ਜਾਦੂਗਰਨੀ
ਇਕ ਪਿੰਡ ਵਿਚ ਇਕ ਔਰਤ ਰਹਿੰਦੀ ਸੀ। ਉਹ ਆਪਣਾ ਹਰ ਕੰਮ ਜਾਦੂ ਟੂਣੇ ਦੇ ਸਹਾਰੇ ਕਰਨਾ ਚਾਹੁੰਦੀ ਸੀ। ਕਿਸੇ ਦੇ ਘਰ ਕੁਝ ਸੁੱਟ ਦਿੰਦੀ, ਕਦੇ ਕਿਸੇ ਦੇ ਡੰਗਰਾਂ ਦੀ ਖੁਰਲੀ ਵਿਚ ਕੱਚ ਜਾਂ ਲੋਹੇ ਦੀਆਂ ਪਿੰਨਾਂ ਸੁੱਟ ਆਉਂਦੀ, ਲੋਕਾਂ ਵਿਚ ਉਸ ਦੀ ਦਹਿਸ਼ਤ ਸੀ।
ਇਕ ਦਿਨ ਉਹ ਆਪਣੇ ਭਰਾ ਨਾਲ ਗੱਲ ਕਰ ਰਹੀ ਸੀ ਕਿ, “ਦੇਖੀਂ ਹਫਤੇ ਦੇ ਅੰਦਰ ਅੰਦਰ ਸਾਡੀ ਬੁੜੀ ਨੇ ਮਰ ਜਾਣਾ।” ਉਸ ਦਾ ਭਰਾ ਵੀ ਸੁਣ ਕੇ ਹੈਰਾਨ ਸੀ, ਤੇ ਕੰਮ ਵਾਲੀ ਵੀ, ਜਿਹੜੀ ਉਸ ਸਮੇਂ ਘਰ ਵਿੱਚ ਕੰਮ ਕਰ ਰਹੀ ਸੀ।
ਚਾਰ ਕੁ ਦਿਨ ਹੋਏ ਤੇ ਬੁੜੀ ਮਰ ਗਈ। ਕੰਮ ਵਾਲੀ ਨੇ ਉਸ ਦੀ ਦਰਾਣੀ ਨੂੰ ਜਾ ਸਭ ਕੁਝ ਦੱਸਿਆ। ਉਹ ਵੀ ਬੜੀ ਹੈਰਾਨ ਹੋਈ, ਉਸ ਨੇ ਕਿਹਾ,” ਚਾਰ ਪੰਜ ਦਿਨ ਹੋਏ, ਇਹਨੇ ਮਾਤਾ ਨੂੰ ਕੋਈ ਬਹਾਨਾ ਮਾਰ ਕੇ ਆਪਣੇ ਘਰ ਖੜਿਆ ਸੀ। ਪਹਿਲਾਂ ਵੀ ਮੇਰੇ ਨਾਲ ਰੌਲਾ ਪਾਉਂਦੀ ਸੀ, ਅਖੇ ਬੁੜੀ ਮਰੂ ਤਾਂ ਮੈਂ ਤੇਨੂੰ ਦੱਸੂ ਪਤਾ, ਵੇਖੀਂ ਕਿਵੇਂ ਵੰਡਾਉਂਦੀ ਤੇਰੇ ਤੋ ਕੱਲੀ ਕੱਲੀ ਚੀਜ਼।”
ਮਾਤਾ ਦਾ ਭੋਗ ਪੈਣ ਦੀ ਦੇਰ ਸੀ, ਉਹ ਆਣ ਧਮਕੀ, ਜਿਵੇਂ ਪਹਿਲਾਂ ਆਣ ਕੇ ਫ਼ਸਾਦ ਪਾਉਂਦੀ ਸੀ। ਮਾਤਾ ਦੀ ਇਕ ਇਕ ਚੀਜ਼ ਅੱਧੀ ਵੰਡਾ ਕੇ ਲੈ ਗਈ। ਜਦ ਕੇ ਮਾਤਾ ਦੀ ਇਕ ਧੀ ਵੀ ਸੀ। ਉਹ ਡਰਦੇ ਕੁਝ ਨਾ ਬੋਲੇ।
ਥੋੜੇ ਦਿਨਾਂ ਬਾਅਦ ਫਿਰ ਆ ਗਈ, ਤੁਹਾਡੇ ਘਰ ਵਿੱਚ ਵੀ ਮੇਰਾ ਹਿਸਾ, ਉਹ ਵੀ ਵੰਡਾਉਣਾ, ਜਦ ਕੇ ਉਸ ਨੇ ਫਿਰਨੀ ਵਾਲਾ ਘਰ ਪਹਿਲਾਂ ਹੀ ਮੱਲਿਆ ਹੋਇਆ ਸੀ।
ਦਿਉਰ ਦਰਾਣੀ ਬੜੇ ਪ੍ਰੇਸ਼ਾਨ ਹੋਏ। ਉਨ੍ਹਾਂ ਸਾਰੀ ਗੱਲ ਮਾਤਾ ਦੇ ਮਰਨ ਤੋਂ ਲੇਕੇ ਘਰ ਵੰਡਾਉਣ ਤੱਕ, ਆਪਣੇ ਭਰਾ ਨੂੰ ਦੱਸੀ, ਜਿਹੜਾ ਦਰਬਾਰ ਸਾਹਿਬ ਡਿਊਟੀ ਕਰਦਾ ਸੀ।
ਭਰਾ ਨੇ ਕਿਹਾ,”ਉਹ ਜਦੋਂ ਵੀ ਤੁਹਾਰੇ ਘਰ ਆਵੇ, ਮੈਨੂੰ ਉਸੇ ਵੇਲੇ ਫੋਨ ਕਰ ਦੇਣਾ, ਮੈਂ ਗੱਲ ਕਰ ਲਈ ਹੈ ਕਿ ਜਦੋਂ ਵੀ ਭੈਣ ਦਾ ਫ਼ੋਨ ਆਇਆ ਉਹਦੇ ਘਰ ਪਹੁੰਚਣਾਂ ਹੈ।
ਕੁਝ ਦਿਨਾਂ ਬਾਅਦ, ਉਹ ਫਿਰ ਉਹਨਾਂ ਦੇ ਘਰ ਆਕੇ ਰੌਲਾ ਪਾਉਣ ਲੱਗੀ। ਦਰਾਣੀ ਨੇ ਅੰਦਰ ਵੜ ਕੇ ਭਰਾ ਨੂੰ ਫੋਨ ਕਰ ਦਿੱਤਾ। ਛੇਤੀ ਹੀ ਉਸ ਦਾ ਭਰਾ ਤੇ ਦੋ ਹੋਰ ਗੁਰੂ ਸਵਾਰੇ ਸਿੰਘਾਂ ਨੂੰ ਨਾਲ ਲੈਕੇ ਪਹੁੰਚ ਗਏ। ਉਨ੍ਹਾਂ ਵੀ ਬਾਹਰ ਖਲੋ ਕੇ ਰੌਲਾ ਸੁਣਿਆ। ਉਨ੍ਹਾਂ ਅੰਦਰ ਆ ਕੇ ਦਬਕੇ ਮਾਰੇ, ਸਾਰੀ ਵੰਡ ਵੰਡਾਈ ਤਾਂ ਹੋ ਗਈ, ਹੁਣ ਇਹ ਆਪਣੇ ਹਿਸੇ ਵਿਚੋਂ ਤੇਨੂੰ ਕੀ ਦੇਣ। ਉਨ੍ਹਾਂ ਐਨੇ ਦਬਕੇ ਮਾਰੇ, ਡਰਦੀ ਨੇ ਤੂੜੀ ਵਾਲੇ ਕੋਠੇ ਵਿਚ ਵੜ ਕੇ ਅੰਦਰੋਂ ਕੁੰਡਾ ਲਾ ਲਿਆ। ਅੰਦਰ ਖੜੀ ਰੋਵੇ, ਹੱਥ ਜੋੜੇ, ਮਾਫ਼ੀਆ ਮੰਗੇ, ਮੈਂ ਇਹਨਾਂ ਦੇ ਘਰ ਵੱਲ ਦੇਖਦੀ ਵੀ ਨਹੀਂ, ਮੈਨੂੰ ਹੁਣ ਬਖ਼ਸ਼ ਦਿਉ। ਉਹ ਕਹਿੰਦੇ,” ਪਹਿਲਾਂ ਇਹ ਦੱਸ ਤੂੰ ਮਾਤਾ ਨੂੰ ਕੀ ਦਿੱਤਾ ਸੀ। ਫੇਰ ਬਖਸ਼ਾ ਗੇ।”
ਉਹ ਅੰਦਰੋਂ ਬਾਹਰ ਨਿਕਲ ਕੇ, ਉਨ੍ਹਾਂ ਦੇ ਪੈਰਾਂ ਵਿਚ ਆ ਬੈਠੀ। ਕਹਿੰਦੀ,” ਮੈਂ ਤਾਂ ਕੁਝ ਨਹੀਂ ਕੀਤਾ, ਮੈਂ ਬਾਬੇ...
ਕੋਲ ਹੀ ਗਈ ਸੀ, ਉਸ ਨੇ ਕੁਝ ਦਿਤਾ ਸੀ ਕਿ ਬੁੜੀ ਨੂੰ ਖਵਾ ਦੇਵੀਂ।”
ਸਿੰਘਾਂ ਕਿਹਾ,” ਚੱਲ ਦੱਸ ਬਾਬਾ ਕਿੱਥੇ ਹੈ।”
ਉਨ੍ਹਾਂ ਇਕ ਮੋਟਰਸਾਈਕਲ ਤੇ ਉਸ ਨੂੰ ਨਾਲ ਬਿਠਾਇਆ ਅਤੇ ਦੂਸਰੇ ਤੇ ਦੋ ਜਾਣੇ ਬੈਠ ਕੇ, ਬਾਬੇ ਕੋਲ ਪਹੁੰਚ ਗਏ। ਉਨ੍ਹਾਂ ਬਾਬੇ ਨੂੰ ਦਬਕੇ ਮਾਰ ਕੇ ਕਿਹਾ, “ਝੂਠ ਨਾ ਬੋਲੀਂ, ਅਸੀਂ ਸਬੂਤਾਂ ਸਮੇਤ ਤੇਰੇ ਕੋਲ ਆਏ ਹਾਂ। ਤੂੰ ਦੱਸ ਕੀ ਕਰਦਾਂ, ਇਨ੍ਹਾਂ ਦੀ ਬੁੜੀ ਨੂੰ ਕੀ ਦਿੱਤਾ ਤੇ ਉਹ ਕਿਵੇਂ ਮਰੀ, ਸੱਚ ਸੱਚ ਦੱਸ, ਨਹੀਂ ਤਾਂ ਪੁਲੀਸ ਨੂੰ ਫੜਾ ਦੇਣਾ ਜਾਂ ਮੂੰਹ ਨਾਲ ਮਿਰਚਾਂ ਵਾਲਾ ਲਿਫ਼ਾਫ਼ਾ ਬੰਨ੍ਹ ਦੇਣਾ।”
ਉਹ ਐਨਾਂ ਡਰਿਆ, ਕਿ ਸਭ ਕੁਝ ਦੱਸਣ ਲੱਗ ਪਿਆ। ਕਹਿੰਦਾ, “ਮੈਂ ਮੋਟੀਆਂ ਰਕਮਾਂ ਲੈ ਕੇ ਕੁਝ ਨਾ ਕੁਝ ਮੁੱਠ ਭਰ ਕੇ ਫੜਾ ਦਿੰਦਾਂ ਹਾਂ, ਕਿ ਜਾ ਕੇ ਕਿਸੇ ਦੇ ਘਰ ਸੁੱਟ ਦਿਉ, ਜਿਸ ਨਾਲ ਲੋਕ ਡਰ ਜਾਂਦੇ, ਕਈਆਂ ਦੇ ਡੰਗਰਾਂ ਨੂੰ ਕੱਚ ਜਾਂ ਲੋਹੇ ਦੀਆਂ ਪਿੰਨਾਂ ਰੋਟੀ ਵਿਚ ਪਾ ਕੇ ਖਵਾਉਣ ਨੂੰ ਕਹਿ ਦਿੰਨਾਂ, ਤੇ ਮੇਰੇ ਗਾਹਕ, ਹੋਰ ਵਧ ਜਾਂਦੇ। ਮੈਂ ਕਈ ਕਿਸਮ ਦਾ ਜ਼ਹਿਰ ਵੀ ਰੱਖਿਆ ਹੁੰਦਾ, ਜੋ ਦੇਣ ਨਾਲ ਕੋਈ ਬਿਮਾਰ ਰਹਿਣ ਲੱਗ ਪੈਂਦਾ, ਕਈ ਮਰ ਵੀ ਜਾਂਦੇ ਹਨ।” ਸਿੰਘਾਂ ਨੇ ਰੋਹ ਵਿਚ ਆ ਕੇ, ਹਿੱਕਾਂ ਤਣ ਕੇ ਉਨ੍ਹਾਂ ਦੇ ਦੁਆਲੇ ਹੋ ਕੇ ਕਿਰਪਾਨਾਂ ਨੂੰ ਹੱਥ ਪਾ ਗਰਜਵੀਂ ਆਵਾਜ਼ ਵਿਚ ਕਿਹਾ, “ਤੁਸੀਂ ਐਨਾਂ ਪਾਪ ਕਰਦੇ ਰਹੇ ਹੋ, ਤੁਸੀਂ ਮਾਫ਼ ਕਰਨ ਦੇ ਲਾਇਕ ਨਹੀਂ। ਤੁਹਾਡੇ ਟੋਟੇ ਕਰ ਕੇ ਸੁੱਟਣੇ।”
ਉਨਾਂ ਸਿੰਘਾਂ ਦੇ ਪੈਰਾਂ ਤੇ ਸਿਰ ਰੱਖ, ਰੋਣਾਂ ਸ਼ੁਰੂ ਕੀਤਾ।ਤਰਲੇ ਪਾਏ, “ਅਸੀਂ ਤਾਂ ਭੁੱਲੇ ਫਿਰਦੇ ਸੀ, ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਅੱਜ ਪਤਾ ਲੱਗਾ ਜਿਹੜੇ ਧੀਆਂ ਪੁੱਤਾਂ ਬਦਲੇ ਪਾਪ ਕਮਾਏ, ਉਨ੍ਹਾਂ ਸਾਡੀ ਕੋਈ ਵਾਤ ਨਹੀਂ ਪੁੱਛੀ।”
ਜਾਦੂਗਰਨੀ ਨੇ ਘਰ ਜਾ ਕੇ ਕਿਹਾ, “ਮੈਨੂੰ ਮੁਆਫ਼ ਕਰ ਦਵੋ, ਮੈਂ ਕਦੇ ਵੀ ਇਕੱਲੀ ਘਰੋਂ ਬਾਹਰ ਨਹੀਂ ਜਾਂਦੀ।”
ਉਸ ਦੇ ਪਰਿਵਾਰ ਨੇ ਵੀ ਕਿਹਾ,”ਸਾਨੂੰ ਸ਼ਰਮ ਆਉਂਦੀ, ਆਪਣੀ ਆਖਣ ਤੇ, ਅਸੀਂ ਪਹਿਲਾਂ ਤੋਂ ਇਸ ਉਪਰ ਨਿਗਾ ਰੱਖਦੇ, ਤਾਂ ਇਹ ਪਾਪ ਨਾ ਕਰਦੀ। ਅੱਜ ਸਾਨੂੰ ਲੋਕ, ਜਾਦੂਗਰਨੀ ਦੇ ਕਹਿਕੇ ਬੁਲਾਉਣਗੇ। ਅਸੀਂ ਤਾਂ ਬਾਹਰ ਨਿਕਲਣ ਜੋਗੇ ਨਹੀਂ ਰਹੇ।”
ਜੇ ਕਰ ਦਰਾਣੀ ਡਰਦੀ ਰਹਿੰਦੀ,ਉਸ ਦਾ ਜੀਣਾ ਤਾਂ ਮਹਾਲ ਹੋਇਆ ਈ ਸੀ, ਨਾ ਜਾਣੇ ਕਿੰਨੇ ਹੋਰ, ਲੋਕਾਂ ਨੂੰ ਗਾਲਦੀ, ਅਤੇ ਕਿੰਨੇ ਬੇਜੁਬਾਨ ਡੰਗਰਾਂ ਨੂੰ ਤਕਲੀਫ ਮਿਲਦੀ।
ਇਸ ਨੂੰ ਚੁਗਲੀ ਨਹੀਂ ਕਿਹਾ ਜਾ ਸਕਦਾ, ਇਹ ਗੱਲ ਦੱਸਕੇ, ਕੰਮ ਵਾਲੀ ਨੇ, ਦਰਾਣੀ ਨੂੰ ਚਕੰਨੀ ਕਰ ਦਿੱਤਾ, ਤੇ ਦਰਾਣੀ ਨੇ ਭਰਾ ਨੂੰ ਅਤੇ ਭਰਾ ਨੇ ਅੱਗੇ ਗਲ ਕਰ ਕੇ, ਜਾਦੂਗਰਨੀ ਅਤੇ ਬਾਬੇ ਨੂੰ ਨਰਕ ਵਿਚੋ ਕੱਢਿਆ ਅਤੇ ਕਈਆਂ ਨੂੰ ਇਨ੍ਹਾਂ ਦੇ ਸ਼ਿਕਾਰ ਹੋਣ ਤੋ ਬਚਾ ਲਿਆ।
ਬਲਵਿੰਦਰ ਕੌਰ, ਅੰਮ੍ਰਿਤਸਰ।