More Punjabi Kahaniya  Posts
ਸਕੂਟਰ


ਕਿਓੰਕੇ ਸਕੂਟਰ ਮੇਰੇ ਡੈਡੀ ਦਾ ਹੁੰਦਾ ਸੀ ਸੋ ਡਰਾਈਵਰ ਵਾਲੀ ਸੀਟ ਤੇ ਵੀ ਮੈਂ ਹੀ ਬੈਠਦਾ..!
ਦੂਜੇ ਬੱਚੇ ਸਟੈਂਡ ਤੇ ਖਲੋਤੇ ਹੋਏ ਨੂੰ ਥੋੜਾ ਧੱਕਾ ਲਾਉਂਦੇ..ਉਹ ਸਟੈਂਡ ਤੋਂ ਉੱਤਰਨ ਲੱਗਦਾ ਤੇ ਮੈਂ ਸੀਟ ਤੋਂ ਹੇਠਾਂ ਉੱਤਰ ਬ੍ਰੇਕ ਤੇ ਖਲੋ ਜਾਂਦਾ..ਫੇਰ ਹੌਲੀ ਹੌਲੀ ਬ੍ਰੇਕ ਛੱਡਦਾ..ਸਕੂਟਰ ਫੇਰ ਮਗਰ ਨੂੰ ਆ ਜਾਂਦਾ..!
ਕਲੱਚ ਨੱਪ ਪਹਿਲੇ ਗੇਅਰ ਵਿਚ ਪਾਏ ਹੋਏ ਨੂੰ ਉਂਝ ਹੀ ਛੱਡ ਹੋਰ ਖੇਡਾਂ ਖੇਡਣ ਲੱਗ ਜਾਂਦੇ..!
ਡੈਡੀ ਆਉਂਦਾ ਹੀ ਸਕੂਟਰ ਨੂੰ ਕਿੱਕ ਮਾਰਦਾ..ਗੇਅਰ ਵਿਚ ਪਿਆ ਸਟੈਂਡ ਤੋਂ ਉੱਤਰ ਅੱਗੇ ਕੰਧ ਵਿਚ ਵੱਜਦਾ..ਉਹ ਗੁੱਸੇ ਵਿਚ ਆਇਆ ਏਨੀ ਗੱਲ ਵੀ ਨਾ ਪੁੱਛਦਾ ਕੇ ਸੀਟ ਤੇ ਕੌਣ ਸੀ..ਬੱਸ ਮੇਰੇ ਚਪੇੜਾਂ ਛੱਡ ਦਿੰਦਾ..ਬਾਕੀ ਮੈਨੂੰ ਕੁੱਟ ਪੈਂਦੀ ਨੂੰ ਵੇਖ ਹਰਨ ਹੋ ਜਾਂਦੇ..!
ਜਦੋਂ ਡੈਡੀ ਅੱਖੋਂ ਓਹਲੇ ਹੋ ਜਾਂਦਾ ਤਾਂ ਉਹ ਇੱਕ ਵੇਰ ਫੇਰ ਹੌਲੀ ਹੌਲੀ ਵੇਹੜੇ ਵਿਚ ਇੱਕਠੇ ਹੋਣੇ ਸ਼ੁਰੂ ਹੋ ਜਾਂਦੇ..!
ਮੈਂ ਆਖਦਾ ਹੁਣ ਤੁਹਾਨੂੰ ਕਦੀ ਆਪਣੇ ਸਕੂਟਰ ਤੇ ਨਹੀਂ ਬਿਠਾਉਣਾ..ਤੁਸੀਂ ਹੀ ਮੈਨੂੰ ਕੁੱਟ ਪਵਾਈ..!
ਏਨੇ ਨੂੰ ਹਨੇਰੀ ਵਗਣ ਲੱਗਦੀ..ਸਭ ਬਾਹਰ ਲੱਗੇ ਜਾਮੁਣ ਦੇ ਰੁਖ੍ਹ ਹੇਠਾਂ ਇੱਕਠੇ ਹੋ ਜਾਂਦੇ..!
ਮੈਂ ਆਖਦਾ ਸਾਰੇ ਜਾਮੁਣ ਇੱਕਠੇ ਕਰ ਕੇ ਪਹਿਲਾਂ ਮੈਨੂੰ ਦਿਓ ਮੈਂ ਫੇਰ ਆਪਣੇ ਹਿਸਾਬ ਨਾਲ ਵੰਡਾਗਾ..ਉਹ ਨਾ ਮੰਨਦੇ..ਮੈਂ ਸ਼ਿਕਾਇਤ ਲਾਉਣ ਅੰਦਰ ਆਉਂਦਾ..ਦਾਦੀ ਬਾਹਰ ਆਉਂਦੀ ਤਾਂ...

ਉਹ ਝੋਲੀਆਂ ਭਰ ਭਰ ਕਦੇ ਦੇ ਓਥੋਂ ਜਾ ਚੁਕੇ ਹੁੰਦੇ..ਮੇਰੇ ਜੋਗੇ ਬੱਸ ਕਾਣੇ ਟੁੱਕੇ ਹੀ ਰਹਿ ਜਾਂਦੇ..!
ਮੈਂ ਕੱਲਾ ਰਹਿ ਗਿਆ ਓਹਨਾ ਨੂੰ ਇੱਕ ਵੇਰ ਫੇਰ ਲੱਭਦਾ..!
ਉਹ ਚੱਲਦੀ ਬੰਬੀ ਦੇ ਚੁਬੱਚੇ ਵਿਚ ਲੱਤ ਲਮਕਾ ਬੈਠੇ ਹੁੰਦੇ..ਫੇਰ ਇੱਕ ਨੂੰ ਧੱਕਾ ਵੱਜਦਾ..ਉਸਦੇ ਕੱਪੜੇ ਗਿੱਲੇ ਹੋ ਜਾਂਦੇ..ਉਹ ਦੂਜੇ ਨੂੰ ਅੰਦਰ ਖਿੱਚ ਲੈਂਦਾ..ਫੇਰ ਘਮਸਾਨ ਮੱਚ ਜਾਂਦਾ..ਫੇਰ ਸਾਰੇ ਪਾਣੀ ਦੀਆਂ ਖੇਡਾਂ ਖੇਡਣ ਵਿਚ ਮਸਤ ਹੋ ਜਾਂਦੇ..ਗਰਮੀਆਂ ਦੇ ਦੁਪਹਿਰ ਨੂੰ ਹਰ ਘੜੀ ਇੱਕ ਨਵੀਂ ਖੇਡ ਖੇਡੀ ਜਾਂਦੀ..!
ਫੇਰ ਘਰੋਂ ਵਾਜਾਂ ਪੈਂਦੀਆਂ ਵੇ ਰੋਟੀ ਖਾ ਲਵੋ..ਰੱਜ ਕੇ ਰੋਟੀ ਖਾਂਦਿਆਂ ਹੀ ਨੀਂਦਰ ਆ ਜਾਂਦੀ..!
ਫੇਰ ਦਿਨ ਢਲੇ ਜਾਗ ਆਉਂਦੀ..ਫੇਰ ਬਾਕੀ ਵੀ ਆਪੋ ਆਪਣੇ ਘਰਾਂ ਵਿਚੋਂ ਨਿੱਕਲ ਆਉਂਦੇ..ਜੋ ਕੁਝ ਦੁਪਹਿਰੇ ਹੋਇਆ ਹੁੰਦਾ..ਓਹੀ ਕੁਝ ਦੇਰ ਰਾਤ ਤੱਕ ਚੱਲਦਾ ਰਹਿੰਦਾ..!
ਦੋਸਤੋਂ ਇਹ ਤਿੰਨ ਚਾਰ ਦਹਾਕੇ ਪਹਿਲਾਂ ਪਿੰਡ ਦੀਆਂ ਗਰਮੀਆਂ ਦੀ ਇੱਕ ਲੰਮੀ ਦੁਪਹਿਰ ਅਤੇ ਮਿੱਠੀ ਮਿੱਠੀ ਸ਼ਾਮ ਦੀ ਉਹ ਦਾਸਤਾਨ ਹੈ ਜਿਸ ਉੱਤੇ ਅਜੇ ਸੈੱਲ ਫੋਨ ਅਤੇ ਆਈ ਪੈਡਾਂ ਦਾ ਕਬਜਾ ਨਹੀਂ ਸੀ ਹੋਇਆ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)