More Punjabi Kahaniya  Posts
ਫ਼ੋਕੀ ਸ਼ੁਹਰਤ


ਉਹਦਾ ਨਾਂ ਭਾਵੇਂ ਸੰਪੂਰਨ ਸਿੰਘ ਸੀ ਪਰ ਪਿਆਰ ਨਾਲ ਸਾਰੇ ਉਸਨੂੰ ਪੂਰਨ ਸਿੰਘ ਹੀ ਆਖਦੇ ਸਨ। ਉਹਨੇ ਆਪਣੇ ਨਾਂ ਵਿਚਲੇ ਅਰਥ ਦੀ ਪੂਰੀ ਲਾਜ ਰੱਖੀ ਸੀ। ਹੈ ਵੀ ਉਹ ਹਰ ਗੱਲ ਵਿੱਚ ਸੰਪੂਰਨ ਸੀ ਭਾਵ ਪੂਰਾ ਸੀ। ਉਹਦੀ ਉਮਰ ਭਾਵੇਂ ਨੱਬੇ ਸਾਲ ਹੀ ਗਈ ਸੀ ਪਰ ਸਰੀਰ ਉਹਦਾ ਪੂਰਾ ਤੰਦਰੁਸਤ ਸੀ। ਉਹ ਆਪਣੇ ਸਮੇਂ ਦਾ ਚੰਗਾ ਪੜਿਆ-ਲਿਖਿਆ ਸੀ। ਸਰਕਾਰੀ ਨੌਕਰੀ ਤਾਂ ਭਾਵੇਂ ਉਸਨੇ ਨਹੀਂ ਕੀਤੀ ਸੀ ਕਿਉਂਕਿ ਉਸ ਸਮੇਂ ਨੌਕਰੀ ਕਰਨਾ ਨਿਖਿਧ ਕਿੱਤਾ ਸਮਝਿਆ ਜਾਂਦਾ ਸੀ ਤੇ ਤਨਖਾਹ ਦੇ ਪੈਸੇ ਵੀ ਬਹੁਤੇ ਨਹੀਂ ਮਿਲਦੇ ਸਨ। ਖੇਤੀਬਾੜੀ ਵਿੱਚ ਉਸਦਾ ਡਾਢਾ ਸੌਂਕ ਸੀ ਕਿਉਂਕਿ ਉਸ ਸਮੇਂ ਖੇਤੀ ਵਿੱਚ ਪੈਸੇ ਚੰਗੇ ਬਚਦੇ ਸਨ ਤੇ ਖਰਚਾ ਕੋਈ ਹੈ ਨਹੀਂ ਸੀ। ਬਾਕੀ ਕਿਰਤ ਕਰਨਾ ਉਸਨੂੰ ਚੰਗਾ ਲੱਗਦਾ ਸੀ। ਉਹਨੇ ਔਖੇ-ਸੌਖੇ ਸਾਰੇ ਸਮੇਂ ਵੇਖੇ ਸੀ। ਉਹਨੇ ਦੇਸ ਦੀ ਗ਼ੁਲਾਮੀ ਤੋਂ ਲੈ ਅਜ਼ਾਦੀ ਤੱਕ ਤੇ ਅਜ਼ਾਦੀ ਤੋਂ ਹੁਣ ਤੱਕ ਦਾ ਲੰਮਾ ਸਫਰ ਮਾਣਿਆ ਸੀ। ਉਹ ਪੋਤਿਆਂ-ਪੜਪੋਤਿਆਂ ਵਾਲਾ ਹੋ ਗਿਆ ਸੀ। ਉਹਨੇ ਕਈ ਪੀੜ੍ਹੀਆਂ ਦਾ ਰੰਗ ਮਾਣਿਆ ਸੀ। ਉਹਨੂੰ ਸਾਦਾ ਜੀਵਨ ਨਾਲ ਗਹਿਰਾ ਲਗਾਵ ਸੀ। ਅੱਜ ਦੀ ਕਾਹਲ ਤੇ ਦਿਖਾਵੇ ਭਰਪੂਰ ਜ਼ਿੰਦਗੀ ਨੂੰ ਉਹ ਫਜ਼ੂਲ ਸਮਝਦਾ ਸੀ। ਜਿਹੜੇ ਢੰਗ ਨਾਲ ਲੋਕਾਂ ਵਿੱਚ ਅੱਜ ਵਿਹਲਾਪਣ,ਫੋਕੀ ਸ਼ੁਹਰਤ ਤੇ ਈਰਖਾਬਾਜੀ ਘਰ ਕਰ ਗਈ ਸੀ, ਇਸਨੂੰ ਉਹ ਬਿਲਕੁੱਲ ਪਸੰਦ ਨਹੀਂ ਕਰਦਾ ਸੀ। ਉਹਦਾ ਵਿਚਾਰ ਸੀ ਕਿ ਬੰਦਾ ਆਪਣੇ ਕੰਮ ਵਿੱਚ ਲੱਗਿਆ ਹੋਵੇ ਤਾਂ ਸਵਾਲ ਨਹੀਂ ਪੈਦਾ ਹੁੰਦਾ, ਐਹੋ ਜਿਹੀਆਂ ਫਜ਼ੂਲ ਗੱਲਾਂ ਸੋਚਣ ਦਾ। ਇਹ ਸਭ ਵਿਹਲੜਾਂ ਦਾ ਧੰਦਾ ਹੈ। ਦਿਖਾਵੇ ਤੇ ਉਹਨੂੰ ਡਾਢੀ ਖਿੱਝ ਚੜਦੀ ਸੀ ਕਿਉਂਕਿ ਗੁਰਬਾਣੀ ਤੇ ਹੋਰ ਧਾਰਮਿਕ ਗਰੰਥਾਂ ਦਾ ਉਹਨੂੰ ਡੂੰਘਾ ਗਿਆਨ ਸੀ। ਉਹ ਸਮਝਦਾ ਸੀ ਕਿ ਦਿਖਾਵਾ ਮਨੁੱਖ ਦੇ ਅਸਲੇ ਨੂੰ ਲੁਕੋ ਲੈਂਦਾ ਹੈ ਤੇ ਮਨੁੱਖ ਦੇ ਅਧਿਆਤਮਿਕ ਗਿਆਨ ਵਿੱਚ ਖੜੋਤ ਆ ਜਾਂਦੀ ਹੈ। ਵਿਆਹ ਸ਼ਾਦੀਆਂ ਤੇ ਹੋਰ ਕਾਰਜਾਂ ਵਿੱਚ ਕੀਤੇ ਜਾਂਦੇ ਦਿਖਾਵੇ ਤੇ ਉਹਨੂੰ ਹਾਸੀ ਵੀ ਆਉਂਦੀ ਸੀ ਕਿਉਂਕਿ ਉਹਨੂੰ ਮਨੁੱਖ ਵਿਚਲੇ ਅਗਿਆਨ ਦਾ ਪਤਾ ਸੀ। ਉਹ ਮਹਿਸੂਸ ਕਰਦਾ ਸੀ ਕਿ ਜਦੋਂ ਮਨੁੱਖ ਨੂੰ ਪੂਰਾ ਗਿਆਨ ਨਾ ਹੋਵੇ ਤਾਂ ਅਧੂਰੇ ਕਾਰਜ ਕਰਨਾ ਉਸਦੀ ਫਿਤਰਤ ਬਣ ਜਾਂਦੀ ਹੈ। ਅੱਜ ਦੀ ਨੌਜਵਾਨ ਪਨੀਰੀ ਤੋਂ ਉਹ ਕਾਫੀ ਚਿੰਤਤ ਸੀ ਜਿਹੜੀ ਨਸ਼ਿਆਂ ਦੀ ਦਲਦਲ ਵਿੱਚ ਧੱਸ ਚੁੱਕੀ ਸੀ। ਉਸਦੇ ਆਪਣੇ ਆਂਢ-ਗੁਆਂਢ ਵਿੱਚ ਅਣਗਿਣਤ ਮੁੰਡੇ ਨਸ਼ੇ ਕਰਦੇ ਸਨ ਤੇ ਜਿਆਦਾ ਡੋਜ ਕਾਰਨ ਮਰ ਗਏ ਸਨ। ਅਜਿਹੇ ਮਾਪਿਆਂ ਨੂੰ ਉਹ ਤਰਸ ਦੀ ਨਿਗਾ ਨਾਲ ਦੇਖਦਾ ਸੀ। ਇਸ ਵਿੱਚ ਕਸੂਰ ਉਹ ਮਾਪਿਆਂ ਦਾ ਵੀ ਸਮਝਦਾ ਸੀ ਜਿਹੜੇ ਆਪਣੇ ਕੰਮ-ਧੰਦੇ ਵਿੱਚ ਇੰਨਾਂ ਰੁੱਝ ਜਾਂਦੇ ਹਨ ਕਿ ਬੱਚਿਆਂ ਦਾ ਉਹਨਾਂ ਨੂੰ ਖਿਆਲ ਹੀ ਰਹਿੰਦਾ ਨਹੀਂ। ਘੱਟੋ-ਘੱਟ ਬੱਚਿਆਂ ਤੇ ਨਿਗਾ...

ਰੱਖਣੀ ਤਾਂ ਮਾਪਿਆਂ ਨੂੰ ਬਣਦੀ ਹੈ। ਦੁੱਧ ਤੇ ਪੁੱਤ ਵਿਗੜਦਿਆਂ ਬਹੁਤੀ ਦੇਰ ਨਹੀਂ ਲੱਗਦੀ। ਇਹ ਗੱਲਾਂ ਤਾਂ ਅਸੀਂ ਸਿਆਣਿਆਂ ਦੀਆਂ ਸੁਣੀਆਂ ਹੀ ਹਨ। ਕੋਈ ਪੈਸਾ ਔਲਾਦ ਨਾਲੋਂ ਤਾਂ ਜਰੂਰੀ ਨਹੀਂ ਹੈ ਜਿਹੜਾ ਹਰ ਵਕਤ ਹੱਥ ਧੋ ਕੇ ਇਹਦੇ ਮਗਰ ਪਏ ਰਹੋ। ਔਲਾਦ ਦੀ ਵੀ ਖਬਰਸਾਰ ਲੈਣੀ ਬਣਦੀ ਹੈ। ਮਗਰੋਂ ਡੁੱਲੇ ਬੇਰਾਂ ਤੇ ਝੋਰਾ ਕਰਨ ਦਾ ਕੀ ਫਾਇਦਾ। ਉਹ ਸਮਝਦਾ ਸੀ ਕਿ ਛੋਟੇ ਹੁੰਦੇ ਤੋਂ ਬੱਚੇ ਨੂੰ ਗੁਰਬਾਣੀ ਤੇ ਕੰਮ ਦੀ ਲਗਨ ਲਾਈ ਹੋਵੇ, ਸੁਆਲ ਨਹੀਂ ਪੈਂਦਾ ਹੁੰਦਾ ਬੱਚਾ ਵਿਗੜ ਜਾਵੇ। ਉਹਦੇ ਐਡੇ ਵੱਡੇ ਪਰਿਵਾਰ ਵਿੱਚ ਇੱਕ ਜੀਅ ਵੀ ਨਹੀਂ ਨਸ਼ਾ ਕਰਦਾ ਸੀ। ਪਰ ਉਮਰ ਦੇ ਵੱਡੇ ਪੜਾਅ ਤੇ ਪਹੁੰਚਿਆ ਹੋਣ ਕਰਕੇ ਤੇ ਚੰਗੇ ਖਿਆਲਾਂ ਦਾ ਧਾਰਨੀ ਹੋਣ ਕਰਕੇ ਸਾਰਿਆਂ ਨੂੰ ਆਪਣਾ ਸਮਝਦਾ ਸੀ। ਸਭ ਦਾ ਦੁੱਖ-ਸੁੱਖ ਆਪਣਾ ਸਮਝਦਾ ਸੀ। ਬਹੁਤ ਸਾਰੇ ਲੋਕ ਉਸਨੂੰ ਸਿਆਣਾ ਤੇ ਤਜਰਬੇਕਾਰ ਹੋਣ ਕਰਕੇ ਉਸਤੋਂ ਸਲਾਹਾਂ ਲੈਣ ਆਉਂਦੇ ਸਨ ਤੇ ਸਭ ਨੂੰ ਇੱਕ ਰਾਇ ਉਹ ਵਿਸ਼ੇਸ਼ ਦਿੰਦਾ ਸੀ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਿਆ ਤਾਂ ਸਮਝੋ ਤੁਹਾਡਾ ਜੀਵਨ ਸਫਲ ਹੈ। ਬਾਕੀ ਮਾਇਆ ਤਾਂ ਆਉਣੀ-ਜਾਣੀ ਖੇਡ ਹੈ, ਇਹਦੇ ਨਾਲ ਕੋਈ ਬਹੁਤਾ ਢਿੱਡ ਨਹੀਂ ਭਰਦਾ। ਆਪਣੀਆਂ ਨਸਲਾਂ ਬਚਾਉਣ ਤੇ ਜੋਰ ਦਿਓ। ਆ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਹਰ ਵਕਤ ਸੋਸ਼ਲ ਮੀਡੀਏ ਤੇ ਫੋਕੀ ਸ਼ੁਹਰਤ ਲਈ ਆਪਣੀਆਂ ਬੇਫਾਇਦਾ ਪੋਸਟਾਂ ਪਾ ਕੇ ਫੋਕੀ ਮਸ਼ਹੂਰੀ ਚਾਹੁੰਦੇ ਹਨ, ਇਹਦਾ ਕੋਈ ਸੰਤੋਸ਼ਜਨਕ ਨਤੀਜਾ ਨਹੀਂ ਨਿਕਲਣਾ। ਜਿੰਨਾ ਚਿਰ ਇਹ ਵੀਡੀਓ ਬਣਾਉਣ ਤੇ ਪਾਉਣ ਤੇ ਲਾਉਂਦੇ ਹਨ, ਉਨ੍ਹਾਂ ਟਾਈਮ ਮਾਪਿਆਂ ਨਾਲ ਹੱਥ ਵਟਾ ਦੇਣ ਤਾਂ ਘਰ ਦੀ ਕਾਇਆ ਨਾ ਪਲਟ ਜਾਵੇ। ਐਂਵੇਂ ਵੀਡੀਓ ਪਾ ਕੇ ਆਪਣੇ ਵਿਚਾਰ ਦਿਖਾਵੇ ਵਜੋਂ ਹੋਰਾਂ ਨੂੰ ਦੱਸੀ ਜਾਣੇ, ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਇਹ ਤਾਂ ਉਹ ਗੱਲ ਹੈ ਕਿ ਖਾਲੀ ਭਾਂਡੇ ਖੜਕਦੇ ਤੇ ਭਰਿਆ ਨੂੰ ਕਾਹਦਾ ਡਰ। ਇਹ ਸਭ ਕੁੱਝ ਅਸਲ ਵਿੱਚ ਹੋਛੇਪਣ ਦੀਆਂ ਨਿਸ਼ਾਨੀਆਂ ਹਨ। ਉਹਨੇ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਲੈ ਕੇ ਅਖੀਰ ਤੱਕ ਇਹੀ ਨਿਚੋੜ ਕੱਢਿਆ ਕਿ ਫੋਕੀ ਸ਼ੁਹਰਤ ਜਾਂ ਫੋਕੀ ਵਡਿਆਈ ਵਿੱਚ ਮਨੁੱਖ ਨੂੰ ਨਾ ਤਾਂ ਅੱਜ ਤੱਕ ਸੁੱਖ ਮਿਲਿਆ ਹੈ ਤੇ ਨਾ ਹੀ ਭਵਿੱਖ ਵਿੱਚ ਸੁੱਖ ਨਸੀਬ ਹੋਣਾ ਹੈ। ਫਿਰ ਵਜਦ ਵਿੱਚ ਆਇਆ ਉਹ ਆਪ ਮੁਹਾਰੇ ਹੀ ਗੁਰਬਾਣੀ ਦੀਆਂ ਇਹ ਪੰਗਤੀਆਂ ਗੁਣਗਣਾਉਣ ਲੱਗ ਪੈਂਦਾ ਹੈ –
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ।।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

One Comment on “ਫ਼ੋਕੀ ਸ਼ੁਹਰਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)