More Punjabi Kahaniya  Posts
ਇਹ ਗੰਢ


ਇਹ ਗੰਢ ਜੋ ਦਰਦ ਦਿੰਦੀ ਰਹੀ
ਉਹ ਕਦੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ ।
ਜਦ ਵੀ ਘਰ ਦਿਆਂ ਨੇ ਵਿਆਹ ਦੀ ਗੱਲ ਤੋਰਣੀ ,ਉਹਦਾ ਇੱਕੋ ਜਵਾਬ ਹੁੰਦਾ ਸੀ ,”ਮੈਨੂੰ ਨੀ ਚੰਗਾ ਲੱਗਦਾ ਕਿ ਕੋਈ ਮਰਦ ਮੇਰੇ ਸ਼ਰੀਰ ਨੂੰ ਛੂਹ ਵੇ ਮੇਰੇ ਨਾਲ ਬਿਸਤਰ ਦੀ ਸਾਂਝ ਪਾਵੇ ,ਮੈਂ ਆਪਣੇ ਇਸ ਅੌਰਤ ਜਾਮੇ ਤੋਂ ਖੁਸ਼ ਹਾਂ ਤੇ ਮੈਂ ਨਹੀਂ ਕਿਸੇ ਮਰਦ ਦੀ ਅਰਧਾਗਨੀ ਬਣਨਾ ਚਾਹੁੰਦੀ ,ਗੱਲ ਮੁੱਕੀ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਹਾਂ ।” ਇਹ ਹੁੰਦਾ ਸੀ ਉਸਦਾ ਜਵਾਬ।
ਘਰ ਦੇ ਉਹਦੇ ਇਸ ਅੜਬ ਫੈਸਲੇ ਨਾਲ ਭਾਵੇਂ ਸਹਿਮਤ ਨਹੀਂ ਸਨ ,ਪਰ ਉਸਦੀ ਮਰਦਾਂ ਵਰਗੀ ਦਲੇਰੀ ਉਹਦੀ ਦਿੱਖ ਉਹਦੀ ਗੱਲਬਾਤ ਤੋਂ ਸਦਾ ਖੁਸ਼ ਸਨ। ਉਹ ਆਪਣੇ ਫੈਸਲੇ ਆਪ ਲੈਂਦੀ । ਰੋਹਬ ਨਾਲ ਗੱਲਬਾਤ ਕਰਦੀ । ਸੁਭਾਅ ਦੀ ਜਰਾ ਕੁਰੱਖਤ ਸੀ ਪਰ ਸੀ ਦਿਲ ਦੀ ਨਰਮ ਸੀ। ਜੋ ਪੱਲੇ ਹੋਣਾ ਸਭ ਦੀ ਮਦਦ ਲਈ ਤਿਆਰ ਹੋ ਜਾਣਾ । ਉਹ ਸਮੇਂ ਨਾਲ ਸਮਝੌਤਾ ਕਰਨਾ ਖੂਬ ਜਾਣਦੀ ਸੀ।
ਮਾਪੇ ਗਰੀਬ ਸਨ ਛੋਟੇ ਭੈਣ ਭਰਾ ਸਨ। ਇਹ ਉਸ ਵੇਲੇ ਪੜ ਲਿਖ ਕੇ ਨਰਸ ਲੱਗੀ ਹੋਈ ਸੀ ।ਘਰ ਦਾ ਸਾਰਾ ਗੁਜਾਰਾ ਤੋਰਦੀ ਸੀ । ਭੈਣ ਭਰਾਵਾ ਦੇ ਸਕੂਲਾਂ ਦਾ ਖਰਚਾ ਚੁੱਕਦੀ ਸੀ ।
ਮੇਰੀ ਮਾਂ ਨੂੰ ਵੀ ਉਸ ਨੇ ਹੀ ਆਪਣੇ ਖਰਚੇ ਤੇ ਪੜਾਇਆ । ਜੇ.ਬੀ.ਟੀ ਕਰਾਈ ਪੈਰਾਂ ਤੇ ਖੜੀ ਕੀਤਾ । ਫਿਰ ਇੱਕ ਦਿਨ ਘਰਦਿਆਂ ਨੇ ਮਿੰਨਤਾ ਤਰਲੇ ਕਰਕੇ ਉਸਦਾ ਵਿਆਹ ਕਰਾ ਦਿੱਤਾ। ਮੇਰੀ ਮਾਂ ਵੀ ਵਿਆਹੀ ਗਈ । ਦੋਹਾਂ ਨੇ ਪਿੰਡ ਛੱਡ ਦਿੱਤਾ ਮੇਰੀ ਮਾਂ ਆਪਣੇ ਸੌਹਰੇ ਆ ਗਈ ਅਤੇ ਉਹ ਸਮਾਣੇ ਪਟਿਆਲੇ ਲਾਗੇ ਉਥੇ ਜਾ ਕੇ ਹਸਪਤਾਲ ਵਿੱਚ ਨੌਕਰੀ ਕਰਨ ਲੱਗੀ ।
ਦੋਹਾਂ ਨੇ ਜਦ ਪਿੰਡ ਛੱਡਿਆ ਤਾਂ ਉਹਨੇ ਮੇਰੀ ਮਾਂ ਤੋਂ ਵਾਅਦਾ ਲਿਆ ਕਿ ਤੇਰੇ ਜਦ ਵੀ ਪਹਿਲਾ ਬੱਚਾ ਹੋਇਆ ਤੂੰ ਜਣੇਪੇ ਵੇਲੇ ਮੇਰੇ ਕੋਲ ਸਮਾਣੇ ਆਈਂ ਮੈਂ ਉਸ ਬੱਚੇ ਦੀ ਦਾਈ ਬਣਨਾ ਚਾਹੁੰਦੀ ਆਂ ਤੇ ਉਹਨੂੰ ਆਪਣੀ ਗੁੱੜਤੀ ਦੇਣਾ ਚਾਹੁੰਦੀ ਆਂ ।
ਮੇਰੀ ਮਾਂ ਵੀ ਉਸ ਵੇਲੇ ਨੌਕਰੀ ਕਰਦੀ ਸੀ ।ਸੌਹਰੇ ਘਰ ਵਾਧੂ ਇੱਜਤ ਸੀ ਕਿ ਨੂੰਹ ਸਾਰੀ ਉਮਰ ਦੀਆਂ ਰੋਟੀਆਂ ਨਾਲ ਲੈ ਕੇ ਆਈ ਆ । ਬਾਪ ਫੌਜੀ ਸੀ ਉਹਨੇ ਮਾਂ ਨੂੰ ਕਿਹਾ ਸੀ ,” ਕਿ ਮੈਂ ਤਾਂ ਫੌਜ ਵਿੱਚ ਹਾਂ ,ਇਹ ਤੇਰੀ ਮਰਜੀ ਆ ਕਿ ਤੂੰ ਨੌਕਰੀ ਕਰਨੀ ਆ ਕਿ ਘਰ ਰਹਿਣਾ ਆ । ”
ਮਾਂ ਨੇ ਦੋ ਟੁੱਕ ਫੈਸਲਾ ਸੁਣਾਇਆ ਕੇ ਮੈਨੂੰ ਬਹੁਤ ਮਿਹਨਤ ਨਾਲ ਪੜਾਇਆ ਗਿਆ ਹੈ ਆਪਣੀ ਕਮਾਈ ਚੋਂ ਖਰਚਾ ਕਰ ਕਰ ਕੇ,ਪੜਾਇਆ ਆ ਨੌਕਰੀ ਤੇ ਲਵਾਇਆ ਆ ਮੈਂ ਇਸ ਮਿਹਨਤ ਨੂੰ ਬੇਕਾਰ ਨਹੀਂ ਕਰਨਾ ਚਾਹੁੰਦੀ ,ਸੋ ਮੈਂ ਨੌਕਰੀ ਕਰੂੰ ਗੀ ।
ਮਾਂ ਦੱਸਦੀ ਹੁੰਦੀ ਆ ਉਦੋਂ ਮੈਂ ਉਦੇ ਹੋਣ ਵਾਲੀ ਸੀ ਤਾਂ ਮਾਂ ਆਪਣੇ ਕੀਤੇ ਵਾਅਦੇ ਅਨੁਸਾਰ ਉਸ ਕੋਲ ਸਮਾਣੇ ਚਲੇ ਗਈ । ਉਹ ਉਸ ਵੇਲੇ ਹਸਪਤਾਲ ਵਿੱਚ ਨਰਸ ਸੀ । ਮਾਂ ਦੱਸਦੀ ਸੀ ਤੂੰ ਉਸਦੇ ਹੱਥੀਂ ਹੋਈ ਸੀ ।
ਉਹਨੂੰ ਬਹੁਤ ਚਾਅ ਸੀ ਕਿ ਉਹ ਮੇਰੇ ਪਹਿਲੇ ਬੱਚੇ ਦੀ ਦਾਈ ਬਣੇ ।ਜਦ ਤੂੰ ਹੋਈ ਤਾਂ ਉਹਨੇ ਤੇਰੀ ਜੀਭ ਉੱਤੇ ਸ਼ਹਿਦ ਪਾਇਆ ਤੇ ਤੇਰੇ ਕੰਨਾ ਵਿੱਚ ਹੌਲੀ ਹੌਲੀ ਕੁਝ ਕਿਹਾ ! ਮੈਂ ਲਾਗੇ ਬੈਠੀ ਨੇ ਪੁੱਛਿਆ ,”ਭੈਣ ਤੂੰ ਕੀ ਕਿਹਾ ਹੈ ਕੁੜੀ ਦੇ ਕੰਨ ਵਿੱਚ ?”
ਉਹ ਹੱਸੀ ਤੇ ਕਹਿਣ ਲੱਗੀ ,” ਇਹ ਮੇਰੀ ਤੇ ਮੇਰੀ ਭਾਣਜੀ ਦੀ ਆਪਸ ਵਿੱਚ ਦੀ ਗੱਲਬਾਤ ਆ ,ਜਦ ਉਹ ਵੱਡੀ ਹਉ ਗੀ ਤੈਨੂੰ ਆਪੇ ਉਹ ਦੱਸਦੀ ਜਾਊ ਗੀ ।”
ਭਾਵੇਂ ਮੇਰੀ ਦਾਦੀ ਨੂੰ ਮੇਰੇ ਜੰਮਣ ਤੇ ਖੁਸ਼ੀ ਨਹੀਂ ਸੀ ਹੋਈ ਪਰ ਨਾਨੀ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ । ਜਿਉਂ ਜਿਉਂ ਮੈਂ ਵੱਡੀ ਹੁੰਦੀ ਗਈ ,ਘਰ ਦੇ ਮੇਰੇ ਸੁਭਾਅ ਨੂੰ ਮੇਰੀ ਬੋਲ ਬਾਣੀ ਮੇਰੇ ਗੁੱਸੇ ਨੂੰ ਮੇਰੇ ਫੈਸਲੇ ਨੂੰ ਉਸ ਨਾਲ ਮਿਲਾਉਂਦੇ ਰਹਿੰਦੇ , ਅਖੇ ਤੈਨੂੰ ਬਲਵੀਰ ਦੀ ਗੁੜਤੀ ਆ ਤੂੰ ਉਹਦੇ ਵਾਂਗੂੰ ਗੱਲਬਾਤ ਕਰਦੀ ਆਂ । ਉਹਦੇ ਵਾਂਗੂੰ ਰੋਹਬ ਝਾੜਦੀ ਰਹਿੰਦੀ ਆਂ।
ਮੈਂ ਉਸ ਨੂੰ ਮਾਸੀ ਕਹਿੰਦੀ ਸੀ । ਮਾਸੀ ਦਾ ਜਿਸ ਮਰਦ ਨਾਲ ਵਿਆਹ ਹੋਇਆ ਸੀ ,ਉਹ ਅੱਤ ਦਰਜੇ ਦਾ ਸ਼ਰੀਫ ਪਰਿਵਾਰਕ ਇਨਸਾਨ ਸੀ । ਪਟਿਆਲੇ ਦੇ ਕਿਸੇ ਬਿਜਲੀ ਮਹਿਕਮੇ ਵਿੱਚ ਅਫਸਰ ਸੀ ।ਖਾਸੀ ਚੌਖੀ ਕਮਾਈ ਸੀ ।ਉਹ ਮਾਸੀ ਨੂੰ ਬਲਵੀਰ ਜੀ ਕਹਿ ਕੇ ਬਲਾਉਂਦਾ ਸੀ ਤੇ ਮਾਸੀ ਉਸ ਨੂੰ ਹਰੀ ਕਿ੍ਸ਼ਨ ਜੀ ਕਹਿ ਕੇ ਬਲਾਉਂਦੀ ਸੀ।
ਕੁਝ ਦੇਰ ਮਗਰੋਂ ਮਾਸੀ ਇੱਕ ਪੁੱਤ ਦੀ ਮਾਂ ਬਣੀ । ਹਰੀ ਕਿ੍ਸ਼ਨ ਜੀ ਦੀ ਖੁਸ਼ੀ ਦਾ ਕੋਈ ਅੰਤ ਨਾ ਸੀ ।ਸੌਹਰੇ ਅਮੀਰ ਸੀ ਪੌਤੇ ਦੀ ਬਹੁਤ ਖੁਸ਼ੀ ਕੀਤੀ ।
ਹੌਲੀ ਹੌਲੀ ਮਾਸੀ ਤੇ ਹਰੀ ਕਿ੍ਸ਼ਨ ਜੀ ਦੀ ਲੜਾਈ ਹੋਣ ਲੱਗੀ । ਇੱਕ ਦਿਨ ਇੰਨੀ ਲੜਾਈ ਵਧੀ ਕਿ ਮਾਸੀ ਨੇ ਕਿਹਾ ,”ਦੇਖੋ ਹਰੀ ਕਿ੍ਸ਼ਨ ਜੀ ਮੈਂ ਇਸ ਤਰਾਂ ਤੁਹਾਡੇ ਨਾਲ ਨਹੀਂ ਰਹਿ ਸਕਦੀ ।”
ਮੈਂ ਉਦੋਂ ਛੋਟੀ ਸੀ ਪਰ ਕੁਝ ਕੁਝ ਮੇਰੇ ਦਿਮਾਗ ਵਿੱਚ ਗੱਲਾਂ ਪੈ ਰਹੀਆਂ ਸਨ । ਜੋ ਮੇਰੀ ਸਮਝ ਅਨੁਸਾਰ ਲੜਾਈ ਵਾਲੀਆਂ ਸਨ ।
ਹਰੀ ਕਿ੍ਸ਼ਨ ਜੀ ਸਾਹਮਣਿਓ ਕੁਰਸੀ ਤੋਂ ਉੱਠੇ ਮੈਨੂੰ ਚੁੱਕ ਕੇ ਕਹਿੰਦੇ ,”ਓ ਭੜੋਲਿਆ ਚੱਲ ਤੈਨੂੰ ਟੌਫੀਆਂ ਲੈ ਕੇ ਦੇਵਾਂ।” ਉਹ ਮੈਨੂੰ ਪਿਆਰ ਨਾਲ ਭੜੌਲਾ ਕਹਿੰਦੇ ਸੀ ।
ਫੇਰ ਹੌਲੀ ਹੌਲੀ ਪਤਾ ਲੱਗਾ ਕਿ ਮਾਸੀ ਤੇ ਹਰੀ ਕਿ੍ਸ਼ਨ ਜੀ ਦੀ ਲੜਾਈ ਇਸ ਗੱਲੋਂ ਹੁੰਦੀ ਆ ਕਿ ਉਹ ਬਿਜਲੀ ਮਹਿਕਮੇ ਚ ਮਿਲਦੀ ਰਿਸ਼ਵਤ ਦਾ ਪੈਸਾ ਘਰ ਲੈ ਕੇ ਆਉਂਦੇ ਸੀ ਤੇ ਮਾਸੀ ਕਹਿੰਦੀ ਸੀ ਮੈਂ ਇਸ ਪੈਸੇ ਨਾਲ ਆਪਣੇ ਪੁੱਤ ਨੂੰ ਅੰਨ ਖਰੀਦ ਕੇ ਨਹੀਂ ਖਿਲਾ ਸਕਦੀ ਕਿਉਂਕਿ ਇਹ ਪੈਸਾ ਤੁਹਾਡਾ ਕਮਾਇਆ ਨਹੀਂ ਹੈ ।
ਹਰੀ ਕਿ੍ਸ਼ਨ ਜੀ ਨੇ ਕਹਿਣਾ ,” ਮੈਂ ਕੀ ਕਰਾਂ ਲੋਕ ਜਬਰਦਸਤੀ ਮੈਨੂੰ ਦੇ ਜਾਂਦੇ ਆ । ”
ਰੱਬ ਜਾਣੇ ਕੀ ਸੱਚ ਸੀ ਕੀ ਝੂਠ ਸੀ ।ਬਸ ਮਾਸੀ ਦੇ ਇਸ ਅਸੂਲ ਨੇ ਜਿੰਦਗੀ ਬਦਲ ਕੇ ਰੱਖ ਦਿੱਤੀ ।
ਮਾਸੀ ਦਾ ਵੱਡਾ ਭਰਾ ਲੁਧਿਆਣੇ ਡਾਕਟਰ ਸੀ ਉਹਨੇ ਆਪਣੇ ਭਰਾ ਨੂੰ ਕਿਹਾ,” ਦੇਖ ਵੀਰ ਮੈਂ ਪਹਿਲਾਂ ਹੀ ਵਿਆਹ ਨੂੰ ਮਨਦੀ ਨਹੀਂ ਸੀ ,ਹਰੀ ਕਿ੍ਸ਼ਨ ਬੰਦਾ ਭਾਵੇਂ ਬਹੁਤ ਸਾਊ ਤੇ ਚੰਗਾ ਬਾਪ ਆ ਪਰ ਮੈਂ ਰਿਸ਼ਵਤ ਦੇ ਪੈਸੇ ਨਾਲ ਅੰਨ ਖਰੀਦ ਕੇ ਨਹੀਂ ਖਾਹ ਪਕਾ ਸਕਦੀ ਆਂ ।
ਮੈਂ ਉਸ ਨੂੰ ਮੌਕਾ...

ਵੀ ਦਿੱਤਾ ਸੀ ਇਹ ਆਦਤ ਛੱਡ ਦੇਣ ਪਰ ਕੁਝ ਦੇਰ ਹੱਟ ਕੇ ਫਿਰ ਤਨਖਾਹ ਨਾਲ ਮੈਨੂੰ ਵਾਧੂ ਪੈਸੇ (ਰਿਸਵਤ ) ਫੜਾ ਦਿੰਦੇ ਹਨ । ਮੈਂ ਇਸ ਕਮਾਈ ਵਾਲੇ ਇਨਸਾਨ ਨਾਲ ਨਹੀਂ ਰਹਿ ਸਕਦੀ,ਮੈਂ ਹੁਣ ਤਲਾਕ ਲੈਣਾ ਹੈ ।
ਭਾਵੇਂ ਹਰੀ ਕਿ੍ਸ਼ਨ ਜੀ ਨੇ ਵੀ ਕਿਹਾ ਸੀ,ਬਲਵੀਰ ਜੀ ਮੈਂ ਕੋਸ਼ਿਸ ਕਰਦਾ ਹਾਂ ਪੈਸੇ ਨਾ ਫੜਨ ਦੇ ,ਪਰ ਲੋਕ ਮੈਨੂੰ ਮਜਬੂਰ ਕਰਦੇ ਹਨ। ਤੁਸੀਂ ਤਲਾਕ ਨਾਹ ਲਵੋ ਆਪਾਂ ਕੋਈ ਹੋਰ ਰਸਤਾ ਲੱਭ ਲੈਂਦੇ ਹਾਂ । ਹਰੀ ਕਿ੍ਸ਼ਨ ਜੀ ਕਿਸੇ ਵੀ ਹਾਲ ਵਿੱਚ ਤਲਾਕ ਨਹੀਂ ਲੈਣਾ ਚਾਹੁੰਦੇ ਸਨ।
ਖੈਰ ! ਉਦੋਂ ਮੈਂ ਛੇਵੀਂ ਕਲਾਸ ਵਿੱਚ ਮੈਂ ਮਾਂ ਨਾਲ ਲੁਧਿਆਣੇ ਗਈ ਹੋਈ ਸੀ ।
ਉਧਰੋ ਉਸੇ ਦਿਨ ਮਾਸੀ ਤੇ ਹਰੀ ਕਿ੍ਸ਼ਨ ਜੀ ਵੀ ਵੱਡੇ ਮਾਮਾ ਜੀ ਦੇ ਘਰ ਪਟਿਆਲੇ ਤੋਂ ਪੁਹੰਚੇ ਹੋਏ ਸਨ । ਮੈਨੂੰ ਨੀ ਪਤਾ ਮੇਰੀ ਮਾਂ ਦਾ ਉਸ ਦਿਨ ਉਥੇ ਹਾਜਰ ਹੋਣਾ ਅਚਾਨਕ ਸੀ ਜਾਂ ਉਹ ਖਾਸ ਪੁਹੰਚੀ ਹੋਈ ਸੀ।
ਉਹ ਦੋਨੋਂ ਜਣੇ ਹੱਸਦੇ ਖੇਡਦੇ ਪਟਿਆਲੇ ਆਲੀ ਬੱਸ ਚੋਂ ਉਤਰ ਕੇ ਬਾਈਪਾਸ ਸਮਰਾਲਾ ਚੌਂਕ ਮਾਮੇ ਦੇ ਘਰ ਪੁਹੰਚੇ ।
ਮੈਂ ਸਾਹਮਣੇ ਬੈਠੀ ਸੀ ,ਮਾਂ ਤੇ ਨਾਨੀ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਘਰ ਵਿੱਚ ਕੁਝ ਹੋ ਰਿਹਾ ਹੈ।
“ਓ ਭੜੋਲਿਆ ਹਰੀ ਕਿ੍ਸ਼ਨ ਜੀ ਨੇ ਮੈਨੂੰ ਸਾਹਮਣੇ ਖੜੀ ਨੂੰ ਕਹਿ ਕੇ ਮੇਰੇ ਹੱਥ ਤੇ ਟੌਫੀਆਂ ਰੱਖ ਦਿਆਂ ਨੇ ਮੇਰੀ ਮਾਂ ਨੂੰ ਬੁੱਕਲ ਵਿੱਚ ਲੈ ਕੇ ਮਿਲੇ।
ਨਾਨੀ ਦੇ ਲਾਗੇ ਜਾਹ ਕੇ ਬੈਠੇ ਰਾਜੀ ਖੁਸ਼ੀ ਪੁੱਛੀ । ਫਿਰ ਸਭ ਨੇ ਰਲ ਕੇ ਰੋਟੀ ਖਾਦੀ।ਮਾਮਾ ਜੀ ਦੀ ਤੇ ਹਰੀ ਕ੍ਰਿਸ਼ਨ ਜੀ ਦੀ ਆਪਸ ਵਿੱਚ ਜੀਜਾ ਸਾਲਾ ਦੀ ਬਹੁਤ ਬਣਦੀ ਸੀ । ਪਲੰਘ ਤੇ ਬੈਠੇ ਦੋਨੋਂ ਖਾਣਾ ਖਾਹ ਰਹੇ ਸੀ ।
ਫੇਰ ਘੜੀ ਵੱਲ ਦੇਖਦਿਆਂ ਮਾਸੀ ਨੇ ਕਿਹਾ,”ਕਿਉਂ ਹਰੀ ਕਿ੍ਸ਼ਨ ਜੀ ਚੱਲੀਏ,ਉਹਨੇ ਹਲਕੀ ਜਿਹੀ ਅਵਾਜ ਵਿੱਚ ਕਿਹਾ,ਜੀ ਬਲਵੀਰ ਜੀ ਚੱਲੋ !”
ਮਾਮਾ ਜੀ ਵੀ ਤਿਆਰ ਹੋਈ ਖੜੇ ਸੀ । ਤਿੰਨੇ ਜਣੇ ਲੁਧਿਆਣੇ ਦੀ ਅਦਾਲਤ ਵਿੱਚ ਗਏ ਮਾਮੇ ਦੀ ਹਾਜਰੀ ਵਿੱਚ ਮਾਸੀ ਤੇ ਹਰੀ ਕਿ੍ਸ਼ਨ ਦਾ ਤਲਾਕ ਹੋ ਗਿਆ ।
ਘਰ ਪਰਤੇ ਤਾਂ ਨਾਨੀ ਉਦਾਸ ਸੀ । ਮਾਂ ਵੀ ਉਦਾਸ ਸੀ ।ਹਰੀ ਕਿ੍ਸ਼ਨ ਤੇ ਮਾਸੀ ਤੇ ਮਾਮਾ ਹੱਸਦੇ-ਹੱਸਦੇ ਘਰ ਆ ਗਏ ।ਚਾਹ ਪੀਤੀ ਤੇ ਫੇਰ ਹਰੀ ਕਿ੍ਸ਼ਨ ਨੇ ਮਾਸੀ ਨੂੰ ਕਿਹਾ,”ਬਲਵੀਰ ਜੀ ਮੇਰਾ ਸਮਾਨ #ਤੁਹਾਡੇ ਘਰ ਪਿਆ ਹੈ ਦੱਸ ਦਿਉ ਮੈਂ ਕਦੋਂ ਚੁੱਕਣ ਆਵਾਂ ?”
ਮਾਸੀ ਨੇ ਚਾਹ ਦਾ ਕੱਪ ਮੇਜ ਤੇ ਰੱਖਦੀ ਨੇ ਕਿਹਾ,”ਹਰੀ ਕਿ੍ਸ਼ਨ ਜੀ ਆਪਾਂ ਇਕਠੇ ਪਟਿਆਲੇ ਨੂੰ ਨਿਕਲਦੇ ਹਾਂ ਤੁਸੀਂ ਘਰ ਆ ਕੇ ਆਪਣਾ ਸਮਾਨ ਚੁੱਕ ਲੈਣਾ। ਇਹ ਕਹਿ ਕੇ ਮਾਸੀ ਨੇ ਹਰੀ ਕ੍ਰਿਸ਼ਨ ਜੀ ਵੱਲ ਹੱਥ ਵਧਾ ਕੇ ਸ਼ੈਕਹੈਂਡ ਕਰਦੀ ਨੇ ,ਨਾਨੀ ਨੂੰ ਕਿਹਾ ,”ਮਾਂ ਤੂੰ ਮੇਰਾ ਜੀਵਨ ਸਾਥੀ ਚੰਗਾ ਤੇ ਸੋਹਣਾ ਲੱਭਿਆ ਸੀ, ਪਰ ਮੈਨੂੰ ਮੇਰੇ ਅਸੂਲ ਪਸੰਦ ਹਨ ।ਸਾਡੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਦੇਖ ਤੇਰੇ ਮੂਹਰੇ ਅਸੀਂ ਸ਼ੈਕਹੈਂਡ ਕਰ ਰਹੇ ਹਾਂ ।”
ਨਾਨੀ ਕੁਝ ਨਾ ਬੋਲੀ ,ਹਰੀ ਕ੍ਰਿਸ਼ਨ ਜੀ ਨੇ ਬਸ ਇਹ ਹੀ ਕਿਹਾ,”ਬਲਵੀਰ ਜੀ ਜੋ ਤੁਹਾਡਾ ਫੈਸਲਾ ਹੈ ਮੈਨੂੰ ਮਨਜੂਰ ਹੈ ।”
ਉਸ ਵਕਤ ਮਾਸੀ ਦਾ ਮੁੰਡਾ ਸੱਤ ਅੱਠ ਵਰਿਆਂ ਦਾ ਸੀ ਹਰੀ ਕਿ੍ਸ਼ਨ ਜੀ ਨੇ ਆਪਣੇ ਪੁੱਤ ਨੂੰ ਆਖਰੀ ਬਾਰ ਦੇਖਿਆ ਦਿਲ ਨਾਲ ਲਾਇਆ ਤੇ ਘਰੋਂ ਸਮਾਨ ਚੁੱਕ ਕੇ ਚਲਾ ਗਿਆ ।ਫੇਰ ਕਦੇ ਉਸ ਨੂੰ ਮਾਸੀ ਨੇ ਪੁੱਤ ਨੂੰ ਦੇਖਣ ਨਹੀਂ ਦਿੱਤਾ,ਅਖੇ ਪੁੱਤ ਦੇਖ ਕੇ ਤੁਹਾਡੇ ਦਿਲ ਵਿੱਚ ਮੇਰੇ ਲਈ ਪਿਆਰ ਜਾਗੂ ਗਾ ,ਇਸ ਕਰਕੇ ਮਾਸੀ ਦੇ ਅਸੂਲਾਂ ਦੀ ਸਜਾ ਜਿੰਦਗੀ ਭਰ ਪੁੱਤ ਨੂੰ ਝੱਲਣੀ ਪਈ।
ਪਿਉ ਪੁੱਤ ਇੱਕ ਸ਼ਹਿਰ ਵਿੱਚ ਰਹਿ ਕੇ ਵੀ ਬੈਗਾਨਗੀ ਭੋਗਦੇ ਰਹੇ।
ਫੇਰ ਇਕ ਦਿਨ ਹਰੀ ਕਿ੍ਸ਼ਨ ਦਾ ਵਿਆਹ ਹੋ ਗਿਆ । ਮਾਸੀ ਨੇ ਬਹੁਤ ਖੁਸ਼ੀ ਕੀਤੀ,ਉਸ ਨੂੰ ਦਿਲੀ ਮੁਬਾਰਕਾਂ ਘੱਲੀਆਂ । ਇੱਕ ਦਿਨ ਅਚਾਨਕ ਹਰੀ ਕਿ੍ਸ਼ਨ ਜੀ ਮਾਸੀ ਨੂੰ ਬਜਾਰ ਵਿੱਚ ਮਿਲ ਗਏ ।ਬਹੁਤ ਖਲੂਸ ਨਾਲ ਮਿਲੇ ।
ਮਾਸੀ ਤੋਂ ਹਰੀ ਕਿ੍ਸ਼ਨ ਜੀ ਨੇ ਬਹੁਤ ਨਰਮ ਲਹਿਜੇ ਵਿੱਚ ਪਹਿਲਾਂ ਦੀ ਤਰਾਂ ਪੁੱਛਿਆ ,”ਬਲਵੀਰ ਜੀ ਕੀ ਹੋਇਆ ਜੇ ਆਪਾਂ ਤਲਾਕ ਲੈ ਲਿਆ ਹੈ ਸਾਡੀ ਇੱਕ ਅੌਲਾਦ ਸਾਂਝੀ ਆ ਆਪਾ ਦੋਸਤ ਬਣ ਕੇ ਤਾਂ ਰਹਿ ਸਕਦੇ ਹਾਂ ?”
ਮਾਸੀ ਦਾ ਆਖਰੀ ਜਵਾਬ ਸੀ ,”ਹਰੀ ਕਿ੍ਸ਼ਨ ਜੀ ਤੁਹਾਡੀ ਪਤਨੀ ਬਹੁਤ ਖੂਬਸੂਰਤ ਹੈ ਤੁਸੀਂ ਆਪਣੀ ਪਤਨੀ ਨੂੰ ਸਮਾਂ ਦੇਵੋ , ਤੁਸੀਂ ਇੱਕ ਨੇਕ ਇਨਸਾਨ ਹੋ ਜੋ ਮੇਰੀ ਜਿੰਦਗੀ ਵਿੱਚ ਆਏ ਸੀ ਬਸ ਮੈਂ ਆਪਣੇ ਅਸੂਲਾਂ ਦੇ ਖਿਲਾਫ ਨਹੀਂ ਜਾ ਸਕੀ ਆਪਣੇ ਰਾਹ ਅਲੱਗ ਹੋ ਗਏ,ਹੁਣ ਤੁਸੀਂ ਕਿਸੇ ਹੋਰ ਦੇ ਹੋ ਉਸ ਨਾਲ ਵਧੀਆ ਜਿੰਦਗੀ ਬਤੀਤ ਕਰੋ ।
ਉਸ ਦਿਨ ਮਾਸੀ ਅਤੇ ਹਰੀ ਕਿ੍ਸ਼ਨ ਦਾ ਉਹ ਆਖਰੀ ਮਿਲਣ ਸੀ ।
ਫੇਰ ਕਦੇ ਜਦ ਵੀ ਹਰੀ ਕਿ੍ਸ਼ਨ ਜੀ ਤੇ ਮਾਸੀ ਰਸਤੇ ਵਿੱਚ ਮਿਲਦੇ ਸਨ ਇੱਕ ਦੂਜੇ ਨੂੰ ਦੂਰੋਂ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਜਰੂਰ ਬਲਾਉਂਦੇ ਸਨ ਪਰ ਕਦੇ ਰਸਤੇ ਚ ਰੁੱਕ ਕੇ ਹਾਲ ਚਾਲ ਨਹੀਂ ਸੀ ਪੁੱਛਦੇ।
ਹੁਣ ਪਿਛਲੇ ਦਿਨੀ ਮਾਸੀ ਦੀ ਮੌਤ ਹੋ ਗਈ ,ਹਰੀ ਕਿ੍ਸਨ ਨੂੰ ਜਦ ਪਤਾ ਲੱਗਾ ਤਾਂ ਉਸਦਾ ਕਹਿਣਾ ਸੀ ਮੈਂ ਸਦਾ ਹੀ ਉਸ ਅਸੂਲਾਂ ਦੀ ਦੇਵੀ ਨੂੰ ਦਿਲੋਂ ਪੂਜਦਾ ਤੇ ਪਿਆਰ ਕਰਦਾ ਰਿਹਾ । ਉਹ ਇਸ ਸ਼ਹਿਰ ਵਿੱਚ ਵੱਸਦੀ ਸੀ ਮੈਨੂੰ ਇਸ ਸ਼ਹਿਰ ਦਾ ਹਨੇਰ ਵੀ ਚੰਗਾ ਲੱਗਦਾ ਸੀ।
ਅੱਜ ਸਿਖਰ ਦੁਪਿਹਰ ਮੈਨੂੰ ਮੇਰਾ ਪਟਿਆਲਾ ਸ਼ਹਿਰ ਸਾਰੇ ਦਾ ਸਾਰਾ ਸ਼ਮਸ਼ਾਨ ਲੱਗਦਾ ਹੈ ਕਿਉਂਕਿ ਇਥੇ ਹੁਣ ਬਲਵੀਰ ਵਰਗੀ ਬੇਬਾਕ ਅੌਰਤ ਨਹੀਂ ਵੱਸ ਰਹੀ ।
ਸੱਚੀ ਗੱਲ ਹੈ ਪਾਏ ਹੋਏ ਰਿਸ਼ਤੇ ਕਦੇ ਕਿਸੇ ਨਾਲ ਖਤਮ ਨਹੀਂ ਹੁੰਦੇ।
ਹਲਾਤ ਭਾਵੇਂ ਰਿਸ਼ਤਿਆਂ ਚ ਗੰਢ ਬੰਨ ਦਿੰਦੇ ਹਨ ਪਰ, ਉਹ ਗੰਢ ਆਪਸ ਵਿੱਚ ਵੀ ਟੋਟੇ ਨੂੰ ਜੋੜੀ ਰੱਖਦੀ ਆ ਇਹ ਯਾਦ ਕਰਾਉਣ ਲਈ ਕਿ ਤੁਹਾਡਾ ਕਦੇ ਨਾ ਕਦੇ ਆਪਸ ਵਿੱਚ ਕੋਈ ਨਾਤਾ ਰਿਹਾ ਹੈ।
ਬਸ ਇਹ ਹੀ ਗੰਢ ਤਕਲੀਫ ਦੇਹ ਹੁੰਦੀ ਆ ਖੁੱਲ ਜਾਵੇ ਤਾਂ ਟੋਟਾ ਟੋਟਾ ਬੰਨੀ ਰਹੇ ਤਾਂ ਦਿਲ ਦੀ ਪੀੜ ।
ਜਿਸ ਪੀੜ ਨੂੰ ਹਰੀ ਕਿ੍ਸ਼ਨ ਜੀ ਨੇ ਜਿੰਦਗੀ ਭਰ ਝੱਲਿਆ । ਬੇਗੁਨਾਹ ਪੁੱਤ ਨੇ ਝੱਲਿਆ ।ਜੋ ਸਾਰੀ ਉਮਰ ਬਾਪ ਦੇ ਹੱਥ ਨੂੰ ਤਰਸਦਾ ਰਿਹਾ।
ਮੇਰਾ ਵੀ ਉਸ ਇਨਸਾਨ ਨਾਲ ਰਿਸ਼ਤਾ ਰਿਹਾ ਹੈ ਟੌਫੀਆਂ ਦਾ ਤੇ ਭੜੌਲੇ ਜਿਹੇ ਲਾਡਲੇ ਨਾਂ ਨੂੰ ਸੱਦਣ ਨਾਲ । ਇੱਕ ਤਕਲੀਫ ਜੋ ਦਿਲ ਦੇ ਕੋਨੇ ਵਿੱਚ ਮੁਸੱਲਸਲ ਦਰਦ ਦਿੰਦੀ ਰਹੀ ।
ਅੰਜੂਜੀਤ ਪੰਜਾਬਣ

...
...



Related Posts

Leave a Reply

Your email address will not be published. Required fields are marked *

One Comment on “ਇਹ ਗੰਢ”

  • ਬਹੁੱਤ ਵਧੀਆ ਕਹਾਣੀ ਆ ਦਿਲ ਪਸੀਜਦਾ ਗਿਆ ਪੜਦੇ ਪੜਦੇ। ਤਲਾਕ ਵਾਲੀ ਤਾਂ ਹੱਦ ਈ ਹੌ ਗਈ। ਰਿਸ਼ਵਤ ਵਾਲਾ ਕੰਮ ਬੰਦ ਵੀ ਤਾਂ ਹੌ ਸਕਦਾ ਸੀ ਐਦਾਂ ਦੂਰ ਹੌ ਕੇ ਮਸਲੇ ਥੌੜੀ ਨਾਂ ਹੱਲ ਹੁੰਦੇ। ਵਿਚਾਰੇ ਹਰਿ ਕ੍ਰਿਸ਼ਨ ਜੀ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)