More Punjabi Kahaniya  Posts
ਉਹ ਵੇਲ਼ੇ


ਪਤਾ ਨਹੀਂ ਦੁਪਹਿਰੇ ਬਾਤਾਂ ਪਾਉਣ ਨਾਲ਼ ਰਾਹੀ ਰਾਹ ਕਿਉਂ ਭੁੱਲ ਜਾਂਦੇ ਸਨ ! “ਕੰਨ ਬੋਲ਼ੇ ਹੋ ਜਾਣਗੇ,” ਕਹਿਕੇ ਕਿੱਕਰ ਦੇ ਤੁੱਕੇ ਖਾਣ ਤੋਂ ਵਰਜਿਆ ਕਿਉਂ ਜਾਂਦਾ ਸੀ !
ਮੋਰ ਤੋਂ ਉਹਦੇ ਸੋਹਣੇ ਪੈਰ ਕਿਸੇ ਹੋਰ ਪੰਛੀ ਸ਼ਾਇਦ ਗਟਾਰ ਨੇ ਵਾਂਡੇ ਜਾਣ ਲਈ ਉਧਾਰੇ ਲਏ ਸਨ ਪਰ ਮਗਰੋਂ ਮੋੜੇ ਨਹੀਂ ਸਨ ਤੇ ਮੋਰ ਆਪਣੇ ਕਰੂਪ ਪੈਰਾਂ ਨੂੰ ਦੇਖ-ਦੇਖ ਰੋਂਦਾ ਸੀ।
ਕਹਿੰਦੇ ਸਨ ਬਿੱਲੀ ਸ਼ੇਰ ਦੀ ਮਾਸੀ ਏ। ਮਾਸੀ ਨੇ ਭਾਣਜੇ ਨੂੰ ਹੋਰ ਸਾਰੇ ਗੁਰ ਤਾਂ ਸਿਖਾ ਦਿੱਤੇ ਸਨ ਪਰ ਛਾਲ ਮਾਰ ਕੇ ਦਰਖ਼ਤ ‘ਤੇ ਚੜ੍ਹਣ ਦਾ ਗੁਰ ਨਹੀਂ ਸਿਖਾਇਆ ਸੀ। ਕਾਟੋ ਦੇ ਸਿਰ ਵਿੱਚ ਕਹਿੰਦੇ ਹੁੰਦੇ ਸੀ ਅਠਿਆਨੀ ਹੁੰਦੀ ਏ ਪਰ ਕਾਟੋ ਨੂੰ ਮਾਰਦਾ ਕੋਈ ਨਹੀਂ ਸੀ।
ਸਾਉਣ ਮਹੀਨੇ ਮੀਂਹ ਪੈਣੇ ਬਿਜਲੀ ਗੜ੍ਹਕਣੀ ਤਾਂ ਬੁੜ੍ਹੀਆਂ ਨੇ ਕਾਲ਼ੇ ਕੱਪੜੇ ਪਾ ਕੇ ਬਾਹਰ ਜਾਣ ਅਤੇ ਮਾਮੇ-ਭਾਣਜੇ ਨੂੰ ਇਕੱਠੇ ਹੋਣ ਤੋਂ ਰੋਕਣਾ। ਸ੍ਰੀ ਕ੍ਰਿਸ਼ਨ ਤੇ ਰਾਜੇ ਕੰਸ ਦਾ ਹਵਾਲਾ ਦੇ ਕੇ ‘ਸਮਾਨੀ ਬਿਜਲ਼ੀ ਅਤੇ ਮਾਮੇ-ਭਾਣਜੇ ਦੀ ਜੋੜੀ ‘ਚ ਵੈਰ ਦੀਆਂ ਗੱਲਾਂ ਦੱਸਣੀਆਂ।
ਮਾੜੇ ਜਹੇ ਛੜਾਕੇ ਤੋਂ ਬਾਅਦ ਮਿੱਟੀਆਂ ਨੇ ਮਹਿਕਣਾ, ਕੁੜੀਆਂ ਨੇ ਕੱਚੇ ਰੋੜ ਲੱਭਦੀਆਂ ਫਿਰਨਾ। ਗੁਲ਼ਗਲ਼ੇ ਪੱਕਣੇ, ਜਵਾਕਾਂ ਨੇ ਮਾਲ਼ਪੂੜੇ ਬਣਾਉਣ ਲਈ ਭੱਜ-ਭੱਜਕੇ ਪਿੱਪਲ ਦੇ ਪੱਤੇ ਤੋੜ ਲਿਆਉਣੇ। ਸੱਤਰੰਗੀ ਪੀਂਘ ਦੇਖ ਕੇ ਜਿਸ ਨੂੰ ਬੁਢਾਪੇ ‘ਚ ਵੀ ਚਾਅ ਚੜ੍ਹਦਾ ਏ, ਉਹ ਬੰਦਾ ਜ਼ਰੂਰ ਨਵਾਜ਼ਿਆ ਹੋਇਆ ਏ।
ਦੁੱਧ ਉਦੋਂ ਤੇਰ੍ਹਵਾਂ ਰਤਨ ਅਖਾਉਂਦਾ ਸੀ, ਦੁੱਧ ਤੇ ਪੁੱਤ ਵੇਚਣਾ ਇੱਕ ਸਮਾਨ ਮੰਨਿਆ ਜਾਂਦਾ ਸੀ।
ਗੁਰਦਵਾਰੇ ਜਾਂ ਡੇਰੇ ‘ਚ ਗਜ਼ਾ ਕਰਕੇ ਲਿਆਂਦੀ ਸੱਤ ਭਾਂਤੀ ਦਾਲ਼-ਸਬਜ਼ੀ ਘਿਉ, ਮਖਣੀ ਨਾਲ਼ ਚੋਂਦੀ ਹੋਣੀ ਤੇ ਉਸੇ ਵਿੱਚ ਹੀ ਕਿਸੇ ਦਾ ਪਾਇਆ ਦਹੀਂ ਵੱਖਰੇ ਸਵਾਦ ਦਾ ਸਬੱਬ ਬਣਦਾ।
ਜਦੋਂ ਤਾਂਗੇ ਦੀ ਸਵਾਰੀ ਉੱਡਣਖਟੋਲੇ ਤੋਂ ਘੱਟ ਨਹੀਂ ਲੱਗਦੀ ਸੀ, ਹੈਲੀਕਾਪਟਰ ਜਾਂ ਜਹਾਜ਼ ਦੀ ਅਵਾਜ਼ ਸੁਣਨੀ ਤਾਂ ਨਿਗ੍ਹਾ ਅਸਮਾਨ ਵੱਲ ਸੇਧ ਲੈਂਦੇ ਸਾਂ। ਅਸਚਰਜ ਹੋਇਆ ਕਰਦੇ ਸਾਂ ਕੀ ਇਹ ਸੱਚੀਂ ਲੋਹੇ ਦਾ ਪੁਰਜਾ ਆਪਣੇ ਵਿੱਚ ਬੰਦੇ ਲੱਦ ਉੱਡ ਰਿਹਾ ਏ।
ਬੱਚੇ ਬਿਮਾਰ ਹੋ ਕੇ ਵੀ ਖ਼ੁਸ਼ ਹੁੰਦੇ ਸਨ। ਸਕੂਲੋਂ ਛੁੱਟੀ ਦੀ ਗਰੰਟੀ ਜੋ ਹੋ ਜਾਂਦੀ ਸੀ। ਅੰਗੂਰਾਂ ਵਾਲ਼ੀ ਖੰਡ ਖਾਣ ਲਈ ਜਵਾਕ ਬੁਖ਼ਾਰ ਨੂੰ ਵੀ ਖਿੜੇ ਮੱਥੇ ਲਿਆ ਕਰਦੇ ਸਨ, ਬੱਸ ਇੱਕ ਟੀਕੇ ਦਾ ਡਰ ਜ਼ਰੂਰ ਤ੍ਰਾਹ ਕੱਢ ਦਿੰਦਾ ਸੀ। ਬਰੈੱਡ, ਦਲੀਆ, ਖਿਚੜੀ ਬਿਮਾਰਾਂ ਦਾ ਖਾਈਆ ਸਮਝਿਆ ਜਾਂਦਾ ਸੀ।
ਲੀੜਿਆਂ ‘ਚੋਂ ਵਲ਼ ਕੱਢਣ ਲਈ ਸਿਰ੍ਹਾਣੇ ਹੇਠ ਤਹਿ ਲਾ ਕੇ ਰੱਖ ਲਏ ਜਾਂਦੇ ਸਨ।
ਸਿਆਲ਼ ਆਉਣ ‘ਤੇ ਪੇਟੀ ‘ਚੋਂ ਕੱਢੀਆਂ ਰਜ਼ਾਈਆਂ ਦੀ ਮਹਿਕ ਕੌਣ ਭੁੱਲ ਸਕਦਾ ਏ?
ਗਰੁੱਪ ਫੋਟੋ ਲਈ ਸਾਰੇ ਪਾੜ੍ਹੇ ਪੱਗਾਂ ਬੰਨ੍ਹ ਸਕੂਲ ਜਾਇਆ ਕਰਦੇ ਸਨ।
ਵਿਆਹ ‘ਤੇ ਦਰਜ਼ੀ ਨੇ ਵਿਆਹ ਵਾਲ਼ੇ ਘਰੇ ਹੀ ਫੱਟਾ ਡਾਹ ਲੈਣਾ ਅਤੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਦੀਆਂ ਪੁਸ਼ਾਕਾਂ ਸਿਉਂ ਦੇਣੀਆਂ। ਵਿਆਹ ‘ਤੇ ਮੰਜੇ-ਬਿਸਤਰੇ ਇਕੱਠੇ ਕਰਨੇ, ਨੰਬਰ ਲਾਉਣੇ। ਵਿਆਹ ਵਾਲ਼ੀ ਕਾਰ ਉੱਤੋਂ ਸੁੱਟੀ ਭਾਨ ਚੁਗਣੀ, ਦੋਵੇਂ ਹੱਥਾਂ ਦਾ ਘੁੱਗੂ ਜਿਹਾ ਬਣਾਕੇ ਵਿੱਚ ਸਿੱਕੇ ਖੜਕਾਉਣੇ।
ਲੋਕ ਕਿੱਕਰ ਜਾਂ ਨਿੰਮ ਦੀ ਦਾਤਣ ਸੁਬਹਾ ਉੱਠਕੇ ਕਰ ਲੈਂਦੇ ਸਨ ਨਾ ਹਿੰਗ ਲੱਗਦੀ ਸੀ ਨਾ ਫ਼ਟਕੜੀ। ਹਰ ਟੁੱਥਪੇਸਟ ਕੌਲਗੇਟ ਹੋਇਆ ਕਰਦੀ ਸੀ। ਜਦੋਂ ਨਵੀਂ ਪੇਸਟ ਪੈਪਸੂਡੈਂਟ...

ਆਈ ਤਾਂ ਭੋਲ਼ੇ ਲੋਕ ਆਖਦੇ ਨਵੀਂ ਕੌਲਗੇਟ ਆਈ ਏ। ਸਪੈਦੇ ਦੇ ਪੱਤੇ ਚੱਬਕੇ ਮੂੰਹ ਤਾਜ਼ਾ ਹੋ ਜਾਂਦਾ ਸੀ।
ਸ਼ਿਕਾਕਾਈ ਸਾਬਣ ਨਾਲ਼ ਕੇਸੀਂ ਨਹਾਉਣ ਵਾਲ਼ੀ ਸੁਆਣੀ ਹਾਈ ਸਟੇਟਸ ਵਾਲ਼ੀ ਮੰਨੀ ਜਾਂਦੀ ਸੀ, ਨਹੀਂ ਤਾਂ ਮੇਰੇ, ਤੇਰੇ ਅਰਗੇ ਮਹਾਤੜ ਤਾਂ ਲੀੜਿਆਂ ਆਲ਼ੇ ਸਾਬਣ ਨਾਲ਼ ਈ ਨਹਾ ਲਿਆ ਕਰਦੇ ਸਾਂ। ਲੱਕੜ ਦੇ ਗੀਟੇ ਵਰਗੇ ਲਾਈਫਬਵਾਏ ਸਾਬਣ ਵਿੱਚ ਤਰੇੜਾਂ ਆ ਜਾਂਦੀਆਂ ਸੀ ਪਰ ਘਸਦਾ ਨਈਂ ਸੀ। ਨਹਾਉਣ ਲਈ ਨਵਾਂ ਸਾਬਣ ਵਰਤਣਾ ਵੀ ਸ਼ਾਹੀ ਠਾਠ ਲੱਗਿਆ ਕਰਦੀ ਸੀ।
ਸਰੋਂ ਦੇ ਤੇਲ ਵਿੱਚ ਹਲਦੀ ਰਲ਼ਾਕੇ ਲਾਉਣ ਨਾਲ਼ ਮਾੜੀ-ਮੋਟੀ ਸੱਟ ਉਂਝ ਹੀ ਠੀਕ ਹੋ ਜਾਂਦੀ ਸੀ।
ਅੱਧੀ ਬਾਲਟੀ ਪਾਣੀ ਵਿੱਚ ਇੱਕ ਨਿੰਬੂ ਨਿਚੋੜਣਾ ਤੇ ਕੰਜੂਸੀ ਨਾਲ਼ ਖੰਡ ਘੋਲ਼ਣੀ, ਸਾਰੇ ਟੱਬਰ ਨੇ ਆਪੋ-ਆਪਣਾ ਗਲਾਸ ਲੈ ਸਕੰਜਵੀ ਲਈ ਬੀਬੀ ਦੇ ਆਲ਼ੇ-ਦੁਆਲ਼ੇ ਗੇੜੇ ਮਾਰਨੇ।
ਸਕੂਲੋਂ ਘਰੇ ਆਉਂਦਿਆਂ ਰਾਹ ਵਿੱਚ ਈ ਕਿਸੇ ਇੱਕ ਦੇ ਘਰ ਇਕੱਠੇ ਬਹਿ ਕੇ ਸਕੂਲ ਦਾ ਕੰਮ ਕਰਨ ਦੀਆਂ ਵਿਉਂਤਾਂ ਹੋ ਜਾਂਦੀਆਂ ਸਨ। ਆਮ ਕਰਕੇ ਵੱਡੀ ਭੈਣ ਮਿੰਨਤਾਂ ਕਰਾ ਕੇ ਜਾਂ ਭਰਾ ਦੇ ਪਿਆਰ ਵੱਸ ਭਰਾ ਦਾ ਸਕੂਲ ਦਾ ਕੰਮ ਕਰ ਦਿਆ ਕਰਦੀ ਸੀ, ਛੋਟੀ ‘ਤੇ ਤਾਂ ਡਰਾਵਾ ਵੀ ਚੱਲ ਜਾਂਦਾ ਸੀ।
ਗਾਚੀ ਨਾਲ਼ ਪੋਚਕੇ ਫੱਟੀ ਸੁਕਾਉਂਦਿਆਂ ਨਿਆਣਿਆਂ ਨੇ ਗਾਉਣਾ, “ਸੂਰਜਾ, ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਘਰ ਨੂੰ ਜਾ।” ਫਿਰ ਪੈਂਸਲ ਨਾਲ਼ ਲਕੀਰਾਂ ਲਾਉਣੀਆਂ। ਸਿਆਹੀ ਕੁੱਟਕੇ ਦਵਾਤ ਵਿੱਚ ਪਾਉਣੀ, ਕਾਨੇ ਦੀ ਕਲਮ ਘੜਣੀ, ਟੋਬਾ ਲਾ ਕੇ ਸਭ ਤੋਂ ਪਹਿਲਾਂ ਫੱਟੀ ‘ਤੇ ੴ ਲਿਖਣਾ ਅਤੇ ਫਿਰ ਲਿਖਾਈ ਕਰਨੀ। ਪੇਪਰ ਵੀ “ਸਤਿਗੁਰ ਤੇਰੀ ਓਟ ਮੇਰਾ ਪੇਪਰ ਕਰਦੇ ਲੋਟ” ਲਿਖਕੇ ਸ਼ੁਰੂ ਕਰਨਾ।
ਪੇਪਰਾਂ ਦੇ ਦਿਨ ਚਿੰਤਾ-ਫ਼ਿਕਰ ‘ਚ ਲੰਘਣੇ ਪਰ ਆਖ਼ਰੀ ਪੇਪਰ ਵਾਲ਼ੇ ਦਿਨ ਮਨ ਖੁੱਸੀ-ਖੁੱਸੀ ਜਾਣਾ ਕਿ ਪੇਪਰ ਏਨੀ ਛੇਤੀ ਕਿਉਂ ਮੁੱਕ ਗਏ।
ਕਿਸੇ ਦੇ ਵਿਆਹ ਹੋਇਆ ਹੋਣਾ ਉਡੀਕੀ ਜਾਣਾ ਵਿਆਹ ਦੀ ਮੂਵੀ ਦੇਖਣ ਲਈ ਵੀਸੀਅਰ ਕਦੋਂ ਲਿਆਉਣਗੇ ਜਾਂ ਵੀਸੀਅਰ ਕਿਰਾਏ ‘ਤੇ ਲਿਆਉਣਾ ‘ਮਰਦ’, ‘ਸ਼ੋਲ਼ੇ’, ‘ਯਾਰੀ ਜੱਟ ਦੀ’ ਫ਼ਿਲਮਾਂ ਪੱਕੀਆਂ ਈ ਹੁੰਦੀਆਂ ਸੀ ਲਿਆਉਣੀਆਂ।
ਸੁਭਾ ਦੀਆਂ ਪਕਾਈਆਂ ਰੋਟੀਆਂ ਦੁਪਹਿਰੇ ਲੂਣ, ਮਿਰਚ ਭੁੱਕ ਕੇ ਚਾਹ ਨਾਲ਼ ਖਾ ਲੈਣੀਆਂ, ਕਈ ਕੋਕਲ਼ੀ ਬਣਾ ਕੇ ਚਾਹ ਦੇ ਗਲਾਸ ਵਿੱਚ ਡੁਬੋ-ਡੁਬੋ ਕੇ ਵੀ ਖਾਂਦੇ ਹੁੰਦੇ ਸੀ। ਕੋਕਲ਼ੀ ਨੂੰ ਨਵਾਂ ਜ਼ਮਾਨਾ ਹੁਣ ਰੋਲ਼ ਕਹਿੰਦਾ ਏ। ਗੰਢੇ ਨੂੰ ਮੰਜੇ ਦੇ ਪਾਵੇ ‘ਤੇ ਰੱਖ ਕੇ ਮੁੱਕੀ ਨਾਲ਼ ਭੰਨ ਲੈਣਾ, ‘ਥੇਲੀਆਂ ਨਾਲ਼ ਨੱਪ ਕੇ ਕੌੜਾ ਪਾਣੀ ਕੱਢ ਦੇਣਾ, ਸਲਾਦ ਬਣ ਜਾਣਾ। ਪੜ੍ਹੇ-ਲਿਖੇ ਗੰਢੇ ਨੂੰ ਪਿਆਜ਼ ਆਖਦੇ ਹਨ, ਸੂਈ ਦੇ ਨਖਾਰੇ ਨੂੰ ਨੀਡਲ-ਹੋਲ਼ ਆਖਦੇ ਹਨ, ਰਸੋਈ ਨੂੰ ਕਿਚਨ ਤੇ ਗੁਸਲਖ਼ਾਨੇ ਨੂੰ ਬਾਥਰੂਮ ਆਖਣ ਲੱਗ ਪਏ ਹਨ। ਜਿਵੇਂ ਗੱਡੇ ਨਾਲ਼ ਸਬੰਧਤ ਕਈ ਸ਼ਬਦ ਭੁੱਲ-ਭੁਲਾ ਗਏ ਹਨ ਤਿਵੇਂ ਚਰਖੇ ਨਾਲ਼ ਜੁੜੇ ਸ਼ਬਦ ਤੱਕਲਾ, ਚਰਮਖ, ਮਾਹਲ਼, ਮੁੰਨਾ ਵੀ ਗਵਾਚ ਗਏ ਹਨ।
ਕੀ ਉਹ ਵੇਲ਼ੇ ਕਦੇ ਮੁੜ ਪਰਤਣਗੇ? ਕੀ ਵਕਤ ਨੂੰ ਕਦੇ ਪਿਛਲ਼-ਖੁਰੀ ਗੇੜ ਪੈਣਗੇ?
ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ। ਪੰਦਰਾਂ ਅਗਸਤ ਵੀਹ ਸੌ ਵੀਹ।

...
...



Related Posts

Leave a Reply

Your email address will not be published. Required fields are marked *

One Comment on “ਉਹ ਵੇਲ਼ੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)