ਨਿੱਕੀ ਹੁੰਦੀ ਤੋਂ ਹੀ ਸਰੀਰੋਂ ਭਾਰੀ ਸਾਂ..ਸੋਲਾਂ ਦੀ ਹੋਈ ਤਾਂ ਪਤਲੇ ਵਜੂਦ ਵੇਖ ਹੀਣ ਭਾਵਨਾ ਆ ਜਾਂਦੀ..ਫੇਰ ਇਕੱਠਾਂ ਵਿਚ ਜਾਣ ਤੋਂ ਬਚਣ ਲੱਗੀ..ਇੰਝ ਲੱਗਦਾ ਹਰੇਕ ਹੀ ਮੇਰੇ ਭਾਰੇ ਵਜੂਦ ਅਤੇ ਵਧੇ ਹੋਏ ਪੇਟ ਵੱਲ ਵੇਖ ਰਿਹਾ ਹੋਵੇ!
ਫੇਰ ਰਿਸ਼ਤੇ ਦੀ ਗੱਲ ਚੱਲੀ..ਕੁਝ ਵੇਖਣ ਆਏ..ਪਰ ਨਾਲ ਹੀ ਭਾਨੀ ਵੀ ਵੱਜ ਜਾਇਆ ਕਰਦੀ..!
ਮੈਨੂੰ ਆਸੇ ਪਾਸੇ ਹਰੇਕ ਤੇ ਸ਼ੱਕ ਹੋਣ ਲੱਗਾ..ਕੁਝ ਜਾਣ ਬੁਝ ਕੇ ਹੀ ਹਰ ਗੱਲ ਮੇਰੇ ਮੋਟਾਪੇ ਤੋਂ ਸ਼ੁਰੂ ਕਰਦੇ..ਮੇਰਾ ਬਾਪ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਸੀ ਪਰ ਉਸਨੂੰ ਸ਼ਾਇਦ ਦਿਲਾਸਾ ਦੇਣਾ ਨਹੀਂ ਸੀ ਆਉਂਦਾ..!
ਫੇਰ ਮੇਰੀ ਭੂਆ ਆ ਜਾਇਆ ਕਰਦੀ..ਉਸਦੀ ਪਹਿਲੀ ਸਲਾਹ ਹੁੰਦੀ..ਮਿੱਠਾ ਖਾਣਾ ਛੱਡ ਦੇ..ਸੈਰ ਕਰਿਆ ਕਰ..ਘਿਉ ਤੋਂ ਬਿਨਾ ਤੜਕਾ ਲਾਇਆ ਕਰ..ਪਰ ਅਸਲ ਵਿਚ ਉਹ ਮੈਨੂੰ ਜਤਾ ਰਹੀ ਹੁੰਦੀ ਕੇ ਮੈਂ ਮੋਟੀ ਹਾਂ!
ਉਹ ਮੇਰਾ ਮੁਕਾਬਲਾ ਅਕਸਰ ਹੀ ਆਪਣੀ ਧੀ ਨਾਲ ਕਰਿਆ ਕਰਦੀ..ਮੈਨੂੰ ਕਈ ਵਾਰ ਘੁਟਣ ਮਹਿਸੂਸ ਹੁੰਦੀ..ਖ਼ਿਝ ਵੀ ਜਾਂਦੀ ਤੇ ਫੇਰ ਉਹ ਇਹ ਆਖ ਮੇਰਾ ਅੰਦਰ ਲੂਹ ਦਿਆ ਕਰਦੀ ਕੇ ਏਨੀ ਆਕੜ ਰੱਖੇਂਗੀ ਤਾਂ ਸਾਰੀ ਉਮਰ ਕਵਾਰੀ ਹੀ ਰਹੇਂਗੀ..!
ਮੈਂ ਅੱਗਿਓਂ ਆਖ ਦਿੰਦੀ ਕੇ ਮੈਨੂੰ ਕੋਈ ਪ੍ਰਵਾਹ ਨਹੀਂ!
ਜਦੋਂ ਕਿਸੇ ਪਤਲੀ ਕੁੜੀ ਨੂੰ ਦੁਖੀ ਹੋਈ ਦੇਖਦੀ ਤਾਂ ਸੋਚਦੀ ਕੇ ਰੱਬ ਨੇ ਏਨੇ ਸੋਹਣੇ ਸਰੀਰ ਦੀ ਮਾਲਕਣ ਬਣਾਇਆ ਤਾਂ ਵੀ ਰੋਈ ਜਾਂਦੀ..ਬੇਵਕੂਫ ਨੂੰ ਪਤਾ ਨੀ ਹੋਰ ਕੀ ਚਾਹੀਦਾ?
ਕੱਲੀ ਬੈਠੀ ਹਮੇਸ਼ਾਂ ਖੁਦ ਦੇ ਮੋਟਾਪੇ ਬਾਰੇ ਹੀ ਸੋਚਦੀ ਰਹਿੰਦੀ..ਬੇਢੰਗੇ ਵਜੂਦ ਬਾਰੇ..ਮੈਂ ਇੰਝ ਦੀ ਕਿਓਂ ਹਾਂ..ਕੀ ਜੁਰਮ ਹੋ ਗਿਆ ਸੀ ਮੈਥੋਂ?
ਡਾਕਟਰਾਂ ਮੁਤਾਬਿਕ ਮੇਰੇ ਮਾਸਿਕ ਧਰਮ ਵਿਚ ਸ਼ਾਇਦ ਕੋਈ ਖਰਾਬੀ ਸੀ..ਪਰ ਇਸ ਵਿਚ ਮੇਰਾ ਕੀ ਕਸੂਰ ਏ..ਮੇਰੀ ਜਿੰਦਗੀ ਵਿਚ ਹਲਕਾ ਭਾਰਾ ਸਰੀਰ ਹੀ ਦੁੱਖ ਸੁਖ ਦਾ ਪੈਮਾਨਾ ਬਣ ਕੇ ਰਹਿ ਗਿਆ..!
ਫੇਰ ਅਚਾਨਕ ਇੱਕ ਦਿਨ ਬਾਹਰੀ ਦਿੱਖ ਨਾਲੋਂ ਰੂਹਾਂ ਨੂੰ ਪਿਆਰ ਕਰਨ ਵਾਲਾ ਇੱਕ ਇਨਸਾਨ ਫਰਿਸ਼ਤਾ ਬਣ ਮੇਰੀ ਜਿੰਦਗੀ ਵਾਲੇ ਵੇਹੜੇ ਆਣ ਉੱਤਰਿਆ ਤੇ ਉਸਨੇ ਬਿਨਾ ਕੁਝ ਵੇਖੇ ਹੀ ਮੇਰੀ ਜਿੰਦਗੀ ਵਾਲੇ ਧਾਗੇ ਨੂੰ ਆਪਣੇ ਸਾਹਾਂ ਨਾਲ ਪ੍ਰੋ ਲਿਆ..ਮੈਂ ਉਸਨੂੰ ਇਸੇ ਰੂਪ ਵਿਚ ਹੀ ਪਸੰਦ ਆ ਗਈ ਸਾਂ..ਉਸਨੇ ਕੋਈ ਸ਼ਰਤ ਵੀ ਨਹੀਂ ਸੀ ਰੱਖੀ..ਕੋਈ ਕੰਡੀਸ਼ਨ ਵੀ ਨਹੀਂ ਪਾਈ..ਤੈਨੂੰ ਇੰਝ ਹੋਣਾ ਪਊ..ਉਂਝ ਕਰਨਾ ਪਊ!
ਫੇਰ ਕੁਝ ਵਰ੍ਹਿਆਂ ਬਾਅਦ ਇੱਕ ਕ੍ਰਿਸ਼ਮਾਂ ਹੋਇਆ..
ਮੇਰੀ ਬਾਹਰੀ ਦਿੱਖ ਨੇ ਪਾਸਾ ਪਰਤਣਾ ਸ਼ੁਰੂ ਕਰ ਦਿੱਤਾ ਅਤੇ...
ਮੈਂ ਪਤਲੀ ਹੋ ਗਈ..ਦੋ ਸੋਹਣੇ ਬੱਚਿਆਂ ਦੀ ਕਿਸੇ ਵੇਲੇ “ਮੋਟੀ” ਸਮਝੀ ਜਾਂਦੀ ਮਾਂ ਨੂੰ ਲੋਕ ਹੁਣ ਅਕਸਰ ਹੀ ਏਨੀ ਗੱਲ ਆਖ ਦਿੰਨੇ ਕੇ ਤੂੰ ਤੇ ਦੋ ਜਵਾਕਾਂ ਦੀ ਮਾਂ ਲੱਗਦੀ ਹੀ ਨਹੀਂ”!
ਫੇਰ ਮਗਰੋਂ ਓਸੇ ਭੂਆ ਦੀ ਕੁੜੀ ਦਾ ਦੂਜੀ ਥਾਂ ਤੋਂ ਵੀ ਤਲਾਕ ਹੋ ਗਿਆ ਤਾਂ ਵੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਕੇ ਉਸਦੀਆਂ ਸਿਧੀਆਂ ਪਾ ਦੇਵੇ!
ਅੱਜ ਆਪਣੀ ਜਿੰਦਗੀ ਵਾਲੀ ਕਿਸ਼ਤੀ ਨੂੰ ਸੰਘਰਸ਼ ਵਾਲੇ ਦਰਿਆ ਵਿਚ ਠੱਲਦੇ ਹੋਏ ਜਦੋਂ ਮਗਰ ਦੇਖਦੀ ਹਾਂ ਤਾਂ ਲੱਗਦਾ ਰੱਬ ਨੇ ਇੱਕ ਇਮਤਿਹਾਨ ਪਾਇਆ ਸੀ..ਉਹ ਇਮਤਿਹਾਨ ਜਿਸਦੇ ਜੂਲੇ ਹੇਠੋਂ ਪਤਾ ਨਹੀਂ ਹੋਰਾਂ ਕਿੰਨੀਆਂ ਨੂੰ ਨਿੱਕਲਣਾ ਪੈਂਦਾ ਏ..!
ਲੋਕ ਸਾਡੇ ਸੌ ਗੁਣਾ ਨੂੰ ਲਾਂਬੇ ਕਰ ਕਿਸੇ ਇੱਕ ਕਮਜ਼ੋਰੀ ਨੂੰ ਫੜ ਸ਼ਰੇਆਮ ਜੱਗ ਜਾਹਰ ਕਰਦੇ ਨੇ ਤਾਂ ਕੇ ਅਸੀਂ ਆਪਣੇ ਆਪ ਨਾਲ ਹੀ ਨਫਰਤ ਕਰਨ ਲੱਗ ਜਾਈਏ..ਖੁਦ ਨੂੰ ਹਮੇਸ਼ਾਂ ਕੋਸਦੇ ਰਹੀਏ..ਅਤੇ ਸਾਨੂੰ ਆਪਣੀ ਖੁਦ ਦੀ ਜਿੰਦਗੀ ਬੋਝ ਲੱਗਣ ਲੱਗ ਪਵੇ..!
ਪਰ ਹਕੀਕਤ ਇਹ ਹੈ ਕੇ “ਕਭੀ ਕਿਸੀ ਕੋ ਮੁਕੰਮਲ ਜਹਾਨ ਨਹੀਂ ਮਿਲਤਾ..ਕਹੀਂ ਜਮੀਨ ਤੋਂ ਕਹੀਂ ਆਸਮਾਨ ਨਹੀਂ ਮਿਲਤਾ”
ਇਸ ਜਹਾਨ ਤੇ ਜੇ ਕੋਈ ਗੋਰਾ ਹੈ ਤਾਂ ਸਰੀਰੋਂ ਮੋਟਾ ਵੀ ਤਾਂ ਹੈ..ਜੇ ਪਤਲਾ ਹੈ ਤਾਂ ਰੰਗ ਦਾ ਕਾਲਾ ਏ..ਕਦ ਉਚਾ ਹੈ ਤਾਂ ਸਰੀਰਕ ਤੌਰ ਤੇ ਕੋਈ ਰੋਗ ਲੱਗਾ..ਅਮੀਰ ਏ ਤਾਂ ਪਰਿਵਾਰਿਕ ਸੁਖ ਸ਼ਾਂਤੀ ਕਿਧਰੇ ਗਵਾਚ ਗਈ ਏ..ਜੇ ਕਿਸੇ ਕਿਸਮਤ ਵਾਲੇ ਨੂੰ ਰੱਬ ਨੇ ਸਾਰਾ ਕੁਝ ਹੀ ਸਹੀ ਦਿੱਤਾ ਹੈ ਤਾਂ ਉਸ ਨੂੰ ਹਰ ਵੇਲੇ ਇਹੋ ਡਰ ਖਾਈ ਜਾਂਦਾ ਕੇ ਇਹ ਸਾਰਾ ਕੁਝ ਕਿਧਰੇ ਖੁੱਸ ਹੀ ਨਾ ਜਾਵੇ..!
ਸੋ ਮੁੱਕਦੀ ਗੱਲ ਇਹ ਹੈ ਕੇ ਜਿਸ ਵੀ ਰੂਪ ਵਿਚ ਹੋ..ਖੁਦ ਨੂੰ ਪਿਆਰ ਕਰਨਾ ਜਾਰੀ ਰੱਖੋ..ਕਿਓੰਕੇ ਜਿਸ ਦਿਨ ਆਪਣੇ ਆਪ ਨਾਲ ਨਫਰਤ ਹੋ ਗਈ ਉਸ ਦਿਨ ਖੁਦਕੁਸ਼ੀਆਂ ਵਾਲੇ ਰਾਹ ਪੱਧਰੇ ਹੋ ਜਾਣਗੇ ਤੇ ਖ਼ੁਦਕੁਸ਼ੀ ਇੱਕ ਐਸੀ ਹਾਰ ਹੈ ਜਿਸ ਨਾਲ ਦੁਨੀਆਂ ਨੂੰ ਰੱਤੀ ਭਰ ਕੋਈ ਵੀ ਫਰਕ ਨਹੀਂ ਪੈਂਦਾ ਪਰ ਬੰਦਾ ਰੱਬ ਪਰਿਵਾਰ ਅਤੇ ਖੁਦ ਦੀਆਂ ਨਜਰਾਂ ਵਿਚੋਂ ਜਰੂਰ ਡਿੱਗ ਜਾਇਆ ਕਰਦਾ..!
(True story)
ਹਰਪ੍ਰੀਤ ਸਿੰਘ ਜਵੰਦਾ