ਮਾਂ ਹੈ ਨਹੀਂ ਸੀ..ਬਾਪ ਹਕੀਮ..ਬਾਪ ਨੇ ਹੀ ਵੱਡੀ ਕਰਕੇ ਵਿਆਹੀ..ਮਹੀਨਾ ਕੂ ਅਗਲੇ ਘਰ ਰਹੀ ਫੇਰ ਵਾਪਿਸ ਪਰਤ ਆਈ..!
ਆਖਣ ਲੱਗੀ ਨਾਲਦਾ ਤੇ ਠੀਕ ਏ..ਪਰ ਉਸਦੀ ਮਾਂ ਬਹੁਤ ਤੰਗੀ ਦਿੰਦੀ..ਗੱਲ ਗੱਲ ਤੇ ਟੋਕਦੀ..ਬਾਹਰ ਜਾਣਾ ਹੋਵੇ ਤਾ ਅੜਿੱਕੇ..ਦਖਲਅੰਦਾਜੀ..ਨੁਕਸ..ਕਲਾ ਕਲੇਸ਼..ਤਣਾਓ..ਗਲੀ ਗਲੋਚ..ਡੈਡੀ ਤੂੰ ਹਕੀਮ ਏਂ..ਕੋਈ ਐਸਾ ਮਹੁਰਾ ਬਣਾ ਦੇ ਜੀਦੇ ਨਾਲ ਉਹ ਹੌਲੀ ਹੌਲੀ ਮੁੱਕ ਜਾਵੇ..!
ਸੋਚੀ ਪੈ ਗਿਆ..ਬੜਾ ਸਮਝਾਇਆ ਤੇਰੀ ਮਾਂ ਦੀ ਥਾਵੇਂ ਹੈ..ਇੰਝ ਕਿੱਦਾਂ ਸੋਚ ਸਕਦੀ ਏਂ..ਪਰ ਅੱਗਿਓਂ ਜ਼ਿਦ ਫੜ ਗਈ..!
ਅਖੀਰ ਸੌ ਪੁੜੀਆਂ ਬਣਾ ਕੇ ਦੇ ਹੀ ਦਿੱਤੀਆਂ..ਅਖ਼ੇ ਇੱਕ ਪੂੜੀ ਰੋਜ ਉਸਦੀ ਸਬਜੀ ਵਿਚ ਓਹਲੇ ਜਿਹੇ ਨਾਲ ਰਲਾ ਦੇਣੀ..ਛੇ ਮਹੀਨਿਆਂ ਵਿਚ ਸ਼ਰਤੀਆ ਮੁੱਕ ਜਾਊ..ਪਰ ਇੱਕ ਸ਼ਰਤ ਏ..ਛੇ ਮਹੀਨਿਆਂ ਵਿਚ ਉਸਦੀ ਰੱਜ ਰੱਜ ਸੇਵਾ ਕਰਨੀ..ਕੋਈ ਗੱਲ ਆਖ ਵੀ ਦੇਵੇ ਤਾਂ ਹੱਸ ਕੇ ਟਾਲ ਦੇਣਾ..ਕਿਸੇ ਨੂੰ ਸ਼ੱਕ ਵੀ ਨੀ ਹੋਣ ਦੇਣਾ..ਹੱਦੋਂ ਵੱਧ ਪਿਆਰ ਸਤਿਕਾਰ ਦੇਣਾ!
ਸਹੁਰੇ ਪਰਤ ਗਈ..ਅਮਲ ਵੀ ਸ਼ੁਰੂ ਕਰ ਦਿੱਤਾ..ਬਦਲੇ ਰਵਈਏ ਕਾਰਨ ਸੱਸ ਨਰਮ ਪੈ ਗਈ..ਮਨ ਦੇ ਵਲਵਲੇ ਡਰ ਅਤੇ ਤਲਖ਼ੀਆਂ ਘਟ ਗਈਆਂ..ਘਰ ਦਾ ਮਾਹੌਲ ਖੁਸ਼ਗਵਾਰ ਰਹਿਣਾ ਸ਼ੁਰੂ ਹੋ ਗਿਆ..ਕਲਾ ਕਲੇਸ਼..ਲੜਾਈ ਝਗੜਾ ਸਭ ਮੁੱਕ ਗਏ..ਅਖੀਰ ਚਾਰ ਮਹੀਨੇ ਲੰਘ ਗਏ..ਬਾਪ ਨੂੰ...
ਆਖਣ ਲੱਗੀ..ਉਸਦੇ ਸੁਭਾਹ ਵਿਚ ਹੁਣ ਹੈਰਾਨੀਜਨਕ ਤਬਦੀਲੀ ਆ ਗਈ ਏ..ਲੜਾਈ ਝਗੜਾ..ਦਖਲਅੰਦਾਜੀ..ਨੋਕ ਝੋਕ..ਸਭ ਕੁਝ ਬੰਦ ਹੋ ਗਿਆ..!
ਹੁਣ ਮੈਂ ਨਹੀਂ ਚਾਹੁੰਦੀ ਕੇ ਉਹ ਮੁੱਕ ਜਾਵੇ..ਕੋਈ ਐਸੀ ਪੂੜੀ ਦੇ ਦੇ ਜਿਸਦੇ ਨਾਲ ਹੁਣ ਤੱਕ ਦੇ ਖਾਦੇ ਜਹਿਰ ਦਾ ਅਸਰ ਜਾਂਦਾ ਰਹੇ..!
ਅੱਗਿਓਂ ਹੱਸ ਪਿਆ..ਕਲਾਵੇ ਵਿਚ ਲੈਂਦਾ ਹੋਇਆ ਆਖਣ ਲੱਗਾ..ਫਿਕਰ ਨਾ ਕਰ ਧੀਏ ਉਸਨੂੰ ਕੁਝ ਨੀ ਹੁੰਦਾ..ਪੁੜੀਆਂ ਵਿਚ ਮਹੁਰਾ ਨਹੀਂ ਸਗੋਂ ਸਬਜੀਆਂ ਦਾ ਸਵਾਦ ਵਧਾਉਣ ਵਾਲਾ ਦੇਸੀ ਚੂਰਨ ਸੀ..!
ਦੋਸਤੋ ਇਹ ਕਹਾਣੀ ਸਾਡੇ ਪਿੰਡ ਦੀ ਇੱਕ ਬਜ਼ੁਰਗ ਔਰਤ ਵਿਆਹੀ ਜਾਣ ਵਾਲੀ ਹਰ ਕੁੜੀ ਨੂੰ ਅਕਸਰ ਹੀ ਸੁਣਾਇਆ ਕਰਦੀ ਸੀ..ਪਰ ਅਜੋਕੇ ਮਾਹੌਲ ਦੇ ਵਿਗੜ ਗਏ ਤਾਣੇ ਬਾਣੇ ਵਿਚ ਹਰੇਕ ਨੂੰ ਹੀ ਇਸਦੀ ਲੋੜ ਜਾਪਦੀ ਏ!
ਕਿਸੇ ਔਕੜ ਜਾਂ ਰਿਸ਼ਤੇ ਪ੍ਰਤੀ ਆਪਣੀ ਨਜਰ ਦੀ ਥਾਂ ਨਜਰੀਆ ਬਦਲ ਕੇ ਵੇਖ ਲਿਆ ਜਾਵੇ ਤਾਂ ਹਾਲਾਤਾਂ ਵਿਚ ਹੈਰਾਨੀਜਨਕ ਤਬਦੀਲੀ ਆ ਸਕਦੀ ਏ!
ਹਰਪ੍ਰੀਤ ਸਿੰਘ ਜਵੰਦਾ