ਅੱਜ ਮੈਂ ਬੱਸ ਚ ਸਫਰ ਕਰ ਰਹੀ ਸਾਂ। ਸਾਹਮਣੇ 2 ਵਾਲੀ ਸੀਟ ਤੇ ਇਕ ਹਲਕੀ ਉਮਰ ਦੀ ਕੁੜੀ ਬੈਠੀ।ਉਹਦੇ ਬੈਗ ਤੋਂ ਲੱਗਾ ਕਿ ਉਹ ਇੰਡੀਆ ਤੋਂ ਪੜ੍ਹਨ ਆਈ।
ਅਗਲੇ ਸਟਾਪ ਤੋਂ ਇਕ ਅਮਲੀ-ਨਸ਼ਈ ਬੰਦਾ ਬਿਨਾ ਟਿਕਟ ਆਕੇ ਉਹਦੇ ਨਾਲ ਆ ਬੈਠਾ। ਉਹਦੇ ਕੋਲੋਂ ਅਜੀਬ ਜਹੀ ਬਦਬੂ ਆ ਰਹੀ ਸੀ ਤੇ ਆਸ ਪਾਸ ਵਾਲੇ ਆਪਣੇ ਮਾਸਕਾਂ ਨੂੰ ਹੋਰ ਵੀ ਨਕ ਦੁਆਲੇ ਕਸਣ ਲੱਗ ਪਏ। ਉਹ ਕੁੜੀ ਉਸੇ ਸੀਟ ਤੇ ਸੁੰਗੜ ਕੇ ਬੈਠੀ ਰਹੀ।
ਆਖਰੀ ਸਟਾਪ ਤੇ ਉਤਰਦਿਆਂ ਮੈਂ ਉਸ ਕੁੜੀ ਨੂੰ ਕਿਹਾ
” ਬੇਟਾ ! ਮੈਨੂੰ ਲੱਗਾ ਤੂੰ ਉੱਥੇ ਔਖੀ ਬੈਠੀ ਸੀ। ਉੱਠ ਕੇ ਪਿੱਛੇ ਆ ਜਾਂਦੀ। ਸੀਟਾਂ ਖਾਲੀ ਸੀ”
” ਅੰਟੀ!ਮੈਨੂੰ ਪਤਾ ਨੀ ਸੀ”
” ਚਲੋ...
ਆਗਾਂਹ ਤੋਂ ਧਿਆਨ ਰੱਖੀਂ। ਬੱਸਾਂ-ਟਰੇਨਾਂ ਚ ਕਈ ਵਾਰੀ ਇਹੋ ਜਿਹੇ ਨਸ਼ੱਈ ਟਕਰਨਗੇ।”
” ਕੋਈ ਨੀ ਅੰਟੀ! ਪਿੱਛੇ ਵੀ 2 ਨਸ਼ੱਈ ਛੱਡ ਕੇ ਆਈ ਆਂ, ਪਿਉ ਤੇ ਭਰਾ। ਮਾਮਿਆਂ ਨੇ ਤਾਹੀਓਂ ਖਰਚਾ ਕਰਕੇ ਆਪਣੀ ਭੈਣ ( ਮੇਰੀ ਮਾਂ) ਤੇ ਮੇਰੀ ਜਿੰਦਗੀ ਸੋਹਣੀ ਬਣਾਉਣ ਲਈ ਇੱਥੇ ਭੇਜਿਆ”
ਭਿੱਜੀਆਂ ਅੱਖਾਂ ਨਾਲ ਉਹ ਬੋਲੀ।
ਹੁਣ ਮੇਰੇ ਕੋਲ ਕਹਿਣ ਲਈ ਸ਼ਬਦ ਖਤਮ ਹੋ ਗਏ ਸਨ
ਹਰਜੀਤ ਸੈਣੀ