ਮਾਂ ਦਾ ਫੋਨ ਆਇਆ। ਕਹਿੰਦੀ, “ਪੁੱਤ! ਦੀਵਾਲੀ ਤੇ ਕੀ ਲੈਣਾ?”
ਨਾਲ ਹੀ ਕਹਿੰਦੀ “ਤੇਰੇ ਪਿਓ ਨੇ ਪੰਜੀਰੀ ਤਾਂ ਬਣਾ ਲਈ…ਬਦਾਮ-ਬਦੂਮ ਪਾ ਕੇ।ਕਹਿੰਦੇ ਪਹਿਲਾਂ ਸਕੂਲ ‘ਚ ਮਗ਼ਜ ਖਪਾਈ ਕਰ ਕੇ ਆਉਂਦੀ ਤੇ ਫੇਰ ਘਰੇ ਆਣ ਕੇ ਜਵਾਕਾਂ ਨਾਲ।ਭੋਰਾ ਸਿਰ ਨੂੰ ਤਾਕਤ ਮਿਲਜੂ!”
ਇਹ ਸੁਣ, ਮੇਰਾ ਮਨ ਭਰ ਆਇਆ। ਅਜੇ ਵੀ ਮਾਂ-ਪਿਓ ਏਨਾ ਕਰਦੇ..!
ਅਜੇ ਮੇਰਾ ਜਵਾਬ ਮੂੰਹ ‘ਚ ਹੀ ਸੀ ਕਿ ਅੱਗੋਂ ਕਹਿੰਦੀ, “ਤੈਨੂੰ ਸੂਟ ਤੇ ਪ੍ਰਾਹੁਣੇ ਨੂੰ ਪੈਸੇ ਦੇ ਦੇਊਂ…ਆਵਦੀ ਮਰਜ਼ੀ ਦਾ ਲੀੜਾ ਖਰੀਦ ਲਊ… ਸੱਚ ਇੱਕ ਓਹਦੇ ਲਈ, ਕਾਜੂ-ਕਤਲੀ ਦਾ ਡੱਬਾ ਲੈ ਲਿਆ…ਪਿਛਲੀ ਵੇਰਾਂ ਕਹਿੰਦਾ ਸੀ ਕਿ ਬਾਹਲੀ ਪਸੰਦ ਐ। ਤੇ ਜਵਾਕਾਂ ਲਈ ਨਿੱਕ-ਸੁੱਕ ਤੇਰਾ ਪਿਓ ਵਾਧੂ ਲੈ ਆਇਆ! ਕੁਝ ਹੋਰ ਦੱਸ ਪੁੱਤ…ਕੀ ਚਾਹੀਦਾ..?”
ਸੋਚਾਂ, ਕਿ ਮਾਂ ਬੋਲਣ ਦੀ ਵਾਰੀ ਦੇਵੇਂਗੀ ਫੇਰ ਈ ਬੋਲੂੰ!
ਇਸ ਤੋਂ ਪਹਿਲਾਂ ਕੁਝ ਹੋਰ ਪੁੱਛਦੀ ਮੈਂ ਝੱਟ ਬੋਲ ਪਈ, “ਬੇਫ਼ਿਕਰੀ ਦੀ ਨੀਂਦ ਲੈ ਆਵੀਂ ਮਾਂ! ਜ਼ਿੰਦਗੀ ਦੀ ਦੌੜ ‘ਚ ਥੱਕ ਗਈ ਹਾਂ…ਥੋੜੀ ਦੇਰ ਤੇਰੀ ਬੁੱਕਲ਼...
‘ਚ ਸਿਰ ਰੱਖ ਕੇ ਸੌਣ ਨੂੰ ਜੀ ਕਰਦਾ…ਦੋ ਪਲ਼ ਚੈਨ ਚਾਹੀਦਾ…ਬਸ…ਹੋਰ ਕੁਝ ਨਹੀਂ…!”
ਮਾਂ ਵਾਲੇ ਪਾਸੇ ਸੁੰਨ ਛਾ ਗਈ…!
ਕੁਝ ਦੇਰ ਬਾਅਦ ਬੋਲੀ,”ਐਵੈਂ ਭਕਾਈ ਜੀ ਨੀ ਮਾਰੀਦੀ ਹੁੰਦੀ ਪੁੱਤ… ਜ਼ਿੰਦਗ਼ੀ ਆ…ਆਏਂ ਹੀ ਵਹਾਉਣੀ ਪੈਂਦੀ ਆ। ਸੁੱਖ ਨਾਲ ਰੱਬ ਦਾ ਦਿੱਤਾ ਸਾਰਾ ਕੁਝ ਐ। ਊਈਂ ਦਿਲ ਜਾ ਢਾਹੁਣ ਵਾਲੀਆਂ ਗੱਲਾਂ ਨੀ ਕਰੀਦੀਆਂ..!”
“ਚੰਗਾ ਮਾਂ…ਮੈਂ ਰੋਟੀ ਪਾਣੀ ਦੀ ਤਿਆਰੀ ਕਰ ਲਵਾਂ! ਬਾਪੂ ਜੀ ਨੇ ਦਵਾਈ ਲੈਣੀ ਹੁੰਦੀ ਤੇ ਇਹ ਵੀ ਖੇਤ ਗੇੜਾ ਮਾਰ ਕੇ ਮੁੜਦੇ ਹੋਣੇ…ਨਿਆਣੇ ਵੀ ਭੁੱਖ-ਭੁੱਖ ਕਰੀ ਜਾਂਦੇ ਐ…ਗਵਾਂਢੋਂ ਬੇਬੇ ਜੀ ਆਏ ਹੋਏ ਮੰਮੀ ਕੋਲ , ਓਹਨਾਂ ਨੂੰ ਚਾਹ-ਪਾਣੀ ਪੁੱਛ ਲਵਾਂ…ਫੇਰ ਕਪੜੇ ਵੀ ਪ੍ਰੈਸ ਕਰਨੇ!” ਕਹਿ ਫੋਨ ਕੱਟ ਦਿੱਤਾ… ਤੇ ਜ਼ਿੰਦਗੀ ਵਹਾਉਣ ਦੇ ਕਾਰਜ਼ਾਂ ਵਿੱਚ ਰੁੱਝ ਗਈ…!
ਕੌਪੀ