ਮੇਰੀ ਦਾਦੀ

1

ਮੈਂ ਆਪਣੇ ਮਾਂ ਬਾਪ ਨੂੰ ਨਹੀਂ ਦੇਖਿਆ| ਦੱਸਦੇ ਹਨ ਕਿ ਮੈ ਤਕਰੀਬਨ ਬਾਰਾਂ ਮਹੀਨੇ ਦੀ ਸੀ ਜਦੋ ਐਕਸੀਡੈਂਟ ਵਿਚ ਦੋਹਾਂ ਦੀ ਮੌਤ ਹੋ ਗਈ| ਦੀਵਾਲੀ ਦਾ ਦਿਨ ਸੀ| ਤਿੰਨ ਕੁ ਵਜੇ ਸ਼ਹਿਰੋਂ ਆ ਰਹੇ ਸੀ, ਦੀਵਾਲੀ ਦਾ ਸਮਾਨ ਲੈ ਕੇ ਕਾਰ ਤੇ ਪਿਛੋਂ ਟਰੱਕ ਨੇ ਟੱਕਰ ਮਾਰੀ ਤੇ ਦੋਹਾਂ ਦੀ ਥਾਂਏ ਮੌਤ ਹੋ ਗਈ|
ਦਾਦੀ ਘਰ ਉਡੀਕਦੀ ਸੀ ਪਰ ਕਿਸੇ ਨੇ ਆ ਕੇ ਦੱਸਿਆ ਕਿ ਓਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਦੋਏਂ ਥਾਂਏ ਪੂਰੇ ਹੋ ਗਏ| ਇਕਲੌਤਾ ਪੁੱਤਰ ਜਿਸਦੇ ਵਿਆਹ ਨੂੰ ਹਜੇ ਮਸਾਂ ਦੋ ਸਾਲ ਹੋਏ ਸੀ| ਇਸ ਤੋਂ ਵੱਡੀ ਬੁਰੀ ਖ਼ਬਰ ਕੀ ਹੋ ਸਕਦੀ ਸੀ? ਭੂਆ ਨੂੰ ਪਤਾ ਦਿੱਤਾ ਉਹ ਆ ਗਈ ਤੇ ਸਿਵਾਏ ਰੋਂਣ ਕੁਰਲਾਓਣ ਦੇ ਕੋਈ ਚਾਰਾ ਵੀ ਤਾਂ ਨਹੀ ਸੀ| ਮੇਰੀ ਰਿਸ਼ਤੇਦਾਰੀ ਦੇ ਨਾਂ ਤੇ ਬੱਸ ਭੂਆ ਤੇ ਦਾਦੀ ਹੀ ਸੀ| ਨਾਨਕੇ ਕਲਕੱਤੇ ਰਹਿੰਦੇ ਸੀ, ਦੋ ਮਾਮੇ ਸੀ| ਓਹਨਾ ਦਾ ਕੰਮ ਕਲਕੱਤੇ ਸੀ| ਨਾਨੀ ਬਹੁਤ ਬੁੜੀ ਸੀ ਉਹ ਮੇਰੀ ਦੇਖ ਭਾਲ ਨਹੀ ਕਰ ਸਕਦੀ ਸੀ| ਸੋ ਮੇਰੀ ਸੰਭਾਲ ਮੇਰੀ ਦਾਦੀ ਨੂੰ ਹੀ ਕਰਨੀ ਪਈ|
ਭੂਆ ਦੇ ਸਹੁਰੇ ਬਹੁਤੇ ਵਧੀਆ ਨਹੀ ਸੀ| ਉਹ ਭੂਆ ਨੂੰ ਕਦੇ ਕਦੇ ਹੀ ਆਉਣ ਦਿੰਦੇ ਸਨ| ਭੂਆ ਦੇ ਦੋ ਮੁੰਡੇ ਸੀ| ਉਹ ਮੇਰੇ ਤੋਂ ਕਾਫੀ ਵੱਡੇ ਸੀ| ਨਾ ਉਹ ਬਹੁਤਾ ਆਏ ਨਾਨਕੇ ਤੇ ਨਾ ਈ ਸਾਡੀ ਨੇੜਤਾ ਵਧੀ| ਬੱਸ ਜਦੋਂ ਭੂਆ ਕਿਤੇ ਆ ਜਾਂਦੀ ਸੀ ਤਾਂ ਘਰ ਰੌਣਕ ਲੱਗ ਜਾਂਦੀ ਸੀ| ਮੈਂ ਭੂਆ ਨੂੰ ਬਹੁਤ ਰੋਕਦੀ ਕਿ ਭੂਆ ਸਾਡੇ ਕੋਲ ਰਹਿ ਜਾ ਪਰ ਭੂਆ ਬੇਬਸ ਮੇਰੇ ਵਲ ਦੇਖਦੀ ਤੇ ਕਹਿੰਦੀ ਕਿ ਪੁੱਤ ਮੈ ਫਿਰ ਛੇਤੀ ਆਊਂਗੀ| ਭੂਆ ਜਾਂਦੀ ਹੋਈ ਮੈਨੂੰ ੧੦੦ ਰੁਪਇਆ ਦੇ ਕੇ ਜਾਂਦੀ| ਬਸ ਇਹੀ ਸੀ ਮੇਰਾ ਪਰਿਵਾਰ| ਦਾਦੀ ਨੇ ਬਹੁਤ ਔਖ ਨਾਲ ਮੈਨੂੰ ਪਾਲਿਆ ਤੇ ਜਮੀਨ ਵੀ ਥੋੜੀ ਸੀ| ਮੈ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ| ਸ਼ੁਰੂ ਤੋਂ ਤੰਗੀਆਂ ਦੇਖ ਕੇ ਮੇਰਾ ਮਨ ਬਹੁਤ ਸੰਜਮੀ ਹੋ ਗਿਆ ਸੀ| ਪੜ੍ਹਨ ਵਿਚ ਮੈਂ ਬਹੁਤ ਹੁਸ਼ਿਆਰ ਸੀ|
ਦਾਦੀ ਹੀ ਮੇਰੀ ਦੁਨੀਆ ਸੀ| ਜਦੋ ਮੈਂ ਛੋਟੀ ਹੁੰਦੀ ਸਕੂਲੋ ਆਉਂਦੀ ਤਾਂ ਜੇ ਕਿਤੇ ਦਾਦੀ ਨਾ ਦਿਸਦੀ ਤਾਂ ਆਂਢ ਗੁਆਂਢ ਭਾਲਦੀ, ਦਾਦੀ ਦਾ ਪਤਾ ਲੱਗਣ ਤੇ ਜਿਥੇ ਦਾਦੀ ਹੁੰਦੀ ਮੈਂ ਓੱਥੇ ਹੀ ਪਹੁੰਚ ਜਾਂਦੀ ਚਾਹੇ ਉਹ ਕਿਸੇ ਮਰਗ ਵਾਲੇ ਘਰ ਈ ਕਿਉਂ ਨਾ ਹੋਵੇ, ਪਤਾ ਨਹੀ ਦਾਦੀ ਬਿਨਾਂ ਮੈਨੂੰ ਘਰ ਸੁੰਨਾ ਲਗਦਾ ਸੀ | ਦਾਦੀ ਆ ਕੇ ਝਿੜਕਦੀ ਵੀ ਘਰ ਬੈਠੀਦਾ ਹੁੰਦਾ ਘਰੋਂ ਜਾਈਦਾ ਨੀ ਹੁੰਦਾ ਮੈਂ ਓਥੇ ਥੋੜਾ ਰਹਿ ਪੈਣਾ ਸੀ ਤੈਨੂੰ ਛੱਡ ਕੇ|
ਇੱਕ ਵਾਰੀ ਭੂਆ ਬਹੁਤ ਬਿਮਾਰ ਹੋ ਗਈ ਤੇ ਦਾਦੀ ਨੌਂ ਕੁ ਵਜੇ ਪਤਾ ਲੈਣ ਚਲੀ ਗਈ ਕੇ ਮੇਰੇ ਸਕੂਲੋਂ ਘਰ ਆਉਣ ਤੱਕ ਆ ਜਾਊਗੀ ਪਰ ਮੈ ਸਕੂਲ ਦੀ ਕੰਧ ਛੋਟੀ ਸੀ ਤੇ ਦਾਦੀ ਟੈਂਪੂ ਚ ਬੈਠਣ ਈ ਲਗੀ ਸੀ ਕਿ ਸਕੂਲੋਂ ਚੋਰੀ ਭੱਜ ਕੇ ਦਾਦੀ ਦੇ ਨਾਲ ਟੈਂਪੂ ਚ ਜਾ ਬੈਠੀ ਦਾਦੀ ਗਾਲ਼ਾਂ ਕੱਢੇ| ਪਰ ਮੈਂ ਕਿਥੋਂ ਮੰਨਣ ਵਾਲੀ ਸੀ ਦਾਦੀ ਨਾਲ ਭੂਆ ਦਾ ਪਤਾ ਲੈ ਕੇ ਸ਼ਾਮ ਨੂੰ ਘਰ ਆਈਆਂ| ਸਵੇਰੇ ਸਕੂਲੋਂ ਕੁੱਟ ਵੀ ਪਈ| ਬਸ ਗੱਲ ਕਿ ਦਾਦੀ ਹੀ ਮੇਰਾ ਸਭ ਕੁਝ ਸੀ| ਕਰਦੇ ਕਰਦੇ ਮੈ ੧੦ਵੀਂ ਪਾਸ ਕਰ ਲਈ ਬਹੁਤ ਵਧੀਆ ਨੰਬਰਾਂ ਨਾਲ| ਟੀਚਰ ਨੇ ਦਾਦੀ ਨੂੰ ਸਕੂਲ ਸੱਦਿਆਂ ਕਿ ਕੁੜੀ ਪੜ੍ਹਨ ਨੂੰ ਹੁਸ਼ਿਆਰ ਹੈ ਇਹਨੂੰ ਅੱਗੇ ਜਰੂਰ ਪੜਾਇਓ| ਪਹਿਲਾਂ ਤਾਂ ਦਾਦੀ ਮੰਨਦੀ ਨਹੀਂ ਸੀ ਪਰ ਟੀਚਰ ਦੇ ਕਹਿਣ ਤੇ ਮੈਨੂੰ ਗਿਆਰਵੀਂ ਜਮਾਤ ਚ ਪੜ੍ਹਨ ਲਾ ਦਿੱਤਾ| ਬਾਰਵੀਂ ਪੂਰੇ ਵਧਿਆ ਨੰਬਰਾਂ ਚ ਪਾਸ ਕਰ ਲਈ|
ਸਾਡੇ ਪਿੰਡ ਦੇ ਬਹੁਤ ਮੁੰਡੇ ਕੁੜੀਆਂ ਐਈਲਟਸ ਕਰਦੇ ਸੀ| ਜਿੱਦ ਕਰਕੇ ਮੈ ਵੀ ਐਈਲਟਸ ਕਰਨ ਲਗ ਗਈ ਤੇ ਵਾਹਿਗੁਰੂ ਦੀ ਕਿਰਪਾ ਮੇਰੇ ੭ ਬੈਂਡ ਆ ਗਏ| ਇਹ ਮੇਰੇ ਲਈ ਫ਼ਖਰ ਦੀ ਗੱਲ ਸੀ| ਸਮਾਂ ਆਇਆ ਕੈਨੇਡਾ ਦੀ ਫਾਈਲ ਲਾਉਣ ਦਾ ਬਹੁਤ ਔਖਾ ਕੰਮ...

ਸੀ ਸਾਡੇ ਕੋਲ ਤਾਂ ਗੁਜਾਰੇ ਜੋਗੇ ਮਸਾਂ ਸੀ ਪੈਸੇ, ਇੰਨੇ ਕਿਥੋਂ ਲਾਉਂਦੇ ਹੁਣ | ਮੈ ਦਾਦੀ ਨੂੰ ਕਿਹਾ ਕੇ ਬੇਬੇ ਤੂੰ ਮੇਰੇ ਤੇ ਕਿਸੇ ਤਰਾਂ ਪੈਸੇ ਲਾ ਦੇ ਜਦੋਂ ਮੈ ਕੈਨੇਡਾ ਚਲੀ ਗਈ ਤੈਨੂੰ ਵੀ ਨਾਲ ਈ ਲੈ ਜਾਣਾ| ਤੇਰੇ ਤੋਂ ਬਗੈਰ ਮੇਰਾ ਓਥੇ ਦਿਲ ਨਹੀਂ ਲੱਗਣਾ| ਬੇਬੇ ਨੇ ੨ ਕਿਲੇ ਗਹਿਣੇ ਰੱਖ ਕੇ ਮੇਰੀ ਫੀਸ ਤੇ ਬਾਕੀ ਸਾਰੇ ਪੈਸੇ ਭਰ ਦਿੱਤੇ| ਬਹੁਤ ਜਲਦੀ ਮੇਰਾ ਵੀਜਾ ਆਗਿਆ| ਮੇਰੀ ਦਾਦੀ ਮੇਰੇ ਤੋਂ ਵੀ ਵੱਧ ਖੁਸ਼ ਸੀ ਕੇ ਮੇਰੀ ਪੋਤੀ ਦੇ ਦਿਨ ਫਿਰ ਗਏ|
ਮੇਰੀ ਟਿਕਟ ਵੀ ਆ ਗਈ| ਮੈਂ ਟਿਕਟ ਇੱਕ ਮਹੀਨਾ ਬਾਅਦ ਦੀ ਕਰਾਈ ਤਾਂ ਜੋ ਸਾਰੀ ਤਿਆਰੀ ਹੋ ਸਕੇ ਵੈਸੇ ਵੀ ਸਾਡੇ ਨਾਲ ਕੋਈ ਤੀਜਾ ਤਾਂ ਹੈ ਨੀ ਸੀ ਜਿਹੜਾ ਸਾਡੀ ਮਦਦ ਕਰਦਾ| ਜਦੋਂ ਮੈ ਸਮਾਨ ਪੈਕ ਕਰਨ ਲਗਦੀ ਤਾਂ ਦਾਦੀ ਅੰਦਰ ਚਲੀ ਜਾਂਦੀ ਓਹਦੇ ਕੋਲੋਂ ਦੇਖਿਆ ਨਾ ਜਾਂਦਾ ਮੈਂ ਵੀ ਬਹੁਤ ਉਦਾਸ ਹੋ ਜਾਂਦੀ ਜਿਹੜੀ ਦਾਦੀ ਤੋਂ ਬਿਨਾ ਇੱਕ ਰਾਤ ਵੀ ਨਹੀਂ ਕੱਟੀ, ਕਿਵੇਂ ਓਹਦੇ ਬਿਨਾ ਜੀ ਲੱਗੂਗਾ ਪਰ ਮੈ ਚਾਹੁੰਦੀ ਸੀ ਦਾਦੀ ਨੇ ਮੇਰੇ ਲਈ ਏਨਾ ਕੀਤਾ ਮੈ ਦਾਦੀ ਲਈ ਈ ਤਾਂ ਕਰ ਰਹੀ ਸੀ| ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਮੈ ਜਹਾਜ ਚੜਨਾ ਸੀ| ਦਾਦੀ ਨੇ ਸਾਰੇ ਸ਼ਗਨ ਅੱਖਾਂ ਗਿਲੀਆਂ ਕਰਨ ਤੋਂ ਬਿਨਾ ਕੀਤੇ| ਕਿਉਕਿ ਓਹਨੂੰ ਪਤਾ ਸੀ ਜੇ ਉਹ ਰੋਈ ਤਾਂ ਮੇਰਾ ਵੀ ਕੈਨੇਡਾ ਜਾ ਕੇ ਦਿਲ ਨੀ ਸੀ ਲੱਗਣਾ|
ਮੈ ਕੈਨੇਡਾ ਪਹੁੰਚ ਗਈ ਓਥੇ ਜਾ ਕੇ ਮੈਨੂੰ ਪਤਾ ਲੱਗਿਆ ਕੇ ਦਾਦੀ ਮੇਰੇ ਲਈ ਕਿੰਨੀ ਜਰੂਰੀ ਆ| ਆਈ ਨੂੰ ਹਜੇ ੧੦ ਕੁ ਦਿਨ ਹੋਏ ਸੀ ਇੱਕ ਦਿਨ ਦਾਦੀ ਨੂੰ ਫੋਨ ਲਾਇਆ ਕਿਉਕਿ ਮੈ ਦਿਨ ਚ ੨ ਵਾਰੀ ਦਾਦੀ ਨੂੰ ਫੋਨ ਲਾਉਂਦੀ ਸੀ ਪਰ ਫੋਨ ਦਾਦੀ ਨੇ ਨਾ ਚੁੱਕਿਆ| ਮੇਰਾ ਦਿਲ ਬੈਠਦਾ ਜਾ ਰਿਹਾ ਸੀ| ਮੈ ਕਾਹਲੀ ਨਾਲ ਕਿਹਾ ਭੂਆ ਮੇਰੀ ਦਾਦੀ ਨਾਲ ਗੱਲ ਕਰਵਾ ਦੇ, ਭੂਆ ਦਾ ਬੋਲ ਨਹੀ ਨਿਕਲਿਆ| ਮੈ ਸਮਝ ਗਈ ਕਿ ਦਾਦੀ ਨੂੰ ਕੋਈ ਗੱਲ ਜਰੂਰ ਹੋਈ ਹੈ| ਫਿਰ ਗਲਾ ਸਾਫ ਕਰਕੇ ਭੂਆ ਨੇ ਦੱਸਿਆ ਕਿ ਦਾਦੀ ਥੋੜੀ ਬਿਮਾਰ ਹੈ| ਫਿਰ ਗੱਲ ਕਰੂੰਗੀ| ਪਰ ਏਨਾ ਤਾਂ ਮੈ ਸਮਝ ਗਈ ਕਿ ਛੋਟੀ ਨਹੀਂ ਕੋਈ ਵੱਡੀ ਗੱਲ ਹੈ| ਮੈ ਓਸੇ ਵਕਤ ਵੀਡੀਓ ਕਾਲ ਲਗਾਈ ਤਾਂ ਜੋ ਦ੍ਰਿਸ਼ ਦਿਸਿਆ ਉਹ ਮੈਂ ਅੱਜ ਵੀ ਨੀ ਭੁੱਲੀ। ਦਾਦੀ ਚਿਟੇ ਕੱਪੜੇ ਚ ਲਿਪਟੀ ਹੋਈ ਸੀ ਤੇ ਬੁੜੀਆਂ ਦੁਆਲੇ ਬੈਠੀਆਂ ਸੀ| ਮੈਂ ਜਮੀਨ ਤੇ ਬੈਠ ਗਈ, ਮੇਰੀ ਦੁਨੀਆ ਮੇਰਾ ਰੱਬ ਮੇਰੇ ਤੋਂ ਹਮੇਸ਼ਾ ਲਈ ਵਿਛੜ ਗਈ| ਦੱਸਣ ਦੀ ਲੋੜ ਨਹੀਂ ਕਿ ਮੈਂ ਕਿੰਨਾ ਕੁ ਰੋਈ, ਪ੍ਰਦੇਸ਼ਾਂ ਚ ਕੌਣ ਪੁੱਛਦਾ ਕਿ ਤੁਸੀ ਦੁਖੀ ਹੋ ਜਾਂ ਸੁਖੀ ਆਪ ਈ ਆਪਣੀਆਂ ਬਣੀਆਂ ਕੱਟੀਆ|
ਗਵਾਂਢਣਾ ਦੱਸਦੀਆਂ ਕੇ ਤੇਰੇ ਜਾਣ ਪਿੱਛੋਂ ਦਾਦੀ ਹਰ ਰੋਜ ਤੇਰੇ ਕੱਪੜੇ ਧੋ ਕੇ ਤੈਹਾਂ ਲਾ ਦਿੰਦੀ ਸੀ| ਰੋਟੀ ਪਕਾ ਕੇ ਹਾਕ ਵੀ ਮਾਰਦੀ ਸੀ| ਇਹ ਸੀ ਸਾਡੀ ਦਾਦੀ ਪੋਤੀ ਦੀ ਦਾਸਤਾਨ| ਮੇਰੀ ਦਾਦੀ ਕਹਿੰਦੀ ਹੁੰਦੀ ਸੀ ਪੁੱਤ ਮੈਨੂੰ ਤਾਂ ਤੇਰੇ ਵਿਚ ਦੀ ਸਾਹ ਆਉਂਦੇ ਨੇ ਇਹ ਗੱਲ ਓਹਨੇ ਸੱਚ ਕਰਕੇ ਦਿਖਾ ਦਿੱਤੀ| ਕਿੱਥੇ ਤਾਂ ਮੈਂ ਸੋਚਿਆ ਸੀ ਕਿ ਦਾਦੀ ਨੂੰ ਆਪਦੇ ਕੋਲ ਲਿਆ ਕਿ ਓਹਦੀ ਸੇਵਾ ਕਰੂੰਗੀ, ਓਹਦੇ ਕੀਤੇ ਦਾ ਥੋੜ੍ਹਾ ਬਹੁਤਾ ਕਰਜਾ ਉਤਾਰੂੰਗੀ| ਉਲਟਾ ਦਾਦੀ ਤਾਂ ਮੇਰੇ ਸਿਰ ਵੱਡਾ ਕਰਜਾ ਚੜਾ ਗਈ|
ਅੱਜ ਮੈ ਪੂਰੀ ਤਰਾਂ ਸੈਟਲ ਆ ਬਹੁਤ ਵੱਡਾ ਘਰ ਹੈ| ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ| ਦਾਦੀ ਦੀ ਫੋਟੋ ਵੱਡੀ ਕਰਾ ਕੇ ਮੈਂ ਕਮਰੇ ਚ ਲਾ ਲਈ ਸੀ| ਕੋਈ ਵੀ ਕੰਮ ਕਰਨਾ ਹੋਵੇ ਘਰ ਵਿਚ ਨਵਾਂ ਆਵੇ ਜਾਂ ਹੋਰ ਕੋਈ ਖੁਸ਼ੀ ਆਵੇ ਪਹਿਲਾ ਦਾਦੀ ਨੂੰ ਜਾ ਕੇ ਦੱਸਦੀ ਆਂ ਤੇ ਰੱਬ ਨੂੰ ਉਲਾਂਬਾ ਵੀ ਦਿੰਦੀ ਆ ਕਿ ਮੇਰੇ ਵਰਗੇ ਅਨਾਥਾਂ ਤੋਂ ਉਮਰ ਤੋਂ ਪਹਿਲਾ ਓਹਨਾਂ ਦਾ ਰੱਬ ਨਾ ਖੋਈ।।

joker_deep

Leave A Comment!

(required)

(required)


Comment moderation is enabled. Your comment may take some time to appear.

Comments

8 Responses

 1. kajal chawla

  rabb tuhnu chardikla ch rakhe bhene….bhott dukh hoya tuhadi hadbeeti pad k

 2. satveer singh

  wa ji wa story bot read kria app te eh read krke ta dil vich aapnya lyi pyaar hor vadd gya

 3. Preet

  boht e vadia story
  Ron lg gyi story padh k

 4. Raman Toor

  Its really hearttouching story i m very blessed that i still have my grandmother

 5. Harpreet sandhu

  heart touchinggg 😔😔😪😪

 6. Sandeep Singh

  Bai g sachi ron la ta tusi bht sohna likhyea

 7. ninder

  hanju aa gye eh parh ke, heart touching

 8. deep maan

  😢😢😢😢😢

Like us!