾ।
ਇਹ ਦੇਖ ਕੇ ਬੱਚਿਆਂ ਦੇ ਦਾਦਾ ਦਾਦੀ ਤੇ ਪਾਪਾ ਵੀ ਮਦਦ ਲਈ ਆ ਗਏ।
‘ਅਰਸ਼’ ਆਪਣੇ ਕਮਰੇ ਵਿੱਚ ਬੈਠੀ ਸਾਰਾ ਕੁਝ ਸੁਣ ਰਹੀ ਸੀ।ਅਚਾਨਕ ਕਿੰਨੇ ਦਿਨਾਂ ਮਗਰੋਂ ਉਸਦੀ ਅਵਾਜ਼ ਘਰ ਵਿੱਚ ਗੂੰਜੀ,”ਕਿਉਂ ਬਈ?’ਕੱਲੇ ਹੀ ਕਰੋਗੇ ਸਾਰੇ ਸਾਫ਼ ਸਫ਼ਾਈ?ਮੇਰੀ ਮਦਦ ਦੀ ਕੋਈ ਲੋੜ ਨਹੀਂ ਤੁਹਾਨੂੰ ?”
ਸਾਰਿਆਂ ਨੇ ਹੈਰਾਨੀ ਤੇ ਖੁਸ਼ੀ ਦੇ ਮਿਲ਼ੇ ਜੁਲ਼ੇ ਭਾਵਾਂ ਨਾਲ਼ ‘ਅਰਸ਼’ ਵੱਲ ਦੇਖਿਆ।
“ਆ ਜੋ ਭੂਆ..ਰਲ਼ ਮਿਲ਼ ਕੇ ਸਫ਼ਾਈ ਕਰੀਏ ..”ਬੱਚੇ ਅਰਸ਼ ਵੱਲ ਦੌੜੇ ਆਏ।
“ਸ਼ੁਕਰ ਆ ਅਰਸ਼ ਤੂੰ ਬੋਲੀ ਏੰ ਅੱਜ” ,ਮਨਰੀਤ ਖੁਸ਼ ਹੋ ਕੇ ਬੋਲੀ।
“ਬੱਸ ਭਾਬੀ…ਤੂਫ਼ਾਨ ਤੇ ਤੁਸੀਂ ਰਲ਼ ਕੇ ਮੈਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਏ ਅੱਜ”
“ਓਹ ਕਿਵੇਂ ਅਰਸ਼?”,ਉਸ ਦੇ ਮਾਤਾ ਪਿਤਾ ਬੋਲੇ।
“ਮੈਨੂੰ ਸਮਝ ਆ ਗਈ ਕਿ ਜਿੰਨਾ ਮਰਜ਼ੀ ਵੱਡਾ ਤੂਫ਼ਾਨ ਆਵੇ,ਹੌਸਲਾ ਨਹੀਂ ਹਾਰਨਾ ਚਾਹੀਦਾ।ਹਿੰਮਤ ਤੇ ਪਰਿਵਾਰ ਦਾ ਸਾਥ ਹੋਵੇ ਤਾਂ ਵੱਡੇ ਤੋਂ ਵੱਡੇ ਤੂਫ਼ਾਨ ਵੀ ਕੁਝ ਨਹੀਂ ਵਿਗਾੜ ਸਕਦੇ…”
ਸਾਰੇ ਫ਼ੇਰ ਤੋਂ ਰਲ਼ ਮਿਲ਼ ਕੇ ਸਫ਼ਾਈ ਕਰਨ ਲੱਗੇ।ਮਿੰਟਾਂ ‘ਚ ਹੀ ਘਰ ਸ਼ੀਸ਼ੇ ਵਾਂਗ ਚਮਕਣ ਲੱਗਿਆ।ਕੁਝ ਦੇਰ ਬਾਅਦ ਸਾਰਾ ਪਰਿਵਾਰ ਨਹਾ ਧੋ ਕੇ ਗੱਲਾਂ ਕਰਨ ਬੈਠੇ ।ਘਰ ਦੇ ਨਾਲ਼ ਨਾਲ਼ ‘ਅਰਸ਼’ ਵੀ ਟਹਿਕ ਉੱਠੀ ਸੀ।
ਚਾਹ ਦੀਆਂ ਚੁਸਕੀਆਂ ਭਰਦੇ ਹੋਏ ਅਰਸ਼ ਬੋਲੀ,”ਜ਼ਿੰਦਗੀ ‘ਚ ਆਏ ਹਨੇਰੀਆਂ ਤੂਫ਼ਾਨ ਵੀ ਬਹੁਤ ਕੁਝ ਸਿਖਾ ਜਾਂਦੇ ਨੇ ਬੰਦੇ ਨੂੰ ..ਹਨਾਂ ਭਾਬੀ! ”
“ਹਾਂ ਅਰਸ਼..ਹਨੇਰੀਆਂ ਤੂਫ਼ਾਨ ਤਾਂ ਆਉਂਦੇ ਹੀ ਰਹਿੰਦੇ ਆ।ਇਹਨਾਂ ਤੇ ਆਪਣਾ ਕੋਈ ਵੱਸ ਨਹੀਂ ਪਰ ਆਪਣੇ ਆਪ ਤੇ ਤਾਂ ਹੈ ਨਾ?ਹਰੇਕ ਤੂਫ਼ਾਨ ਤੋਂ ਬਾਅਦ ਜ਼ਿੰਦਗੀ ਫ਼ੇਰ ਤੋਂ ਸ਼ੁਰੂ ਕਰੋ ..ਹੌਸਲੇ ਨਾਲ਼ ..।”
ਰਮਨਦੀਪ ਕੌਰ ਵਿਰਕ
ਅਪ੍ਰੈਲ 10,2021