ਦਰਸ਼ਨ ਸਿੰਘ
ਘਰ ਦੇ ਬਾਹਰ ਬਣੇ ਮਾਰਬਲ ਦੇ ਸਟੋਰ ਤੇ ਕੰਮ ਕਰਦਾ ਪੂਰਾਣਾ ਕਾਮਾ..!
ਕਦੇ ਅੰਦਰ ਬਾਹਰ ਜਾਣਾ ਪੈ ਜਾਂਦਾ ਤਾਂ ਸਾਰਾ ਕੰਮ ਉਹ ਹੀ ਵੇਖਦਾ..ਕਈ ਵੇਰ ਪੈਸਿਆਂ ਵਾਲੀ ਅਲਮਾਰੀ ਖੁੱਲੀ ਵੀ ਰਹਿ ਜਾਂਦੀ ਤੇ ਸ਼ਾਮੀ ਪੂਰੀ ਦੀ ਪੂਰੀ ਰਕਮ ਉਂਝ ਦੀ ਉਂਝ ਹੀ ਅੰਦਰ ਪਈ ਹੁੰਦੀ..!
ਪਰ ਸਾਡੀ ਬੀਜੀ ਨੂੰ ਪਤਾ ਨੀ ਕੀ ਬੇਇਤਬਾਰੀ ਸੀ ਕੇ ਮੇਰੀ ਗੈਰ-ਹਾਜਰੀ ਵਿਚ ਪੈਸਿਆਂ ਦਾ ਲੈਣ ਦੇਣ..ਫੋਨ ਤੇ ਗੱਲਬਾਤ..ਸਟਾਕ ਦੀ ਲੁਹਾਈ ਤੁਲਾਈ..ਗੱਲ ਕੀ ਹਰ ਕੰਮ ਵਿਚ ਉਸਦੇ ਆਸੇ ਪਾਸੇ ਹੀ ਤੁਰੀ ਫਿਰਦੀ ਰਹਿੰਦੀ..!
ਭਾਵੇਂ ਬਹੁਤੀਆਂ ਗੱਲਾਂ ਦੀ ਸਮਝ ਨਾ ਪਿਆ ਕਰਦੀ ਪਰ ਫੇਰ ਵੀ ਇਹੋ ਪ੍ਰਭਾਵ ਦਿੰਦੀ ਕੇ ਮੈਨੂੰ ਹਰੇਕ ਹੁੰਦੀ ਵਾਪਰਦੀ ਦਾ ਪਤਾ ਲੱਗ ਰਿਹਾ ਏ..!
ਮੈਂ ਵਾਪਿਸ ਮੁੜਦਾ ਤਾਂ ਕੱਲੀ ਕੱਲੀ ਗੱਲ ਦੱਸਦੀ..ਕੌਣ ਆਇਆ ਸੀ..ਕਿਸ ਨਾਲ ਗੱਲ ਕੀਤੀ..ਕਿਸ ਕੋਲੋਂ ਪੈਸੇ ਫੜੇ..ਹੋਰ ਵੀ ਕਿੰਨਾ ਕੁਝ..!
ਮੈਂ ਅੱਗਿਓਂ ਹੱਸ ਛੱਡਦਾ..ਆਖਦਾ ਬੀਜੀ ਫਿਕਰ ਨਾ ਕਰਿਆ ਕਰ..!
ਅੱਗਿਓਂ ਆਖਦੀ ਫਿਕਰ ਕਿਓਂ ਨਾ ਕਰਾਂ..ਮੇਰੇ ਪੁੱਤ ਦੀ ਕਮਾਈ..ਉਹ ਓਧਰ ਪੱਕੇ ਕੋਠੇ ਛੱਤੀ ਜਾਂਦਾ..ਨਿਆਣੇ ਉਸਦੇ ਨਿੱਤ ਨਵੇਂ-ਨਵੇਂ ਸਕੂਟਰ ਭਜਾਈ ਫਿਰਦੇ..ਤੂੰ ਭੋਲਾ ਏਂ..ਤੈਨੂੰ ਸਮਝ ਨਹੀਂ..ਸਭ ਕੁਝ ਬੱਸ ਇਥੋਂ ਹੀ ਜਾਂਦਾ ਏ..ਮੇਰੇ ਹਿਸਾਬ ਨਾਲ ਚਾਰ ਪੰਜ ਲੱਖ ਦੀ ਹੇਰਾਫੇਰੀ ਤੇ ਕਰ ਹੀ ਗਿਆ ਹੋਣਾ ਹੁਣ ਤੱਕ..ਫੇਰ ਆਖਦੀ ਪੁੱਤ ਆਪਣਾ ਲੈਣ ਦੇਣ ਹਮੇਸ਼ਾਂ ਕਾਪੀ ਤੇ ਲਿਖ ਕੇ ਰਖਿਆ ਕਰ..!
ਦਰਸ਼ਨ ਵੀ ਕਈ ਵੇਰ ਹੱਸਦਾ ਹੋਇਆ ਆਖ ਦਿਆ ਕਰਦਾ ਕੇ ਬੀਜੀ ਮੇਰੇ ਤੇ ਸ਼ੱਕ ਕਰਦੀ ਏ..ਮੈਂ ਕਹਿ ਛੱਡਦਾ ਕੇ ਮਿੱਤਰਾ ਸੁਣ ਜਰੂਰ ਲਿਆ ਕਰ ਪਰ ਪ੍ਰਵਾਹ ਨਾ ਕਰਿਆ ਕਰ..!
ਬੀਜੀ ਦਾ ਆਪਣੇ ਚੰਡੀਗੜ ਪੜਦੇ ਪੋਤਰੇ ਨਾਲ ਵਾਹਵਾ ਮੋਹ ਸੀ..
ਸਾਰੀ ਪੈਨਸ਼ਨ ਬੱਸ ਉਸਨੂੰ ਹੀ ਦਿਆ ਕਰਦੀ..ਅਕਸਰ ਆਖਦੀ ਖੁੱਲ੍ਹਾ ਖਰਚ ਕਰਿਆ ਕਰ ਮੇਰਿਆ ਛਿੰਦਿਆ..!
ਉਹ ਵੀ ਲੋਹਾ ਗਰਮ ਵੇਖ ਸੱਟ ਮਾਰਦਾ..ਤੇ ਬੀਜੀ ਸਭ ਕੁਝ ਓਸੇ ਵੇਲੇ ਅੱਗੇ ਲਿਆ ਢੇਰੀ ਕਰ ਦਿਆ ਕਰਦੀ..!
ਫੇਰ ਇੱਕ ਦਿਨ ਬਹੁਤ...
ਢਿੱਲੀ ਹੋ ਗਈ..!
ਡਾਕਟਰ ਆਖਣ ਲੱਗਾ ਖੂਨ ਚਾਹੀਦਾ..ਪਰ ਲੋੜੀਂਦਾ ਗਰੁੱਪ ਨਾ ਮਿਲਿਆ..ਦਰਸ਼ਨ ਆਖਣ ਲੱਗਾ ਮੇਰਾ ਵੇਖ ਲਵੋ..ਸਬੱਬੀਂ ਮੈਚ ਹੋ ਗਿਆ..ਫੇਰ ਪੂਰੀਆਂ ਤਿੰਨ ਬੋਤਲਾਂ ਦਿੱਤੀਆਂ..ਉਹ ਵੀ ਅੱਗੜ ਪਿੱਛੜ..ਫੇਰ ਹਫਤਾ ਭਰ ਦਿਨ ਰਾਤ ਰੱਜ ਕੇ ਸੇਵਾ ਕੀਤੀ!
ਪਰ ਬਚੀ ਫੇਰ ਵੀ ਨਾ ਤੇ ਅਖੀਰ ਨੂੰ ਇੱਕ ਦਿਨ ਤੜਕੇ ਰਵਾਨਗੀ ਪਾ ਗਈ..!
ਕਰੋਨਾ ਦੇ ਸ਼ੱਕ ਕਾਰਨ ਮੜੀਆਂ ਦੇ ਆਖਰੀ ਸਫ਼ਰ ਤੇ ਮੋਢਾ ਦੇਣ ਕੋਈ ਵੀ ਨੇੜੇ ਨਾ ਆਵੇ..ਇਥੋਂ ਤੱਕ ਕੇ ਪੋਤਰੇ ਨੇ ਵੀ ਸਿਰਫ ਫੋਨ ਤੇ ਹੀ ਦੋ ਚਾਰ ਹੰਜੂ ਵਹਾ ਬੁੱਤਾ ਜਿਹਾ ਸਾਰ ਦਿੱਤਾ..!
ਇਸ ਵੇਰ ਵੀ ਫੇਰ ਦਰਸ਼ਨ ਹੀ ਅੱਗੇ ਆਇਆ..ਕਿੱਟ ਵੀ ਨਾ ਪਾਈ ਤੇ ਸਿਰਫ ਮੂੰਹ ਹੀ ਢੱਕਿਆ..ਆਖਣ ਲੱਗਾ ਸਰਦਾਰ ਜੀ ਭਾਵੇਂ ਜਿੱਦਾਂ ਮਰਜੀ ਦੀ ਸੀ..ਦਿਲੋਂ ਮੋਹ ਤੇ ਬੜਾ ਹੀ ਜਿਆਦਾ ਕਰਿਆ ਕਰਦੀ ਸੀ..ਉੱਤੋਂ ਹੁਣ ਤੇ ਜਾਂਦੀ ਹੋਈ ਨਾਲ ਖੂਨ ਦਾ ਰਿਸ਼ਤਾ ਵੀ ਬਣ ਗਿਆ ਸੀ..!
ਫੁੱਲ ਚੁਗਣ ਤੋਂ ਲੈ ਕੇ ਭੋਗ ਤੱਕ ਹਰ ਕਾਰਜ ਅੱਗੇ ਹੋ ਕੇ ਭੁਗਤਾਇਆ..!
ਅੱਜ ਭਾਵੇਂ ਗਈ ਨੂੰ ਪੂਰੇ ਦੋ ਮਹੀਨੇ ਹੋ ਗਏ ਨੇ ਪਰ ਅਜੇ ਵੀ ਇਹ ਹਿਸਾਬ ਕਿਤਾਬ ਪੂਰੀ ਤਰਾਂ ਸਮਝ ਵਿਚ ਨਹੀਂ ਆ ਰਿਹਾ ਕੇ ਕੌਣ ਆਪਣਾ ਕਰਜਾ ਲਾਹ ਗਿਆ ਤੇ ਕੌਣ ਚਾੜ ਗਿਆ..ਤੇ ਕਿਸ ਨੇ ਦਿਨ ਦਿਹਾੜੇ ਪੈਸੇ ਮਾਰ ਲਏ..!
ਕਿਉਂਕਿ ਕੁਝ ਲੈਣ ਦੇਣ ਐਸੇ ਹੁੰਦੇ ਨੇ ਜੋ ਦੁਨਿਆਵੀ ਵਰਕਿਆਂ ਤੇ ਬਿਲਕੁਲ ਵੀ ਨਹੀਂ ਲਿਖੇ ਜਾ ਸਕਦੇ..ਓਹਨਾ ਨੂੰ ਸਿਰਫ ਰੂਹਾਂ ਵਾਲੇ ਵਹੀ ਖਾਤਿਆਂ ਵਿਚ ਮੂੰਹ ਜ਼ੁਬਾਨੀ ਹੀ ਚੇਤੇ ਰੱਖਣਾ ਪੈਂਦਾ ਏ..!
ਤੇ ਅਜੋਕੇ ਕੰਪਿਊਟਰ ਯੁੱਗ ਵਿੱਚ ਓਹਨਾ ਵਹੀ ਖਾਤਿਆਂ ਦੀ ਵਰਤੋਂ ਬਹੁਤ ਹੀ ਜਿਆਦਾ ਘਟ ਗਈ ਏ!
True Story
ਹਰਪ੍ਰੀਤ ਸਿੰਘ ਜਵੰਦਾ