ਧੀ ਨੂੰ ਜਨਮ ਦਿੰਦਿਆਂ ਹੀ ਨਾਲਦੀ ਚੱਲ ਵੱਸੀ… ਮੌਤ ਦੀ ਜਿੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤੱਕ ਨੀ ਲਾਇਆ.. ਨਾ ਹੀ ਇਕ ਵਾਰ ਤੱਕਿਆ। ਉਸਦਾ ਮਲੂਕ ਜਿਹਾ ਸਰੀਰ ਨਾਜੁਕ ਜਿਹੀਆਂ ਉਂਗਲਾਂ… ਜੱਗਦੀਆਂ ਹੋਈਆਂ ਅੱਖਾਂ ਅਤੇ ਮਾਸੂਮ ਜਿਹਾ ਹਾਸਾ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਗਲਾ ਸਕਿਆ ।
ਦੋ ਚਾਰ ਮਹੀਨੇ ਰਿਸ਼ਤੇਦਾਰਾਂ ਨੇ ਸਾਂਭ ਲਈ… ਫੇਰ ਹਮਦਰਦੀ ਦਾ ਦਰਿਆ ਸੁੱਕਦਿਆ ਹੀ ਉਸਨੂੰ ਵਾਪਿਸ ਉਸਦੀ ਝੋਲੀ ਵਿੱਚ ਪਾ ਗਏ। ਹੁਣ ਅਕਸਰ ਹੀ ਉਸਦਾ ਰੋ ਰੋ ਬੁਰਾ ਹਾਲ ਹੋਇਆ ਕਰਦਾ.. ਰੋਣੇ ਤੋਂ ਤੰਗ ਆਇਆ ਕਈ ਵਾਰ ਸੋਚਦਾ ਕੇ ਉਸਨੂੰ ਚਪੇੜ ਮਾਰ ਦੇਵੇ। ਫੇਰ ਦਿਲ ਵਿੱਚ ਪਤਾ ਨੀ ਕੀ ਆਉਂਦਾ ਕੋਸੇ ਦੁੱਧ ਦੀ ਬੋਤਲ ਲਿਆ ਉਸਦੇ ਮੂੰਹ ਨੂੰ ਲਾ ਦਿਆ ਕਰਦਾ.. ਉਹ ਚੁੱਪ ਕਰ ਜਾਇਆ ਕਰਦੀ.. ਹੌਲੀ ਹੌਲੀ ਦੋਹਾਂ ਨੂੰ ਹੀ ਇਕ ਦੂਜੇ ਦੀਆਂ ਆਦਤਾਂ ਦੀ ਸਮਝ ਪੈਣੀ ਸ਼ੁਰੂ ਹੋ ਗਈ…।
ਦੁੱਧ ਚੁੰਘਦੀ ਹੋਈ ਉਹ ਕਈ ਤਰ੍ਹਾਂ ਦੀਆਂ ਖੇਡ ਖੇਡਦੀ ਅਕਸਰ ਹੀ ਅਜੀਬ ਤਰ੍ਹਾਂ ਦੀ ਅਵਾਜ਼ਾਂ ਕੱਢ ਰਹੀ ਵੇਖ ਉਸਦਾ ਕੱਲੇ ਦਾ ਹਾਸਾ ਨਿਕਲ ਜਾਇਆ ਕਰਦਾ… ਇਕ ਦਿਨ ਬੈਠਾ ਦੁੱਧ ਪਿਲਾ ਰਿਹਾ ਸੀ ਕਿ ਨਿੱਕਰ ਗਿਲੀ ਕਰ ਲਈ… ਉਸਨੂੰ ਬੜਾ ਗੁੱਸਾ ਚੱੜਿਆਂ.. ਉਹ ਕੱਪੜਾ ਗਿਲਾ ਕਰ ਉਸਨੂੰ ਸਾਫ਼ ਕਰਨ ਵਿੱਚ ਰੁੱਝ ਗਿਆ.. ਫਿਰ ਜਦੋਂ ਉਸਨੂੰ ਤਲੀ ਤੇ ਟਿਕਾ ਕੇ ਕੋਸੇ ਪਾਣੀ ਦੀ ਧਾਰ ਹੇਠ ਕੀਤਾ ਤਾਂ ਉਹ ਸੁੰਗੜ ਜਿਹੀ ਗਈ… ਤੇ ਨਾਲ ਹੀ ਉਸਨੇ ਉਸਦੀ ਉਂਗਲ ਫੜ ਆਪਣੀ ਮੂੰਹ ਵਿੱਚ ਪਾ ਲਈ।
ਫੇਰ ਜਦੋਂ ਉਸਨੂੰ ਪਾਣੀ ਵਿੱਚ...
ਰੱਖੇ ਨਿੱਕੇ ਜਿਹੇ ਸਟੈਂਡ ਤੇ ਟਿਕਾਇਆ ਤਾਂ ਉਹ ਦੂਜੇ ਪਾਸੇ ਵੱਲ ਨੂੰ ਉਲਰ ਗਈ, ਫੇਰ ਸਿਧੀ ਕੀਤੀ ਤਾਂ ਦੂਜੇ ਪਾਸੇ ਨੂੰ ਉਲਟ ਗਈ।
ਕੰਮ ਤੋਂ ਲੇਟ ਹੋਏ ਜਾਂਦੇ ਨੂੰ ਇੰਝ ਲਗਾ ਜਿਵੇਂ ਉਹ ਜਾਣ-ਬੁੱਝ ਕੇ ਉਸਦੇ ਸਬਰ ਦੀ ਇਮਤਿਹਾਨ ਲੈ ਰਹੀ ਹੋਵੇ, ਫੇਰ ਅਚਾਨਕ ਹੀ ਉਸਨੇ ਨਿਕੀਆਂ ਨਿਕੀਆਂ ਬਾਹਾਂ ਫੈਲਾ ਕੇ ਇਕ ਪਿਆਰੀ ਜਿਹੀ ਆਕੜ ਲਈ ਤੇ ਨਾਲ ਹੀ ਪਿਉ ਵੱਲ ਦੇਖ ਇਕ ਮਿੱਠੀ ਜਿਹੀ ਮੁਸਕੁਰਾਹਟ ਵੀ ਬਖੇਰ ਦਿੱਤੀ… ਸ਼ਾਇਦ ਕਿਸੇ ਚੀਜ਼ ਦਾ ਧੰਨਵਾਦ ਕਰ ਰਹੀ ਸੀ। ਮਗਰੋਂ ਗਿਲਾ ਪਿੰਡਾਂ ਪੂੰਝ ਨਰਮ ਜਿਹੇ ਤੌਲੀਏ ਵਿੱਚ ਲਪੇਟ ਮੋਢੇ ਨਾਲ ਲਾ ਅਜੇ ਉਸਨੂੰ ਸੌਣ ਵਾਲੇ ਕਮਰੇ ਵੱਲ ਨੂੰ ਲਿਜਾ ਹੀ ਰਿਹਾ ਸੀ ਕਿ ਨਿਕੀ ਜਿਹੀ ਨੇ ਬੜੇ ਹੀ ਪਿਆਰ ਨਾਲ ਇਕ ਕਿਲਕਾਰੀ ਜਿਹੀ ਮਾਰੀ ਤੇ ਨਾਲ ਹੀ ਮੂੰਹੋਂ ਕੁੱਝ ਬੋਲ ਵੀ ਕੱਢ ਮਾਰੇ…।
ਹੁਣ ਇਸ ਵਾਰ ਉਸਤੋਂ ਨਾ ਰਿਹਾ ਗਿਆ… ਤੇ ਉਹ ਉਸਨੂੰ ਓਸੇ ਤਰ੍ਹਾਂ ਤੌਲੀਏ ਵਿੱਚ ਲਪੇਟੀ ਹੋਈ ਨੂੰ ਲੈ ਆਪ ਮੁਹਾਰੇ ਹੀ ਬਾਹਰ ਗਲੀ ਵੱਲ ਨੂੰ ਦੌੜ ਪਿਆ। ਖੁਸ਼ੀ ਵਿੱਚ ਕਮਲਾ ਹੋਇਆ ਹਰ ਆਉਂਦੇ ਜਾਂਦੇ ਨੂੰ ਰੋਕ-ਰੋਕ ਬੱਸ ਇਕੋ ਗੱਲ ਹੀ ਆਖੀ ਜਾ ਰਿਹਾ ਸੀ… ” ਆ ਵੇਖੋ ਇਸਨੇ ਹੁਣੇ ਹੁਣੇ ਮੈਨੂੰ ” ਡੈਡੀ ” ਆਖਿਆ “…………।
ਗੁਰਪ੍ਰੀਤ ਸਿੰਘ ਪੱਟੀ।