ਮੈਨੂੰ ਆਪਣੀ ਹਰ ਔਕੜ ਲਈ ਦੂਜੇ ਹੀ ਜੁੰਮੇਵਾਰ ਲੱਗਦੇ..ਨਿੱਕੇ ਨਿੱਕੇ ਨੁਕਸਾਨ ਲਈ ਵੀ ਦੂਜਿਆਂ ਦੀ ਕਲਾਸ ਲਾ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਸਭ ਨੂੰ ਪਤਾ ਸੀ ਪਰ ਕੋਈ ਅੱਗੋਂ ਨਾ ਬੋਲਦਾ!
ਨਵੇਂ ਸਟੋਰ ਦਾ ਉਦਘਾਟਨ ਸੀ..ਪੰਜਾਬੋਂ ਬਾਪੂ ਹੂਰੀ ਆਏ ਹੋਏ ਸਨ..ਸੋਚਿਆ ਚਲੋ ਪਹਿਲੋਂ ਇਕ ਗੇੜਾ ਕਢਵਾ ਲਿਆਵਾਂ..!
ਤੁਰਨ ਤੋਂ ਲੈ ਕੇ ਓਥੇ ਅੱਪੜਨ ਤੱਕ ਮੈਂ ਮੈਨੇਜਰ ਨੂੰ ਝਿੜਕਾਂ ਹੀ ਦਿੰਦਾ ਆਇਆ..ਉਹ ਕੋਲ ਬੈਠੇ ਸੁਣੀ ਗਏ..ਪਰ ਆਖਿਆ ਕੁਝ ਨਹੀਂ..!
ਅੰਦਰ ਵੜਨ ਲੱਗੇ ਤਾਂ ਬੂਹਾ ਨਾ ਖੁੱਲੇ..ਜ਼ੋਰ ਲਾਈ ਜਾਵਾਂ..ਅੱਧਾ ਧਿਆਨ ਮੇਰਾ ਫੋਨ ਤੇ..ਕਿਸੇ ਨੂੰ ਉਚੀ ਉਚੀ ਕੁਝ ਆਖੀ ਵੀ ਜਾ ਰਿਹਾ ਸਾਂ..!
ਕੋਲ ਖਲੋਤੇ ਪਹਿਲੋਂ ਹੱਸੇ ਤੇ ਫੇਰ ਮੈਨੂੰ ਪਰਾਂ ਕਰ ਬੂਹੇ ਨੂੰ ਅੰਦਰ...
ਨੂੰ ਧੱਕਿਆ..ਖੁੱਲ ਗਿਆ..ਆਖਣ ਲੱਗੇ ਪੁੱਤਰ ਕੁਝ ਬੂਹੇ ਅੰਦਰ ਨੂੰ ਵੀ ਖੁੱਲਦੇ ਨੇ..ਅਸੀਂ ਸਾਰੀ ਉਮਰ ਬਾਹਰ ਨੂੰ ਹੀ ਜ਼ੋਰ ਲਾਈ ਜਾਂਦੇ ਹਾਂ..!
ਫੋਨ ਹੱਥੋਂ ਛੁੱਟ ਬਰਫ ਦੇ ਢੇਰ ਅੰਦਰ ਧਸ ਗਿਆ..ਮੁੜ ਨਹੀਂ ਚੱਲਿਆ..ਸ਼ੋ ਰੂਮ ਵਾਲੇ ਆਖਣ ਲੱਗੇ ਬਦਲਣਾ ਪੈਣਾ..ਪਾਣੀ ਪੈ ਗਿਆ ਅੰਦਰ..!
ਜੀ ਕੀਤਾ ਆਖ ਦਿਆਂ ਕੇ ਪਾਣੀ ਫੋਨ ਅੰਦਰ ਹੀ ਨਹੀਂ ਕਿਧਰੇ ਹੋਰ ਵੀ ਪੈ ਗਿਆ ਸੀ..ਅੰਦਰ ਲਗਾਤਾਰ ਹੀ ਬਲਦੀ ਰਹਿੰਦੀ ਅੱਗ ਦੀ ਇੱਕ ਪ੍ਰਚੰਡ ਲਾਟ ਤੇ ਵੀ!
ਹਰਪ੍ਰੀਤ ਸਿੰਘ ਜਵੰਦਾ