More Punjabi Kahaniya  Posts
ਬਦੀ ਹੋਵੇ ਚਾਹੇ ਨੇਕੀ


ਤੜਕੇ-ਤੜਕੇ ਜੀਤ ਦੀ ਖੱਬੀ ਅੱਖ ਫੜਕ ਰਹੀ ਸੀ।ਉਸਨੇ ਠੰਡੇ ਪਾਣੀ ਦੇ ਛਿੱਟੇ ਮਾਰੇ,ਅੱਖ ਵਾਲੀ ਦਵਾਈ ਵੀ ਅੱਖ ਚ ਪਾਈ ਪਰ ਕੋਈ ਫਰਕ ਨਾ ਪਿਆ। ਅੱਖ ਦੇ ਫੜਕਣ ਨਾਲ ਉਸਚੋਂ ਪਾਣੀ ਵੀ ਡਿੱਗਣ ਲੱਗ ਪਿਆ।ਆਪਣੀ ਮਲਮਲ ਦੀ ਚੁੰਨੀ ਨਾਲ ਅੱਖ ਨੂੰ ਭਾਫ਼ ਦਿੰਦੀ ਵਿਹੀ ਵਾਲੀ ਬੈਠਕ ਚ ਬੈਠੀ ਬਾਰੀ ਥਾਈਂ ਵਿਹੀ ਚ ਦੇਖਣ ਲੱਗ ਪਈ।
ਉਨ੍ਹਾਂ ਦੇ ਦਰ ਦੇ ਸਾਹਮਣੇ ਵਾਲਾ ਘਰ ਬੀਬੀ ਸੁਰਜੀਤ ਕੁਰ ਦਾ ਸੀ ਪਰ ਹੁਣ ਉਸਦੇ ਪੁੱਤਰਾਂ ਦਾ ਬਣ ਗਿਆ ਸੀ।ਗਲੀ ਮੁਹੱਲੇ ਦੀ ਹਰ ਔਰਤ ਜਾ ਆਦਮੀ ਸੁਰਜੀਤ ਕੁਰ ਕੋਲ ਆਉਂਦਾ,ਉਸਨੂੰ ਬੀਬੀ ਆਖ ਬੁਲਾਉਂਦਾ ਤੇ ਆਪਣੀ ਸਮੱਸਿਆ ਸਾਂਝੀ ਕਰਦਾ।ਬੀਬੀ ਆਪਣੀ ਮੱਤ ਅਨੁਸਾਰ ਹਰ ਕਿਸੇ ਨੂੰ ਚੰਗੀ ਸਿੱਖਿਆ ਦਿੰਦੀ।ਅਗਲੇ ਤੋਂ ਆਪਣੇ ਘਰ ਦਾ ਕੰਮ ਕਰਵਾ ਉਸਨੂੰ ਠੰਡਾ ਪਿਲਾ ਇਥੋਂ ਤੱਕ ਕੇ ਆਪਣੇ ਘਰ ਸੁਲਾ ਫਿਰ ਆਪਣੇ ਘਰ ਮੁੜਨ ਦਿੰਦੀ।ਜੇ ਕਿਤੇ ਕਿਸੇ ਦਾ ਘਰ ਟੁੱਟਦਾ ਦੇਖਦੀ-ਸੁਣਦੀ ਉੱਥੇ ਆਪ ਪਹੁੰਚ ਜਾਂਦੀ ਤੇ ਦੋਨਾਂ ਧਿਰਾਂ ਨੂੰ ਆਸੇ-ਪਾਸੇ ਕਰ ਇੱਕ ਜਣੇ ਨੂੰ ਆਪਣੇ ਨਾਲ ਲੈ ਆਉਂਦੀ ਤੇ ਘਰ ਰੱਖਦੀ ਜਿੰਨ੍ਹਾ ਚਿਰ ਅਗਲੇ ਦਾ ਗੁੱਸਾ ਠੰਡਾ ਨਾ ਹੋ ਜਾਂਦਾ।ਅਜਿਹਾ ਕਰ ਉਸਨੇ ਆਪਣੇ ਜੀਵਨ ਦੇ ਸੱਠ ਵਰ੍ਹਿਆਂ ਚ ਅਨੇਕਾਂ ਘਰ ਟੁੱਟਣੋ ਬਚਾਏ, ਅਣਗਿਣਤ ਲੋਕਾਂ ਨੂੰ ਆਤਮ,ਹੱਤਿਆ ਕਰਨ ਤੋਂ ਬਚਾਇਆ,ਔਲਾਦ ਨੂੰ ਚੰਗੀ ਮੱਤ ਦੇ ਬੁੱਢੇ ਮਾਪਿਆਂ ਦੀ ਸੰਭਾਲ ਕਰਨ ਦੇ ਰਾਹੇ ਪਾਇਆ, ਲੋਕਾਂ ਦੀਆਂ ਨੂੰਹਾਂ ਘਰ ਵਸਵਾਈਆਂ,ਅਨਾਥ ਬੱਚੇ ਪਾਲੇ ਤੇ ਗਰੀਬ ਬੱਚਿਆ ਦੀ ਪੜ੍ਹਾਈ ਜਾਰੀ ਰੱਖਣ ਚ ਸਹਾਈ ਹੋਈ।
‘ਆਹ ਹੋ ਗਿਆ ਕੀ ਕੀਤਾ ਜਾਵੇ ..’ ਸਵਾਲ ਲੈ ਦੇਰ-ਸਵੇਰ ਲੋਕ ਬੀਬੀ ਕੋਲ ਆਉਂਦੇ ਰਹਿੰਦੇ।ਹਰ ਕਿਸੇ ਦੀ ਸਮੱਸਿਆ ਦੇ ਅਨੁਸਾਰ ਬੀਬੀ ਹੱਲ ਕੱਢ ਦਿੰਦੀ।
ਲੋਕਾਂ ਦੇ ਘਰ ਸੰਵਾਰਦੀ ਦਾ ਉਸਦਾ ਆਪਣੇ ਘਰ ਦਾ ਢਾਂਚਾ ਹਿੱਲ ਗਿਆ।ਮੁੰਡੇ ਵਿਆਹੇ ਤੇ ਨੂੰਹਾਂ ਨੇ ਘਰ ਪੈਰ ਪਾ ਘਰ ਸੰਭਾਲ ਲਿਆ। ਉਨ੍ਹਾਂ ਨੂੰ ਲੋਕਾਂ ਦਾ ਇਸ ਤਰ੍ਹਾਂ ਆਉਣਾ ਪਸੰਦ ਨਾ ਆਇਆ ਤੇ ਉਹ ਹਰ ਵੇਲੇ ਬੁੜ-ਬੁੜ ਕਰਦੀਆਂ ਰਹਿੰਦੀਆਂ।ਉਨ੍ਹਾਂ ਦੀ ਕਿਚ ਕਿਚ ਤੋਂ ਤੰਗ ਆ ਬੀਬੀ ਨੇ ਰਾਹ ਵਾਲੀ ਬੈਠਕ ਮੱਲ ਲਈ।ਉਥੇ ਹੀ ਆਪਣਾ ਖਾਣਾ ਬਣਾਉਂਦੀ ਤੇ ਰਹਿੰਦੀ।ਬੀਬੀ ਦਾ ਪਾਸੇ ਹੋ ਕੇ ਵੀ ਰਹਿਣਾ ਨੂੰਹਾਂ ਤੋਂ ਜ਼ਰਿਆ ਨਾ ਗਿਆ ਉਹ ਫਿਰ ਵੀ ਕਲੇਸ਼ ਪਾਉਂਦੀਆਂ ਆਪਣੇ ਘਰਵਾਲਿਆਂ ਕੋਲ ਚੁਗਲੀਆਂ ਕਰਦੀਆਂ ਉਹਨਾਂ ਨੂੰ ਬੀਬੀ ਦੇ ਖਿਲਾਫ ਭਰ ਦਿੰਦੀਆਂ।ਉਹ ਆਪਣੀਆਂ ਪਤਨੀਆਂ ਦੀ ਚੁੱਕ ਚ ਆ ਮਾਂ ਨਾਲ ਲੜ੍ਹ ਪੈਂਦੇ। ਬੀਬੀ ਉਹਨਾਂ ਨੂੰ ਕੁਝ ਨਾ ਕਹਿੰਦੀ।ਮਾਂ ਦੀ ਚੁੱਪ ਭਾਂਪ ਮੁੰਡੇ ਸ਼ਰਾਬੀ ਬਣ ਗਏ ਤੇ ਉਨ੍ਹਾਂ ਦੇ ਘਰ ਦਿਨ-ਰਾਤ ਕਲੇਸ਼ ਰਹਿਣ ਲੱਗ ਪਿਆ।ਹੁਣ ਬੀਬੀ ਦੀ ਉਮਰ ਵੀ ਵਾਹਵਾ ਹੋ ਗਈ ਸੀ ਤੇ ਉੱਤੋਂ ਘਰ ਦਾ ਵਿਗੜਿਆ ਮਾਹੌਲ ਦੇਖ ਉਸਨੇ ਲੋਕਾਂ ਚ ਵਿਚਰਨਾ ਘਟਾ ਦਿੱਤਾ।
ਜੀਤ ਦੇ ਵਹਿੰਦਿਆਂ ਬੀਬੀ ਦਾ ਵੱਡਾ ਮੁੰਡਾ ਉਸਦੀ ਬੈਠਕ ਚ ਦਾਖਲ ਹੋਇਆ ਤੇ ਉਸਨੇ ਬੀਬੀ ਦਾ ਸਾਰਾ ਸਮਾਨ ਚੁੱਕ ਕੇ ਵੇਹੜੇ ਚ ਸੁੱਟ ਦਿੱਤਾ ਤੇ ਉਸ ਨੂੰ ਗਾਹਲਾਂ ਕੱਢਣ ਲੱਗਾ।ਇਹ ਦੇਖਦੀ ਜੀਤ ਆਪਣੀ ਅੱਖ ਬਾਰੇ ਤਾਂ ਭੁੱਲ ਹੀ ਗਈ ਤੇ ਬੀਬੀ ਦੇ ਘਰ ਜੋ ਹੋ ਰਿਹਾ ਸੀ ਉਸ ਚ ਖੁਭ ਗਈ।ਇੰਨੇ ਨੂੰ ਜੀਤ ਦੇ ਫੋਨ ਤੇ ਉਸਦੇ ਪੇਕਿਆਂ ਤੋਂ ਉਸਦੀ ਇੱਕ ਸਹੇਲੀ ਦਾ ਸੰਦੇਸ਼ ਆਇਆ ‘ਜੀਤ ਜਥੇਦਾਰ ਬਾਬਾ ਜੀ ਨੇ ਗੁਰਦਵਾਰੇ ਦੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਅੱਜ ਸਵੇਰੇ ਆਤਮ ਹੱਤਿਆ ਕਰ ਲਈ ‘ ਇਹ ਸੰਦੇਸ਼ ਪੜ੍ਹ ਜੀਤ ਦੇ ਹੱਥ ਕੰਭ ਗਏ।ਉਸਦਾ ਸਿਰ ਚਕਰਾ ਗਿਆ।ਕਿੰਨੀ ਹੀ ਦੇਰ ਉਹ ਆਪਣੇ ਫੋਨ ਤੇ ਟਿਕ ਟਿਕੀ ਲਗਾਈ ਦੇਖਦੀ ਰਹੀ।
ਉਸਦੇ ਪੇਕੀਂ ਜਥੇਦਾਰ ਬਾਬਾ ਵੀ ‘ਬੀਬੀ ‘ ਦਾ ਰੂਪ ਹੀ ਸੀ।ਆਪਣੇ ਘਰ ਦੇ ਮਸਲਿਆਂ ਨੂੰ ਹੱਲ ਕਰਨ ਲਈ ਲੋਕ ਸਰਪੰਚ ਕੋਲ ਘੱਟ ਜਥੇਦਾਰ ਬਾਬਾ ਜੀ ਕੋਲ ਜਿਆਦਾ ਜਾਂਦੇ ਸਨ।ਉਹ ਪਿੰਡ ਦਾ ਸਭ ਤੋਂ ਜਿਆਦਾ ਸੁਲਝਿਆ ਹੋਇਆ ਇਨਸਾਨ...

ਸੀ ਜਿਸ ਕੋਲ ਹਰ ਮੁਸ਼ਕਿਲ ਦਾ ਹੱਲ ਸੀ।ਪਿੰਡ ਦੀ ਕੋਈ ਵੀ ਧੀ – ਭੈਣ – ਨੂੰਹ ਆਪਣੇ ਮਸਲੇ ਲੈ ਉਸ ਕੋਲ ਜਾਂਦੀ ਤੇ ਉਹ ਝੱਟ ਮਦਦ ਕਰਨ ਲਈ ਤਿਆਰ ਹੋ ਜਾਂਦਾ।ਉਸਦੀ ਬੋਲ ਬਾਣੀ,ਸੁਭਾਅ ਇੰਨਾ ਪਿਆਰਾ ਸੀ ਕੇ ਜੋ ਕੋਲ ਬੈਠ ਜਾਂਦਾ ਉਸਦਾ ਉੱਠਣ ਨੂੰ ਮਨ ਨਾ ਕਰਦਾ।ਸਭ ਤੋਂ ਵੱਡੀ ਗੱਲ ਉਹ ਹਰ ਕਿਸੇ ਦੀਆ ਭਾਵਨਾਵਾਂ ਨੂੰ ਸਮਝਦਾ ਸੀ ਤੇ ਹਰ ਕਿਸੇ ਨੂੰ ਇਮੋਸ਼ਨਲ ਸੁਪੋਰਟ ਦਿੰਦਾ ਸੀ।ਉਹ ਲੋਕਾਂ ਚ ਜਿੰਨ੍ਹਾ ਹਰਮਨ ਪਿਆਰਾ ਤੇ ਇੱਜ਼ਤਦਾਰ ਸੀ ਉਸਦੇ ਘਰਦਿਆਂ ਨੇ ਉਸਦਾ ਮੁੱਲ ਨਾ ਪਾਇਆ। ਉਸਦੀ ਕਦਰ ਨਾ ਜਾਣੀ। ਉਸਦਾ ਪੁੱਤ ਉਸਦੇ ਹੱਥੋਂ ਨਿਕਲ ਗਿਆ ਤੇ ਅੱਡ ਹੋ ਆਪਣੇ ਹਿੱਸੇ ਦੀ ਜਮੀਨ ਵੇਚ ਸ਼ਰਾਬ ਪੀਣ ਲੱਗ ਪਿਆ।ਆਪਣੀ ਜੱਦੀ ਜਮੀਨ ਗੁਆਉਣ,ਪੁੱਤ ਦੇ ਵਿਗੜਨ,ਘਰਵਾਲੀ ਦੇ ਮਰਨ ਤੇ ਨੂੰਹ ਦੀ ਕੁੱਖ ਹਰੀ ਨਾ ਹੋਣ ਦੇ ਦੁੱਖ ਨੇ ਜਥੇਦਾਰ ਬਾਬੇ ਦਾ ਲੱਕ ਤੋੜ ਦਿੱਤਾ।ਲੋਕਾਂ ਦੇ ਮਸਲੇ ਹੱਲ ਕਰਦਾ-ਕਰਦਾ,ਲੋਕਾਂ ਦੀ ਮਦਦ ਕਰਦਾ ਉਹ ਆਪਣੀ ਮਦਦ ਨਾ ਕਰ ਸਕਿਆ।ਉਹ ਭਾਵੁਕ ਤੌਰ ਤੇ ਕਮਜ਼ੋਰ ਹੋ ਗਿਆ।ਸਭ ਉਸਨੂੰ ਮਜ਼ਬੂਤ ਹਿਰਦੇ ਦਾ ਮਾਲਿਕ ਸਮਝਦੇ ਰਹੇ ਉਹ ਹਰ ਕਿਸੇ ਨੂੰ ਇਹ ਜੋ ਕਹਿੰਦਾ ਰਹਿੰਦਾ ਸੀ;
ਕਿਸੇ ਨੂੰ ਕੁਝ ਮਹਿੰਗਾ ਨਾ ਦੇ ਸਕਦੇ ਹੋਵੋਂ ਤਾਂ ਕੋਈ ਚੱਕਰ ਨਹੀਂ ਪਰ ਹਰ ਵੇਲੇ ਇੱਕ ਦੂਜੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ।
ਇੱਕ – ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਿਆ ਕਰੋ।
ਇੱਕ – ਦੂਜੇ ਨੂੰ ਗਹੁ ਨਾਲ ਸੁਣਿਆ ਕਰੋ।
ਹਰ ਕਿਸੇ ਦੀ ਜ਼ਿੰਦਗੀ ਚ ਇਮੋਸ਼ਨਲ ਸੁਪੋਰਟ ਬਹੁਤ ਜਰੂਰੀ ਹੁੰਦੀ ਹੈ।
ਆਪਣੇ ਹੋਵਣ – ਚਾਹੇ ਬਿਗਾਨੇ – ਇੱਕ ਦੂਜੇ ਨੂੰ ਇਮੋਸ਼ਨਲ ਸੁਪੋਰਟ ਜਰੂਰ ਦੇਵੋ।
ਮਜ਼ਬੂਤ ਬੰਦੇ ਜਦੋਂ ਢਹਿ ਢੇਰੀ ਹੁੰਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ।ਆਪਣੇ ਦੁੱਖਾਂ ਅੱਗੇ ਹਾਰ ਮੰਨ ਨਿਰਾਸ਼ ਹੋ ਜਥੇਦਾਰ ਬਾਬਾ ਆਤਮ-ਹੱਤਿਆ ਕਰ ਗਿਆ।ਉਸਦੇ ਮਰਨ ਦੀ ਖਬਰ ਜਿਸ ਵੀ ਸੁਣੀ ਉਹ ਰੋਏ ਬਿਨਾ ਨਾ ਰਹਿ ਸਕਿਆ।
ਜਥੇਦਾਰ ਬਾਬੇ ਬਾਰੇ ਸੋਚਦੀ ਜੀਤ ਭਾਵੁਕ ਹੋ ਗਈ ਤੇ ਉਸਨੂੰ ਡਰ ਲੱਗਾ ਕੇ ਕਿਤੇ ਹਰ ਕਿਸੇ ਦੇ ਕੰਮ ਆਉਂਦੀ,ਹਰ ਕਿਸੇ ਦਾ ਸਾਥ ਦਿੰਦੀ ਬੀਬੀ ਆਪਣੀਆਂ ਨਿੱਜੀ ਮੁਸ਼ਕਿਲਾਂ ਅੱਗੇ ਹਾਰ ਨਾ ਜਾਵੇ।
ਮੈਂ ਜਥੇਦਾਰ ਬਾਬਾ ਜੀ ਨੂੰ ਬਚਾਉਣ ਲਈ ਤਾਂ ਕੁਝ ਨਹੀਂ ਕਰ ਸਕੀ ਪਰ ਹੁਣ ਬੀਬੀ ਦੇ ਬੁਢਾਪੇ ਚ ਉਸਦਾ ਸਹਾਰਾ ਜਰੂਰ ਬਣ ਸਕਦੀ ਹਾਂ। ਉਸਨੂੰ ਇਮੋਸ਼ਨਲ ਸੁਪੋਰਟ ਦੇ ਸਕਦੀ ਹਾਂ।ਉਸਨੇ ਲੋਕਾਂ ਦੇ ਭਲੇ ਲਈ ਬਹੁਤ ਕੁਝ ਕੀਤਾ ਹੁਣ ਸਮਾਂ ਆ ਗਿਆ ਆ ਕੇ ਬੀਬੀ ਨੂੰ ਘਰ ਦੇ ਕਲੇਸ਼ ਤੋਂ ਬਚਾਇਆ ਜਾਵੇ ਤੇ ਉਸਦਾ ਭਲਾ ਕੀਤਾ ਜਾਵੇ …ਸੋਚ ਜੀਤ ਨੇ ਘਰਾਂ ਦੀਆ ਹਮ ਉਮਰ ਔਰਤਾਂ ਇਕੱਠੀਆਂ ਕੀਤੀਆਂ ਤੇ ਬੀਬੀ ਦੇ ਮੁੰਡਿਆਂ ਤੇ ਧਾਵਾ ਬੋਲ ਦਿੱਤਾ।
“ਔਰਤ ਆਈ ਤੇ ਆ ਜਾਵੇ ਤਾਂ ਕੀ ਨਹੀਂ ਕਰ ਸਕਦੀ”।
“ਵਿਗੜਿਆ-ਤਿਗੜਿਆ ਦਾ ਪੀਰ ਡੰਡਾ” ਕਹਾਵਤ ਦੇ ਅਨੁਸਾਰ ਬੀਬੀ ਦੇ ਹੱਕ ਚ ਖੜੀਆਂ ਔਰਤਾਂ ਦੇਖ ਤੇ ਪੁਲਿਸ ਦੀ ਧਮਕੀ ਸੁਣ ਬੀਬੀ ਦੇ ਮੁੰਡੇ ਤੇ ਨੂੰਹਾਂ ਸੁੰਨ ਹੋ ਗਏ।
ਉਸ ਦਿਨ ਤੋਂ ਬਾਅਦ ਬੀਬੀ ਦੇ ਘਰ ਕਦੇ ਕਲੇਸ਼ ਹੋਣ ਦਾ ਰੌਲਾ ਨਾ ਸੁਣਿਆ ਤੇ ਬੀਬੀ ਨੇ ਆਪਣੇ ਅਖੀਰਲੇ ਸਾਲ ਸ਼ਾਂਤੀ ਨਾਲ ਗੁਜ਼ਾਰੇ।
ਵਿਹੀ ਵੱਲ ਵਹਿੰਦੀ ਦੀ ਜੀਤ ਦੀ ਨਜ਼ਰ ਬੀਬੀ ਦੀ ਬੈਠਕ ਤੇ ਪੈਂਦੀ ਤਾਂ ਉਸਨੂੰ ਜਥੇਦਾਰ ਬਾਬਾ ਤੇ ਬੀਬੀ ਦੀ ਯਾਦ ਹਰੀ ਹੋ ਜਾਂਦੀ।ਜਿੱਥੇ ਗਏ ਹੋਣਗੇ ਉਥੇ ਵੀ ਕਿਸੇ ਦਾ ਭਲਾ ਹੀ ਕਰ ਰਹੇ ਹੋਣਗੇ ..”ਬਦੀ ਹੋਵੇ ਚਾਹੇ ਨੇਕੀ ਬੰਦੇ ਦੇ ਨਾਲ ਹੀ ਜੋ ਜਾਂਦੀ” …ਸੋਚਦੀ ਜੀਤ ਭਾਵੁਕ ਹੋ ਜਾਂਦੀ।
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)