More Punjabi Kahaniya  Posts
ਚੀਨ ਪਾਕਿਸਤਾਨ ਕੋ ਸਬਕ


ਛਿਆਸੀ ਸਤਾਸੀ ਦੇ ਦੌਰ ਵੇਲੇ ਜੇ.ਐੱਫ ਰਿਬੇਰੋ ਨਾਮ ਦਾ ਪੁਲਸ ਅਫਸਰ ਚੁਣ ਕੇ ਪੰਜਾਬ ਪੁਲਸ ਦਾ ਮੁਖੀ ਲਾਇਆ ਗਿਆ..
ਗੋਲੀ ਬਦਲੇ ਗੋਲੀ ਵਾਲੀ ਧਾਰਨਾ ਦਾ ਪੱਕਾ ਧਾਰਨੀ ਸਿਰਫ ਅੰਗਰੇਜੀ ਹੀ ਜਾਣਦਾ ਸੀ..!
ਮਹਿਕਮੇਂ ਨੇ ਉਸਨੂੰ ਅੰਗਰੇਜੀ ਵਿਚ ਕਿੰਨਾ ਕੁਝ ਸਮਝਾਇਆ..ਫਲਾਣੇ ਇਲਾਕੇ ਦਾ ਫਲਾਣਾ ਮੁੰਡਾ..ਏਨਾ ਇਨਾਮ ਰਖਿਆ ਜਾਵੇ..”ਏ” ਕੈਟੇਗਰੀ ਦੇਣੀ ਕੇ “ਬੀ”..ਸਾਰਾ ਕੁਝ ਜਿਆਦਾਤਰ ਪੱਗਾਂ ਬੰਨੀ ਅਫਸਰਸ਼ਾਹੀ ਹੀ ਦੱਸਿਆ ਕਰਦੀ..!
ਖੁਦ ਅਖੀਂ ਵੇਖਿਆ..ਦੋ ਕੂ ਸਾਲ ਬੜੀ ਸਖਤੀ ਕੀਤੀ..ਅਖੀਰ ਸਤਾਸੀ ਦੇ ਅਖੀਰ ਜਦੋਂ ਰਿਟਾਇਰ ਹੋਇਆ ਤਾਂ ਸਿਸਟਮ ਨੇ ਪਦਮ ਵਿਭੂਸ਼ਣ ਦੇ ਖਿਤਾਬ ਨਾਲ ਨਿਵਾਜਿਆ..!
ਪਰ ਜਾਂਦਾ ਜਾਂਦਾ ਇੱਕ ਗੱਲ ਆਖ ਗਿਆ ਕੇ ਗੋਲੀ ਬਦਲੇ ਗੋਲੀ ਵਾਲਾ ਫੋਰਮੁੱਲਾ ਇਥੇ ਕਾਮਯਾਬ ਨਹੀਂ ਹੋ ਸਕਦਾ..!
ਉਸ ਮਗਰੋਂ ਸਿਸਟਮ ਨੇ ਕੇ ਪੀ ਗਿੱਲ ਨਾਮ ਦਾ ਇੱਕ ਹੋਰ ਮੋਹਰਾ ਆਸਾਮ ਤੋਂ ਲ਼ੱਭ ਕੇ ਲਿਆਂਦਾ..
ਨਿਜ਼ਾਮ ਅਤੇ ਸਿਆਸਤ ਦੀ ਪੂਰੀ ਪੁਸ਼ਤਪਨਾਹੀ ਸੀ..
ਚਰਿੱਤਰ ਦਾ ਕਮਜ਼ੋਰ ਅਤੇ ਹੋਰ ਵੀ ਕਿੰਨੇ ਸਾਰੇ ਐਬ ਸਨ ਪਰ ਦਿੱਲੀ ਨੇ ਸਭ ਕੁਝ ਮੁਲਖ ਦੀ ਏਕਤਾ ਅਖੰਡਤਾ ਦੀ ਚਾਦਰ ਥੱਲੇ ਢੱਕ ਦਿੱਤਾ..ਫੇਰ ਜੋ ਜੋ ਕੁਝ ਉਸ ਹੱਥੋਂ ਹੋਇਆ ਹਰ ਕੋਈ ਜਾਣਦਾ ਏ!
ਓਹਨੀ ਦਿੰਨੀ ਅਕਸਰ ਹੀ ਦਿੱਲੀਓਂ ਬੋਰੀਆਂ ਭਰ ਕੇ ਕੈਸ਼ ਸਿਧ ਗਵਰਨਰ ਹਾਊਸ ਵਿਚ ਆਇਆ ਕਰਦਾ..ਫੇਰ ਓਥੋਂ ਗੱਡੀਆਂ ਵਿਚ ਭਰ ਕੇ ਵੱਖੋ ਵੱਖ ਜਿਲਿਆਂ ਨੂੰ ਭੇਜਿਆ ਜਾਂਦਾ ਸੀ..
ਜਿਸ ਤਰਾਂ ਹਲਵਾਈ ਮਿਠਿਆਈ ਬਣਾ ਕੇ ਬਿੱਲ ਪੇਸ਼ ਕਰਦਾ ਏ ਕੇ ਏਨੀ ਪੇਮੰਟ ਕਰ ਦਿਓ..ਉਂਝ ਹੀ ਓਹਨੀ ਦਿੰਨੀ ਚੰਡੀਗੜ ਬਿੱਲ ਭੇਜੇ ਜਾਂਦੇ ਸਨ..
ਅੱਜ ਵੀਹ ਲੱਖ ਇਨਾਮ ਵਾਲੇ ਏਨੇ ਖਤਮ ਕੀਤੇ..ਦਸ ਲੱਖ ਵਾਲੇ ਏਨੇ ਤੇ ਪੰਜ ਵਾਲੇ ਏਨੇ..ਸੋ ਏਨੀ ਰਕਮ ਬਣਦੀ ਏ..ਪੇਮੰਟ ਕਰ ਦਿਓ..!
ਸਾਡੀਆਂ ਜੁੱਤੀਆਂ ਤੇ ਸਾਡੇ ਹੀ ਸਿਰ ਵੱਜਦੀਆਂ ਰਹੀਆਂ..
ਦਿੱਲੀ ਪੰਜਾਬ ਦੇ ਸ਼ਿਕਾਰੀਆਂ ਲਈ ਨਿਰੰਤਰ ਪੈਸੇ ਭੇਜਦੀ ਰਹੀ..ਫੇਰ ਚੁੱਪ ਚੁਪੀਤੇ ਓਹੀ ਪੈਸੇ ਪੰਜਾਬ ਦੇ ਖਾਤੇ ਵਿਚ ਜੁੜਦੇ ਰਹੇ..!
ਤ੍ਰਿਨਵੇਂ ਵਿਚ ਪੰਜਾਬ ਸਿਰ ਜਿਹੜਾ ਕਰਜਾ ਸਿਰਫ ਤੀਹ ਹਜਾਰ ਕਰੋੜ ਦਾ ਸੀ ਅੱਜ ਵੱਧ ਕੇ ਢਾਈ ਲੱਖ ਕਰੋੜ ਤੱਕ ਅੱਪੜਾ ਦਿੱਤਾ..ਅੱਜ ਜਦੋਂ ਕਦੇ ਵੀ ਕੋਈ ਭੁੱਲ ਭੁਲੇਖੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਏ ਤਾਂ ਓਹੀ ਵਹੀ ਖਾਤੀ ਅੱਗੇ ਕਰ ਦਿੱਤੇ ਜਾਂਦੈ..!
ਓਸ ਮਗਰੋਂ ਮੋਹਰਿਆ ਦੀ ਲਾਈਨ ਵਿਚ ਅਗਲਾ ਹਰਕੁਲੀਸ ਸੁਮੇਧ ਸਿੰਘ ਸੈਣੀ ਸੀ..
ਪੁਲਸ ਮੁਖੀ ਬਣਾਇਆ ਵੀ ਓਹਨਾ ਨੇ ਜੋ ਅਕਸਰ ਆਖਿਆ ਕਰਦੇ ਸਨ ਕੇ ਸਾਡਾ ਰਾਜ ਆ ਲੈਣ ਦਿਓ..ਕੱਲੇ ਕੱਲੇ ਜਾਲਮ ਕੋਲੋਂ ਹਿਸਾਬ ਲਵਾਂਗੇ..!
ਬਿਠਾਉਣ ਵਾਲੇ ਜਾਣਦੇ ਸਨ ਕੇ ਕੌਮ ਸਿਰਿਓਂ ਖੱਸੀ ਹੋ ਗਈ ਏ..ਥੋੜਾ ਚਿਰ ਰੌਲਾ ਪਾਵੇਗੀ ਫੇਰ ਕੋਈ ਖਿਡੌਣਾ ਸਿੱਟ ਦੇਵਾਂਗੇ ਆਪੇ ਰੁਝ ਜਾਵੇਗੀ..
ਸਿਸਟਮ ਨੂੰ ਭਲੀ ਭਾਂਤ ਪਤਾ ਸੀ ਕੇ ਜੇ ਇਹ ਘਾਣ ਕਰਨ ਵਾਲੇ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਨਾਵਾਂ ਵਾਲੇ ਹੋਏ ਤਾਂ ਬਾਹਰ ਦੇਸ਼ਾਂ ਵਿਚ ਇਹ ਪ੍ਰਭਾਵ ਜਾਵੇਗਾ...

ਕੇ ਹਿੰਦੁਸਤਾਨ ਵਿਚ ਬਹੁ-ਗਿਣਤੀ ਘੱਟ ਗਿਣਤੀ ਤੇ ਜ਼ੁਲਮ ਕਰਦੀ ਏ!
“ਖੰਗੇ ਸੀ ਤਾਂ ਟੰਗੇ ਸੀ”ਵਾਲੀ ਸੋਚ ਦੀ ਪੁਸ਼ਤਪਨਾਹੀ ਕਰਦੇ ਪੱਗਾਂ ਵਾਲਿਆਂ ਤੋਂ ਹੀ ਪੱਗਾਂ ਦਾ ਘਾਣ ਕਰਵਾਇਆ ਜਾਂਦਾ ਰਿਹਾ..!
ਅੱਜ ਏਨੇ ਵਰ੍ਹਿਆਂ ਬਾਅਦ ਇੱਕ ਵਾਰ ਫੇਰ ਬੜੇ ਖੁਸ਼ ਹਾਂ..
ਸੁਮੇਧ ਸਿੰਘ ਸੈਣੀ ਤੇ ਮੁਲਤਾਨੀ ਕਤਲ ਦੀ ਧਾਰਾ ਪੈ ਗਈ..ਪਰ ਭੋਲਿਓ ਅਤੀਤ ਫਰੋਲੋ..ਕਿੰਨਿਆਂ ਤੇ ਅੱਗੇ ਵੀ ਪਈ ਹੀ ਏ..ਪਰ ਅਖੀਰ ਬਣਿਆ ਕੀ?
ਊਂਠ ਦਾ ਬੁੱਲ ਤੇ ਕਦੀ ਨਹੀਂ ਡਿੱਗਿਆ..ਇਥੇ ਵੀ ਸਿਸਟਮ ਨੇ ਉਸਦਾ ਵਾਲ ਤੱਕ ਵੀ ਵਿੰਗਾ ਨਹੀਂ ਹੋਣ ਦੇਣਾ..ਜਦੋਂ ਬਾਲ ਐਨ ਗੋਲ ਮੂਹਰੇ ਤੱਕ ਅੱਪੜ ਗਈ ਤਾਂ ਰੈਫਰੀ ਨੇ ਫਾਊਲ ਦੇ ਹੀ ਦੇਣਾ..ਭਾਵੇਂ ਜਿੰਨੀਆਂ ਮਰਜੀ ਵਿਕਟਾਂ ਉਖੇੜ ਲਵੋ..ਅੰਪਾਇਰ ਨੇ ਨੋ-ਬਾਲ ਦੇ ਹੀ ਦੇਣੀ ਏ!
ਟਿੱਕ ਟੌਕ,ਮੂਸੇ ਵਾਲੇ,ਆਈਲੈਟਸ,ਗਾਇਕਾਂ ਅਤੇ ਨੀਟੂ ਸ਼ਟਰਾਂ ਵਾਲੇ,ਰੇਤ ਬੱਜਰੀ,ਕੇਬਲ ਔਰਬਿਟ ਵਰਗੇ ਖਿਡੌਣਿਆਂ ਵਿਚ ਰੁਝਿਆ ਹੋਇਆ ਪੰਜਾਬ..ਕਿਸੇ ਕੋਲ ਏਨਾ ਟਾਈਮ ਕਿਥੇ ਕੇ ਅਤੀਤ ਵਿਚ ਕੀ ਹੋਇਆ ਸੀ ਇਸ ਬਾਰੇ ਪੜਚੋਲ ਕੀਤੀ ਜਾਵੇ..ਨਵੀਂ ਪੀੜੀ ਨੂੰ ਦੱਸਿਆ ਜਾਵੇ..!
ਦੱਸਦੇ ਜਦੋਂ ਤਮਾਸ਼ਾ ਵਿਖਾਉਣ ਵਾਲਾ ਮਦਾਰੀ ਰਿੱਛ ਦੇ ਬੱਚੇ ਨੂੰ ਜੰਗਲ ਵਿਚੋਂ ਫੜ ਕੇ ਲਿਆਉਂਦਾ ਏ ਤਾਂ ਸਭ ਤੋਂ ਪਹਿਲਾਂ ਉਸਦੀਆਂ ਅੱਖਾਂ ਸਾਹਵੇਂ ਉਸਦੀ ਮਾਂ ਨੂੰ ਮਾਰ ਦਿੱਤਾ ਜਾਂਦਾ..!
ਫੇਰ ਉਸਦੇ ਨਹੁੰ ਪੁੱਟ ਦਿੱਤੇ ਜਾਂਦੇ..ਦੰਦ ਵੀ ਤੋੜ ਦਿੱਤੇ ਜਾਂਦੇ..ਫੇਰ ਨਾਸਾਂ ਵਿਚ ਮੋਰੀ ਕੱਢ ਨਕੇਲ ਪਈ ਜਾਂਦੀ ਏ ਫੇਰ ਉਸਨੂੰ ਲੋਹੇ ਦੀ ਤਪਦੀ ਹੋਈ ਗਰਮ ਸਲੇਟ ਤੇ ਖਲਿਆਰਿਆ ਜਾਂਦਾ..!
ਜਦੋਂ ਪੈਰ ਸੜਦੇ ਨੇ ਤਾਂ ਉਹ ਮਜਬੂਰੀ ਵੱਸ ਆਪਣੇ ਅਗਲੇ ਪੈਰ ਉਤਾਂਹ ਚੁੱਕ ਪਿਛਲੇ ਪੈਰੀਂ ਹੋ ਜਾਂਦਾ ਏ..!
ਫੇਰ ਘੜੀ ਕੂ ਮਗਰੋਂ ਪਿਛਲੇ ਪੈਰਾਂ ਨੂੰ ਵੀ ਸੇਕ ਤੋਂ ਬਚਾਉਣ ਲਈ ਕਦੀ ਸੱਜੇ ਤੇ ਕਦੀ ਖੱਬੇ ਪੈਰ ਹੁੰਦਾ ਰਹਿੰਦਾ..ਮਦਾਰੀ ਫੇਰ ਉਸਦੀ ਇਸ ਕਾਰਵਾਈ ਨੂੰ ਚੱਲਦੇ ਹੋਏ ਸੰਗੀਤ ਨਾਲ ਲੈ-ਬੱਧ ਕਰ ਦਿੰਦਾ ਏ ਤੇ ਉਹ ਇਸ ਕਿਰਿਆ ਦਾ ਸਦਾ ਲਈ ਆਦੀ ਹੋ ਜਾਂਦਾ ਏ..!
ਇੱਕ ਟਾਈਮ ਮਗਰੋਂ ਮਦਾਰੀ ਜਦੋਂ ਵੀ ਉਸਦੀ ਨਕੇਲ ਖਿੱਚਦਾ ਤਾਂ ਰਿੱਛ ਓਸੇ ਵੇਲੇ ਅਗਲੇ ਪੈਰ ਚੁੱਕ ਨੱਚਣ ਲੱਗ ਪੈਂਦਾ..ਤੇ ਵੇਖਣ ਵਾਲੇ ਤਾੜੀਆਂ ਮਾਰ ਆਪਣੇ ਦਿੱਤੇ ਹੋਏ ਪੈਸੇ ਪੂਰੇ ਕੇ ਲੈਂਦੇ ਨੇ!
ਧਿਆਨ ਨਾਲ ਵੇਖਿਓ ਅੱਜ ਵੀ ਦਿੱਲੀਓਂ ਇਸ਼ਾਰਾ ਹੁੰਦੇ ਸਾਰ ਹੀ ਚੰਡੀਗੜ ਬੈਠੇ ਕਈ ਮਦਾਰੀ ਐਸੀ ਨਕੇਲ ਖਿੱਚ ਦਿੰਦੇ ਨੇ ਕੇ ਸੇਕਾਂ ਸੰਤਾਪਾਂ ਅਤੇ ਬੇਰੁਜਗਾਰੀ ਦਾ ਮਾਰਿਆ ਪੰਜਾਬ ਆਪ ਮੁਹਾਰੇ ਹੀ ਨੱਚਣ ਲੱਗ ਪੈਂਦਾ ਏ..
ਤੇ ਸਾਰਾ ਮੁਲਖ ਸਣੇ ਮੀਡੀਆ ਤਾੜੀਆਂ ਮਾਰ-ਮਾਰ ਆਖ ਉੱਠਦਾ ਏ..ਸਰਹੱਦੋਂ ਕੇ ਰਾਖੇ ਬਹਾਦੁਰ ਪੰਜਾਬੀ..ਇਸ ਬਾਰ ਚੀਨ ਪਾਕਿਸਤਾਨ ਕੋ ਸਬਕ ਜਰੂਰ ਸਿਖਾਏਂਗੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਚੀਨ ਪਾਕਿਸਤਾਨ ਕੋ ਸਬਕ”

  • ਪੜਦਿਆਂ ਸਾਰ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਹਾਣੀ ਤੁਹਾਡੀ ਲਿਖੀ ਹੈ ਚੰਗਾ ਸੁਝਾਅ ਦਿੱਤਾ ਹੈ ਪਰ ਲੋਕ ਡਰ ਦੇ ਹਨ । ਅੱਗੇ ਵੱਧ ਕੇ ਕੋਈ ਗੱਲ ਨਹੀਂ ਕਰ ਦਾ। ਪਹਿਲਾਂ ਵਰਗੇ ਦਲੇਰ ਬਣਨ ਲਈ ਵੱਡੇ ਸਾਰੇ ਦਿਲ ਦੀ ਲੋੜ ਹੈ ਪਰ ਉਹ ਕਿਸੇ ਕੋਲ ਨਹੀ। ਰੱਬ ਰਾਖਾ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)