More Punjabi Kahaniya  Posts
ਪਛਤਾਵਾ


ਆ ਬਾਈ ਅਮਨ! ਆਜਾ ਟੱਬਰ ਨਾਲ…ਵੋਟ ਪਾ ਕੇ ਆਈਏ ਤੇਰੇ ਜੁੰਡੀ ਦੇ ਯਾਰ ਨੂੰ…ਦੁਪਹਿਰ ਹੋ ਗਈ…,’’ਬਿਸ਼ਨੇ ਨੇ ਵੋਟ ਪਾਉਣ ਜਾਂਦੇ ਨੇ ਘਰ ਦੇ ਬਾਹਰ ਬੈਠੇ ਅਮਨ ਨੂੰ ਹਾਕ ਮਾਰ ਕੇ ਕਿਹਾ। ਅਮਨ ਦਾ ਕਾਲਜ ਸਮਿਆਂ ਵਿੱਚ ਨਾਲ ਪੜ੍ਹਦਾ ਦੋਸਤ ‘ਸਹਿਜਦੀਪ’ ਇਸ ਵਾਰ ਵਿਧਾਨਸਭਾ ਚੋਣਾਂ ਵਿੱਚ ਖੜ੍ਹਾ ਹੋਇਆ ਸੀ। ਭਾਵੇਂ ਦੋਵਾਂ ਦੇ ਪਿੰਡ ਵੱਖ-ਵੱਖ ਸਨ ਪਰ ਹਲਕਾ ਇੱਕੋ ਸੀ। ਅਮਨ ਬਿਸ਼ਨੇ ਦੀ ਮਾਰੀ ਅਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਗਹਿਰੀ ਸੋਚ ਵਿੱਚ ਡੁੱਬਾ ਘਰ ਦੇ ਬਾਹਰ ਮੰਜਾ ਡਾਹ ਕੇ ਬੈਠਾ ਸੀ।
ਅਮਨ ਯਾਦ ਕਰ ਰਿਹਾ ਸੀ ਕਿ ਜਦ ਉਸ ਨੂੰ ਪਤਾ ਲੱਗਾ ਸੀ ਕਿ ਇਸ ਵਾਰ ਸਹਿਜਦੀਪ ਚੋਣਾਂ ਵਿੱਚ ਖੜ੍ਹਾ ਹੋ ਰਿਹਾ ਹੈ, ਤਾਂ ਉਸ ਨੂੰ ਇਸ ਗੱਲ ਦਾ ਕਿੰਨਾਂ ਚਾਅ ਚੜ੍ਹਿਆ ਸੀ। ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਸੀ। ਅਮਨ ਜਾਣਦਾ ਸੀ ਕਿ ਸਹਿਜਦੀਪ ਸ਼ੁਰੂ ਤੋਂ ਹੀ ਕਿੰਨੇ ਠਰ੍ਹਮੇ ਵਾਲਾ, ਚੰਗੇ ਸੁਭਾਅ ਅਤੇ ਈਮਾਨਦਾਰ ਕਿਰਦਾਰ ਦਾ ਮਾਲਕ ਸੀ, ਜਦਕਿ ਸਹਿਜਦੀਪ ਦੇ ਵਿਰੁੱਧ ਖੜ੍ਹਾ ਉਮੀਦਵਾਰ ਇੱਕ ਨੰਬਰ ਦਾ ਗੁੰਡਾ, ਅੱਯਾਸ਼ ਅਤੇ ਮਾੜੀ ਪ੍ਰਵਿਰਤੀ ਦਾ ਮਾਲਕ ਸੀ, ਜਿਸ ਤੇ ਨਸ਼ੇ ਦੀ ਸਪਲਾਈ, ਨਜਾਇਜ਼ ਰੇਤ ਮਾਫ਼ੀਆ, ਬਲਾਤਕਾਰ ਅਤੇ ਰਿਸ਼ਵਤਖੋਰੀ ਆਦਿ ਦੇ ਅਨੇਕਾਂ ਕੇਸ ਪਹਿਲਾਂ ਤੋਂ ਹੀ ਪੜਤਾਲ-ਅਧੀਨ ਸਨ।
ਸਹਿਜਦੀਪ, ਅਮਨ ਦੀ ਸਰਕਾਰੀ ਨੌਕਰੀ ਨੂੰ ਧਿਆਨ ਵਿੱਚ ਰੱਖਦਾ ਉਸ ਤੋਂ ਪਰਾਂ ਹੀ ਰਿਹਾ। ਸਹਿਜਦੀਪ ਨਹੀਂ ਸੀ ਚਾਹੁੰਦਾ ਕਿ ਉਸ ਦੀ ਵਜ੍ਹਾ ਨਾਲ ਉਸਦੇ ਦੋਸਤ ਅਮਨ ਨੂੰ ਭਵਿੱਖ ਵਿੱਚ ਨੌਕਰੀ ਕਰਨ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਪਰ ਇੱਧਰ ਸਹਿਜਦੀਪ ਦੇ ਅਮਨ ਨੂੰ ਸਿਰਫ਼ ਫ਼ੋਨ ਕਰਕੇ ਵੋਟ ਪਾਉਣ ਲਈ ਕਹਿਣ, ਨਿਜੀ ਰੁਝੇਵਿਆਂ ਦਾ ਹਵਾਲਾ ਦੇ ਕੇ ਅਮਨ ਦੇ ਘਰ ਨਾ ਆ ਸਕਣ ਅਤੇ ਅਮਨ...

ਨੂੰ ਵੋਟਾਂ ਦੀ ਕਿਸੇ ਵੱਡੀ ਜ਼ਿੰਮੇਵਾਰੀ ਨਾ ਦੇਣ ਦਾ ਗੁੱਸਾ ਅਜੇ ਵੀ ਅਮਨ ਦੇ ਦਿਲ ਦੇ ਕਿਸੇ ਕੋਨੇ ਵਿੱਚ ਟੀਸ ਜਿਹੀ ਪੈਦਾ ਕਰ ਰਿਹਾ ਸੀ। ਅਮਨ ਨੇ ਵੀ ਮਨ ਵਿੱਚ ਧਾਰ ਲਿਆ ਸੀ ਕਿ ਜੇਕਰ ਸਹਿਜਦੀਪ ਆਪ ਲੈਣ ਆਉਗਾ ਤਾਂ ਹੀ ਟੱਬਰ ਸਣੇ ਵੋਟ ਪਾਉਣ ਜਾਵੇਗਾ, ਨਹੀਂ ਤਾਂ ਨਹੀਂ। ਸਹਿਜਦੀਪ ਦਿਨ ਚੜ੍ਹਦਿਆਂ ਹੀ ਆਪਣੀ ਵੋਟ ਭੁਗਤਾ ਕੇ ਹਲਕੇ ਦੇ ਦੂਜੇ ਪਿੰਡਾਂ ਵਿੱਚ ਮਸ਼ਗੂਲ ਰਿਹਾ। ਸਹਿਜਦੀਪ ਚਾਹ ਕੇ ਵੀ ਵੋਟਾਂ ਵਾਲੇ ਦਿਨ ਅਮਨ ਦੇ ਪਿੰਡ ਗੇੜਾ ਨਾ ਮਾਰ ਸਕਿਆ। ਅਮਨ ਵੀ ਪੱਥਰ ਤੇ ਲਕੀਰ ਮਾਰੀ ਬੈਠਾ, ਪੂਰੇ ਟੱਬਰ ਸਣੇ ਵੋਟ ਪਾਉਣ ਨਾ ਗਿਆ ਅਤੇ ਇਸ ਤਰ੍ਹਾਂ ਵੋਟਾਂ ਦਾ ਸਮਾਂ ਲੰਘ ਗਿਆ, ਪਰ ਅਮਨ ਪੂਰੇ ਟੱਬਰ ਸਣੇ ਵੋਟਾਂ ਪਾਉਣ ਨਾ ਗਿਆ।
ਵੋਟਾਂ ਪੈਣ ਤੋਂ ਕੁੱਝ ਦਿਨ ਬਾਅਦ ਜਦ ਨਤੀਜੇ ਆਏ ਤਾਂ ਅਮਨ ਨੂੰ ਪਤਾ ਲੱਗਾ ਕਿ ਉਸਦਾ ਕਾਲਜ ਸਮਿਆਂ ਦਾ ਯਾਰ ਸਿਰਫ਼ ਪੰਜ ਵੋਟਾਂ ਤੋਂ ਹਾਰ ਗਿਆ। ਜੇ ਕਿਤੇ ਅਮਨ ਆਪਣੇ ਪੂਰੇ ਟੱਬਰ ਸਮੇਤ ਵੋਟਾਂ ਪਾ ਆਉਂਦਾ ਤਾਂ ਅੱਜ ਉਸਦੇ ਯਾਰ ਸਹਿਜਦੀਪ ਨੇ ਜਿੱਤ ਜਾਣਾ ਸੀ ਅਤੇ ਸੂਬੇ ਦੀ ਰਾਜਨੀਤੀ ਨੂੰ ਇੱਕ ਨੌਜਵਾਨ ਅਤੇ ਈਮਾਨਦਾਰ ਲੀਡਰ ਮਿਲ ਜਾਣਾ ਸੀ। ਅਮਨ ਨੂੰ ਹੁਣ ਆਪਣੀ ਬੱਚਿਆਂ ਵਾਂਗ ਕੀਤੀ ਜ਼ਿੱਦ ਤੇ ‘ਪਛਤਾਵਾ’ ਹੋ ਰਿਹਾ ਸੀ ਅਤੇ ਉਸਦੇ ਘਰ ਦੇ ਸਾਹਮਣੇ ਲੱਗੀ ਜੇਤੂ ਵਿਰੋਧੀ-ਲੀਡਰ ਦੀ ਹੱਸਦੇ ਦੀ ਰਾਖ਼ਸ਼ਨੁਮਾ ਤਸਵੀਰ ਪਹਿਲਾਂ ਨਾਲੋਂ ਵੀ ਵੱਡੀ ਅਤੇ ਭਿਆਨਕ ਰੂਪ ਧਾਰਨ ਕਰਦੀ ਜਾਪ ਰਹੀ ਸੀ।
ਅਭੀਜੀਤ ਅਬੋਹਰ
+91-95-929-00-486
+91-89-478-000-86

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)