More Punjabi Kahaniya  Posts
ਫਿਤਰਤ – ਆਖਿਰੀ ਭਾਗ


ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜਨ ਨਾਲ ਉਸਦੇ ਐਨਉਲ ਫ਼ੰਕਸ਼ਨ ਚ ਕਾਲਜ ਗਈ ਸੀ ਉਸਦੇ ਮਹੌਲ ਨੇ ਅਚੰਬਿਤ ਕਰ ਦਿੱਤਾ ਸੀ ।ਕੱਲੀ ਹੀ ਉਹ ਖਾਲੀ ਕਲਾਸ ਰੂਮਾਂ ਚ ਘੁੰਮਦੀ ਰਹੀ ਸੀ ।ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ ।
ਅੱਜ ਜਦੋਂ ਮੌਕਾ ਆਇਆ ਤਾਂ ਇਹ ਅੜਚਨ ਨੇ ਰਸਤਾ ਰੋਕ ਲਿਆ ।ਪਰ ਪ੍ਰਿੰਸ ਦੇ ਸਾਥ ਦਾ ਉਹਨੂੰ ਭਰੋਸਾ ਸੀ ।ਪਰ ਉਸਨੂੰ ਪ੍ਰਿੰਸ ਦੇ ਫੈਸਲੇ ਤੇ ਹੈਰਾਨੀ ਹੋਈ । ਜਦੋਂ ਉਸਨੇ ਕਿਹਾ ਕਿ ਤੂੰ ਪੜ੍ਹਨਾ ਹੀ ਹੈ ਨਾ ਪ੍ਰਾਈਵੇਟ ਪੇਪਰ ਦੇ ਲਾ ਤੈਨੂੰ ਪੜ੍ਹਨ ਤੋਂ ਨਹੀਂ ਕੋਈ ਰੋਕੇਗਾ ।ਪਰ ਰੋਜ ਕਾਲਜ ਕੌਨ ਛੱਡਣ ਜਾਊ ਤੇ ਲੈਣ ਜਾਊ। ਅੱਜ ਕੱਲ ਪੜ੍ਹਾਈ ਵੀ ਕਿਹੜੀ ਏ ਕਾਲਜਾਂ ਚ ਮੁੰਡੇ ਕੁੜੀਆਂ ਦੇ ਪੱਲੇ ਆਸ਼ਕੀ ਹੀ ਹੈ ।
ਪ੍ਰਿੰਸ ਦੀਆਂ ਗੱਲਾਂ ਸੁਣਕੇ ਅਮਨ ਦੇ ਪੈਰਾਂ ਥੱਲਿਓਂ ਜਮੀਨ ਖਿਸਕ ਗਈ ।ਉਸਨੂੰ ਲਗਦਾ ਸੀ ਕਿ ਪ੍ਰਿੰਸ ਐਵੇਂ ਦੀ ਸੋਚ ਦਾ ਨਹੀਂ ਹੈ ਉਹ ਉਸਦੀਆਂ ਖਵਾਇਸ਼ਾ ਦੀ ਕਦਰ ਕਰੇਗਾ। ਪਰ ਉਸਦੀ ਸੋਚ ਵੀ ਉਸੇ ਸੋਚ ਨਾਲ ਰਚਮਿਚ ਗਈ ਜੋ ਉਸਦੇ ਸੱਸ ਸਹੁਰੇ ਦੀ ਸੀ ।ਅਮਨ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਕਈ ਦਿਨ ਰੋਟੀ ਨਾ ਖਾਦੀ। ਪ੍ਰਾਈਵੇਟ ਪੜਨ ਤੋਂ ਵੀ ਇਨਕਾਰ ਕਰ ਦਿੱਤਾ । ਸਾਰਾ ਦਿਨ ਕਮਰੇ ਚ ਹੀ ਰਹਿੰਦੀ ਕਿਸੇ ਨੂੰ ਬੁਲਾਂਦੀ ਨਾ । ਪ੍ਰਿੰਸ ਨੂੰ ਵੀ ਕੋਲ ਨਾ ਫਟਕਣ ਦਿੰਦੀ ।ਘਰ ਵੀ ਕਿਸਨੂੰ ਦੱਸਦੀ ਦੱਸਦੀ ਸੀ ਤਾਂ ਸਿਰਫ ਪਿੰਜਰੇ ਚ ਬੰਦ ਤੋਤੇ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ।ਵਧੇਰੇ ਕਿਤਾਬਾਂ ਪੜਨ ਲੱਗੀ ।ਜੰਦਗੀ ਦਾ ਮਕਸਦ ਕੁਝ ਸਮਝ ਨਹੀਂ ਸੀ ਆ ਰਿਹਾ ।ਕੀ ਉਹ ਵਿਆਹ ਕਰਵਾ ਕੇ ਸਿਰਫ ਇਸ ਮਹਿਲਨੁਮਾ ਘਰ ਚ ਕੈਦ ਹੋਣ ਲਈ ਆਈ ਸੀ ? ਜਿਥੋਂ ਬਾਹਰ ਨਿਕਲਣ ਲਈ ਹਰ ਵਾਰ ਉਸਦੇ ਨਾਲ ਕੋਈ ਪਹਿਰੇਦਾਰ ਜਰੂਰੀ ਸੀ ਚਾਹੇ ਸੱਸ ਸੀ ਸਹੁਰਾ ਸੀ ਜਾਂ ਪ੍ਰਿੰਸ ਸੀ ।ਕੀ ਹਰ ਔਰਤ ਦੀ ਇਹੋ ਕਹਾਣੀ ਹੈ ਕਿਉਂ ਇਹ ਸਮਾਜ ਹਰ ਔਰਤ ਨੂੰ ਹਮੇਸ਼ਾਂ ਨਿਗ੍ਹਾਦਾਰੀ ਚ ਹੀ ਰੱਖਦਾ ।ਭਾਵੇਂ ਉਹ ਕਿੱਡੀ ਵੀ ਵਫ਼ਾਦਾਰ ਕਿਉਂ ਨਾ ਹੋਵੇ ।
ਅਮਨ ਨੂੰ ਇੱਕੋ ਰਾਹ ਨਜ਼ਰ ਆਇਆ ਕਿ ਉਹ ਪੜੇਗੀ ਪ੍ਰਾਈਵੇਟ ਹੀ, ਤੇ ਬਾਅਦ ਚ ਕੋਈ ਵਧੀਆ ਨੌਕਰੀ ਲਵੇਗੀ ਤੇ ਆਪਣੀ ਮਾਂ ਦੇ ਕਹਿਣ ਵਾਂਗ ਜ਼ਰੂਰ ਇੱਕ ਦਿਨ ਅਸਲ ਚ ਆਪਣੇ ਪੈਰਾਂ ਤੇ ਖੜੀ ਹੌਏਗੀ।
ਉਸਨੇ ਪ੍ਰਿੰਸ ਨੂੰ ਸਭ ਦੱਸ ਦਿੱਤਾ ਤੇ ਪ੍ਰਿੰਸ ਨੇ ਘਰਦਿਆਂ ਨੂੰ ਵੀ ਨੌਕਰੀ ਆਲੀ ਗੱਲ ਛੱਡਕੇ ਸਭ ਦੱਸ ਦਿੱਤਾ।ਉਹਨੂੰ ਲੱਗਿਆ ਕਿ ਇਹ ਫਤੂਰ ਏ ਨੌਕਰੀ ਦਾ ਜਦੋਂ ਤੱਕ ਸਮਾਂ ਆਊ ਉਦੋਂ ਤੱਕ ਉੱਤਰ ਜਾਊਗਾ ।
ਪਰ ਸਮੱਸਿਆ ਸੀ ਕਿ ਬਾਕੀ ਵਿਸ਼ੇ ਹੋ ਜਾਣਗੇ ਪਰ ਅੰਗਰੇਜ਼ੀ ਦਾ ਔਖਾ ਸੀ ।ਪ੍ਰਿੰਸ ਨੇ ਬਿਨਾਂ ਸਮਾਂ ਲਾਏ ਫੈਸਲਾ ਕੀਤਾ ਕਿ ਜਤਿੰਦਰ ਹੀ ਪੜਾ ਜਾਇਆ ਕਰੇਗਾ ।ਅੰਗਰੇਜ਼ੀ ਵੀ ਤੇ ਬਾਕੀ ਕੋਈ ਵਿਸ਼ਾ ਵੀ ਜਿਥੇ ਲੋੜ ਪਈ । ਪਰ ਇਸ ਵਾਰ ਉਸਨੇ ਤਾੜਨਾ ਕੀਤੀ ਘਰਦਿਆਂ ਨੂੰ ਕਿ ਪਿਛਲੀ ਵਾਰ ਵਾਂਗ ਕੋਈ ਤੰਗ ਨਾ ਕੀਤਾ ਜਾਵੇ । ਇਹ ਗੱਲ ਉਸਨੇ ਅਮਨ ਨੂੰ ਸੁਣਾ ਕੇ ਕਹੀ ਸੀ ਤਾਂ ਜੋ ਉਸਨੂੰ ਯਕੀਨ ਰਹੇ ਕਿ ਪ੍ਰਿੰਸ ਹਮੇਸ਼ਾ ਉਸਦੇ ਨਾਲ ਹੈ ਉਹ ਸੀ ਵੀ ਪਰ ਉਸਦੀ ਉਠਣੀ ਬੈਠਣੀ ਨੇ ਉਸਦੀ ਸੋਚ ਥੋੜੀ ਬਦਲ ਦਿੱਤੀ ਸੀ ਭਾਵੇਂ ਪਿਆਰ ਚ ਕੋਈ ਕਮੀ ਨਹੀਂ ਸੀ ਅਜੇ ਵੀ।ਪਰ ਉਹਦੀ ਕੇਅਰ ਪਹਿਲਾਂ ਵਾਲ਼ੀ ਨਹੀਂ ਸੀ ਉਹ ਕੰਮ ਤੇ ਅਮਨ ਚੋਣ ਕੰਮ ਨੂੰ ਪਹਿਲ ਦਿੰਦਾ ਤੇ ਕਈ ਵਾਰ ਉਸਦੀ ਸਲਾਹ ਤੇ ਹੂੰ ਹਾਂ ਕਰ ਛੱਡਦਾ ।ਪਰ ਜਦੋਂ ਮਿਠੀਆਂ ਗੱਲਾ ਕਰਦਾ ਤਾਂ ਸਿਰੇ ਲਾ ਦਿੰਦਾ ਪਰ ਉਹ ਹਾੜ੍ਹ ਦੀ ਬੱਦਲੀ ਵਾਂਗ ਕਦੇ ਕਦੇ ਹੀ ਹੁੰਦਾ ਹੁਣ ਤਾਂ ।
ਅਮਨ ਨੂੰ ਹੁਣ ਜਤਿੰਦਰ ਮਾਸਟਰ ਪੜਾਉਣ ਆਉਣ ਲੱਗ ਗਿਆ ।ਉਹ ਨੌਜਵਾਨ ਹੀ ਸੀ ਅਜੇ ।ਪਰ ਕਿਤਾਬਾਂ ਪੜ੍ਹਨ ਤੇ ਅਗਾਂਵਧੂ ਸੋਚ ਦਾ ਮਾਲਿਕ ਸੀ । ਅਮਨ ਉਸ ਨਾਲ ਖੁੱਲ ਕੇ ਗੱਲਾਂ ਕਰਦੀ ਆਪਣੀ ਜੰਦਗੀ ਦੀਆਂ ਆਪਣੀ ਸੋਚ ਦੀਆਂ ਆਪਣੇ ਆਉਣ ਆਲੇ ਪਲੈਨ ਦੀਆਂ । ਕਦੇ ਉਹ ਕਿਤਾਬਾਂ ਦੀਆਂ ਗੱਲਾਂ ਕਰਦੇ ਜੋ ਦੋਵਾਂ ਨੇ ਪੜੀਆਂ ਹੁੰਦੀਆਂ ।ਕਦੇ ਕਦੇ ਆਪਨ ਸੋਚਦੀ ਕਾਸ਼ ਪ੍ਰਿੰਸ ਵੀ ਐਵੇਂ ਹੀ ਕਿਤਾਬਾਂ ਪੜ੍ਹਦਾ ਤੇ ਉਸ ਨਾਲ ਗੱਲਾਂ ਕਰਦਾ ।ਉਹਨੂੰ ਸੁਪਨਾ ਆਉਂਦਾ ਕਿ ਜਤਿੰਦਰ ਨੇ ਬੈਠੇ ਬੈਠੇ ਰੂਪ ਵਟਾ ਲਿਆ ਹੋਵੇ ਤੇ ਉਹਨੂੰ ਆਖਦਾ ਕਿ ਮੈਂ ਤਾਂ ਘਰਦਿਆਂ ਤੋਂ ਡਰਦੇ ਨੇ ਐਵੇਂ ਕੀਤਾ ਹੋਇਆ ਮੈਂ ਤੇਰਾ ਪ੍ਰਿੰਸ ਹੀ ਹਾਂ ।ਫਿਰ ਦੋਵੇਂ ਇੱਕ ਦੂਸਰੇ ਦੀਆਂ ਬਾਹਾਂ ਦੇ ਨਿੱਘ ਚ ਕਿਤਾਬ ਪੜ੍ਹਦੇ ਪੜ੍ਹਦੇ ਸੌਂ ਜਾਂਦੇ ।
ਇਹ ਤਾਂ ਸੁਪਨਾ ਸੀ ਪਰ ਇੱਕ ਹਕੀਕਤ ਨੇ ਉਸਦੀ ਨੀਂਦ ਹਰਾਮ ਕਰ ਦਿੱਤੀ ਅਚਾਨਕ ਹੀ ।ਪ੍ਰੋਟੈਕਸਨ ਦੇ ਮਾਮਲੇ ਚ ਪਤਾ ਨੀ ਕਿਥੇ ਖੁੰਝ ਗਈ ।ਕਿ ਉਸਨੂੰ ਮਹੀਨਾ ਚੜੇ ਤੇ ਹੀ ਪਤਾ ਲੱਗਾ ਕਿ ਉਹ ਪ੍ਰੈਗਨੈਂਟ ਹੈ । ਇਸ ਲਈ ਉਹ ਤਿਆਰ ਨਹੀਂ ਸੀ ਭਾਵੇਂ ਪਹਿਲੇ ਸਾਲ ਦੇ ਪੇਪਰ ਦੇ ਦਿੱਤੇ ਸੀ ਪਰ ਉਹਦੀ ਉਮਰ ਅਜੇ ਵੀਹ ਵੀ ਨਹੀਂ ਸੀ ।ਤੇ ਉਹ ਬੱਚਾ ਨਹੀਂ ਸੀ ਚਾਹੁੰਦੀ ।
ਪ੍ਰਿੰਸ ਨੂੰ ਉਹਨੇ ਦੱਸਿਆ ਤਾਂ ਉਹ ਖੁਸ਼ੀ ਨਾਲ ਨੱਚ ਹੀ ਉੱਠਿਆ ।ਉਸਦੀ ਪੂਰੀ ਗੱਲ ਸੁਣੇ ਬਿਨਾਂ ਹੀ ਘਰ ਦੱਸ ਦਿੱਤਾ ਤੇ ਅੱਧੀਆ ਰਿਸ਼ਤੇਦਾਰੀਆਂ ਚ। ਅਮਨ ਕਹਿਣਾ ਤਾਂ ਚਾਹੁੰਦੀ ਸੀ ਕਿ ਉਹ ਅਬਾਰਸ਼ਨ ਕਰਵਾਉਣਾ ਚਾਹੁੰਦੀ ਹੈ ਪਰ ਪ੍ਰਿੰਸ ਦੀ ਖੁਸ਼ੀ ਵੇਖ ਕੇ ਉਹ ਕਹਿ ਨਾ ਸਕੀ ।ਪ੍ਰਿੰਸ ਦੀਆਂ ਅੱਖਾਂ ਚ ਪਿਆਰ ਤੇ ਉਸਦੀ ਕੇਅਰ ਦੇਖ ਕੇ ਉਹਨੇ ਇਹ ਖੁਸ਼ੀ ਉਸਦੇ ਨਾਮ ਕਰਨ ਦੀ ਸੋਚ ਹੀ ਲਈ,ਪ੍ਰਿੰਸ ਨੇ ਵੀ ਤਾਂ ਉਸਦਾ ਸਾਥ ਦਿੱਤਾ ਸੀ ਹਰ ਜਗਾਹ।
ਮਹੀਨੇ ਲੰਘੇ ਤੇ ਅਖੀਰ ਉਸਦੇ ਘਰ ਇੱਕ ਬੜੀ ਹੀ ਪਿਆਰੀ ਬੱਚੀ ਨੇ ਜਨਮ ਲਿਆ ।ਸਭ ਨੂੰ ਜਿਵੇਂ ਇੱਕ ਖਿਲਉਣਾ ਮਿਲ ਗਿਆ ਹੋਵੇ ।ਪ੍ਰਿੰਸ ਨੂੰ ਉਹਦੀ ਸੱਸ ਨੂੰ ਤੇ ਸਹੁਰੇ ਨੂੰ ਬੱਚੀ ਖਿਡਾਉਣ ਤੋਂ ਹੀ ਫੁਰਸਤ ਨਾ ਮਿਲਦੀ ।ਬੱਚੀ ਦਾ ਨਾਮ ਹੀ ਉਹਨਾਂ ਨੇ ਕਿਰਨ ਰਖਿਆ ।ਉਸਦੇ ਜੀਵਨ ਚ ਉਹ ਪਿਆਰ ਦੀਆਂ ਕਿਰਨਾਂ ਲੈ ਕੇ ਜੋ ਆਈ ਸੀ।
ਉਸਦੇ ਸਰੀਰ ਦੇ ਵਧਣ ਤੇ ਲੈ ਕੇ ਮੁੜ ਉਸੇ ਸ਼ੇਪ ਚ ਵਾਪਿਸ ਆਉਣ ਤੱਕ ਜਿਸ ਬੰਦੇ ਨੇ ਉਸਨੂੰ ਸਭ ਤੋਂ ਗੌਰ ਨਾਲ ਦੇਖਿਆ ਸੀ ਉਹ ਮਾਸਟਰ ਜਤਿੰਦਰ ਹੀ ਸੀ । ਦੋਵੇਂ ਜਿਵੇਂ ਇੱਕ ਅਲਗ ਲੈਵਲ ਤੇ ਇੱਕ ਦੂਜੇ ਦੇ ਦੋਸਤ ਹੋ ਚੁੱਕੇ ਹੋਣ ।ਜਤਿੰਦਰ ਹਮੇਸ਼ਾ ਹੀ ਕਹਿੰਦਾ ਸੀ ਕਿ ਕਿਵੇਂ ਕੁੜੀਆਂ ਨੂੰ ਆਪਣੇ ਫੈਸਲੇ ਲੈਣੇ ਚਾਹੀਦੇ ਤੇ ਕਿੰਜ ਜੀਵਨ ਜਿਉਣਾ ਚਾਹੀਦਾ ਉਹ ਉਹਨਾਂ ਔਰਤਾਂ ਦੀਆਂ ਕਹਾਣੀਆਂ ਦੱਸਦਾ...

ਜਿਹਨਾਂ ਨੇ ਸੱਚ ਮੁੱਚ ਆਪਣੇ ਫੈਸਲੇ ਲੈ ਕੇ ਖੁਦ ਨੂੰ ਹੀ ਨਹੀਂ ਦੁਨੀਆਂ ਨੂੰ ਹੀ ਬਦਲ ਦਿੱਤਾ ।ਅਮਨ ਵੀ ਕੋਈ ਐਸੀ ਹੀ ਕੁੜੀ ਬਣਨਾ ਚਾਹੁੰਦੀ ਸੀ ।ਜੋ ਦੁਨੀਆਂ ਦੇ ਕਿਸੇ ਹਿੱਸੇ ਆਪਣਾ ਨਾ ਚਮਕਾ ਸਕੇ। ਉਹ ਬਾਰ ਬਾਰ ਇੱਕੋ ਗੱਲ ਕਹਿੰਦੀ ਉਸਨੇ ਪਸੰਦ ਨਾਲ ਜੀਵਨ ਸਾਥੀ ਚੁਣਿਆ ਤੇ ਮਗਰੋਂ ਕਿੰਨੀਆਂ ਹੀ ਹੋਏ ਕੁੜੀਆਂ ਮੁੰਡਿਆ ਨੇ ਪਿਆਰ ਵਿਆਹ ਕਰਵਾਏ ।ਉਸਨੂੰ ਇਹ ਗੱਲ ਖੁਸ਼ੀ ਦਿੰਦੀ ਸੀ ਕਿ ਪਿਆਰ ਆਜ਼ਾਦੀ ਨਾਲ ਕਰਕੇ ਉਹ ਜੀਅ ਰਹੀਆਂ ਹਨ।ਬਸ ਸੁਪਨਾ ਸੀ ਕਿਤਾਬਾਂ ਆਲਿਆਂ ਕੁੜੀਆਂ ਵਾਂਗ ਦੁਨੀਆਂ ਬਦਲਣ ਦਾ।
ਉਸਦੀਆਂ ਗੱਲਾਂ ਨੂੰ ਪ੍ਰਿੰਸ ਖੋਖਲੀਆਂ ਤੇ ਕਿਤਾਬੀ ਆਖਦਾ ਸੀ ਉਹਨੂੰ ਲਗਦਾ ਸੀ ਕਿ ਜੋ ਲੋਕ ਕਿਤਾਬੀ ਗੱਲਾਂ ਕਰਦੇ ਹਨ ਉਹ ਅਸਲ ਜੰਦਗੀ ਦੇ ਫੈਸਲੇ ਨਹੀਂ ਲੈ ਪਾਉਂਦੇ ।
ਤਿੰਨ ਸਾਲ ਦੀ ਪੜਾਈ ਤੋਂ ਮਗਰੋਂ ਤੇ ਤੇ ਫਿਰ ਇੱਕ ਕੰਪੀਟੀਸ਼ਨ ਦੀ ਤਿਆਰੀ ਕਰਕੇ ਅਖੀਰ ਉਸਨੂੰ ਨੌਕਰੀ ਮਿਲ ਹੀ ਗਈ ।ਇਸ ਚ ਸਾਥ ਦਿੱਤਾ ਸਭ ਤੋਂ ਜ਼ਿਆਦਾ ਜਤਿੰਦਰ ਨੇ ।ਨੌਕਰੀ ਦੇ ਫਾਰਮ ਭਰਨ ਦਾ ਪਤਾ ਵੀ ਪ੍ਰਿੰਸ ਨੂੰ ਪੇਪਰ ਆਲੇ ਦਿਨ ਲੱਗਾ ਸੀ । ਅਖੀਰ ਘਰੇ ਚਿੱਠੀ ਆਈ ਜੁਆਇਨ ਕਰਨ ਲਈ ਤੇ ਭੂਚਾਲ ਆ ਗਿਆ । ਜੁਅਨਿੰਗ ਵੀ ਐਨੀ ਕੁ ਦੂਰ ਸੀ ਕਿ ਰੋਜ ਘਰ ਆਣਾ ਮੁਸ਼ਕਿਲ ਸੀ ਤੇ ਓਥੇ ਹੀ ਰਹਿਣਾ ਪੈਣਾ ਸੀ ।
ਘਰਦੇ ਅੜੇ ਹੋਏ ਸੀ ਕਿ ਨੌਕਰੀ ਨਹੀਂ ਕਰਨੀ ਅਸੀਂ ਨੌਕਰੀ ਕਰਵਾ ਕੇ ਲੋਕਾਂ ਤੋਂ ਇਹ ਨਹੀਂ ਕਹਾਉਣਾ ਕਿ ਨੂੰਹ ਦੀ ਕਮਾਈ ਖਾਂਦੇ ਨੇ । ਪ੍ਰਿੰਸ ਫੱਸਿਆ ਮਹਿਸੂਸ ਕਰ ਰਿਹਾ ਸੀ ਪਰ ਬਾਪੂ ਬੇਬੇ ਦੀ ਜਿੱਦ ਅੱਗੇ ਉਹ ਵੀ ਝੁਕ ਗਿਆ ।ਪਰ ਅਮਨ ਆਪਣੀ ਜਿੱਦ ਤੇ ਟਿਕੀ ਹੋਈ ਸੀ ।ਉਸਨੇ ਪਿਛਲੇ 5 ਸਾਲ ਇਸ ਘਰ ਦੀ ਕੈਦ ਚ ਇਹੋ ਉਮੀਦ ਨਾਲ ਕੱਟੇ ਸੀ ਕਿ ਇੱਕ ਦਿਨ ਉਹ ਆਪਣੇ ਸਾਰੇ ਫੈਸਲੇ ਖੁਦ ਕਰ ਸਕੇਗੀ ਤੇ ਇਹਨਾਂ ਨਜ਼ਰਾਂ ਤੋਂ ਬਾਹਰ ਨਿਕਲੇਗੀ ।
ਬੜੀ ਲੜਾਈ ਹੋਈ ਕਈ ਦਿਨ ਕਲੇਸ਼ ਚਲਦਾ ਰਿਹਾ ।ਪ੍ਰਿੰਸ ਘਰ ਆਉਂਦਾ ਤਾਂ ਅਮਨ ਜਾਂ ਰੋਂਦੀ ਜਾਂ ਲੜਦੀ । ਉਹਨੇ ਰਾਤੀ ਸੋਣਾ ਵੀ ਖੇਤਾਂ ਚ ਸ਼ੁਰੂ ਕਰਤਾ ।ਪਰ ਅਮਨ ਇਸ ਵਾਰ ਆਪਣੇ ਫੈਸਲੇ ਦੇ ਅਡਿਗ ਸੀ ।ਉਸਨੂੰ ਲੱਗਾ ਕਿ ਉਹ ਜੁਆਇਨ ਕਰੇਗੀ ਤੇ ਮਗਰੋਂ ਸਭ ਠੀਕ ਹੋ ਜਾਊ ।ਪਰ ਇੱਕ ਵਾਰ ਇਸ ਸਭ ਲਈ ਉਸਨੂੰ ਕਿਸੇ ਦੀ ਲੋੜ ਸੀ ।ਜੋ ਉਸਨੂੰ ਇੱਕ ਵਾਰ ਜੁਆਇਨ ਕਰਵਾ ਕੇ ਤੇ ਓਥੇ ਰਹਿਣ ਦਾ ਪ੍ਰਬੰਧ ਕਰਵਾ ਸਕੇ ।
ਉਸਨੇ ਚੁਪਕੇ ਜਤਿੰਦਰ ਨਾਲ ਫੋਨ ਤੇ ਗੱਲ ਕੀਤੀ ਕਿ ਉਹ ਉਸ ਨਾਲ ਜਾਵੇ ਤੇ ਸਭ ਪ੍ਰਬੰਧ ਕਰਵਾ ਕੇ ਆਵੇ ।ਪਰ ਜਤਿੰਦਰ ਕਿਸੇ ਵੀ ਐਸੇ ਝਗੜੇ ਚ ਨਹੀਂ ਪੈਣਾ ਚਾਹੁੰਦਾ ਸੀ ।ਉਸਨੂੰ ਲਗਦਾ ਸੀ ਕਿ ਇੰਝ ਕਰਦਿਆਂ ਕਿਸੇ ਨੇ ਦੇਖ ਲਿਆ ਪਿੰਡ ਚ ਖੰਬਾਂ ਦੀਆਂ ਦਾਰਾਂ ਬਣਦਿਆਂ ਟਾਈਮ ਨਹੀਂ ਲਗਦਾ ।ਜਤਿੰਦਰ ਦੇ ਇਸ ਵੇਲੇ ਸਾਥ ਛੱਡ ਦੇਣ ਤੇ ਅਮਨ ਰੋਣ ਹੱਕੀ ਹੋ ਗਈ ਉਸਨੂੰ ਪ੍ਰਿੰਸ ਦੀ ਗੱਲ ਸਹੀ ਲੱਗੀ ਕਿ ਕੁਝ ਲੋਕੀ ਸਿਰਫ ਗਿਆਨ ਵੰਡ ਸਕਦੇ ਅਮਲ ਨਹੀਂ ਕਰ ਸਕਦੇ ।ਪਰ ਉਸਨੇ ਜਤਿੰਦਰ ਨੂੰ ਸਾਫ ਕਹਿ ਦਿੱਤਾ ਕਿ ਉਹ ਪਾਠੀ ਲੱਗਣ ਤੋਂ ਪਹਿਲਾਂ ਉਸੀ ਵੇਟ ਕਰੇਗੀ । ਜੇ ਉਹ ਨਾ ਆਇਆ ਤਾਂ ਉਹ ਕੱਲੀ ਹੀ ਚਲੇ ਜਾਏਗੀ ਕਿਸੇ ਵੀ ਹੀਲੇ ।ਤੇ ਨਾਮ ਉਸਦਾ ਲਗਾ ਜਾਏਗੀ ।
ਜਤਿੰਦਰ ਨੂੰ ਇਹ ਤਾਂ ਪਤਾ ਸੀ ਕਿ ਉਹ ਜਾ ਨਹੀਂ ਸਕਦੀ ਕਿਤੇ ਪਰ ਉਸਦੇ ਮਨ ਚ ਡਰ ਬੈਠ ਗਿਆ । ਸਾਰੀ ਰਾਤ ਸੋਚਦਾ ਰਿਹਾ ।ਪਾਠੀ ਲੱਗਣ ਤੱਕ ਫਿਰ ਉਸਤੋਂ ਪਿਆ ਨਾ ਗਿਆ ।ਉਠਕੇ ਗੁਰਦਵਾਰੇ ਵੱਲ ਚੱਲ ਪਿਆ । ਅਮਨ ਦਾ ਘਰ ਵ ਗੁਰਦੁਆਰੇ ਸਾਹਮਣੇ ਹੀ ਸੀ ।ਗੁਰਦੁਆਰੇ ਕੋਲ ਪਹੁੰਚਿਆ ਤਾਂ ਅਮਨ ਦੇ ਘਰੋਂ ਉੱਚੀ ਅਵਾਜ਼ਾਂ ਤੇ ਭੱਜ ਦੌੜ ਜਹੀ ਦੇਖ ਕੇ ਉਸਨੂੰ ਲੱਗਾ ਕਿ ਭਾਣਾ ਵਰਤ ਗਿਆ । ਪਰ ਜਦੋਂ ਉਸਨੇ ਵਿੱਚ ਹੀ ਅਮਨ ਦੀ ਆਵਾਜ ਸੁਣੀ ਤਾਂ ਸਾਹ ਚ ਸਾਹ ਆਇਆ ।ਮਸਲਾ ਕੀ ਇਹ ਸਮਝਣ ਲਈ ਇੱਕ ਦੋ ਹੋਰ ਜਣਿਆ ਨਾਲ ਅੰਦਰ ਚਲਾ ਗਿਆ ।
ਪਤਾ ਲੱਗਾ ਕਿ ਰਾਤੀ ਕਿਸੇ ਤੋਂ ਤੋਤੇ ਦਾ ਪਿੰਜਰਾ ਖੁਲਾ ਰਹਿ ਗਿਆ ਸੀ ਜੋ ਉੱਡ ਗਿਆ ਸੀ ਤੇ ਘਰ ਚ ਕਿਤੇ ਨਹੀਂ ਸੀ ਉਹਨਾਂ ਨੂੰ ਲਗਦਾ ਸੀ ਮੂੰਹ ਹਨੇਰੇ ਚ ਮਿਲ ਗਿਆ ਤਾਂ ਠੀਕ ਦਿਨ ਚ ਕਿਤੇ ਉੱਡ ਗਿਆ ਤਾਂ ਮਿਲਣਾ ਨੀ ।ਪ੍ਰਿੰਸ ਵੀ ਘਰ ਸੀ ਉਸਨੇ ਜਤਿੰਦਰ ਨੂੰ ਦੱਸਿਆ ਕਿ ਅਮਨ ਨੇ ਨੌਕਰੀ ਨਾ ਕਰਨ ਦਾ ਫੈਸਲਾ ਕਰ ਲਿਆ ਹੈ ।ਪ੍ਰਿੰਸ ਉਸਨੂੰ ਚਾਹ ਪੀਣ ਲਈ ਬਿਠਾ ਕੇ ਆਪ ਫਿਰ ਤੋਤਾ ਹੀ ਲੱਭਣ ਲੱਗ ਗਿਆ । ਅਮਨ ਚਾਹ ਲੈ ਆਈ ਪਟ ਜਤਿੰਦਰ ਉਸ ਨਾਲ ਨਜਰਾਂ ਨਾ ਮਿਲਾ ਸਕਿਆ ।ਅਮਨ ਨੇ ਕਿਹਾ ਕਿ ਤੂੰ ਸੋਚਦਾ ਹੋਵੇਗਾ ਮੈਂ ਗਈ ਕਿਉਂ ਨੀ ,ਮੈਂ ਕਿੰਨੇ ਹੀ ਫ਼ੈਸਲੇ ਹਿੰਮਤ ਨਾਲ ਲੈ ਨੇ ਜੰਦਗੀ ਚ ਤਾਂ ਆਹ ਕਿਉਂ ਨੀ ।
ਤੈਨੂੰ ਫੋਨ ਕਰਨ ਮਗਰੋਂ ਮੈਂ ਬਹੁਤ ਸੋਚਿਆ । ਸਵੇਰੇ ਉੱਠੀ ਵੀ ਪੈਕ ਵੀ ਕਰ ਲਿਆ ਪਰ ਕਿਰਨ ਵੱਲ ਦੇਖ ਕੇ ਹੀਆ ਨਾ ਕਰ ਸਕੀ ਮੈਨੂੰ ਲਗਦਾ ਕਿ ਮੈਂ ਆਪਣੀ ਆਜ਼ਾਦੀ ਬਹੁਤ ਸਮਾਂ ਪਹਿਲਾਂ ਗਿਰਵੀ ਰੱਖ ਚੁੱਕੀ ਹਾਂ ।ਤੇ ਮੈਂ ਉਸਨੁੰ ਸਿਰਫ ਇੱਕ ਲਵ ਮੈਰਿਜ ਤੱਕ ਸੀਮਿਤ ਕਰ ਦਿੱਤਾ । ਪਰ ਆਜ਼ਾਦ ਤਬੀਅਤ ਸਿਰਫ ਲਵ ਮੈਰਿਜ ਨਹੀਂ ਹੁੰਦੀ ਸਗੋਂ ਆਪਣੇ ਫੈਸਲੇ ਆਪ ਲੈਣ ਚ ਹੁੰਦੀ ।ਇਹ ਫ਼ਿਤਰਤ ਚ ਹੁੰਦੀ ਹੈ ।ਬਿਲਕੁਲ ਉਸ ਤੋਤੇ ਵਾਂਗ ਜੋ ਬਹੁਤ ਸਾਲਾਂ ਤੋਂ ਪਿੰਜਰੇ ਚ ਕੈਦ ਸੀ ਤੇ ਮੈਂ ਹੀ ਉਸਨੂੰ ਆਜਾਦ ਕਰ ਦਿੱਤਾ ਹੁਣ ਉਹ ਕਦੇ ਵਾਪਿਸ ਨੀ ਆਊ ।ਆਜ਼ਾਦੀ ਪੰਛੀਆਂ ਦੀ ਫਿਤਰਤ ਚ ਹੁੰਦੀ ਹੈ । ਮੈਂ ਆਪਣੀ ਧੀ ਨੂੰ ਇਹੋ ਸਿਖਾਵਾਂਗੀ ।ਆਪਣੇ ਫੈਸਲੇ ਖੁਦ ਲੈਣੇ ਤੇ ਸਿਰਫ ਪਿਆਰ ਕਰ ਲੈਣ ਨੂੰ ਅਜਾਦੀ ਸਮਝ ਲੈਣ ਦੀ ਭੁੱਲ ਨਾ ਕਰ ਬੈਠਣਾ ਤੇ ਪਿੰਜਰੇ ਚ ਬੰਦ ਨਾ ਹੋ ਜਾਣਾ ।ਅਸਲ ਅਜਾਦੀ ਅਸਮਾਨ ਦੀ ਉਚਾਈਆਂ ਚ ਹੈ। ਮੈਂ ਇਹ ਕਿਤਾਬੀ ਗੱਲਾਂ ਜ਼ਿੰਦਗੀ ਚ ਅਜਮਾ ਲਈਆਂ.
ਤੇ ਜਤਿੰਦਰ ਕਦੇ ਕਮਰਿਓਂ ਬਾਹਰ ਗਈ ਅਮਨ ਵੱਲ ਵੇਖਦਾ ਕਦੇ ਪਿੰਜਰੇ ਵੱਲ ਤੇ ਕਦੇ ਵਿਹੜੇ ਚ ਤੋਤੇ ਨੂੰ ਅਵਾਜ਼ਾਂ ਮਾਰਦੇ ਉਸ ਪਰਿਵਾਰ ਵੱਲ ।ਸ਼ਾਇਦ ਪਰਿਵਾਰ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਹੋਰ ਪੰਛੀ ਰਾਤੀ ਉਡਦਾ ਉਡਦਾ ਰਹਿ ਗਿਆ ।

#HarjotDiKalam

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)