ਯੱਕਦਮ ਈ ਗੁਰੂ ਘਰ ‘ਚ ਅਨਾਊਂਸਮੈਂਟ ਹੁੰਦੀ ਐ ਬੀ ਪੰਜਾਬ ‘ਚ ਕੋਰੋਨਾ ਇੰਨਾ ਵੱਧ ਗਿਆ ਕਿ ਕਰਫਿਊ ਲੱਗ ਜਾਣੈ! ਜਲਦੀ-ਜਲਦੀ ਰਮਨ ਤੇ ਸੰਦੀਪ ਰਾਸ਼ਨ ਦੀ ਇਕ ਲਿਸਟ ਤਿਆਰ ਕਰਨ ਲੱਗਦੇ ਹਨ, “ਆਹ ਵੀ ਹੈ ਨੀ! ਉਹ ਵੀ ਲੈ ਆਓ! ਸੱਚ ਇਹ ਵੀ ਨਹੀਂ ਪਤਾ ਕਿ ਕਿੰਨਾ ਕੁ ਸਮਾਂ ਇਹ ਕੋਰੋਨਾ ਸੰਤਾਪ ਹੰਢਾਉਣਾ ਪੈਣੈ! ਚਲੋ ਜੀ, ਤੁਸੀਂ ਲਿਖੀ ਚਲੋ,ਚੌਲ ਥੋੜੇ ਵੱਧ ਲੈ ਆਉਣਾ ਜਵਾਕ ਖਾਂਦੇ ਈ ਰਹਿੰਦੇ ਨੇ ਹਨਾ!”,ਸੰਦੀਪ ਲਿਖਦੀ ਹੋਈ ਕਹਿੰਦੀ ਐ।”ਆਹ ਫੜ ਪੈੱਨ,ਤੂੰ ਲਿਖੀ ਜਾ ਜੋ-ਜੋ ਵੀ ਦਿਮਾਗ ਚ ਆਉਂਦੈ, ਮੈਂ ਤਾਂ ਬੱਸ ਪਜਾਮਾ ਈ ਬਦਲਣੈ, ਸਕੂਟੀ ਚੱਕ ਕੇ ਜਾ ਵੜੂੰਗਾ ਦੁਕਾਨ ਤੇ।”,ਰਮਨ ਪਜਾਮਾ ਪਹਿਨਦੇ ਹੋਏ ਕਹਿੰਦਾ ਹੈ….. ਗਗਨ ਭੱਜਿਆ ਆਉਂਦੈ….”ਪਾਪਾ ਮੇਰੀਆਂ ਚਾਕਲੇਟਸ ਲੈ ਕੇ ਆਉਣਾ ਪਲੀਜ਼!” ਸੰਦੀਪ ਹੱਸ ਕੇ ਘੂਰਦੀ ਹੋਈ,”ਆਹੋ! ਰਾਸ਼ਨ ਚੋਂ ਭਾਵੇਂ ਦੋ ਚੀਜ਼ਾਂ ਘੱਟ ਕਰ ਦਿਓ ਪਰ ਇਹਦਾ ਬੱਬਰ ਨਾ ਖਾਲੀ ਰਹਿ ਜੇ ਕਿਤੇ! ਚੱਲ ਕੋਈ ਨਾ, ਮੈਂ ਵੈਸੇ ਵੀ ਲੈ ਈ ਆਉਣੀਆਂ ਸੀ,ਰਮਨ ਸਕੂਟੀ ਤੇ ਸਵਾਰ ਹੋਣ ਲੱਗੇ ਕਹਿੰਦਾ ਐ। ਦਰਵਾਜ਼ੇ ਦੇ ਜਮਾਂ ਈ ਲਾਗੇ ਖੜੀ ਗੁੜੀਆ ਆਪਣੇ ਮੰਮੀ-ਪਾਪਾ ਵੱਲ ਬੱਸ ਚੁੱਪ-ਚਾਪ ਦੇਖਦੀ ਐ ਜਿਵੇਂ ਮਨ ‘ਚ ਕਹਿੰਦੀ ਹੋਏ ਕਿ ਮੈਨੂੰ ਤਾਂ ਇਹਨਾਂ ਨੇ ਪੁੱਛਿਆ ਈ ਨਹੀਂ ਬੀ ਤੂੰ ਕੁਝ ਮੰਗਾਉਣੈ!? ਤੇ ਰਮਨ ਸਕੂਟੀ ਸਟਾਰਟ ਕਰਕੇ ਚਲੇ ਜਾਂਦਾ ਹੈ।ਘੰਟੇ ਕੁ ਬਾਅਦ ਰਮਨ ਵਾਪਿਸ ਘਰ ਆਉਂਦੈ,ਵੱਡੇ-ਵੱਡੇ ਥੈਲੇ ਤੇ ਡੱਬੇ ਲੱਦੀ….ਓ ਹੋ! ਮੈਂ ਕਹਿਨਾ ਜਿਹੜੀ ਹਫੜਾ-ਦਫੜੀ ਮਚੀ ਐ ਬਾਹਰ,ਪੁੱਛੋ ਈ ਨਾ! ਗਗਨ ਪੁੱਤ ਆਹ ਸਮਾਨ ਲੁਹਾਈਂ ਕੇਰਾਂ ਮੇਰੇ ਨਾਲ...
ਲੱਗ ਕੇ!”,ਰਮਨ ਹੱਫਦਾ ਹੋਇਆ ਬੋਲਦਾ ਹੈ। ਗਗਨ ਖੁਸ਼ੀ-ਖੁਸ਼ੀ ਸਾਰਾ ਸਮਾਨ ਅੰਦਰ ਲੈ ਕੇ ਜਾਂਦਾ ਹੈ ਤੇ ਆਪਣੀਆਂ ਚਾਕਲੇਟਸ ਦੇ ਕੇ ਖੁਸ਼ੀ ਜ਼ਾਹਰ ਕਰਦਾ ਐ…..ਯੇਅਅਅਅਅਅਅ ਦੀਦੀ ਦੇਖੋ ਕਿੰਨੀਆਂ ਸਾਰੀਆਂ ਚਾਕਲੇਟਸ। “ਆਹ! ਕਾਲੇ ਲਿਫਾਫਾ ਵਿਚ ਕੀ ਐ ਜੀ??”,ਲਿਫਾਫਾ ਖੋਲਦੀ ਹੋਈ ਸੰਦੀਪ ਬੋਲਦੀ ਐ। ਤੇ ਲਿਫਾਫਾ ਖੋਲਦੇ ਈ,”ਹਾਏ! ਤੁਹਾਨੂੰ ਯਾਦ ਸੀ?” “ਕਿਵੇਂ ਖਿਆਲ ਨਾ ਰਹੇ! ਸਾਡੀ ਜ਼ਿੰਦਗੀ ਦਾ ਧੁਰਾ ਓ ਤੁਸੀਂ ਦੋਵੇਂ ਜਣੀਆਂ।ਗੁੜੀਆਅਅਅਅਅ!” ਰਮਨ ਆਵਾਜ਼ ਦਿੰਦਾ ਐ। ਗੁੜੀਆ ਆਪਣੇ ਸੁਭਾਅ ਮੁਤਾਬਿਕ ਸੰਗਾਊ ਜਿਹੀ ਆ ਕੇ ਖੜੀ ਹੋ ਜਾਂਦੀ ਐ। ਇਧਰ ਆ ਪੁੱਤ,ਬੈਠ! ਸੰਦੀਪ ਇਹ ਸੈਨੀਟਰੀ ਪੈਡਜ਼ ਤੁਹਾਡੇ ਦੋਹਾਂ ਜਣੀਆਂ ਲਈ ਨੇ ਤੇ….ਹਾਂ,ਓਏ ਗਗਨ! ਆਹ ਚਾਕਲੇਟਸ ਤੂੰ ਕੱਲੇ ਨੇ ਨਹੀਂ ਖਾਣੀਆਂ ਦੀਦੀ ਨੂੰ ਵੀ ਦੇਣੀਆਂ ਨੇ, ਪੀਰੀਅਡਜ਼ ‘ਚ ਮੂਡ ਸਵਿੰਗਜ਼ ਤੇ ਕਰੈਂਪਸ ਦੋਹਾਂ ਤੋਂ ਰਾਹਤ ਮਿਲੂਗੀ। ਗੁੜੀਆ ਘੁੱਟ ਕੇ ਆਪਣੇ ਪਾਪਾ ਦੇ ਗਲ਼ ਲੱਗ ਜਾਂਦੀ ਐ,” ਸੋ ਪਰਾਊਡ ਆਫ ਯੂ ਪਾਪਾ।” ਸੰਦੀਪ ਤੂੰ ਐਂ ਜੇ ਕਾਹਤੋਂ ਦੇਖ ਰਹੀ ਐਂ ਯਾਰ! ਪੜ੍ਹੇ-ਲਿਖੇ ਮਾਂ ਬਾਪ ਆਂ! ਅਸੀਂ ਨਹੀਂ ਸਮਝਾਂਗੇ ਆਪਣੇ ਬੱਚਿਆਂ ਨੂੰ ਤਾਂ ਕੌਣ ਸਮਝੂਗਾ!! ਜਾਹ ਚਾਹ ਧਰ ਲੈ ਆਪਾਂ ਅਸੀਂ ਉਨਾਂ ਟਾਈਮ ਸਮਾਨ ਸੰਭਾਲਦੇ ਆਂ। ਸੰਦੀਪ ਚਾਹ ਬਣਾਉਣ ਚਲੀ ਜਾਂਦੀ ਐ ਤੇ ਪਿਉ-ਧੀ ਰਾਸ਼ਨ ਦੇ ਸਮਾਨ ਸਾਂਭਣ ਚ ਰੁੱਝ ਜਾਂਦੇ ਨੇ।
– ਵਿਸ਼ਾਲ ਦੀਪ