ਜਦ ਆਪਣੇ ਤੇ ਬੀਤਦੀ ਹੈ ਫੇਰ ਮਹਿਸੂਸ ਹੁੰਦਾ ਆਪਣੀ ਗ਼ਲਤੀ ਦਾ..
ਗੋਰਿਆਂ ਦੀ ਇਹ ਗੱਲ ਮੈਨੂੰ ਬਹੁਤ ਵਧੀਆ ਲਗਦੀ ਹੈ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਨਹੀਂ 90 ਪ੍ਰਤੀਸ਼ਤ ਗੋਰੇ ਤੁਹਾਡੇ ਕੋਲੋਂ ਨਿਕਲਣ ਵੇਲੇ ਹੱਸ ਕੇ ਤੁਹਾਨੂੰ ਵਿਸ਼ ਜਰੂਰ ਕਰਣਗੇ ।
ਅੱਜ ਸ਼ਾਮੀ ਸੈਰ ਕਰਦਿਆਂ ਇੱਕ ਘਰ ਦੇ ਯਾਰਡ ‘ਚ ਖੇਡਦਿਆਂ ਦੋ ਤਿੰਨ ਬੱਚਿਆਂ ਵਲੋਂ ਕੀਤੀ ਹਰਕਤ ਨੇ ਮੈਨੂੰ ਆਪਣੇ ਬਚਪਨ ਵੇਲੇ ਅੰਜਾਨਪੁਣੇ ਚ ਕੀਤੀ ਆਪਣੀ ਇੱਕ ਗਲਤੀ ਯਾਦ ਕਰਾ ਦਿੱਤੀ ।
ਖੇਤੀਬਾੜੀ ਯੂਨੀਵਰਸਟੀ ਵਿਚਲੇ ਸਰਕਾਰੀ ਸਕੂਲ ਵਿਚ ਪੜ੍ਹਦਿਆਂ ਸਾਲ ਚ ਦੋ ਬਾਰ ਲੱਗਣ ਵਾਲੇ ਕਿਸਾਨ ਮੇਲੇ ਵਿਚ ਘੁੰਮਣ ਦਾ ਬੜਾ ਸ਼ੋਂਕ ਹੁੰਦਾ ਸੀ। ਗੱਲ 92/93 ਦੀ ਆ ਸ਼ਾਇਦ .. ਕਿਸਾਨ ਮੇਲਾ ਲੱਗਿਆ ਹੋਇਆ ਸੀ ਅਤੇ ਮੈਂ ਤੇ ਮੇਰਾ ਇੱਕ ਦੋਸਤ ਪੁਸ਼ਪਿੰਦਰ(ਪੂਸ਼ੀ) ਮੇਲੇ ਵਿੱਚ ਲੱਗੇ ਅਲੱਗ ਅਲੱਗ ਸਟਾਲਾਂ ਤੇ ਘੁੰਮ ਰਹੇ ਸੀ। ਮੇਲੇ ਦੇ ਮੁੱਖ ਗੇਟ ਕੋਲ ਪਹੁੰਚੇ ਤਾਂ ਸਾਹਮਣਿਓਂ ਦੋ ਅਫਰੀਕੀ ਮੂਲ(ਸ਼ਾਇਦ ਘਾਨਾ ਦੇਸ਼ ਦੀਆਂ) ਦੀਆਂ ਬੀਬੀਆਂ ਆਉਂਦੀਆਂ ਦਿਸੀਆਂ। ਉਹਨਾਂ ਦੇ ਸਰੀਰ ਬਹੁਤ ਮੋਟੇ, ਰੰਗ ਹਦੋਂ ਵੱਧ ਕਾਲੇ, ਸਿਰ ਤੇ ਉਹਨਾਂ ਦੁਪੱਟਾ ਅਜੀਬ ਜਿਹੇ(ਸਾਡੇ ਮੁਤਾਬਿਕ) ਢੰਗ ਨਾਲ ਲਪੇਟਿਆ ਹੋਇਆ ਤੇ ਫ਼ਰਾਕ ਜਿਹਾ ਵਰਗਾ ਉਹਨਾਂ ਕੁਝ ਪਾਇਆ ਹੋਇਆ। ਸਾਡੇ ਲਈ ਇਹ ਬਹੁਤ ਅਜੀਬ ਜਿਹਾ ਸੀ(ਸ਼ਾਇਦ ਟੀ ਵੀ ਤੇ ਚਲਦੇ ਰਮਾਇਣ ਮਹਾਂਭਾਰਤ ਸੀਰੀਅਲ ਚ ਦਿਖਾਈਆਂ ਜਾਂਦੀਆਂ ਇਹੋ ਜਿਹੀਆਂ ਰਾਖਸ਼ਨੀਆ ਕਰਕੇ)
ਪੂਸ਼ੀ ਉਹਨਾਂ ਵੱਲ ਉਂਗਲ ਕਰ ਮੈਨੂੰ ਕਹਿੰਦਾ “ਉਹ ਦੇਖ ਓਏ ਮੱਝਾਂ ਸੰਗਲ ਤੁੜਾ ਮੇਲੇ ਚ ਵੜ ਗਈਆਂ” ਤੇ ਅਸੀਂ ਦੋਵੇਂ ਉਹਨਾਂ ਨੂੰ ਦੇਖ ਹੱਸਣ ਲੱਗੇ ਜਿਸਨੂੰ ਉਹਨਾਂ ਬੀਬੀਆਂ ਨੇ ਦੇਖ ਲਿਆ ਤੇ ਸਾਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਣ ਲੱਗੀਆਂ..ਆਪਣੇ...
ਅੰਦਰ ਵਸੇ ਡਰ ਕਾਰਣ ਸਾਨੂੰ ਲੱਗਿਆ ਇਹ ਸਾਨੂੰ ਕੁੱਟਣ ਗੀਆਂ ਆਪਾਂ ਮੇਲੇ ਵਿਚਲੀ ਭੀੜ ‘ਚ ਗਾਇਬ ਹੋਣ ਬਾਰੇ ਸੋਚਿਆ ਪਰ ਆਪਣੇ ਆਲੇ ਦੁਆਲੇ ਭੀੜ ਦੇਖ ਹੌਂਸਲਾ ਜਿਹਾ ਕਰ ਉਹਨਾਂ ਕੋਲ ਚਲੇ ਗਏ।
ਉਹ ਪੂਸ਼ੀ ਨੂੰ ਕਹਿੰਦੀਆਂ…
“Why r u laughing at us..? We r also human being … (ਤੁਸੀਂ ਸਾਡੇ ਵੱਲ ਦੇਖ ਕਿਉਂ ਹੱਸੇ..? ਅਸੀਂ ਵੀ ਮਨੁੱਖ ਹਾਂ..)
ਉਥੇ ਭੀੜ ‘ਕੱਠੀ ਹੋ ਗਈ ਤੇ ਲੱਗਭਗ ਸਾਰੇ ਉਹਨਾਂ ਬੀਬੀਆਂ ਤੇ ਹੱਸਣ। ਖ਼ੈਰ ਅਸੀਂ ਜਿੰਨੀ ਕੁ ‘ਗ੍ਰੇਜੀ ਆਉਂਦੀ ਸੀ ਉਹਦੇ ਵਿੱਚ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਤੇ ਗੱਲ ਖ਼ਤਮ ਕੀਤੀ.. ਪਰ ਸਾਨੂੰ ਆਪਣੇ ਵਰਤਾਉ ਤੇ ਕੋਈ ਸ਼ਰਮਿੰਦਗੀ ਨਹੀਂ ਸੀ ਉਸ ਵੇਲੇ ..
ਐਨੇ ਸਾਲ ਬੀਤਣ ਕਾਰਨ ਮੈਂ ਵੀ ਇਹ ਗੱਲ ਭੁੱਲ ਭੁਲਾ ਗਿਆ ਪਰ ਸੈਰ ਕਰਦਿਆਂ ਬੱਚਿਆਂ ਵੱਲੋਂ ਮੇਰੇ ਵੱਲ ਇਸ਼ਾਰਾ ਕਰ ਹੱਸਣ ਤੇ ਡਰ ਕੇ ਘਰ ਅੰਦਰ ਵੜਨ ਕਾਰਨ ਅੱਜ ਫੇਰ ਮੈਨੂੰ ਉਹ ਗੱਲ ਯਾਦ ਆ ਗਈ… ਕਿਉਂਕਿ ਇਹਨਾਂ ਅੰਗਰੇਜ਼ ਬੱਚਿਆਂ ਲਈ ਮੇਰਾ ਦਾਹੜਾ ਮੇਰੀ ਪੱਗ ਅਜੀਬ ਹਨ। ਡਰ ਤੇ ਹੱਸਣ ਦਾ ਵਿਸ਼ਾ ਹਨ ਉੱਦਾਂ ਹੀ ਜਿਵੇਂ ਉਹ ਅਫਰੀਕਨ ਬੀਬੀਆਂ ਸਾਡੇ ਲਈ ਅਜੀਬ ਸਨ।
ਮੈਨੂੰ ਆਪਣੀ ਉਸ ਵੇਲੇ ਕੀਤੀ ਗਲਤੀ ਦਾ ਅੱਜ ਦਿਲੋਂ ਅਹਿਸਾਸ ਹੋਇਆ ਜਦੋਂ ਅੱਜ ਮੇਰੇ ਖ਼ੁਦ ਨਾਲ ਬੀਤੀ… ‘ਕਾਸ਼ ਉਹ ਬੀਬੀਆਂ ਮੈਨੂੰ ਫੇਰ ਮਿਲ ਜਾਣ ਤੇ ਮੈਂ ਉਹਨਾਂ ਤੋਂ ਦਿਲੋਂ ਮੁਆਫ਼ੀ ਮੰਗ ਸਕਾਂ।
ਮਨਦੀਪ ਸਿੰਘ ‘ਲੁਧਿਆਣਾ’