More Punjabi Kahaniya  Posts
ਬੇਹੀ ਰੋਟੀ


ਬਾਪੂ ਜੀ ਅਕਸਰ ਆਖਿਆ ਕਰਦੇ ਕੇ ਪੁੱਤਰ ਇਸ ਗੱਲ ਦੀਂ ਕਦੇ ਪ੍ਰਵਾਹ ਨਾ ਕਰੀਂ ਕੇ ਰਿਸ਼ਤੇਦਾਰੀ ਆਂਢ-ਗੁਆਂਢ ਕੀ ਆਖੂ..ਜਦੋਂ ਕਦੇ ਵੀ ਰਿਸ਼ਤਿਆਂ ਦੇ ਤਾਣੇ ਬਾਣੇ ਵਿਚ ਘੁਟਣ ਜਿਹੀ ਮਹਿਸੂਸ ਹੋਣ ਲੱਗੇ ਓਸੇ ਵੇਲੇ ਭਰਿਆ ਮੇਲਾ ਛੱਡ ਬਾਹਰ ਖੁੱਲੀ ਹਵਾ ਵਿਚ ਆ ਜਾਵੀਂ..ਸਾਹ ਸੌਖਾ ਹੋਜੂ..!
ਉਸ ਦਿਨ ਵੀ ਇੱਕ ਵੱਡੀ ਦੁਬਿਧਾ ਕੰਧ ਬਣ ਸਾਮਣੇ ਆਣ ਖਲੋਤੀ!
ਇੱਕੋ ਤਰੀਕ ਨੂੰ ਹੋਣ ਵਾਲੇ ਦੋ ਵੱਖੋ ਵੱਖ ਵਿਆਹਾਂ ਦੇ ਕਾਰਡ ਸਵਾਲ ਬਣ ਗਏ..
ਪਹਿਲਾ ਮਾਸੀ ਦੇ ਮੁੰਡੇ ਦਾ ਤੇ ਦੂਜਾ ਪਿੰਡ ਰਹਿੰਦੀ ਭੂਆ ਦੀਂ ਕੁੜੀ ਦਾ..ਹੁਣ ਸਮਝ ਨਾ ਆਵੇ ਕਿਥੇ ਜਾਇਆ ਜਾਵੇ!
ਸਭ ਤੋਂ ਪਹਿਲਾਂ ਸ਼ਹਿਰੋਂ ਆਇਆ ਕਾਰਡ ਖੋਲ ਕੇ ਵੇਖਿਆ..
ਪਹਿਲੇ ਦੋ ਸਫ਼ਿਆਂ ਤੇ ਤਾਂ ਸਿਰਫ ਵੱਡੇ ਵੱਡੇ ਅਫ਼ਸਰੀ ਰੈਂਕ ਅਤੇ ਵੱਖੋ ਵੱਖ ਮੁਲਖਾਂ ਤੋਂ ਆਉਣ ਵਾਲੇ ਪ੍ਰਾਹੁਣਿਆਂ ਦੇ ਨਾਮ ਹੀ ਲਿਖੇ ਹੋਏ ਸਨ..!
ਚਾਂਦੀ ਰੰਗੀ ਤੀਜੀ ਜਿਲਦ ਤੇ ਸਿਰਫ ਰਾਜਨੀਤੀ ਛਾਈ ਪਈ ਸੀ ਤੇ ਚੌਥੇ ਉੱਤੇ ਵੱਡੇ ਵੱਡੇ ਕਾਰੋਬਾਰੀ ਤੇ ਗਾਉਣ ਵਜਾਉਣ ਵਾਲ਼ੀਆਂ ਟੀਮਾਂ ਦਾ ਵਿਸਥਾਰ ਸੀ..!
ਹੋਟਲਾਂ,ਰੇਸਟੇਰੇਂਟਾਂ,ਰਿਸੈਪਸ਼ਨ ਅਤੇ ਹੋਰ ਸਮਾਗਮ,ਖਾਣੇ ਦੀਆਂ ਵੰਨਗੀਆਂ..ਟ੍ਰਾੰਸਪੋਰਟ ਵਾਸਤੇ ਮੇਂਹਗੀਆਂ ਗੱਡੀਆਂ ਦੀਂ ਲੰਮੀਂ ਚੌੜੀ ਲਿਸਟ ਆਖਰੀ ਸਫ਼ੇ ਤੇ ਸੀ!
ਸਾਰਾ ਕੁਝ ਵੇਖ ਦਿਲ ਨੂੰ ਕਾਹਲੀ ਜਿਹੀ ਪੈਣ ਲੱਗੀ..
ਫੇਰ ਕੋਲ ਹੀ ਪਿਆ ਭੂਆ ਦੀਂ ਕੁੜੀ ਵਾਲਾ ਸਧਾਰਨ ਜਿਹਾ ਕਾਰਡ ਚੁੱਕ ਲਿਆ!
ਸੰਖੇਪ ਜਿਹੀ ਜਾਣਕਾਰੀ ਮਗਰੋਂ ਮੇਰੇ ਨਾਮ ਦਾ ਇਕ ਵੱਖਰਾ ਹੱਥ ਲਿਖਤ ਰੁੱਕਾ ਵੀ ਨਾਲ ਨੱਥੀ ਕੀਤਾ ਹੋਇਆ ਸੀ!
ਅੰਦਰ ਲਿਖਿਆ ਸੀ “ਵਾਹਿਗੁਰੂ ਨੇ ਸਾਨੂੰ ਤੇਰੀ ਨਿੱਕੀ ਭੈਣ ਦੇ ਸ਼ੁਭ ਕਾਰਜ ਵਾਲਾ ਇੱਕ ਸੁਨਹਿਰੀ ਅਵਸਰ ਬਖਸ਼ਿਆ ਏ..ਅਸੀਂ ਚਾਹੁੰਦੇ ਹਾਂ ਕੇ ਤੇਰੇ ਵਰਗਾ ਸੁਲਝਿਆ ਹੋਇਆ ਇਨਸਾਨ ਉਸਦਾ ਵੱਡਾ ਭਰਾ ਬਣਕੇ ਇਸ ਮੌਕੇ ਅਤੇ ਰਿਸ਼ਤੇ ਨੂੰ ਹੋਰ ਚਾਰ ਚੰਨ ਲਾਵੇ”!
ਪਤਾ ਨਹੀਂ ਕੀ ਜਾਦੂ ਸੀ...

ਹਥੀਂ ਲਿਖੀਆਂ ਓਹਨਾ ਚੰਦ ਕੂ ਲਾਈਨਾਂ ਵਿਚ ਕੇ ਮੈਂ ਕਿੰਨੀ ਵਾਰ ਪੜੀ ਹੀ ਗਿਆ..!
ਫੇਰ ਮਿਥੀ ਤਰੀਖ ਤੋਂ ਦੋ ਦਿਨ ਪਹਿਲਾਂ ਮਲੋ-ਮਲੀ ਹੀ ਪਿੰਡ ਨੂੰ ਜਾਂਦੀ ਬੱਸ ਵਿਚ ਸਵਾਰ ਹੋ ਗਿਆ..!
ਪੈਲੀਆਂ ਰੁੱਖਾਂ ਨਦੀ ਨਾਲਿਆਂ ਵਿਚੋਂ ਦੀਂ ਰਵਾਂ ਰਵੀਂ ਤੁਰੀ ਜਾਂਦੀ ਖਾਲੀ ਜਿਹੀ ਬੱਸ ਦੀ ਪਿਛਲੀ ਸੀਟ ਤੇ ਬੈਠੇ ਬੈਠੇ ਨੂੰ ਪਤਾ ਨਹੀਂ ਕਿੱਦਾਂ ਨਿੱਕੇ ਹੁੰਦਿਆਂ ਦੀਂ ਇੱਕ ਘਟਨਾ ਚੇਤੇ ਆ ਗਈ..!
ਦੂਜੀ ਜਮਾਤ ਵੇਲੇ ਮੱਸਿਆ ਦੇ ਉਸ ਮੇਲੇ ਵਿਚ ਗਵਾਚਿਆ ਤਾਂ ਭਾਵੇਂ ਮੈਂ ਖੁਦ ਆਪਣੀ ਗਲਤੀ ਨਾਲ ਹੀ ਸਾਂ ਪਰ ਭੀੜਾਂ ਵਿਚ ਜਾਣ ਤੋਂ ਪਤਾ ਨਹੀਂ ਕਿਓਂ ਅਜੇ ਵੀ ਬੜਾ ਡਰ ਲੱਗਦਾ ਏ..!
ਚਾਰ ਦਿਨਾਂ ਬਾਅਦ ਸਾਰੇ ਕਾਰਜ ਨਿਪਟਾ ਕੇ ਵਾਪਿਸ ਸ਼ਹਿਰ ਮੁੜਨ ਲੱਗਿਆ ਤਾਂ ਕੱਲਾ ਕੱਲਾ ਜੀ ਮੈਨੂੰ ਅੱਡੇ ਤੱਕ ਛੱਡਣ ਆਇਆ..
ਕੁਝ ਰੋਏ ਵੀ..ਕਈਆਂ ਬੈਗ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਭ ਤੋਂ ਵੱਧ ਇਸ ਗੱਲ ਦੀ ਤਸੱਲੀ ਸੀ ਕੇ ਭਾਵੇਂ ਦੁਨੀਆਂ ਜਿਥੇ ਮਰਜੀ ਅੱਪੜ ਗਈ ਹੋਵੇ ਪਰ ਮੇਰੀ ਭੂਆ ਦੇ ਪਿੰਡ ਦਾ ਮਾਹੌਲ ਅਜੇ ਵੀ ਓਹੀ ਸੀ..ਵੀਹ ਪੰਝੀ ਵਰੇ ਪਹਿਲਾਂ ਵਾਲਾ..ਕੋਠੇ ਤੇ ਡੱਠੇ ਮੱਛਰਦਾਨੀਆਂ ਵਾਲੇ ਮੰਜਿਆਂ ਵਾਲਾ..ਕਿੰਨੀ ਕਿੰਨੀ ਰਾਤ ਤੀਕਰ ਤਾਰਿਆਂ ਦੀ ਛਾਵੇਂ ਕੋਠੇ ਤੇ ਪਏ ਪਏ ਗੱਲਾਂ ਕਰੀ ਜਾਣ ਵਾਲਾ ਆਲਾ ਦਵਾਲਾ!
ਦੋਸਤੋਂ ਕਦਰ ਅਤੇ ਪਿਆਰ ਮੁੱਹਬਤ ਨਾਲ ਪਰੋਸੀ ਗਈ ਬੇਹੀ ਰੋਟੀ ਬੇਕਦਰੀ ਨਾਲ ਸਾਮਣੇ ਸੁੱਟ ਦਿੱਤੀ ਗਈ ਦੁੱਧ ਦੀ ਤਾਜੀ ਮਿੱਠੀ ਖੀਰ ਨਾਲੋਂ ਜਿਆਦਾ ਸਵਾਦ ਲੱਗਦੀ ਏ..ਬਸ਼ਰਤੇ ਵਜੂਦ ਤੇ ਲਾਲਚ ਹਾਵੀ ਨਾ ਹੋਇਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਬੇਹੀ ਰੋਟੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)