ਮਾਸਟਰ ਸੰਪੂਰਨ ਸਿੰਘ..
ਅੱਜ ਫੇਰ ਜਵਾਨ ਪੁੱਤ ਨਾਲ ਕਿਸੇ ਗੱਲੋਂ ਬਹਿਸ ਹੋ ਗਈ..
ਮੇਹਣਾ ਦਿੰਦਾ ਆਖ ਰਿਹਾ ਸੀ ਤੁਸਾਂ ਸਾਡੇ ਵਾਸਤੇ ਕੀਤਾ ਈ ਕੀ ਏ..ਬਾਕੀ ਸਾਰੇ ਟਿਊਸ਼ਨਾਂ ਦੇ ਪੈਸੇ ਲੈਂਦੇ ਰਹੇ ਤੇ ਤੁਹਾਡੇ ਜ਼ਿਹਨ ਤੇ ਪੜਾਈ ਦਾ ਮੁੱਲ ਨਾ ਵੱਟਣ ਦਾ ਹੀ ਭੂਤ ਸਵਾਰ ਸੀ..ਇੱਕ ਚੱਜ ਦਾ ਘਰ ਤੱਕ ਵੀ ਨਹੀਂ ਬਣਾ ਸਕੇ..
ਸ਼ੁਕਰ ਮਨਾ ਰਿਹਾ ਸੀ..ਨਾਲਦੀ ਘਰ ਹੈਨੀ ਸੀ..ਫੇਰ ਕਿੰਨਾ ਕੁਝ ਸੋਚਦਾ ਆਪਣੇ ਕਮਰੇ ਵਿਚ ਆ ਲੰਮੇ ਪੈ ਗਿਆ..!
ਨਾਲਦੀ ਗੁਰਦੁਆਰਿਓਂ ਮੁੜੀ..ਹਲੂਣਾ ਦੇ ਕੇ ਜਗਾਇਆ..ਮੀਟਿੰਗ ਦੀ ਕਾਹਲੀ ਵਿਚ ਉਹ ਰੋਟੀ ਘਰੇ ਹੀ ਭੁੱਲ ਗਿਆ..ਜਾਓ ਦੇ ਆਓ..!
ਸੱਤ ਕਿਲੋਮੀਟਰ ਗਰਮੀਂ ਵਿਚ ਸਾਈਕਲ ਚਲਾਉਂਦਾ ਮੁੜਕੋ ਮੁੜਕੀ ਹੁੰਦਾ ਫੈਕਟਰੀ ਪੁੱਜਾ..!
ਸਿਕੋਰਟੀ ਵਾਲੇ ਦੱਸਿਆ..ਮੀਟਿੰਗ ਚੱਲਦੀ ਏ..ਲਿਆਓ ਮੈਂ ਫੜਾ ਦੇਊ..ਪਰ ਆਖਿਆ ਨਹੀਂ ਆਪ ਹੀ ਫੜਾਊ..ਸ਼ਾਇਦ ਸੁਵੇਰ ਵਾਲਾ ਗੁੱਸਾ ਥੋੜਾ ਠੰਡਾ ਹੀ ਹੋ ਜਾਵੇ..ਓਥੇ ਬਾਹਰ ਹੀ ਰੁੱਖਾਂ ਹੇਠ ਬਣੇ ਬੇਂਚ ਤੇ ਲੰਮਾ ਪੈ ਗਿਆ..!
ਅੱਧੇ ਘੰਟੇ ਮਗਰੋਂ ਸਿਕੋਰਟੀ ਵਾਲੇ ਨੇ ਜਗਾਇਆ..ਉੱਠ ਜਾਉ..ਉਹ ਆ ਗਿਆ ਏ..!
ਅਭੜ ਵਾਹੇ ਉਠਿਆ..ਵੇਖਿਆ ਉਹ ਆਪਣੇ ਬੌਸ ਨੂੰ ਅਗਾਂਹ ਕਰਨ ਆਇਆ ਸੀ..!
ਬਾਪ ਨੂੰ ਵੇਖ ਨਜਰਾਂ ਲੁਕਾਉਣ ਲੱਗਾ..ਪਰ ਬਾਹਰੋਂ ਆਏ ਬੌਸ ਦੀ ਨਜਰ ਉਸ ਤੇ ਪੈ ਗਈ..ਐਨਕਾਂ ਲਾਹ ਕੇ ਗਹੁ ਨਾਲ ਵੇਖਿਆ..ਆਖਣ ਲੱਗਾ ਤੁਸੀਂ ਸਾਇੰਸ ਮਾਸਟਰ ਸੰਪੂਰਨ ਸਿੰਘ ਈ ਓ ਨਾ..ਓਹੀ ਖਾਲਸਾ ਸਕੂਲ ਵਾਲੇ..?
ਅਜੇ ਉਸਨੂੰ ਪਛਾਨਣ ਦੀ ਜੱਦੋਜਹਿਦ ਵਿਚ ਹੀ ਸੀ ਕੇ ਉਹ ਪੈਰੀ ਪੈ ਗਿਆ..ਜੀ ਮੈਂ ਸ਼ਹਿਰ ਵਾਲੇ ਪਟਵਾਰੀ ਸ਼ਾਮ ਸਿੰਘ ਦਾ ਮੁੰਡਾ..ਤੁਸੀਂ ਮੈਨੂੰ ਟਿਊਸ਼ਨ ਪੜਾਇਆ ਕਰਦੇ ਸੌ..ਉਹ ਵੀ ਮੁਫ਼ਤ..ਅਖ਼ੇ ਮੈਨੂੰ ਸਰਕਾਰ ਤਨਖਾਹ ਦਿੰਦੀ ਏ..ਫੇਰ ਕੀ ਹੋਇਆ ਜੇ ਅੱਧਾ ਘੰਟਾ ਵੱਧ ਪੜਾ ਦਿੱਤਾ..ਉਹ ਦਸ ਮਿੰਟ ਬੋਲਦਾ ਰਿਹਾ ਤੇ ਸੰਪੂਰਨ ਸਿੰਘ ਅਤੇ ਹੋਰ ਸਾਰੇ ਸੁਣਦੇ ਰਹੇ..ਵਾਰ ਵਾਰ ਆਖੀ ਜਾ ਰਿਹਾ ਸੀ..ਤੁਸੀਂ ਹੀ ਹੋ...
ਮੇਰੀ ਜਿੰਦਗੀ ਬਦਲਣ ਵਾਲੇ..ਚੰਗੀ ਸੋਚ ਮੇਰੇ ਅੰਦਰ ਵਸਾਉਣ ਵਾਲੇ..ਫੇਰ ਕਲਾਵੇ ਵਿਚ ਲੈਂਦਾ ਹੋਇਆ ਅੰਦਰ ਲੈ ਗਿਆ..ਸਭ ਤੋਂ ਉੱਚੀ ਕੁਰਸੀ ਤੇ ਬਿਠਾਇਆ..ਢੇਰ ਸਾਰਾ ਆਦਰ ਮਾਣ ਦਿੱਤਾ..ਤੇ ਮੁੜ ਆਪਣੀ ਗੱਡੀ ਵਿਚ ਘਰ ਤੱਕ ਛੱਡਣ ਵੀ ਆਇਆ..!
ਅਗਲੇ ਹਫਤੇ ਪਟਵਾਰੀ ਸ਼ਾਮ ਸਿੰਘ ਦੇ ਮੁੰਡੇ ਯਾਨੀ ਕੇ ਮੌਜੂਦਾ ਬੌਸ ਵੱਲੋਂ ਮਿਲੇ ਵੱਡੇ ਸਾਰੇ ਘਰ ਦੀ ਰਜਿਸਟਰੀ ਦੇ ਪੇਪਰ ਬਾਪ ਨੂੰ ਵਿਖਾਉਂਦੇ ਹੋਏ ਪੁੱਤ ਦੀਆਂ ਅੱਖਾਂ ਵਿਚ ਸਿਰਫ ਹੰਝੂ ਹੀ ਸਨ ਪਰ ਸੰਪੂਰਨ ਸਿੰਘ ਦੀਆਂ ਅੱਖਾਂ ਵਿਚ ਹੰਜੂਆਂ ਦੇ ਨਾਲ ਨਾਲ ਇੱਕ ਅਜੀਬ ਤਰਾਂ ਦੀ ਚਮਕ ਵੀ ਸੀ..ਸ਼ਾਇਦ ਦੁਨੀਆਂ ਅਤੇ ਪੁੱਤ ਦੀਆਂ ਨਜਰਾਂ ਵਿਚ ਪੂਰਨ ਤੌਰ ਤੇ ਸੰਪੂਰਨ ਹੋ ਜਾਣ ਦੀ ਚਮਕ..!
ਦੋਸਤੋ ਗਹੁ ਨਾਲ ਆਸ ਪਾਸ ਝਾਤੀ ਮਾਰਿਓ..ਕਿੰਨੇ ਸਾਰੇ ਸੰਪੂਰਨ ਸਿੰਘ ਜਰੂਰ ਮਿਲਣਗੇ..ਉਹ ਸੰਪੂਰਨ ਸਿੰਘ ਜਿਹੜੇ ਸਾਰੀ ਉਮਰ ਕਿਸੇ ਵੱਲ ਇੱਕ ਰੁਪਈਏ ਦੇ ਵੀ ਰਵਾਦਰ ਨਹੀਂ ਰਹੇ ਹੋਣੇ ਪਰ ਦੁਨੀਆ ਅਤੇ ਘਰਦਿਆਂ ਦੀ ਨਜਰ ਵਿਚ ਹਮੇਸ਼ਾਂ ਫਾਡੀ ਅਤੇ ਅਧੂਰੇ ਹੀ ਰਹੇ..ਕਿਓੰਕੇ ਨਾ ਤਾਂ ਸਾਰੀ ਉਮਰ ਰਿਸ਼ਵਤ ਹੀ ਲਈ ਤੇ ਨਾ ਹੀ ਕੋਈ ਹੇਰਾਫੇਰੀ ਹੀ ਕੀਤੀ..ਬਸ ਇਬਾਦਤ ਸਮਝ ਨੌਕਰੀ ਹੀ ਕੀਤੀ..ਆਖਰੀ ਉਮਰੇ ਬੇਬਸੀ ਦੀ ਆਲਮ ਵਿਚ ਕਿੰਨਾ ਕੁਝ ਆਖਣਾ ਚਾਹੁੰਦੇ ਰਹੇ ਪਰ ਅੰਨੀ ਦੌੜ ਵਿਚ ਲੱਗੀ ਦੁਨੀਆ ਕੋਲ ਗੱਲ ਸੁਣਨ ਦਾ ਟਾਈਮ ਹੀ ਨਹੀਂ ਸੀ..!
ਇੰਝ ਦੇ ਹੀ ਕਿਸੇ ਅਧੂਰੇ ਸਮਝ ਲਏ ਗਏ ਸੰਪੂਰਨ ਸਿੰਘ ਦੀ ਕੋਲ ਬੈਠ ਗੱਲ ਜਰੂਰ ਸੁਣ ਲਿਆ ਕਰੋ..ਕਿਸੇ ਤੀਰਥ ਅਸਥਾਨ ਤੇ ਮੱਥੇ ਟੇਕਣ ਜਿੰਨਾ ਹੀ ਪੁੰਨ ਲੱਗੂ..!
ਹਰਪ੍ਰੀਤ ਸਿੰਘ ਜਵੰਦਾ