“ਤਰਖਾਣ ਤੇ ਲੁਹਾਰ,
ਤਰਖਾਣ, ਅਤੇ ਲੁਹਾਰ ਵੀ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਰਹੇ ਹਨ, ਖ਼ਾਸ ਕਰਕੇ ਪਿੰਡਾ ਵਾਲਿਆਂ ਦਾ ਤਾਂ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਕਿਉਂਕਿ ਖੇਤੀ ਦੇ ਸੰਦ ਠੀਕ ਕਰਵਾਉਣ ਜਾਂ ਫਿਰ ਨਵੇਂ ਬਣਵਾਉਣ ਲਈ ਇਹਨਾਂ ਦੀ ਜਰੂਰਤ ਰਹਿੰਦੀ ਸੀ। ਹੁਣ ਤਾਂ ਟਰੈਕਟਰ ਟਰਾਲੀਆਂ ਦਾ ਜ਼ਮਾਨਾ ਆ ਗਿਆ ਪਰ ਪੁਰਾਣੇ ਸਮਿਆਂ ਵਿੱਚ ਖੇਤੀ ਕਰਨ ਲਈ ਹੱਲ੍ਹ, ਪੰਜਾਲੀਆਂ, ਸੁਹਾਗੇ ਅਤੇ ਫ਼ਸਲ ਦੀ ਢੋ ਢੁਆਈ ਲਈ ਗੱਡਿਆਂ ਦੀ ਲੋੜ ਹੁੰਦੀ ਸੀ ਉਨ੍ਹਾਂ ਸਮਿਆਂ ਵਿੱਚ ਖੇਤੀ ਬਲਦਾਂ ਨਾਲ ਹੀ ਕੀਤੀ ਜਾਂਦੀ ਸੀ ਇਸ ਤੋਂ ਇਲਾਵਾ ਘਰ ਵਿੱਚ ਵਰਤੋਂ ਚ, ਅਉਣ ਵਾਲੀਆਂ ਚੀਜ਼ਾਂ ਜਿਵੇਂ ਮਧਾਣੀਆਂ ,ਘੋਟਣਾ, ਸੋਟਾ, ਕੱਪੜੇ ਧੋਣ ਵਾਲੀ ਥਾਪੀ, ਅਤੇ ਮੰਜਿਆਂ ਦੇ ਬਾਹੀਆਂ ਪਾਵੇ ਆਦਿ ਵੀ ਪਿੰਡ ਦੇ ਤਰਖਾਣ ਤੋਂ ਹੀ ਬਣਵਾਏ ਜਾਂਦੇ ਸੀ, ਤਰਖਾਣ ਵੱਲੋਂ ਚਰਖ਼ਾ ਬਣਾਉਣ ਦੀ ਕਾਰਾਗਿਰੀ ਵੀ ਬਾਕਮਾਲ ਹੁੰਦੀ ਸੀ, ਮਸ਼ੀਨੀ ਯੁੱਗ ਨਾ ਹੋਣ ਕਰਕੇ ਸੱਭ ਕੁੱਝ ਹੱਥਾਂ ਨਾਲ ਹੀ ਕਰਨਾ ਪੈਂਦਾ ਸੀ, ਇੱਕ ਬੇਜੁਬਾਨ ਲੱਕੜ ਨੂੰ ਤਰਖਾਣ ਵੱਲੋਂ ਕੀਤੀ ਗਈ ਮਿਹਨਤ ਬੋਲਣ ਲਾ ਦਿੰਦੀ ਸੀ। ਹੋਰ ਤਾਂ ਹੋਰ ਬੱਚਿਆਂ ਦੇ ਖੇਡਣ ਲਈ ਖਿਡੌਣੇ ਜਿਵੇਂ ਗੁੱਲੀ ਡੰਡਾ, ਬੱਚੇ ਦੇ ਤੁਰਨ ਸਿੱਖਣ ਲਈ ਗੱਡੀਰਨਾ ਬਗੈਰਾ ਵੀ ਤਰਖਾਣ ਤੋਂ ਹੀ ਬਣਵਾਏ ਜਾਂਦੇ ਸਨ।
ਸਾਡੇ ਪਿੰਡ ਦਾ ਵੀ ਇੱਕ ਤਰਖਾਣ ਹੁੰਦਾ ਸੀ, ਜਿਸ ਦਾ ਨਾਂ ਸੀ “ਤੇਲੂ ਰਾਮ, ਅਸੀਂ ਵੀ ਛੋਟੇ ਹੁੰਦਿਆਂ ਉਸ ਤੋਂ ਬਹੁਤ ਗੁੱਲੀ ਡੰਡੇ ਬਣਵਾਏ, ਹਰ ਸਮੇਂ ਉਹਦੇ ਕੋਲ ਰੌਣਕ ਲੱਗੀ ਰਹਿੰਦੀ ਸੀ, ਤੇਲੂ ਰਾਮ ਕੰਮ ਦੇ...
ਨਾਲ-ਨਾਲ ਗਿਆਨ ਦੀਆਂ ਗੱਲਾਂ ਵੀ ਬਹੁਤ ਸੁਣਾਉਂਦਾ ਸੀ ਨਾਲੇ ਕੰਮ ਕਰੀ ਜਾਣਾ ਨਾਲੇ ਸਾਖੀਆਂ ਸੁਣਾਈ ਜਾਂਣੀਆ, ਕਈ ਤਾਂ ਮੇਰੇ ਵਰਗੇ ਸਾਖੀਆਂ,ਅਤੇ ਕਹਾਣੀਆਂ ਸੁੰਨਣ ਦੇ ਲਈ ਹੀ ਛੋਟੀ ਮੋਟੀ ਚੀਜ਼ ਬਣਵਾਉਣ ਦੇ ਬਹਾਨੇ ਉਹਦੇ ਕੋਲ ਜਾ ਬਹਿੰਦੇ, ਕਿਉਂਕਿ ਕਿਹੜਾ ਕੋਈ ਪੈਸਾ ਟਕਾ ਦੇਣਾ ਹੁੰਦਾ ਸੀ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਹਾੜੀ ਸਾਉਣੀ ਫ਼ਸਲ ਆਉਣ ਤੇ ਹੀ ਕਰਦੇ ਹੁੰਦੇ ਸੀ, ਇਹ ਵੀ ਇੱਕ ਬਹੁਤ ਵੱਡੀ ਗੱਲ ਸੀ, ਸਬਰ ਸੰਤੋਖ ਸੀ, ਦੂਜੀ ਗੱਲ ਉਦੋਂ ਲੋਕ ਦਿੱਲ ਦੇ ਖੁੱਲ੍ਹੇ ਵੀ ਹੁੰਦੇ ਸੀ, ਹਿਸਾਬ ਹੋਣ ਤੇ ਪੰਜ ਦਸ ਕਿੱਲੋ ਦਾਣੇ ਵੱਧ ਹੀ ਦਿੰਦੇ ਸੀ, ਅੱਜ ਕੱਲ ਤਾਂ ਪੈਸੇ ਲਏ ਬਿਨਾਂ ਅਗਲੇ ਦੁਕਾਨ ਤੋਂ ਨੀ ਹਿੱਲਣ ਦਿੰਦੇ।
ਇਸੇ ਤਰ੍ਹਾਂ ਲੁਹਾਰ ਵੀ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਉਂਦੇ ਸਨ ਬਲਦਾਂ ਵਾਲ਼ੀ ਹੇਂਰੋਂ ਦੀਆਂ ਤਵੀਆਂ, ਹੱਲ੍ਹ, ਕਹੀਆਂ, ਸਬਲ, ਜਾਂ ਲੋਹੇ ਦਾ ਕੋਈ ਵੀ ਸੰਦ ਬਣਵਾਉਣਾ ਜਾਂ ਤਿੱਖੇ ਕਰਵਾਉਣੇ ਹੋਣ ਤਾਂ ਲੁਹਾਰ ਕੋਲ ਜਾਣਾ ਪੈਂਦਾ ਸੀ। ਪਿੰਡਾਂ ਵਿੱਚ ਪਿੰਡ ਦੀ ਸਥ ਤੋਂ ਬਾਅਦ ਸੱਭ ਤੋਂ ਵੱਧ ਰੌਣਕ ਜੇ ਕਿਤੇ ਵੇਖਣ ਨੂੰ ਮਿਲਦੀ ਸੀ ਤਾਂ ਉਹ ਸੀ ਤਰਖਾਣ ਜਾਂ ਲੁਹਾਰ ਦੀ ਦੁਕਾਨ ਜਾਂ ਟਿਕਾਣਿਆਂ ਤੇ ਜੋ ਕਈ ਪਿੰਡਾਂ ਵਿੱਚ ਤਾਂ ਅੱਜ ਵੀ ਦੇਖਣ ਨੂੰ ਮਿਲ ਜਾਂਦੀ ਹੈ।
“ਦਵਿੰਦਰ ਸਿੰਘ ਰਿੰਕੂ,