ਝੇਨ ਫਕੀਰ ਲਿੰਚੀ ਨੂੰ ਗੁੱਸਾ ਨਹੀਂ ਸੀ ਆਉਂਦਾ । ਆਪਣਾ ਅਪਮਾਨ ਕਰਨ ਵਾਲੇ ਵੱਲ ਲਿੰਚੀ ਗੌਰ ਨਾਲ ਦੇਖਦਾ ਅਤੇ ਮੁਸਕਰਾ ਕੇ ਆਖ ਦਿੰਦਾ ਕਿ ਇਹ ਕਿਸ਼ਤੀ ਵੀ ਖਾਲੀ ਹੈ। ਉਸਦੇ ਚੇਲੇ ਉਸਦੀ ਇਹ ਅਵਸਥਾ ਦੇਖ ਕੇ ਹੈਰਾਨ ਹੋ ਜਾਂਦੇ ।
ਚੇਲਿਆਂ ਦੇ ਵਾਰ ਵਾਰ ਪੁੱਛਣ ਤੇ ਲਿੰਚੀ ਨੇ ਜਵਾਨੀ ਦੇ ਦਿਨਾਂ ਦੀ ਘਟਨਾ ਸੁਣਾਉਂਦਿਆਂ ਦੱਸਿਆ ਕਿ ਉਸਨੂੰ ਜਵਾਨੀ ਦੇ ਦਿਨਾਂ ਵਿੱਚ ਬਹੁਤ ਗੁੱਸਾ ਆਉਂਦਾ ਸੀ ।
ਇਕ ਦਿਨ ਟਿਕੀ ਹਨੇਰੀ ਰਾਤ ਦੌਰਾਨ ਉਹ ਨਦੀ ਵਿਚ ਕਿਸ਼ਤੀ ਉੱਪਰ ਬੈਠ ਕੇ ਧਿਆਨ ਕਰ ਰਿਹਾ ਸੀ ਤਾਂ ਇਕ ਹੋਰ ਕਿਸ਼ਤੀ ਉਸਦੀ ਕਿਸ਼ਤੀ ਨਾਲ ਆ ਟਕਰਾਈ । ਉਹ ਗੁੱਸੇ ਵਿੱਚ ਅੱਗ ਬਬੂਲਾ ਹੋ ਗਿਆ । ਉਸਨੇ ਕਿਸ਼ਤੀ ਚਾਲਕ ਨੂੰ ਲਲਕਾਰਿਆ ਅਤੇ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ।
ਬਾਅਦ ਵਿੱਚ ਜਦੋਂ ਉਸਨੇ ਧਿਆਨ ਨਾਲ ਦੇਖਿਆ ਕਿ ਕਿਸ਼ਤੀ ਖਾਲੀ ਹੈ ਅਤੇ ਲਹਿਰਾਂ ਸਹਾਰੇ ਤੁਰਦੀ...
ਤੁਰਦੀ ਉਸਦੀ ਕਿਸ਼ਤੀ ਨਾਲ ਆ ਟਕਰਾਈ ਹੈ । ਦੋਸ਼ੀ ਕੋਈ ਵੀ ਨਹੀਂ ਹੈ , ਲਹਿਰਾਂ ਹਨ ~ ਜੋ ਖਾਲੀ ਕਿਸ਼ਤੀ ਨੂੰ ਉਸਦੀ ਕਿਸ਼ਤੀ ਕੋਲ ਲੈ ਆਈਆਂ ਸਨ ।
ਖਾਲੀ ਕਿਸ਼ਤੀ ਦੇਖ ਕੇ ਉਸਨੇ ਹੈਰਾਨੀ ਨਾਲ ਆਪਣੇ ਗੁੱਸੇ ਬਾਰੇ ਸੋਚਿਆ ਅਤੇ ਆਤਮ ਚਿੰਤਨ ਕਰਦਾ ਹੋਇਆ ਉਹ ਆਪਣੇ ਕੇਂਦਰ ਤੇ ਜਾ ਪਹੁੰਚਿਆ । ਉਹ ਖਾਲੀ ਕਿਸ਼ਤੀ ਹੀ ਉਸਦਾ ਗੁਰੂ ਬਣ ਗਈ ।
ਉਸਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਹੁਣ ਜਦੋਂ ਕੋਈ ਗੁੱਸੇ ਵਿੱਚ ਮੇਰਾ ਅਪਮਾਨ ਕਰਦਾ ਹੈ ਤਾਂ ਮੈਂ ਉਸਦੀਆਂ ਅੱਖਾਂ ਵਿੱਚ ਗੌਰ ਨਾਲ ਦੇਖਦਾ ਅਤੇ ਮੁਸਕਰਾ ਕੇ ਆਖ ਦਿੰਦਾ ਹਾਂ ਕਿ ਕਿਸ਼ਤੀ ਖਾਲੀ ਹੈ ।
ਇੱਕ ਝੇਨ ਸਾਖੀ