ਕਬੀਰ ਖ਼ਾਨ…ਰੇਲ ਮਹਿਕਮੇਂ ਦਾ ਕਮਾਲ ਦਾ ਡਰਾਇਵਰ ਸੀ..
ਪੱਚੀ ਸਾਲ ਲਾਈਨਾਂ ਤੇ ਗੱਡੀ ਭਜਾਉਂਦੇ ਨੇ ਪਤਾ ਨਹੀਂ ਕਿੰਨੇ ਇਨਸਾਨ ਅਤੇ ਜਾਨਵਰ ਗੱਡੀ ਹੇਠ ਆਉਣੋਂ ਬਚਾਏ ਸਨ..।
ਅੱਲਾ ਦੀ ਪਤਾ ਨਹੀਂ ਕਾਹਦੀ ਰਹਿਮਤ ਸੀ ਉਸ ਤੇ ਕਿ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ..ਫੇਰ ਹਿਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕਿ ਐਨ ਮੌਕੇ ਤੇ ਗੱਡੀ ਖਲੋ ਜਾਂਦੀ..ਅਨੇਕਾਂ ਵਾਰ ਸਨਮਾਨਿਤ ਵੀ ਹੋ ਚੁੱਕਾ ਸੀ।
ਇੱਕ ਵਾਰ ਪਟੜੀ ਤੇ ਖ਼ੁਦਕੁਸ਼ੀ ਕਾਰਨ ਲੰਮੀ ਪਈ ਹੋਈ ਇੱਕ ਔਰਤ ਨੂੰ ਬਚਾ ਕੇ ਖੁਦ ਉਸਦੇ ਘਰ ਪੁਚਾਇਆ…
ਮੁਸਲਮਾਨ ਜਰੂਰ ਸੀ ਪਰ ਹਰ ਧਰਮ ਦਾ ਪੂਰਾ-ਪੂਰਾ ਆਦਰ ਸਨਮਾਨ ਕਰਨਾ ਆਪਣਾ ਫਰਜ ਸਮਝਦਾ ਸੀ..ਦਿੱਲੀ ਭੋਪਾਲ ਸੈਕਸ਼ਨ ਤੇ ਜਾਂਦਿਆਂ ਗਵਾਲੀਅਰ ਦੇ ਬੰਦੀਛੋੜ ਗੁਰੂਦੁਆਰੇ ਦੇ ਨਿਸ਼ਾਨ ਸਾਬ ਨੂੰ ਦੇਖ ਦੂਰੋਂ ਹੀ ਮੱਥਾ ਟੇਕਣਾ ਕਦੇ ਵੀ ਨਾ ਭੁੱਲਦਾ।
ਇੱਕ ਦਿਨ ਪਿੰਡੋਂ ਖਬਰ ਮਿਲੀ ਕਿ ਨਿੱਕੇ ਭਰਾ ਨੂੰ ਗਾਂ ਦਾ ਮਾਸ ਰੱਖਣ ਦੇ ਸ਼ੱਕ ਵਿਚ ਭੀੜ ਨੇ ਬਹੁਤ ਮਾਰਿਆ ਕੁੱਟਿਆ ਏ..ਘਰੇ ਅੱਪੜਿਆ ਤਾਂ ਭਰਾ ਦੀ ਮੌਤ ਹੋ ਚੁੱਕੀ ਸੀ..
ਅੰਤਮ ਰਸਮਾਂ ਮਗਰੋਂ ਵਾਪਿਸ ਡਿਊਟੀ ਤੇ ਹਾਜਿਰ ਹੋਇਆ ਤਾਂ ਹਮੇਸ਼ਾਂ ਹੱਸਦੇ ਰਹਿਣ ਵਾਲੇ ਦੇ ਹਾਸੇ ਉੱਡ ਜਿਹੇ ਗਏ।
ਮਿਸ਼ਰਾ ਨਾਮ ਦਾ ਅਸਿੲਟੈਂਟ...
ਡਰਾਈਵਰ ਜਦੋਂ ਉਸ ਦੇ ਭਰਾ ਨਾਲ ਵਾਪਰੀ ਦਾ ਜਿਕਰ ਛੇੜ ਬਹਿੰਦਾ ਤਾਂ ਉਹ ਅੱਗੋਂ ਇਸਨੂੰ ਅੱਲਾ ਦੀ ਮਰਜੀ ਆਖ ਚੁੱਪ ਕਰਵਾ ਦਿੰਦਾ…।
ਇੱਕ ਦਿਨ ਦਿੱਲੀ-ਅੰਬਾਲਾ ਸੈਕਸ਼ਨ ਤੇ ਜਾਂਦਿਆਂ ਪਾਣੀਪੱਤ ਲਾਗੇ ਪਟੜੀ ਤੇ ਇੱਕ ਪਸ਼ੂ ਚਰਦਾ ਹੋਇਆ ਦੇਖ ਦੂਰੋਂ ਹੀ ਬ੍ਰੇਕ ਲਾਉਣੀ ਸ਼ੁਰੂ ਕਰ ਦਿੱਤੀ..ਨੇੜੇ ਜਾ ਕੇ ਦੇਖਿਆ ਤਾਂ ਗਾਵਾਂ ਦਾ ਇੱਕ ਬਹੁਤ ਵੱਡਾ ਸਾਰਾ ਝੁੰਡ ਸੀ..
ਮਿਸ਼ਰਾ ਆਖਣ ਲੱਗਾ ਕੇ ਖ਼ਾਨ ਸਾਬ ਕਾਹਨੂੰ ਬ੍ਰੇਕ ਲਾਈ ਜਾਂਦੇ ਓ..ਉਡਾ ਦਿਓ ਸਾਰੀਆਂ ਦੀਆਂ ਸਾਰੀਆਂ..ਇਹਨਾਂ ਕਰਕੇ ਹੀ ਤਾਂ ਤੁਹਾਡੇ ਭਾਈ ਦੀ ਜਾਨ ਗਈ ਸੀ..ਕਰ ਲਵੋ ਪੂਰਾ ਅੱਜ ਆਪਣਾ ਬਦਲਾ।
ਪਰ ਉਹ ਚੁੱਪ ਰਿਹਾ ਤੇ ਠਰੰਮੇ ਜਿਹੇ ਨਾਲ ਬ੍ਰੇਕ ਲਾ ਗੱਡੀ ਪੂਰੀ ਤਰਾਂ ਰੋਕ ਲਈ…
ਫੇਰ ਹੇਠਾਂ ਉਤਰ ਆਪ ਹੱਕ-ਹੱਕ ਕੇ ਸਾਰੇ ਜਾਨਵਰ ਪਟੜੀ ਤੋਂ ਲਾਂਭੇ ਕੀਤੇ ਤੇ ਮੁੜ ਏਨਾ ਆਖਦਿਆਂ ਵਾਪਿਸ ਇੰਜਣ ਵਿਚ ਚੜ ਗੱਡੀ ਤੋਰ ਲਈ ਕਿ ਮਿਸ਼ਰਾ ਜੀ ਮੁਸਲਮਾਨ ਜਰੂਰ ਹਾਂ ਪਰ ਦਹਿਸ਼ਤਗਰਦ ਨਹੀਂ..
(ਕਸ਼ਮੀਰੀ ਭਰਾਵਾਂ ਨੂੰ ਸਮਰਪਿਤ)
ਹਰਪ੍ਰੀਤ ਸਿੰਘ ਜਵੰਦਾ