ਅੱਜ ਔਰਤ ਦਿਵਸ ਤੇ ਇੱਕ ਵਿਧਵਾ ਪੈਨਸ਼ਨ ਵਾਲੀ ਮਾਂ ਵਾਰੇ ਪੇਸ਼ ਹੈ ਇੱਕ ਰਚਨਾ ਸੱਚੀ ਘਟਨਾ ਤੇ ਅਧਾਰਿਤ,,,,,,,,,,,,,
ਰੇਲਵੇ ਸਟੇਸ਼ਨ ਜਲੰਧਰ ਦੇ ਅੰਦਰ ਜਾਂਦਿਆਂ ਪੌੜੀਆਂ ਤੇ ਇੱਕ ਬਜ਼ੁਰਗ ਮਾਤਾ ਬੈਠੀ ਨੇ ਮੈਨੂੰ ਅਵਾਜ ਮਾਰੀ–ਧੀਏ ਆ ਮੈਨੂੰ ਰਿਕਸ਼ਾ ਕਰਵਾ ਦੇ ਵਰਕ ਸ਼ੌਪ ਚੌਂਕ ਜਾਣ ਲਈ। ਪਰ ਮੈਂ ਵੀ ਗੱਡੀ ਫੜਣੀ ਸੀ ,ਲੇਟ ਹੋ ਜਾਣਾ ਸੀ।
ਤਦੇ ਗੱਡੀ ਦੇਰ ਨਾਲ ਆਉਣ ਦੀ ਅਨਾਉਸਮੈਂਟ ਹੋ ਗਈ। ਮੈਨੂੰ ਮਾਤਾ ਪਰੇਸ਼ਾਨ ਜਿਹੀ ਲੱਗੀ। ਮੈਂ ਪੁੱਛ ਲਿਆ ਮਾਤਾ ਇੱਨਾਂ ਸਮਾਨ, ਕੋਲ ਇੱਕ ਟੀਨ ਦਾ ਪੀਪਾ ਆਟੇ ਵਾਲਾ,ਇੱਕ ਥੈਲੇ ਵਿੱਚ ਘਿਉ ਵਾਲਾ ਪੀਪਾ ਤੇ ਖੰਡ ਵਾਲਾ ਲਿਫ਼ਾਫ਼ਾ। ਇੱਕ ਬੈਗ ਵਿੱਚ ਮਾਤਾ ਦੇ ਕਪੜੇ। ਮੈਂ ਕਿਹਾ ਮਾਤਾ ਇੱਨਾਂ ਸਾਮਾਨ ਲੈਕੇ ਇਕੱਲੀ ਤੁਰ ਪਈ,ਵਰਕਸ਼ਾਪ ਚੌਂਕ ਕਿੱਥੇ ਜਾਣਾ, ਦੱਸ ਦਿਉ ਤਾਂ ਮੈਂ ਰਿਕਸ਼ਾ ਵਾਲੇ ਨੂੰ ਸਮਝਾ ਦਿਆਂ।ਮਾਤਾ ਬੋਲੀ ਪੁੱਤ ਵਰਕਸ਼ਾਪ ਚੌਂਕ ਤੋਂ ਮੈਂ ਬੱਸ ਫੜ ਕੇ ਬਾਈ ਜੀ ਕੋਲ ਜਾਣਾ, ਸਾਡੇ ਗੁਆਂਢ ਆਉਂਦੇ ਰਹਿੰਦੇ ਸਮਾਗਮ ਤੇ ,ਮੈਂ ਗੁਰੂ ਧਾਰੇ ਹੋਏ ਹਨ।ਕਹਿੰਦੇ ਸੀ ਦੁੱਖ ਸੁੱਖ ਹੋਵੇ ਤਾਂ ਆਜੀਂ ਸਾਡੇ ਕੋਲ ਸਾਂਭ ਲਵਾਂਗੇ ।ਮੈਨੂੰ ਸ਼ੱਕ ਜਿਹਾ ਹੋਇਆ ਤੇ
ਮੈਂ ਵੀ ਬਹਿ ਗਈ ਮਾਤਾ ਕੋਲ ।
ਮਾਤਾ ਨੇ ਦੱਸਣਾ ਸ਼ੁਰੂ ਕੀਤਾ, ਧੀਏ ਹੁਸ਼ਿਆਰਪੁਰ ਦੀ ਗੱਡੀ ਵਿੱਚੋ ੳਤੱਰ ਕੇ ਆਈ ਹਾਂ।
ਕਾਰਗਿਲ ਦੇ ਯੁੱਧ ਵਿੱਚ ਮਾਰੇ ਗਏ ਫ਼ੌਜੀ ਦੀ ਵਿਧਵਾ ਹਾਂ ਮੈਂ ਸੰਤੀ ,ਦੋ ਬੱਚਿਆਂ ਦੀ ਮਾਂ ਸੀ। ਪੂਰੀ ਪੈਨਸ਼ਨ ਤੇ ਰਿਵਾਰਡ ਦੀ ਰਕਮ ਮਿਲੀ।ਛੋਟੇ ਛੋਟੇ ਬੱਚੇ ਔਖੇ ਸੌਖੇ ਪਾਲੇ ਪੜਾਏ ਤੇ ਦੋਵਾਂ ਪੁੱਤਰਾਂ ਨੂੰ ਕੰਮ ਖੋਲਣ ਵਿੱਚ ਪੈਸੇ ਨਾਲ ਵੀ ਪੂਰੀ ਮੱਦਦ ਕੀਤੀ, ਦੋਵੇਂ ਪੁੱਤ ਵਿਆਹ ਦਿੱਤੇ। ਵੱਡੇ ਪੁੱਤ ਨੇ ਅਪਣਾ ਕਾਰੋਬਾਰ ਹੁਸ਼ਿਆਰ ਪੁਰ ਤੋਂ ਜਾਲੰਧਰ ਸ਼ਿਫਟ ਕਰ ਲਿਆ।
ਵੱਡੇ ਪੁੱਤ ਦਾ ਲੱਕੜ ਦੇ ਆਰੇ ਦਾ ਕੰਮ ਵਾਹਵਾ ਚੱਲ ਪਿਆ।ਛੋਟੇ ਦਾ ਕੰਮ ਕੁੱਝ ਠੰਡਾ ਮਿੱਸਾ ਜਿਹਾ ਸੀ। ਮੈਂ ਛੋਟੇ ਨਾਲ ਰਹਿਨ ਦਾ ਫ਼ੈਸਲਾ ਕਰ ਲਿਆ। ਮੇਰੀ ਪੈਨਸ਼ਨ ਨਾਲ ਮੱਦਦ ਹੋਣ ਲੱਗ ਪਈ । ਹੋਲੀ ਹੋਲੀ ਮੇਰੀ ਨੂੰਹ ਮੇਰੇ ਖਾਣ ਪਹਿਨਣ ਤੇ ਉੱਚਾ ਨੀਵਾਂ ਬੋਲਣ ਲੱਗ ਪਈ।ਕਹਿੰਦੀ ਜਾਹ ਵੱਡੇ ਕੋਲ ਜਿਸਨੂੰ ਸਾਡੇ ਤੋਂ ਚੋਰੀ ਪੈਸਾ ਦਿੰਦੀ ,ਸਾਡੀ ਇਕੱਲਿਆਂ ਦੀ ਮਾਂ ਨਹੀਂ।
ਦੱਸ ਧੀਏ ਅਜੇ ਤਾਂ ਮੈਂ ੳਸ ਦਾ ਘਰ ਚਲਾਉਂਦੀ, ਜੇ ਕਿਤੇ ਮੇਰੀ ਪੈਨਸ਼ਨ ਨਾਂ ਹੁੰਦੀ ਤਾਂ ਕੀ ਹੁੰਦਾ?
ਇਹ ਤਾਂ ਭਲਾ ਹੋਵੇ ਬਾਈ ਜੀ ਦਾ...
ਜਿਹਦੇ ਲੜ ਲੱਗੀ ਹੋਈ ਆਂ। ਓਨਾਂ ਦਾ ਕੀ ਆ ,ਕਹਿੰਦੇ ਮਰੀ ਤੇ ਗਿੱਲੀਆਂ ਲੱਕੜਾਂ ਪਾਕੇ ਫੂਕਣਾ ਤੈਨੂੰ,ਧੁੱਖਦੀ ਰਹੀ।
ਹੁਣ ਸਾਰੀ ਗੱਲ ਸਮੱਝ ਆ ਗਈ ਸੀ ਮੈਨੂੰ।
ਮੈਂ ਮਾਤਾ ਨੂੰ ਪੁੱਛਿਆ, ਮਾਤਾ ਪੈਨਸ਼ਨ ਦੀ ਕਾਪੀ ਕਿੱਥੇ ? ਕਹਿੰਦੀ ਹੁਣ ਤਾਂ ਮੇਰੇ ਕੋਲ ਹੈ।ਬਾਈ ਜੀ ਨੇ ਕਿਹਾ, ਬੱਸ ਤੂੰ ਆ ਜਾਈਂ, ਮੰਜਾ ਬਿਸਤਰਾ ਅਸੀਂ ਦੇ ਦਿਆਂਗੇ,ਆਪੇ ਸਾੰਭਣਗੇ ਮੈਨੂੰ ਮਰੀ ਨੂੰ।
ਬੜਾ ਤਰਸ ਆਇਆ ਮਾਤਾ ਤੇ ।ਦੋ ਕੱਪ ਚਾਹ ਮੰਗਵਾਈ ਤੇ ਮਾਤਾ ਨਾਲ ਪੀਤੀ।
ਮੈੰ ਪੁਛਿੱਆ ਮਾਤਾ ਕਿੰਨੇ ਪੋਤੇ ਪੋਤੀ ? ਕਹਿੰਦੀ ਸੁੱਖ ਨਾਲ ਦੋ ਪੋਤੇ ਤੇ ਇੱਕ ਪੋਤੀ।
ਉਸਦੇ” ਸੁੱਖ ਨਾਲ” ਕਹਿਣ ਵਿੱਚ ਸਾਰਾ ਛੁਪਿਆ ਭੇਦ ਉਜਾਗਰ ਹੋ ਗਿਆ। ਮੈਂ ਇਕੋ ਗੱਲ ਪੁੱਛੀ, ਮਾਤਾ ਤੇਰੇ ਜਾਣ ਤੋਂ ਬਾਦ ਬੱਚਿਆਂ ਦੀ ਪੜ੍ਹਾਈ ਛੁੱਟ ਜਾਣੀ,ਤੇਰੇ ਹੱਥੀ ਤੇਰੇ ਪੁੱਤ ਦਾ ਘਰ ਉਜੱੜ ਜਾਣਾ। ਪੈਨਸ਼ਨ ਦੇ ਕੇ ਬਾਈ ਜੀ ਦੀ ਸੇਵਾ ਕਰੇਂਗੀ ,ਭਲੀਏ ਲੋਕੇ ਜਰਾ ਧੀਰਜ ਤੇ ਸਮੱਝ ਤੋਂ ਕੰਮ ਲੈ,ਅਪਣੇ ਪੁੱਤ ਦੀ ਮਦੱਦ ਕਰ ,ਜਿੰਨਾਂ ਚਿਰ ਜਿਉਂਦੀ ਏ।ਕਹਿੰਦੀ ਪੋਤਾ ਪੋਤੀ ਤਾਂ ਮੈਨੂੰ ਬਹੁਤ ਕਰਦੇ ,ਪਰ ਜਦੋਂ ਪੈਸੇ ਲੈਣੇ ਹੁੰਦੇ। ਅਕਲ ਠਿਕਾਣੇ ਆਜੂ ਓਸ ਦੀ , ਦੇਖੂ ਕਿਹੜੇ ਜਣਦੇ ਓਸ ਦੇ ਆਉਂਦੇ ਮੱਦਦ ਕਰਨ ਲਈ। ਮੈਂ ਬੜੀ ਮੁਸ਼ਕਿਲ ਨਾਲ ਸਮਝਾੱਇਆ ਮਾਤਾ ਨੂੰ। ਸੋਚਿੱਆ,ਕਿਸੇ ਤਰ੍ਹਾਂ ਹੋਸ਼ਿਆਰਪੁਰ ਵਾਲੀ ਗੱਡੀ ਵਿੱਚ ਬੈਠਣ ਲਈ ਮੰਨ ਜਾਵੇ।ਪਰ ਜੇ ਘਰ ਨਾ ਪਹੁੰਚੀ? ਮੇਰੀ ਗੱਡੀ ਦੀ ਵੀ ਅਨਾਉਸਮੈਂਟ ਹੋ ਰਹੀ ਸੀ।
ਇੰਨੇ ਵਿੱਚ ਇੱਕ ਆਦਮੀ ਆਇਆ ਤੇ ਮਾਤਾ ਦੇ ਮੋਢਿਆਂ ਤੇ ਹੱਥ ਰੱਖ ਬੋਲਿਆ –ਓਫ ਮਾਤਾ ਜਾਣ ਕੱਢਤੀ ਸਾਡੀ ਤੂੰ ਤੇ,ਇੱਥੇ ਬੈਠੀ,ਸਾਰਾ ਸਟੇਸ਼ਨ ਗਾਹ ਮਾਰਿਆ ।ਮਾਤਾ ਦਾ ਵੱਡਾ ਪੁੱਤ ਸੀ,ਛੋਟੇ ਦੇ ਫੋਨ ਆਉਣ ਤੇ ਮਾਤਾ ਨੂੰ ਲੱਭ ਰਿਹਾ ਸੀ।ਮੇਰੇ ਸਾਹ ਵਿੱਚ ਸਾਹ ਆਇਆ। ਮਾਤਾ
ਪੁੱਤ ਨੂੰ ਕਹਿੰਦੀ” ਇਹ ਤਾਂ ਮੈਂ ਇਸ ਕੁੜੀ ਦੀਆਂ ਗੱਲਾ ਵਿੱਚ ਆ ਗਈ ,ਨਹੀਂ ਤਾਂ,,,,?
ਪੁੱਤ ਨੇ ਮੈਨੂੰ ਸ਼ੁਕਰੀਆ ਕਿਹਾ ਤੇ ਗਿੱਲੀਆਂ ਅੱਖਾਂ ਨਾਲ ਮਾਤਾ ਨੂੰ ਘੁੱਟ ਕੇ ਜੱਫੀ ਪਾਈ,ਇਹ ਦੇਖਦਿਆਂ ਮੈਂ ਵੀ ਦੌੜ ਕੇ ਗੱਡੀ ਫੜ ਲਈ।
*ਔਰਤ ਦਿਵਸ ਦੀਆਂ ਮੁਬਾਰਕਾਂ ਸਾਰਿਆਂ ਨੂੰ*
***************
(ਬਲਰਾਜ ਚੰਦੇਲ ਜੰਲਧਰ)