ਮਿੰਨੀ ਕਹਾਣੀ
ਮਾਂ ਦੀ ਮਮਤਾ
ਕੋਈ ਪਾਗਲ ਆ ! ਪਤਾ ਨਹੀਂ ਕੀ ਲੁਕਾ ਰਹੀ ਆਪਣੀ ਬੁੱਕਲ ਅੰਦਰ। ਇਹ ਗੱਲਾਂ ਮੇਰੇ ਕੰਨੀ ਪਈਆਂ ਜਦ ਮੈਂ ਆਪਣੇ ਦਫਤਰ ਜਾ ਰਿਹਾ ਸੀ ਪੈਦਲ। ਇੱਕ ਸੜਕ ਦੇ ਵੱਡੇ ਪੁੱਲ ਹੇਠਾਂ ਭੀੜ ਜਮਾਂ ਸੀ ਆਉਂਦੇ ਜਾਂਦੇ ਲੋਕ ਵੇਖਦੇ ਤੇ ਕੁੱਝ ਕੁ ਓਥੇ ਹੀ ਖੜ੍ਹੇ ਵੇਖੀ ਜਾਂਦੇ। ਮੈਂ ਪੁਛਿਆ ਤਾਂ ਕਹਿੰਦੇ ਕੋਈ ਪਾਗਲ ਲੱਗਦੀ ਆ ! ਐਵੇਂ ਲੱਗਦਾ ਚੋਰੀ ਕਰਕੇ ਆਈ ਕਿੱਧਰੋਂ ਆਪਣੀ ਬੁੱਕਲ ਅੰਦਰ ਲੁਕਾ ਰਹੀ ਕੁੱਝ ਦੱਸਦੀ ਵੀ ਨਹੀਂ। ਮੈ ਵੀ ਵੇਖਣ ਲਈ ਉਤਾਵਲਾ ਹੋਇਆ । ਅਧਖੜ ਉਮਰ ਦੀ ਔਰਤ ਨੰਗੇ ਪੈਰ ਬੈਠੀ ਸੀ ਬੁੱਕਲ ਮਾਰ ਕਿ। ਵਾਲ ਖਿੱਲਰੇ ਸਨ। ਕੋਲ ਇੱਕ ਬਿਸਕੁਟ ਦਾ ਪੈਕਟ ਨਾਲ ਕੁੱਝ ਕੁ ਟਾਫੀਆਂ ਸਨ। ਮੈਂ ਉਸਨੂੰ ਬੜੇ ਗੌਰ ਨਾਲ ਵੇਖਿਆ ਜਿਵੇਂ ਉਹ ਇਸ ਭੀੜ ਤੋਂ ਡਰੀ ਹੋਵੇ। ਮੈਂ ਡਰਦਾ ਡਰਦਾ ਉਸ ਔਰਤ ਵੱਲ ਥੋੜ੍ਹਾ ਅੱਗੇ ਵਧਿਆ । ਉਸ ਨੂੰ ਕੁੱਝ ਖਾਣ ਲਈ ਫੜਾਇਆ ਤਾਂ ਉਸਦੇ ਚੇਹਰੇ ਤੇ ਮੁਸਕੁਰਾਹਟ ਆਈ। ਮੈਂ ਉਸਨੂੰ ਪੁੱਛਿਆ ਕੀ ਨਾਮ ਏ ਤੇਰਾ । ਉਹ ਕੁੱਝ ਨਹੀਂ ਬੋਲੀ। ਮੈਂ ਫਿਰ ਉਸਨੂੰ ਕਿਹਾ ਏਨੀ ਠੰਡ ਹੈ ਤੂੰ ਸਿਰ ਤੇ ਕੋਈ ਟੋਪੀ ਵੀ ਨਹੀਂ ਪਾਈ । ਪੈਰ ਵੀ ਨੰਗੇ...
ਨੇ । ਉਹ ਫਿਰ ਕੁੱਝ ਨਾ ਬੋਲੀ। ਮੈਂ ਫਿਰ ਉਸਨੂੰ ਕਿਹਾ ਆਹ ਬੁੱਕਲ ਅੰਦਰ ਕੀ ਲੁਕਾ ਰਹੀ ਤੂੰ ਦਸ਼ ਹਾਂ ਭਲਾਂ! ਉਸਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਨਾਲ ਹੀ ਬੁੱਕਲ ਖੌਲੀ ਤੇ ਮੈਂ ਵੇਖ ਹੈਰਾਨ ਰਹਿ ਗਿਆ।ਉਹ ਔਰਤ ਤਾਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਆਪਣੀ ਛਾਤੀ ਨਾਲ ਲਗਾ ਕੇ ਬੈਠੀ ਸੀ ਜੋ ਗੂੜੀ ਨੀਂਦ ਸੁੱਤਾ ਸੀ। ਆਪਣੇ ਬੱਚੇ ਨਿੱਘ ਦੇ ਰਹੀ ਸੀ ਘੁੱਟ ਰਹੀ ਸੀ ਕਿਤੇ ਠੰਡ ਨਾ ਲੱਗ ਜਾਵੇ। ਇਹ ਸਭ ਵੇਖ ਲੋਕ ਆਪਣੇ ਆਪਣੇ ਰਸਤੇ ਤੁਰ ਗਏ । ਭਾਵੇਂ ਔਰਤ ਪਾਗਲ ਸੀ ਪਰ ਮਾਂ ਦੀ ਮਮਤਾ ਉਸ ਔਰਤ ਵਿਚੋਂ ਝਲਕ ਰਹੀ ਸੀ ਆਪ ਠੰਡ ਵਿੱਚ ਵੀ ਬੱਚੇ ਨੂੰ ਨਿੱਘ ਦੇ ਰਹੀ ਸੀ। ਮੈਂ ਇਹ ਸੋਚ ਓਥੋਂ ਨਿਕਲ ਗਿਆ ਜੀਵੇਂ ਕੁਦਰਤ ਦੀ ਬੁੱਕਲ ਵਿੱਚ ਸਾਰੀ ਦੁਨੀਆਂ ਸਮੇਟੀ ਹੁੰਦੀ ਹੈ ਓਸੇ ਤਰਾਂ ਇੱਕ ਮਾਂ ਨੇ ਬੁੱਕਲ ਵਿੱਚ ਬੱਚਾ ਸਮੇਟਿਆ ਸੀ
*ਨਵਨੀਤ ਸਿੰਘ***
9646865500
ਜਿਲ੍ਹਾ ਗੁਰਦਾਸਪੁਰ