ਇਸ਼ਕ-ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 2
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਰੂਹੀ ਅਤੇ ਜੋਸ਼ ਘਰੋਂ ਭੱਜ ਜਾਂਦੇ ਹਨ। ਰੂਹੀ ਪੰਜਾਬ ਦੀ ਸੱਤਾਰੂੜ ਪਾਰਟੀ ਦੇ ਐਮ.ਐਲ.ਏ ਸੁਰਜਣ ਸਿੰਘ ਦੀ ਧੀ ਹੈ। ਰੂਹੀ ਨੂੰ ਸੁਰਜਣ ਸਿੰਘ ਨੇ ਬੜੇ ਲਾਡਾਂ ਨਾਲ ਪਾਲਿਆ ਸੀ। ਪਰ ਓਹ ਲਾਡਾਂ ਨਾਲ ਪਾਲੀ ਧੀ ਉਸਦੇ ਸਿਰ ਤੇ ਸੁਆਹ ਪਾ ਕੇ ਚਲੀ ਗਈ।
ਸੁਰਜਣ ਸਿੰਘ ਨੂੰ ਹਰ ਕਿਸੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਪਾਰਟੀ ਸੁਪਰੀਮੋ ਰਾਜਾ ਦਿਆਲ ਸਿੰਘ ਵੀ ਬਹੁਤ ਬੋਲੇ।
ਸ਼ਲਿੰਦਰ ਭਦੌੜ ਦੇ ਮੁੰਡੇ ਗੈਰੀ ਨਾਲ ਰੂਹੀ ਦਾ ਰਿਸ਼ਤਾ ਪੱਕਾ ਹੋਇਆ ਸੀ ਅਤੇ ਗੈਰੀ ਹੁੱਣ ਪਾਗਲ ਹੋਇਆ ਪਿਆ ਸੀ। ਓਹ ਹਰ ਹਾਲ ਵਿੱਚ ਰੂਹੀ ਨੂੰ ਲੱਭਣਾ ਚਾਹੁੰਦਾ ਸੀ।
ਸੁਰਜਣ ਸਿੰਘ ਦਲਾਲ ਨਾਮ ਦੇ ਇਕ ਪੇਸ਼ੇਵਰ ਕਿਲਰ ਨੂੰ ਰੂਹੀ ਅਤੇ ਜੋਸ਼ ਦੀਆਂ ਤਸਵੀਰਾਂ ਫੜਾਂਓਦਾ ਹੈ ਅਤੇ ਦੋਵਾਂ ਨੂੰ ਮਾਰ ਦੇਣ ਲਈ ਕਹਿ ਦਿੰਦਾ ਹੈ।
ਸੁੰਨਸਾਨ ਸੜਕ ਤੇ ਇਕ ਟੁੱਟੀ ਜਿਹੀ ਕਾਰ ਜਾ ਰਹੀ ਸੀ। ਮਾੱਡਲ ਕਾਫੀ ਪੁਰਾਣਾ ਸੀ। ਇੱਕ ਛਤਰਮੁੱਰਗ ਜਿਹੇ ਮੂੰਹ ਵਾਲਾ ਬੰਦਾ ਕਾਰ ਵਿੱਚ ਬੈਠਾ ਸੀ। ਉਸਦਾ ਚਿਹਰਾ ਪਸੀਨੇ ਨਾਲ ਭਿੱਜਿਆ ਪਿਆ ਸੀ। ਓਹ ਵਾਰ-ਵਾਰ ਪਿੱਛੇ ਦੇਖੀ ਜਾਂਦਾ ਸੀ ਕਿ ਕੋਈ ਉਸਦਾ ਪਿੱਛਾ ਤਾਂ ਨਹੀਂ ਸੀ ਕਰ ਰਿਹਾ।
ਟੈਕਸੀ ਬੜਾ ਪਤਲਾ ਸੀ। ਉਸਦਾ ਨਾਮ ਟੈਕਸੀ ਪਿਆ ਕਿਓਂਕਿ ਪਹਿਲਾਂ ਓਹ ਟੈਕਸੀਆਂ ਚਲਾਇਆ ਕਰਦਾ ਸੀ। ਦਿੱਲੀ ਏਅਰਪੋਰਟ ਦੇ ਗੇੜੇ ਲਾਇਆ ਕਰਦਾ ਸੀ। ਭੁੱਕੀ ਫੀਮ ਖਾ-ਖਾ ਕੇ ਚਾਰ-ਚਾਰ ਦਿਨ ਅਪ-ਡਾਊਨ ਕਰੀ ਜਾਣਾ ਗਧੇ ਨੇ! ਸੌਣਾ ਈ ਨਾ!
ਸੋਨੂੰ ਭਾਜੀ ਦਾ ਚਹੇਤਾ ਸੀ। ਆਪਣੇ ਸੋਨੂੰ ਭਾਜੀ ਪਟਿਆਲੇ ਦੀ ਟੈਕਸੀ ਸਰਵਿਸ ਤੇ ਰਾਜ ਕਰਦੇ ਸਨ। ਵੱਡਾ ਟ੍ਰਾਂਸਪੋਰਟ ਦਾ ਕਾਰੋਬਾਰ ਸੀ ਓਨਾ ਦਾ।
ਸੋਨੂੰ ਭਾਜੀ ਦੇ ਕਹਿਣ ਤੇ ਈ ਇਕ ਵਾਰ ਟੈਕਸੀ ਨੇ ਕੈਪਸੂਲਾਂ ਦੇ ਪੈਕੇਟ ਦਿੱਲੀ ਪਹੁੰਚਾਏ। ਇਕ ਵਾਰੀ ਪਹੁੰਚਾ ਤਾਂ ਦਿੱਤੇ ਪਰ ਸਾਲਾ ਵਾਪਸ ਆਂਓਦਾ ਫੜਿਆ ਗਿਆ। ਬਚਣ ਲਈ ਪੁਲਿਸ ਦਾ ਖਬਰੀ ਬਣਨ ਲਈ ਤਿਆਰ ਹੋ ਗਿਆ।
ਟੈਕਸੀ ਸੋਨੂੰ ਭਾਜੀ ਦੀ ਖਬਰ ਪੁਲਿਸ ਤੱਕ ਪਹੁੰਚਾ ਦਿਆ ਕਰਦਾ ਸੀ ਤੇ ਬਦਲੇ ਵਿੱਚ ਪੁਲਿਸ ਉਸ ਨੂੰ ਪੈਸੇ-ਪੂਸੇ ਦੇ ਦਿਆ ਕਰਦੀ ਸੀ। ਫਿਰ ਸੋਨੂੰ ਨੂੰ ਟੈਕਸੀ ਤੇ ਸ਼ੱਕ ਹੋ ਗਿਆ। ਤੇ ਇਕ ਦਿਨ ਪੁਲਿਸ ਨੂੰ ਖਬਰ ਦਿੰਦਾ ਟੈਕਸੀ ਸੋਨੂੰ ਨੇ ਫੜ ਲਿਆ।
ਬੜਾ ਕੁੱਟਿਆ! ਲੋਹੇ ਦੀ ਸੱਬਲ ਨਾਲ ਹੱਡ ਲਸ਼ਕਾਏ। ਫੇਰ ਮਰਿਆ ਮੰਨ ਕੇ ਸੋਨੂੰ ਨੇ ਟੈਕਸੀ ਖੇਤਾਂ ਚ ਸੁੱਟ ਦਿੱਤਾ। ਪਰ ਟੈਕਸੀ ਜਿਓਂਦਾ ਸੀ। ਓਹ ਥੋੜੀ ਦੇਰ ਬਾਅਦ ਆਪ ਈ ਉੱਠਿਆ ਅਤੇ ਤੇਜਬੀਰ ਵਿਰਕ ਕੋਲ ਚਲਿਆ ਗਿਆ।
ਤੇਜਬੀਰ ਵਿਰਕ ਸਪੈਸ਼ਲ ਫੋਰਸ ਦਾ ਬੰਦਾ ਸੀ। ਆਪਣੇ ਸਮੇਂ ਦਾ ਓਹ ਮਸ਼ਹੂਰ ਕਬੱਡੀ ਖਿਲਾੜੀ ਰਿਹਾ ਸੀ। ਜਦ ਰੇਡ ਪਾਂਓਦਾ ਸੀ ਤਾਂ ਅਗਲੀ ਟੀਮ ਦੇ ਦਿਲ ਕੰਭ ਜਾਂਦੇ ਸਨ ਕਿ ਵਿਰਕ ਆ ਗਿਆ!
ਸੁਭਾਅ ਦਾ ਬੜਾ ਸਖਤ ਸੀ ਤੇ ਅਫਸਰ ਐਸਾ ਕਿ ਬੋਲੇ ਘੱਟ ਤੇ ਠੋਕੇ ਵੱਧ! ਐਨਕਾਊਂਟਰ ਕਰਨ ਲਈ ਤੇਜਬੀਰ ਵਿਰਕ ਹਮੇਸ਼ਾਂ ਕਾਹਲਾ ਰਹਿੰਦਾ ਸੀ।
ਓਦੋਂ ਤਾਂ ਟੈਕਸੀ ਨੂੰ ਤੇਜਬੀਰ ਨੇ ਬਚਾ ਲਿਆ ਤੇ ਓਦੀ ਮੱਦਦ ਨਾਲ ਸੋਨੂੰ ਸਿੰਘ ਅਨਮੋਲ ਅੰਦਰ ਡੱਕ ਦਿੱਤਾ ਪਰ ਫੇਰ ਨਾਲ ਹੀ ਟੈਕਸੀ ਵੀ ਲੰਮਾ ਪਾ ਲਿਆ। ਓਨੂੰ ਵੀ ਵਿਰਕ ਨੇ ਸੱਤ ਸਾਲ ਦੀ ਕੈਦ ਕਰਾ ਦਿੱਤੀ।
ਤੇਜ ਰਫਤਾਰ ਸੀ ਕਾਰ ਦੀ ਤੇ ਟੈਕਸੀ ਪੂਰੀ ਰੇਸ ਨੱਪੀ ਆਂਓਦਾ ਸੀ। ਓਹ ਜੇਲ ਤੋਂ ਫਰਾਰ ਹੋਇਆ ਸੀ। ਉਸਨੂੰ ਪਤਾ ਸੀ ਕਿ ਓਨੇ ਕਿੱਥੇ ਜਾਣਾ ਹੈ। ਕਾਰ ਦੀ ਡਿੱਗੀ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਕੋਈ ਸੀ ਡਿੱਗੀ ਵਿੱਚ! ਟੈਕਸੀ ਨੇ ਹੀ ਉਸਨੂੰ ਬੰਨ ਕੇ ਡਿੱਗੀ ਵਿੱਚ ਸੁੱਟਿਆ ਸੀ।
ਧੂੜਾਂ ਪਾਂਓਦੀ ਟੈਕਸੀ ਦੀ ਕਾਰ ਸੜਕ ਤੇ ਚਲਦੀ ਜਾਂਦੀ ਹੈ। ਧੁੱਪ ਸਿਰੇ ਦੀ ਸੀ। ਗਰਮੀ ਨੇ ਆਪਣੇ ਪੁਰਾਣੇ ਰਿਕਾਰਡ ਤੋੜੇ ਸਨ। ਟੈਕਸੀ ਜਾਣਦਾ ਸੀ ਕਿ ਜੇਕਰ ਓਹ...
ਵਿਰਕ ਦੇ ਹੱਥੇ ਚੜ ਗਿਆ ਤਾਂ ਓਹ ਸਿਰੇ ਦਾ ਪੁੱਠ-ਖੋਪੜ ਬੰਦਾ ਹੈ! ਓਨੇ ਮੱਥੇ ਚ ਗਲੀ ਪਹਿਲਾਂ ਕਰਨੀ ਆ ਤੇ ਗੱਲ ਬਾਅਦ ਚ!
ਇਕ ਕਾਰ ਕਾੱਲਜ ਦੇ ਸਾਹਮਣੇ ਆ ਕੇ ਰੁੱਕਦੀ ਹੈ। ਧੂੜ ਉਡ ਰਹੀ ਹੈ। ਕਾਰ ਦਾ ਦਰਵਾਜਾ ਖੋਲ ਕੇ ਕਾਲੀਆਂ ਐਨਕਾਂ ਲਾਈ ਹੱਥ ਵਿੱਚ ਹੌਕੀ ਫੜੀ ਤੇਜਬੀਰ ਵਿਰਕ ਬਾਹਰ ਨਿਕਲਦਾ ਹੈ। ਸਾਹਮਣੇ ਕਾਲਜ ਦੇ ਕੁੱਛ ਮੁੰਡੇ ਖੜੇ ਹਨ। ਤੁਰਦਾ ਹੋਇਆ ਵਿਰਕ ਓਨਾ ਵੱਲ ਜਾਂਦਾ ਹੈ। ਕਬੱਡੀ ਦੇ ਖਿਡਾਰੀ ਦਾ ਸ਼ਰੀਰ ਐਦਾਂ ਸੀ ਜਿੱਦਾਂ ਬੱਬਰ ਸ਼ੇਰ ਤੁਰਿਆ ਜਾ ਰਿਹਾ ਹੋਵੇ।
ਵਿਰਕ ਦੇ ਡੋਲਿਆਂ ਨੂੰ ਦੇਖ ਕੇ ਲੱਗਦਾ ਹੀ ਨੀ ਸੀ ਕਿ ਓਹ ਇਕ ਜਵਾਨ ਮੁੰਡੇ ਦਾ ਬਾਪ ਹੋਵੇਗਾ। ਜਾਂਦੇ ਸਾਰ ਬਿਨਾ ਐਨਕ ਲਾਹੇ ਵਿਰਕ ਮੁੰਡਿਆ ਨੂੰ ਹਾਕੀ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਕੁੱਛ ਮੁੰਡੇ ਭੱਜ ਜਾਂਦੇ ਹਨ। ਪਰ ਵਿਰਕ ਨੇ ਤਾਂ ਸਿੱਧੂ ਨੂੰ ਫੜਨਾ ਸੀ।
ਬੱਸ! ਸਿੱਧੂ ਨੂੰ!
ਦਮਨ ਸਿੰਘ ਸਿੱਧੂ! ਜੋਸ਼ ਦਾ ਰਾਈਟ ਹੈਂਡ! ਸਿੱਧੂ ਜਰੂਰ ਜਾਣਦਾ ਹੋਏਗਾ ਕਿ ਜੋਸ਼ ਰੂਹੀ ਨੂੰ ਲੈ ਕੇ ਕਿੱਥੇ ਭੱਜਿਆ ਹੈ। ਪਰ ਦਮਨ ਨੂੰ ਪੁੱਛਿਆ ਵਿਰਕ ਨੇ ਕੁੱਛ ਨਹੀਂ। ਬੱਸ ਹਾੱਕੀ ਨਾਲ ਠੋਕੀ ਗਿਆ ਪਤੰਦਰ! ਨਿਰੀ ਬਦਮਾਸ਼ੀ ਸੀ ਵਿਰਕ ਦੀ!
“ਮੈਨੂੰ ਤੁਹਾਡਾ ਓਹ ਔਫੀਸਰ ਸਸਪੈਂਡ ਚਾਹੀਦਾ ਹੈ ਬੱਸ!! ਮੇਰੇ ਮੁੰਡੇ ਨੂੰ ਹੱਥ ਕਿਵੇਂ ਲਾਇਆ ਓਨੇ!!!?” ਦਲਜੀਤ ਸਿੱਧੂ ਇਕ ਵਕੀਲ ਸਨ।
ਦਲਜੀਤ ਸਿੱਧੂ ਦਮਨ ਦੇ ਪਿਤਾ ਸਨ। ਓਹ ਪੁਲਿਸ ਸਟੇਸ਼ਨ ਦਮਨ ਦੀ ਜਮਾਨਤ ਕਰਵਾਓਣ ਆਏ ਸਨ।
“ਤੇਰਾ ਪਿਓ ਬਾਹਰ ਬੈਠਾ ਹੈ। ਤੇਰੀ ਜਮਾਨਤ ਕਰਵਾਓਣ ਆਇਆ ਹੈ। ਤੂੰ ਮੈਨੂੰ ਜੋਸ਼ ਦਾ ਪਤਾ ਦੱਸ ਦੇ ਤੇ ਮੈਂ ਤੈਨੂੰ ਜਿੰਦਗੀ ਬਖਸ਼ ਦਵਾਂਗਾ। ਨਹੀਂ ਤਾਂ ਪਿਓ ਤੇਰਾ ਬਾਹਰ ਚਿੱਤੜ ਘਸਾਂਓਦਾ ਰਹਿ ਜਾਊਗਾ ਕੁਰਸੀ ਤੇ! ਇੱਥੇ ਮੈਂ ਤੇਰੀ ਅੱਖ ਵਿੱਚੋਂ ਪਰਲੀ ਕੰਧ ਤੇ ਗੋਲੀ ਪੂੰਚਾ ਦੇਣੀ ਆ!” ਵਿਰਕ ਨੇ ਦਮਨ ਨੂੰ ਕਿਹਾ।
ਦਮਨ ਲਹੂ ਲੁਹਾਣ ਹੋਇਆ ਵਿਰਕ ਸਾਹਮਣੇ ਬੈਠਾ ਸੀ। ਸਿੱਧੂ ਨਾਮ ਬੋਲਦਾ ਸੀ ਕਾੱਲਜ ਚ! ਓਹ ਐਵੇਂ ਈ ਜੋਸ਼ ਦਾ ਰਾਈਟ ਹੈਂਡ ਨਹੀਂ ਸੀ। ਕਾੱਲਜ ਦੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਦਾ ਰਾਈਟ ਹੈਂਡ! ਦਮਨਦੀਪ ਸਿੰਘ ਸਿੱਧੂ!
“ਗੋਲੀ ਚਲਾਉਣੀ ਹੁੰਦੀ ਤਾਂ ਐਥੇ ਆਵਦੇ ਜਵਾਈ ਨੂੰ ਲਿਆ ਕੇ ਰੋਟੀ-ਪਾਣੀ ਥੋੜੀ ਕਰਨਾ ਸੀ ਤੂੰ ਤੇਜਬੀਰ ਵਿਰਕ! ਮੈਂ ਕਿਹੜਾ ਤੈਨੂੰ ਜਾਣਦਾ ਨੀ। ਸਾਹ ਲੈ ਕੇ ਦੋਬਾਰਾ ਮੋੜਨ ਤੋਂ ਪਹਿਲਾਂ ਤੂੰ ਬੰਦੇ ਦੇ ਭੇਜੇ ਦਾ ਗਜਰੇਲਾ ਬਣਾ ਦਿੰਨਾ! ਹੁੱਣ ਤੂੰ ਮੈਨੂੰ ਨੀ ਮਾਰਦਾ! ਡਰਾ ਤੂੰ ਸਕਦਾ ਨੀ ਮੈਨੂੰ! ਸਿੱਧੂ ਨਾਮ ਵੱਜਦਾ ਕਾੱਲਜ ਚ! ਐਵੇਂ ਲੰਡੀ-ਪੁੱਚੀ ਨਾ ਜਾਣੀ ਮੈਨੂੰ!” ਦਮਨ ਸਿੱਧੂ ਬੋਲਿਆ।
“ਜੋਸ਼ ਕਿੱਥੇ ਆ!?” ਤੇਜਬੀਰ ਵਿਰਕ ਬੋਲਿਆ।
“ਰੂਹੀ ਨੂੰ ਲੈ ਕੇ ਭੱਜ ਗਿਆ ਓਹ!” ਸਿੱਧੂ ਬੋਲਿਆ, “ਪਿਆਰ ਕਰਦੇ ਆ ਓਹ ਦੋਵੇਂ ਇਕ-ਦੂਸਰੇ ਨਾਲ”।
“ਤਾਂ ਫੇਰ ਇਹ ਸੁੱਖਾ ਕਾਹਲੋਂ ਕੌਣ ਆ?” ਵਿਰਕ ਬੋਲਿਆ।
ਸੁੱਖੇ ਦਾ ਨਾਮ ਸੁੱਣ ਕੇ ਦਮਨ ਵੀ ਹੈਰਾਨ ਰਹਿ ਗਿਆ। ਤੇਜਬੀਰ ਵਿਰਕ!! ਸੁੱਖਾ ਕਾਹਲੋਂ ਬਾਰੇ ਕਿਵੇਂ ਜਾਣਦਾ ਸੀ!!?
“ਮੈਨੂੰ ਸਭ ਪਤਾ! ਬੱਸ ਤੂੰ ਇਕ ਵਾਰ ਤਸਦੀਕ ਕਰ ਦੇ! ਸੁੱਖਾ ਕਾਹਲੋ! ਟੈਕਸੀ ਦਾ ਜੇਲ ਤੋ ਫਰਾਰ ਹੋਣਾ ਤੇ ਰੂਹੀ ਦਾ ਭੱਜਣਾ। ਜੋਸ਼ ਦਾ ਤੇਰੇ ਨਾਲ ਫੋਨ ਤੇ ਲਗਾਤਾਰ ਲਿੰਕ ਹੈ ਨਾ!?” ਵਿਰਕ ਵੀ ਕਿਹੜਾ ਘੱਟ ਸੀ।
ਸਿੱਧੂ ਉਸਦੀ ਗੱਲ ਸੁੱਣਕੇ ਚੁੱਪ ਹੋ ਗਿਆ।
“ਚੱਲ ਜਾ! ਆਵਦੇ ਪਿਓ ਦੀ ਕੱਛ ਗਰਮ ਕਰ ਜਾ ਕੇ! ਤੈਥੋਂ ਜੋ ਮੈਂ ਪਤਾ ਕਰਵਾਓਣਾ ਸੀ ਓਹ ਕਰਵਾ ਲਿਆ”। ਵਿਰਕ ਬੋਲਿਆ।
ਟੈਕਸੀ ਇਕ ਜਗਾ ਆ ਕੇ ਕਾਰ ਰੋਕਦਾ ਹੈ। ਡਿੱਗੀ ਵਿੱਚੋਂ ਹਜੇ ਵੀ ਆਵਾਜਾਂ ਆ ਰਹੀਆਂ ਸਨ। ਟੈਕਸੀ ਦੀ ਕਾਰ ਕੋਲ ਆਣ ਕੇ ਇਕ ਹੋਰ ਕਾਰ ਰੁੱਕਦੀ ਹੈ। ਕਾਰ ਵਿੱਚੋਂ ਨਿਕਲਦਾ ਹੈ ਸੁੱਖਬੀਰ ਸਿੰਘ ਕਾਹਲੋਂ! ਉਰਫ ਸੁੱਖਾ ਕਾਹਲੋਂ!
ਪੰਜਾਬ ਦਾ ਨਾਮਵਰ ਗੈਂਗਸਟਰ!!
ਬਾਕੀ ਅਗਲੀ ਕਿਸ਼ਤ ਵਿੱਚ ਜੀ
ਲੇਖਕ- ਗੁਰਪ੍ਰੀਤ ਸਿੰਘ ਭੰਬਰ ਵੱਲੋਂ