ਨਿੱਕੇ ਹੁੰਦਿਆਂ ਘਰੋਂ ਤੋਰਿਆ ਪ੍ਰਾਹੁਣਾ ਅਜੇ ਬਰੂਹਾਂ ਵੀ ਨਹੀਂ ਸੀ ਟੱਪਿਆ ਹੁੰਦਾ ਕੇ ਪਲੇਟ ਵਿਚ ਬਚੇ ਹੋਏ ਬਿਸਕੁਟ ਅਤੇ ਗੁਲਾਬ-ਜਾਮੁਣ ਹਵਾ ਹੋ ਜਾਂਦੇ..!
ਬੀਜੀ ਅਕਸਰ ਆਖ ਦਿਆ ਕਰਦੀ ਕੇ ਜਿਸ ਦਿਨ ਸਹੁਰੇ ਗਈ ਤਾਂ ਉਸ ਦਿਨ ਪਤਾ ਨੀ ਕੀ ਹੋਊ..!
ਜਿਸ ਦਿਨ ਕਾਲਜ ਇੱਕਠੀਆਂ ਹੋ ਕੇ ਗ੍ਰੀਨ ਐਵੀਨਿਊ ਦੇ ਭਿੱਜੇ ਕੁਲਚੇ ਨਾ ਖਾ ਲਿਆ ਕਰਦੀਆਂ ਓਨੀ ਦੇਰ ਸਿਦਕ ਜਿਹਾ ਨਾ ਆਇਆ ਕਰਦਾ..
ਘਰੇ ਆ ਕੇ ਵੀ ਜੇ ਹਰ ਅੱਧੇ ਘੰਟੇ ਬਾਅਦ ਕੁਝ ਨਾ ਕੁਝ ਖਾ ਨਾ ਲਿਆ ਕਰਦੀ..ਤਸੱਲੀ ਨਾ ਹੁੰਦੀ..!
ਭਿਝੇ ਕੁਲਚਿਆਂ ਦਾ ਜਿਕਰ ਤਾਂ ਮੰਗਣੇ ਵਾਲੇ ਦਿਨ ਟੇਬਲ ਤੇ ਬੈਠਿਆਂ ਵੇਲੇ ਵੀ ਕਰ ਦਿੱਤਾ ਗਿਆ..
ਘਰੇ ਆ ਕੇ ਕਲੇਸ਼ ਪਾ ਦਿੱਤਾ..ਬਹੁਤ ਲੜੀ..ਮਾਂ ਨੂੰ ਆਖਣ ਲੱਗੀ ਕੇ ਮੇਰੀ ਇਸ ਆਦਤ ਦਾ ਜਿਕਰ ਕਰਨਾ ਕਿੰਨਾ ਕੂ ਜਰੂਰੀ ਸੀ..!
ਫੇਰ ਵਿਆਹ ਵਾਲੇ ਦਿਨ ਵੀ ਸ਼ਾਇਦ ਸਾਰਿਆਂ ਨਾਲੋਂ ਵਿਛੜਨ ਦਾ ਖੌਫ ਸੀ ਕੇ ਅਗਲੇ ਘਰ ਮਿਲਣ ਵਾਲੇ ਨਵੇਂ ਮਾਹੌਲ ਦਾ ਧੁੜਕੂ..ਮੇਰੀ ਭੁੱਖ ਖੰਬ ਲਾ ਕੇ ਉੱਡ ਗਈ..!
ਉੱਤੋਂ ਪੂਰੇ ਪੰਜ ਕਿੱਲੋ ਦਾ ਲਹਿੰਗਾ..ਕਿੰਨੇ ਸਾਰੇ ਗਹਿਣੇ..ਲੰਮਾ ਸਾਰਾ ਫੋਟੋ ਸ਼ੈਸ਼ਨ..ਡੀ.ਜੇ ਦੇ ਨਾਲ ਹੁੰਦੀ ਕੰਨ ਪਾੜਵੀਂ ਨੱਚ-ਭੁੜਕ..ਅਤੇ ਹਾਈ-ਫਾਈ ਮੇਕਅੱਪ ਤੇ ਪੈਂਦੀਆਂ ਕਿੰਨੀਆਂ ਸਾਰੀਆਂ ਲਾਈਟਾਂ..!
ਇਸ ਸਾਰੇ ਕੁਝ ਵਿਚ ਖਾਦੀ ਹੋਈ ਥੋੜੀ ਬਹੁਤ ਰੋਟੀ ਅਗਲੇ ਘਰ ਪਾਣੀ ਵਾਰਨ ਲਗਿਆਂ ਲੱਤਾਂ ਭਾਰ ਖਲੋ ਕੇ ਲੰਘਾਏ ਓਹਨਾ ਵੀਹਾਂ ਮਿੰਟਾ ਨੇ ਹਵਾ ਕਰ ਦਿੱਤੀ..!
ਫੇਰ ਸ਼ੁਰੂ ਹੋਇਆ ਸ਼ਗਨ ਸੁਆਰਥਾਂ ਅਤੇ ਕਿੰਨੇ ਸਾਰੇ ਨਵੇਂ ਚੇਹਰਿਆਂ ਨਾਲ ਕਰਾਈ ਜਾ ਰਹੀ ਜਾਣ-ਪਛਾਣ ਵਾਲਾ ਕਦੀ ਨਾ ਮੁੱਕਣ ਵਾਲਾ ਲੰਮਾ ਸਾਰਾ ਸਿਲਸਿਲਾ!
ਕਿਸੇ ਵੱਲੋਂ ਲਿਆਂਧੀ ਗਈ ਸਵੀਟ-ਡਿਸ਼ ਦੇ ਮਸਾਂ ਦੋ ਚਮਚੇ ਹੀ ਅੰਦਰ ਲੰਘਾਏ ਹੋਣੇ ਕੇ ਮੂਵੀ ਵਾਲਿਆਂ ਨੇ ਦੋਹਾਂ ਨੂੰ ਫਾਈਨਲ ਫੋਟੋ ਸ਼ੂਟ ਵਾਸਤੇ ਬੁਲਾ ਲਿਆ..!
ਪੂਰੇ ਘੰਟੇ ਮਗਰੋਂ ਮੈਨੂੰ ਫੁੱਲਾਂ ਨਾਲ ਸੋਹਣੀ ਤਰਾਂ ਸਜਾਏ ਹੋਏ ਇੱਕ...
ਕਮਰੇ ਵਿਚ ਲਿਆ ਬਿਠਾਇਆ..!
ਪਰ ਭੁੱਖ ਨਾਲ ਏਨੀ ਬੁਰੀ ਹਾਲਤ ਕੇ ਜਾਨ ਨਿੱਕਲੀ ਜਾਵੇ..!
ਮਖਮਲੀ ਬਿਸਤਰੇ ਤੇ ਗੋਡਿਆਂ ਵਿਚ ਸਿਰ ਦੇਈ ਸੋਚੀ ਜਾ ਰਹੀ ਸਾਂ ਕੇ ਕਾਸ਼ ਆਸ-ਪਾਸ ਸਜਾਵਟ ਲਈ ਲਾਏ ਗਏ ਫੁਲ-ਬੂਟਿਆਂ ਦੀਂ ਜਗਾ ਸੇਬ ਸੰਤਰੇ ਤੇ ਹੋਰ ਖਾਣ ਪੀਣ ਦੀਆਂ ਵੰਨਗੀਆਂ ਹੁੰਦੀਆਂ ਤਾਂ ਮਿੰਟ ਨਾ ਲਾਉਂਦੀ ਓਹਨਾ ਨੂੰ ਮੁਕਾਉਣ ਵਿਚ..!
ਖੈਰ ਅਚਾਨਕ ਬੂਹੇ ਤੇ ਹਿੱਲਜੁਲ ਹੋਈ ਅਤੇ ਉਹ ਮਲਕੜੇ ਜਿਹੇ ਆਣ ਮੇਰੇ ਕੋਲ ਬੈਠ ਗਏ..
ਫੇਰ ਗਹੁ ਨਾਲ ਤੱਕਦਿਆਂ ਹੋਇਆਂ ਮੇਰੇ ਮੁਰਝਾਏ ਹੋਏ ਚੇਹਰੇ ਦੀਂ ਵਜ੍ਹਾ ਪੁੱਛੀ ਤਾਂ ਮਾਂ ਵੱਲੋਂ ਅਕਸਰ ਹੀ ਆਖੀ ਜਾਂਦੀ ਚੇਤੇ ਆ ਗਈ ਕੇ “ਅਗਲੇ ਘਰ ਜਾ ਕੇ ਕੋਈ ਝੱਲ ਹੀ ਨਾ ਖਿਲਾਰ ਦੇਵੀਂ..ਨਾਪ ਤੋਲ ਕੇ ਜਵਾਬ ਦੇਵੀਂ”
ਸਵਾਲ ਦਾ ਜਵਾਬ ਦੇਣ ਦੀ ਥਾਂ ਮੈਂ ਅੱਗਿਓਂ ਚੁੱਪ ਜਿਹੀ ਹੋ ਕੇ ਨੀਵੀਂ ਪਾ ਲਈ!
ਏਨੇ ਨੂੰ ਉਹ ਹੌਲੀ ਜਿਹੀ ਉੱਠੇ ਤੇ ਨਾਲ ਲਿਆਂਦਾ ਲਿਫ਼ਾਫ਼ਾ ਚੁੱਕ ਦੋਬਾਰਾ ਮੇਰੇ ਕੋਲ ਆਣ ਬੈਠੇ..
ਫੇਰ ਬਣਾ ਸਵਾਰ ਕੇ ਪੈਕ ਕੀਤੇ ਕਿੰਨੇ ਸਾਰੇ ਭਿੱਜੇ ਕੁਲਚੇ,ਮਿਠਿਆਈਆਂ ਅਤੇ ਮੇਰੇ ਪਸੰਦ ਦੀਆਂ ਹੋਰ ਵੀ ਕਿੰਨੀਆਂ ਸਾਰੀਆਂ ਚੀਜਾਂ ਕੋਲ ਪਈ ਪਲੇਟ ਵਿਚ ਢੇਰੀ ਕਰ ਦਿੱਤੀਆਂ..
ਇਹ ਸਾਰਾ ਕੁਝ ਵੇਖ ਮੇਰਾ ਚਿਰਾਂ ਤੋਂ ਜਬਰਦਸਤੀ ਡੱਕ ਕੇ ਰੱਖਿਆ ਹੋਇਆ ਰੋਣ ਨਿੱਕਲ ਗਿਆ..
ਪਰ ਅੱਜ ਇਹ ਹੰਝੂ ਸ਼ਾਇਦ ਖੁਸ਼ੀ ਦੇ ਸਨ..ਉਸ ਖੁਸ਼ੀ ਦੇ ਜਿਹੜੀ ਦਿੱਲ ਦੀਆਂ ਰਮਜਾਂ ਪਛਾਨਣ ਵਾਲੇ ਕਿਸੇ ਲੰਮੀਆਂ ਪੈੜਾਂ ਦੇ ਅਣਜਾਣ ਰਾਹੀ ਦੀਂ ਵਰ੍ਹਿਆਂ ਤੋਂ ਬੇਸਬਰੀ ਨਾਲ ਹੋ ਰਹੀ ਲੰਮੀਂ ਉਡੀਕ ਮੁੱਕਣ ਤੇ ਮਲੋ-ਮਲੀ ਹੀ ਅੱਖੀਆਂ ਵਿਚੋਂ ਵਹਿ ਤੁਰਿਆ ਕਰਦੇ ਨੇ!
ਹਰਪ੍ਰੀਤ ਸਿੰਘ ਜਵੰਦਾ