More Punjabi Kahaniya  Posts
ਜ਼ਮੀਰਾਂ ਦੇ ਜੋਖਿਮ


(ਜ਼ਮੀਰਾਂ ਦੇ ਜੋਖਿਮ)(ਸੱਚ ਦੇ ਆਧਾਰਿਤ, ਕਾਲਪਨਿਕ ਨਾਮ)
ਜ਼ਮੀਰ ਇਕ ਅਜਿਹੀ ਕੁਦਰਤੀ ਜ਼ੰਜੀਰ ਹੈ ਜੋ ਹਰ ਵਿਅਕਤੀ ਨੂੰ ਕਿਤੇ ਨਾਂ ਕਿਤੇ ਇੱਕ ਸੀਮਾਂ ਤੱਕ ਬੰਨ੍ਹ ਕੇ ਰੱਖਦੀ ਹੈ । ਜਦੋਂ ਵੀ ਕੋਈ ਇਸ ਨੂੰ ਲੰਘਦਾ ਹੈ ਉਹ ਜਾਂ ਤਾਂ ਬਹੁਤ ਲਾਲਚੀ ਜਾਂ ਫਿਰ ਲਾਚਾਰ ਹੋਇਆ ਹੁੰਦਾ । ਵਜ੍ਹਾ ਕੋਈ ਵੀ ਹੋਵੇ, ਪਰ ਇਸ ਛੱਲ ਦੁਆਰਾ ਰੋੜੀਆਂ ਕਦਰਾਂ -ਕੀਮਤਾਂ ਕਦੇ ਵਾਪਿਸ ਨਹੀਂ ਮੁੜਦੀਆਂ। ਚਮਕੌਰ ਤੇ ਕਰਮੀਂ, ਇੱਕ ਬਹੁਤ ਹੀ ਸੋਹਣੀ ਜੋੜੀ ਸੀ। ਚਮਕੌਰ ਵੀ ਆਪਣੇ ਪਿੰਡ ਵਿੱਚ ਚੰਗੇ ਬੰਦਿਆਂ ਚੋਂ ਗਿਣਿਆਂ ਜਾਂਦਾ ਸੀ। ਸਭ ਕੁਝ ਵਧੀਆਂ ਸੀ ਉਹਨਾਂ ਦੀ ਜ਼ਿੰਦਗੀ ਚ , ਬੱਸ ਜੇ ਨਹੀਂ ਸੀ ਤਾਂ ਸਿਰਫ ਔਲਾਦ ਨਹੀਂ ਸੀ। ਕਰਮੀ ਦੇ ਕਰਮ ਔਲਾਦ ਦੇ ਮਾਮਲੇ ਚ ਠੰਢੇ ਪੈ ਗਏ ਸੀ। ਬੇ- ਔਲਾਦ ਕਰਮੀ ਅਰਦਾਸਾਂ ਕਰਦੀ ਕਿ ਰੱਬਾ ਇੱਕ ਕੁੜੀ ਹੀ ਦੇ ਦੇ, ਕੁੱਖ ਤਾਂ ਸੁਲੱਖਣੀ ਹੋਜੇ। ਨਾਂ ਤਾਂ ਕਸੂਰ ਕਰਮੀ ਦਾ ਸੀ, ਨਾਂ ਹੀ ਚਮਕੌਰ ਦਾ, ਬੱਸ ਚਮਕੌਰ ਦੀ ਕੋਈ ਸਰੀਰਕ ਕਮਜ਼ੋਰੀ ਸੀ। ਕੁੱਝ ਪੰਜ ਕੁ ਸਾਲ ਤਾਂ ਡਾਕਟਰਾਂ ਦੀਆਂ ਸਲਾਹਾਂ ਲੈਂਦੇ ਲੰਘ ਗਏ ਸੀ, ਅੱਜ ਤੋਂ ਪੱਚੀ ਕੁ ਸਾਲ ਪਹਿਲਾਂ ਅੱਜ ਜਿੰਨੀ ਵਿਕਸਿਤ ਤਕਨੀਕ ਵੀ ਕਿੱਥੇ ਸੀ । ਪਰ ਹੁਣ ਪਿੰਡ ਦੇ ਮਰਦ, ਚਮਕੌਰ ਦੀ ਕਮੀ ਦੀ ਗੱਲ ਕਰਨ ਲੱਗ ਪਏ ਤੇ ਔਰਤਾਂ ਕਰਮੀਂ ਦੀ। ਕਰਨ ਤਾਂ ਦੋਵੇਂ ਜੀਅ ਕੀ ਕਰਨ। ਪਤਾਂ ਨੀ ਉਹਨਾਂ ਉੱਪਰ ਹਰ ਰੋਜ ਕੀ ਬੀਤਦੀ ਹੋਣੀ ਆ।
ਮੈਨੂੰ “ਛਿੰਦਾ” ਕਹਿੰਦੇ ਆ, ਫਰਿੱਜਾਂ ਵਾਲਾ ਛਿੰਦਾ, ਹਰ ਰੋਜ ਦੀ ਤਰਾਂ ਮੈਂ ਵੀ ਆਪਣੇ ਟੁੱਟੇ ਜੇ ਸਾਈਕਲ ਤੇ ਫਰਿੱਜਾਂ ਠੀਕ ਕਰਨ ਦੂਰ ਦੂਰ ਪਿੰਡਾਂ ਵੱਲ ਘਰੋਂ ਚੱਲਿਆ, ਮੈਨੂੰ ਕੁੱਝ ਯਾਦ ਚੇਤੇ ਵੀ ਨਹੀ ਸੀ ਕਿ ਮੈਂ ਕਿਹੜੇ ਇਮਤਿਹਾਨ ਦੇਣ ਨਿੱਕਲ ਚੱਲਿਆਂ । ਚਮਕੌਰ ਨੇ ਦਰਵਾਜ਼ੇ ਚੋ ਅਵਾਜ਼ ਮਾਰੀ “ ਬਾਈ ਜੀ ਸਾਡੀ ਫਰਿੱਜ ਵੀ ਦੇਖ ਜਿਉ”। ਮੈਂ ਅੱਧੇ ਕੁ ਘੰਟੇ ਚ ਫਰਿੱਜ ਠੀਕ ਕਰਤੀ, ਪਰ ਚਮਕੌਰ ਮੇਰੇ ਵੱਲ ਟਿਕਟਿਕੀ ਲਗਾ ਦੇਖ ਰਿਹਾ ਸੀ, ਮੁਰੰਮਤ ਦੇ ਪੈਸਾ ਦੇਣ ਤੋਂ ਬਾਅਦ ਕਹਿੰਦੇ ਵੀਰ ਕੱਲਨੂੰ ਇਕ ਵਾਰ ਫੇਰ ਚੈੱਕ ਕਰ ਜਾਇਉ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਅਗਲੀ ਹੀ ਝਪਕੀ ਚ ਥਥਲਾਉਂਦਾ ਜਾ ਕਹਿੰਦਾ “ਉਹ ਕਰਮੀ ਹੈ ਮੇਰੀ ਘਰਵਾਲ਼ੀ। ਸਾਡੇ ਔਲਾਦ ਨੀ ਹੋ ਰਹੀ,” ਝਿਜਕਦਾ ਹੋਇਆ “ਪਤਾ ਨੀ ਮੈਂ ਕੀ ਕਹਿ ਰਿਹਾ, ਪਰ ਕਰ ਦਿਉ ਕਿਰਪਾ”। ਚਮਕੌਰ ਦੀਆਂ ਅੱਖਾਂ ਨਮ ਅਤੇ ਹੱਥ ਜੁੜ ਗਏ। ਮੇਰੀ ਜ਼ੁਬਾਨ ਤੇ ਦਿਮਾਗ ਦੋਨੋ ਸੁੰਨ ਹੋ ਗਏ, ਸ਼ਬਦ ਨਿਕਲਣਾਂ ਤਾਂ ਦੂਰ ਮੈਥੋਂ ਪੈਸੇ ਫੜਣ ਲਈ ਹੱਥ ਵੀ ਅੱਗੇ ਨਹੀ ਹੋਇਆ । ਜਦੋਂ ਮੈਂ ਅੱਖਾਂ ਚੁੱਕ ਕੇ ਕਰਮੀ ਵੱਲ ਦੇਖਿਆਂ ਤਾਂ ਬਹੁਤ ਹੀ ਸੋਹਣੇ ਸਰੀਰ ਦੀ ਮਾਲਕਣ ਮੁਰਝਾਈ ਖੜੀ ਸੀ। ਹੋਰ ਤਾਂ ਮੈਥੋ...

ਕੁਝ ਨਹੀ ਕਿਹਾ ਗਿਆ ਪਰ ਮੈ ਕਿਹਾ ਬਾਈ ਕੱਲਨੂੰ ਦੁਬਾਰਾ ਦੇਖਜੂੰ । ਮੈਂ ਬਿਨਾਂ ਪੈਸੇ ਲਏ ਸਾਈਕਲ ਦਾ ਪੈਡਲ ਮਾਰਿਆਂ ਤੇ ਨਿੱਕਲ ਗਿਆ। ਉਸ ਦਿਨ ਹੋਰ ਘਰੇ ਤਾਂ ਜਾ ਹੀ ਨਹੀਂ ਹੋਇਆ । ਸਾਰੀ ਰਾਤ ਦਿਮਾਗ ਚ ਵਾ – ਵਰੋਲੇ ਚੱਲਦੇ ਰਹੇ, ਕਿਤੇ ਅੰਦਰਲਾਂ ਕਾਮ ਜਾਗ ਪਵੇ, ਕਦੇ ਉਹਨਾਂ ਦੀ ਲਾਚਾਰੀ। ਕਿਸ ਹਾਲਾਤ ਚੋਂ ਗੁਜ਼ਰ ਰਹੇ ਸੀ ਉਹ, ਜਾਂ ਤਾਂ ਉਹ ਜਾਣਦੇ ਸੀ ਜਾਂ ਰੱਬ, ਮੇਰੇ ਲਈ ਇਹ ਕੀ ਸੀ? ਉਹਨਾਂ ਦੀ ਮੱਦਦ ਜਾਂ ਮਹਿਜ਼ ਇੱਕ ਜਿਸਮ ਦੀ ਪੂਰਤੀ, ਇਹ ਤਾਂ ਹੁਣ ਤੱਕ ਮੈਂ ਵੀ ਸਮਝ ਨਹੀਂ ਪਾਇਆ।
ਅਗਲੇ ਦਿਨ, ਜੱਦੋ ਜਹਿਦ ਕਰਦਾ ਕਰਦਾ, ਮੈਂ ਚੱਕਿਆ ਸਾਈਕਲ ਤੇ ਚੱਲ ਪਿਆ ਉਹਨਾਂ ਦੇ ਘਰ ਵੱਲ, ਜਿਵੇਂ ਜਿਵੇਂ ਘਰ ਨੇੜੇ ਆਉਂਦਾਂ ਗਿਆ ਸਾਈਕਲ ਦੇ ਪੈਡਲ ਭਾਰੇ ਹੁੰਦੇ ਗਏ ਤੇ ਮੇਰੇ ਕੰਨ ਬੋਅਲੇ। ਜਿਵੇਂ ਹੀ ਦਰਵਾਜ਼ੇ ਤੇ ਗਿਆ, ਜਾਣੀ ਚਮਕੌਰ ਪਹਿਲਾਂ ਹੀ ਮੇਰੀ ਉਡੀਕ ਵਿੱਚ ਸੀ, ਉਸਨੇ ਕਮਰੇ ਵੱਲ ਇਸ਼ਾਰਾ ਕੀਤਾ ਤੇ ਬਿਨਾ ਸ਼ਬਦ ਬੋਲੇ ਮੈਂ ਅੰਦਰ ਚਲਾ ਗਿਆ । ਚਮਕੌਰ ਨੇ ਬਾਹਰੋਂ ਕੁੰਡੀ ਬੰਦ ਕਰ ਦਿੱਤੀ। ਕੁੱਝ ਕੁ ਪਲਾਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਤਾਂ ਚਮਕੌਰ ਦੀਆਂ ਅੱਖਾਂ ਦਾ ਪਾਣੀ ਤ੍ਰਿਪ ਤ੍ਰਿਪ ਵਹਿ ਰਿਹਾ ਸੀ । ਮੈਂ ਫਿਰ, ਕੁਝ ਵੀ ਨਹੀਂ ਬੋਲ ਸਕਿਆਂ, ਪਰ ਬਿਨ ਬੋਲੀ ਭਾਸ਼ਾ ਵਿੱਚ ਇਹ ਤਕਰੀਬਨ ਕੁੱਝ ਕੁ ਹਫਤੇ ਇੰਝ ਹੀ ਚੱਲਿਆ, ਤੇ ਮੇਰਾ ਜਾਣੀ ਕਰਮੀ ਨਾਲ ਸਨੇਹ ਵੱਧ ਜਾ ਗਿਆ। ਹੁਣ ਮੈਨੂੰ ਦੁੱਖ ਘੱਟ ਪਰ ਤਾਂਘ ਜ਼ਿਆਦਾ ਰਹਿੰਦੀ । ਅਜੇ ਵੀ ਯਾਦ ਹੈ ਕਿ ਇਹ ਬੁੱਧਵਾਰ ਸੀ, ਮੈਂ ਗਿਆ ਤੇ ਕਰਮੀ ਕੁਝ ਠੀਕ ਜਾ ਮਹਿਸੂਸ ਨਹੀਂ ਕਰ ਰਹੀ ਸੀ, ਮੈਂ ਚਮਕੌਰ ਦੀਆ ਅੱਖਾਂ ਵੱਲ ਦੇਖਿਆਂ ਤਾਂ ਪਤਾ ਨਹੀ ਕਿਉਂ ਮੈਨੂੰ ਇੱਕ ਝਰਨਾਹਟ ਜੀ ਪਈ ਤੇ ਮੇਰਾ ਸ਼ਰੀਰ ਪਹਿਲੀ ਵਾਰ ਇੱਕ ਲੋਥ, ਉਸ ਜੋੜੇ ਦੀ ਜ਼ਿੰਦਗੀ ਤੇ ਭਾਰ ਲੱਗਿਆ। ਮੇਰੇ ਪੈਰ ਮੱਲੋ-ਮੱਲੀ ਸਾਈਕਲ ਵੱਲ ਮੁੜ ਪਏ । ਭਾਵੇਂ ਇਹ ਸਭ ਹੋਣ ਤੇ, ਸਮਾਜ ਵਿੱਚ, ਉਹਨਾਂ ਦਾ ਰੁਤਬਾ ਔਲਾਦ ਹੋਣ ਨਾਲ ਮੁੜ ਆਇਆ ਹੋਵੇ, ਪਰ ਸਾਡੇ ਤਿੰਨਾਂ ਦੇ ਜ਼ਮੀਰਾਂ ਨੂੰ ਜੋ ਘਾਤ ਲੱਗਿਆ ਉਹ ਬਹੁਤ ਕੁਝ ਰੋੜ ਕੇ ਲੈ ਗਿਆ । ਮੇਰੇ ਆਪਣੇ ਖੂਨ ਨੂੰ ਦੇਖਣ ਦਾ ਮੋਹ ਮੇਰੇ ਦਿਲ ਵਿੱਚ ਬਹੁਤ ਵਾਰ ਉਪਜਿਆ ਪਰ ਦੋਬਾਰਾ ਜ਼ਿੰਦਾ ਹੋਏ ਚਮਕੌਰ, ਕਰਮੀਂ ਅਤੇ ਮੇਰੇ ਪੁੱਤ ਦਾ ਖੂਨ ਕਰਨ ਤੋਂ ਬਚਣ ਲਈ ਮੈਂ ਸਦਾ ਲਈ ਉਸ ਰਾਹ ਵੱਲ ਸਾਈਕਲ ਦੇ ਪੈਡਲ ਰੋਕ ਦਿੱਤੇ।
(ਅਮਰਪਾਲ ਸਿੰਘ ਬਰਾੜ ਫੀਗੋ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)