ਬਾਬਾ ਅਕਸਰ ਆਖਦਾ ਹੁੰਦਾ ਸੀ….
ਬਾਬਾ ਅਕਸਰ ਆਖਦਾ ਹੁੰਦਾ ਸੀ, “ਦੁੱਧ, ਲੱਸੀ, ਮੱਖਣ ਘਰ ਦੇ ਨੇ… ਸ਼ੁੱਧ..ਖਾਲਸ…! ਖਾਣ ਲੱਗਿਆਂ ਬਹੁਤੇ ਨਖ਼ਰੇ ਨਹੀਂ ਕਰੀਦੇ… ਥੋਡੇ ਵੇਲਿਆਂ ‘ਚ ਤਾਂ ਪੁੱਤ, ਪਾਣੀ ਵੀ ਮੁੱਲ ਵਿਕਿਆ ਕਰੂ…!”
ਤੇ ਅਸੀਂ ਅਕਸਰ ਬਾਬੇ ਦੀਆਂ ਗੱਲਾਂ ਨੂੰ ਹੱਸ ਕੇ ਟਾਲ ਛੱਡਦੇ… ਸੋਚਦੇ ਕਿ ਜਵਾਨੀ ਵੇਲੇ ਢਾਈ ਮਣ ਭਾਰ ਚੁੱਕਣ ਵਾਲੇ ਬਾਬੇ ਤੋਂ ਹੁਣ ਆਪਣਾ ਭਾਰ ਵੀ ਚੁੱਕ ਕੇ ਤੁਰਿਆ ਨੀਂ ਜਾਂਦਾ… ਖੌਰੇ ਤਾਂ ਹੀ ਹਲਕੀਆਂ ਜਿਹੀਆਂ ਗੱਲਾਂ ਕਰਦਾ ਹੈ…ਬਾਬਾ ਤਾਂ ਕਿਸੇ ਸੁਪਨ-ਲੋਕ ਤੋਂ ਆਇਆ ਲੱਗਦਾ ਹੈ…!!
ਪਰ ਨਹੀਂ , ਸਾਡੀ ਹੀ ਸੋਚ ਬੜੀ ਹਲਕੀ ਸੀ ਓਦੋਂ…! ਸੱਚੀਂ , ਅੌਲ਼ੇ ਦੇ ਖਾਧੇ ਤੇ ਸਿਆਣਿਆਂ ਦੇ ਕਹੇ ਦਾ ਬਾਅਦ ‘ਚ ਈ ਪਤਾ ਚੱਲਦੈ… ਮੁਫ਼ਤੀ ਦਾ ਪਾਣੀ ਪੀਂਦੇ ਹਾਂ ਤਾਂ ਪਤਾ ਨਹੀਂ ਰੋਗ ਕੈਸੇ-ਕੈਸੇ ਲੱਗਦੇ ਨੇ… ਤੇ ਜੇ ਸ਼ੁੱਧ, ਸਾਫ਼ ਪਾਣੀ ਪੀਈਏ ਤਾਂ ਹੁਣ ਪੈਸੇ ਲੱਗਦੇ ਨੇ…!
ਬਿਹਤਰ ਭਵਿੱਖ ਦੇ ਸੁਪਨਿਆਂ ਦੀ ਆਸ ਵਿੱਚ ਪਿੰਡਾਂ ਨੂੰ ਛੱਡ ਮਹਾਂਨਗਰਾਂ ‘ਚ ਡੇਰੇ ਤਾਂ ਲਾ ਲਏ ਨੇ , ਪਰ ਘਰ ਦੇ ਉਹ ਖ਼ਾਲਸ ਦੁੱਧ, ਲੱਸੀ ,ਮੱਖਣ ਤੇ ਕਈ ਰਿਸ਼ਤੇ ਵੀ ਗੁਆ ਲਏ ਨੇ… ਸ਼ਹਿਰ ਦੀਆਂ ਭੀੜ-ਭੜੱਕੇ ਤੇ ਨੱਠ-ਭੱਜ ਭਰੀਆਂ ਸੜਕਾਂ ‘ਤੇ ਵਿਚਰਦਿਆਂ ਅੱਜ ਵੀ ਪਿੰਡ ਸਿਮਰਤੀਆਂ ‘ਚ ਵੱਸਦਾ ਹੈ… ਪਿੰਡ ਗਿਆਂ ਨੂੰ ਪਿੰਡ ਦੀਆਂ ਗੱਲਾਂ ਹੁਣ ਤਾਂ ਬਸ ‘ਵਿਹੜੇ ਆਲ਼ਿਆਂ ਦਾ ਚੀਨਾ’ ਹੀ ਦੱਸਦਾ ਹੈ…!
ਵਿਰਾਸਤ ਨਾ ਸਾਂਭੀ ਤਾਂ ਆਪਣਿਆਂ ਤੋਂ ਦੂਰ ਹੋ ਜਾਉਂਗੇ… ਤੇ ਜਵਾਕਾਂ ਨੂੰ ਤੁਸੀਂ ਕਿਹੜੀਆਂ ਕਹਾਣੀਆਂ ਸੁਣਾਉਂਗੇ…? ਬਾਬਾ ਅਕਸਰ ਇਹ ਆਖਦਾ ਹੁੰਦਾ ਸੀ….!!
ਬਾਬਾ ! ਸੱਥਾਂ ‘ਚ ਹੁਣ ਸੀਪਾਂ, ਬਾਜ਼ੀਆਂ ਤੇ ਘੋਲ ਘੱਟ, ਸਿਆਸਤਾਂ ਜ਼ਿਆਦਾ ਹੁੰਦੀਆਂ ਨੇ… ਬੋਹੜਾਂ ਹੇਠ ਬੈਠੇ ਬਾਬੇ ਹੁਣ ਵਿਰਸੇ ਦੀਆਂ ਨਹੀਂ, ਹੱਡ ਬੀਤੀਆਂ ਸੁਣਾਉਂਦੇ ਨੇ… ਘਰਾਂ ‘ਚ ਘੱਟਦੀ ਜਾ ਰਹੀ ਆਪਣੀ ਕਦਰ ਦੱਸਦਿਆਂ ਦੁੱਖ-ਦਰਦ ਵੰਡਾਉਂਦੇ ਨੇ… ਹੰਝੂਆਂ ‘ਚ ਦਾੜ੍ਹੀ ਦੇ ਵਾਲ ਅਕਸਰ ਗਿੱਲੇ ਰਹਿੰਦੇ ਨੇ… ਕਈ ਬਾਬੇ ਤਾਂ ਆਪਣੇ ਪੁੱਤ-ਪੋਤਿਆਂ ਹੱਥੋਂ ਹੁਣ ਬੜਾ ਕੁਝ ਸਹਿੰਦੇ ਨੇ…!
ਮੇਰਾ ਬਾਬਾ ਅਕਸਰ ਆਖਦਾ ਹੁੰਦਾ ਸੀ ਕਿ ਨਵੀਆਂ ਨਸਲਾਂ ਨੂੰ ਘਰ ਘੱਟ ਤੇ ਤੋਰੇ-ਫੇਰੇ ਵੱਧ ਚੰਗੇ ਲੱਗਣਗੇ… ਬਿਨਾਂ ਗੱਲੋਂ ਐਵੇਂ ਕੰਧਾਂ ਕੌਲ਼ਿਆਂ ‘ਚ ਵੱਜਣਗੇ… ਸੱਚ ਹੈ ਬਾਬੇ ! ਨੌਜਵਾਨ ਪੀੜ੍ਹੀ ਹੁਣ ਸੁਰਤ ਸੰਭਾਲਦਿਆਂ ਹੀ ਬੁਲਟ ਤੇ ਲੰਡੀਆਂ ਜੀਪਾਂ ਚਾਹੁੰਦੀ ਹੈ…ਸ਼ਰੇਆਮ ਪਸਤੌਲ, ਬੰਦੂਕਾਂ ਫੜ ਕੇ ਫੋਟੋਆਂ ਖਿਚਵਾਉਂਦੀ ਹੈ… ਮੋੜਾਂ ‘ਤੇ ਖੜ੍ਹਨਾ,ਮੁੱਛਾਂ ਨੂੰ ਤਾਅ ਦੇ ਕੇ ਲੜਨਾ ਤੇ ਤੀਜੇ ਕੁ ਦਿਨ ਥਾਣਿਆਂ ‘ਚ ਜਾ ਵੜਨਾ ਤਾਂ ਜਿਵੇਂ ਨੌਜਵਾਨੀ ਦਾ ਦਸਤੂਰ ਹੋ ਗਿਅੈ…ਬਾਬਾ, ਤੇਰਾ ਪੰਜਾਬ ਹੁਣ ਨਸ਼ਿਆਂ,ਨਸ਼ੇੜੀਆਂ ਤੇ ਹਥਿਆਰਾਂ ਕਰਕੇ ਵੀ ਮਸ਼ਹੂਰ ਹੋ ਗਿਅੈ…!
ਬਾਬਾ ! ਤੂੰ ਤਾਂ ਬਾਹਰਲੀ ਬੈਠਕ ਦੀ ਕਨਸ ‘ਤੇ ਪਏ ਰੇਡੀਓ ‘ਚ ਯਮਲਾ,ਮਸਤਾਨਾ,ਪ੍ਰਕਾਸ਼ ਕੌਰ,ਸੁਰਿੰਦਰ ਕੌਰ, ਬੀਬਾ ਨੂਰਜਹਾਂ ਤੇ ਰੇਸ਼ਮਾ ਨੂੰ ਸੁਣਿਆ ਕਰਦਾ ਸੈਂ… ਵਾਰਿਸ,ਪੀਲੂ, ਦਮੋਦਰ ਦੇ ਕਿੱਸੇ ਤੇ ਸ਼ਾਹ ਮੁਹੰਮਦ ਦੀਆਂ ਵਾਰਾਂ ਪੜ੍ਹਿਆ ਕਰਦਾ ਸੈਂ… ਬੜਾ ਆਨੰਦ ਆਉਂਦਾ ਸੀ- ਜਦੋਂ ਟਿਕੀ ਰਾਤ ‘ਚ ਤੂੰ ਹੀਰ ਗਾਉਂਦਾ ਸੀ… ਤੇ ਅਕਸਰ ਵਿੱਸਰ ਰਹੇ ਵਿਰਸੇ ਅਤੇ ਸੱਭਿਆਚਾਰ ਤੇ ਅਜਿਹੀ ਗਾਇਕੀ ਦੀ ਘਟਦੀ ਕਦਰ ਸਬੰਧੀ ਫ਼ਿਕਰ ਪ੍ਰਗਟਾਉਂਦਾ ਸੀ… ਤੇਰਾ ਫਿਕਰ ਐਵੇਂ...
ਨਹੀਂ ਸੀ ਬਾਬਾ! ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤਾਂ ਉੱਤੇ ਗਾਇਕ ਹੁਣ ਅੱਧ-ਨੰਗੀਆਂ ਕੁੜੀਆਂ ਨਚਾਉਂਦੇ ਨੇ… ਕਈ-ਕਈ ਛਾਪਾਂ,ਛੱਲੇ,ਮੁੰਦੀਆਂ ਤੇ ਵੱਡੇ ਸਾਰੇ ਲਾਕਟਾਂ ਵਾਲੀਆਂ ਸੋਨੇ ਦੀਆਂ ਸੰਗਲੀਆਂ ਪਾਉਂਦੇ ਨੇ… ਉਂਝ ਆਪਣੇ-ਆਪ ਨੂੰ ਲੋਕ-ਗਾਇਕ ਅਖਵਾਉਂਦੇ ਨੇ… ਵਿੰਗੇ-ਟੇਢੇ ਵਾਲਾਂ ਵਾਲੇ ਇਨ੍ਹਾਂ ਗਾਇਕਾਂ ਨੇ ਨਵੀਂ ਨਸਲ ਨੂੰ ਵਿਗਾੜ ਦਿੱਤੈ… ਸਾਡਾ ਸੱਭਿਆਚਾਰ ਹੀ ਉਜਾੜ ਦਿੱਤੈ… ਚੰਗੀ ਗਾਇਕੀ ਦੇ ਵਾਰਿਸ ਹੁਣ ਉਂਗਲਾਂ ਤੇ ਗਿਣਨ ਜੋਗੇ ਹੀ ਰਹਿ ਗਏ ਨੇ… !
ਮਾਣਮੱਤੀਆਂ ਹਵਾਵਾਂ ਹੁਣ ਜ਼ਹਿਰੀਲੀਆਂ ਹੋ ਰਹੀਆਂ ਨੇ… ਜ਼ਮੀਨਾਂ ਨੂੰ ਵੀ ਅਸੀਂ ਤੇ ਨਸ਼ੇੜੀ ਬਣਾ ਲਿਆ ਹੈ… ਰੇਹਾਂ, ਸਪਰੇਹਾਂ ਤੋਂ ਬਿਨਾਂ ਤਾਂ ਹੀ ਝੋਨੇ ਦੀਆਂ ਪਨੀਰੀਆਂ ਤੇ ਕਣਕਾਂ ਪੀਲੀਆਂ ਹੋ ਰਹੀਆਂ ਨੇ… ਸਿਆਸੀ ਲੀਡਰਾਂ ਨੇ ਆਪਣੇ ਢਿੱਡ ਭਰਨ ਤੇ ਚੌਧਰਾਂ ਕਰਨ ਹਿੱਤ ਪੰਜਾਬ ਦਾ ਭਵਿੱਖ ਹੀ ਦਾਅ ‘ਤੇ ਲਾ ਦਿੱਤਾ ਹੈ… ਝੋਨੇ ਵਰਗੀ ਫਸਲ ਨੇ ਧਰਤੀ ਹੇਠੋਂ ਸੈਂਕੜੇ ਫੁੱਟ ਪਾਣੀ ਮੁਕਾ ਦਿੱਤਾ ਹੈ… ਦੇਖ ਬਾਬਾ ! ਤੇਰੇ ਵੇਲਿਆਂ ‘ਚ ਪੰਜ ਕੁ ਫੁੱਟ ‘ਤੇ ਹੀ ਮਿਲਣ ਵਾਲਾ ਪਾਣੀ ਹੁਣ ਕਈ ਥਾਵਾਂ ‘ਤੇ ਪੰਜ ਸੌ ਫੁੱਟ ਬੋਰ ਕਰਕੇ ਥਿਆਉਂਦਾ ਹੈ… ਅੱਜ ਅਸੀਂ ਉਸ ਮੋੜ ‘ਤੇ ਆਣ ਖੜ੍ਹੇ ਹਾਂ, ਜਿੱਥੋਂ ਰੇਗਿਸਤਾਨ ਸਾਫ਼ ਨਜ਼ਰ ਆਉਂਦਾ ਹੈ…!
ਬਾਬਾ ! ਤੂੰ ਸੱਚ ਆਖਦਾ ਸੈਂ ਕਿ ਫ਼ੌਜ ਸਾਡੇ ਪਿੱਛੇ ਭੱਜੀ ਫਿਰਦੀ ਹੈ ,ਫੌਜੀ ਬਣਾਉਣ ਲਈ… ਬੱਸ ਥੋੜ੍ਹਾ ਜਿਹਾ ਚਿਰ ਰੁਕਜੋ… ਲੋਕ ਫੌਜ ਸਮੇਤ ਬਾਕੀ ਮਹਿਕਮਿਆਂ ਪਿੱਛੇ ਭੱਜਿਆ ਕਰਨਗੇ… ਨੌਕਰ ਹੋਣ ਲਈ ਲੜਿਆ ਕਰਨਗੇ, ਮਰਿਆ ਕਰਨਗੇ… ਸੱਚੀਂ ਬਾਬਾ , ਨੌਕਰੀਆਂ ਦੇਣ ਤੋਂ ਸਰਕਾਰਾਂ ਹੁਣ ਪੱਲਾ ਝਾੜ ਦਿੰਦੀਆਂ ਨੇ… ਨੌਕਰੀਆਂ ਘੱਟ, ਠੋਕਰਾਂ ਜ਼ਿਆਦਾ ਮਿਲਦੀਆਂ ਨੇ…ਪੜ੍ਹ ਲਿਖ ਕੇ ਵੀ ਲੋਕ ਬੇਰੁਜ਼ਗਾਰ ਹੋ ਰਹੇ ਨੇ…ਏਸੇ ਲਈ ਤਾਂ ਬਹੁਤੇ ਪੰਜਾਬੀ ਹੁਣ ਜਹਾਜ਼ਾਂ ‘ਤੇ ਚੜ੍ਹ ਵਤਨੋਂ ਬਾਹਰ ਹੋ ਰਹੇ ਨੇ…!
ਬਾਬਾ ! ਤੂੰ ਮਿੱਟੀ ਨਾਲ ਮਿੱਟੀ ਹੋ ਕੇ ਦੱਬ ਕੇ ਵਾਹੁੰਦਾ ਤੇ ਰੱਜ ਕੇ ਖਾਂਦਾ ਸੀ… ਕਿਸੇ ਤੋਂ ਮੰਗਣ ਨਹੀਂ ਜਾਂਦਾ ਸੀ… ਜੀਵਨ ਵੀ ਤੇਰਾ ਬੜਾ ਸਾਦਾ ਸੀ… ਅਸੀਂ ਤਾਂ ਹੁਣ ਵਿਆਹ ਛੱਡ, ਮਰਨਿਆਂ ਤੇ ਵੀ ਝੁੱਗਾ ਚੌੜ ਕਰਾਈ ਜਾਂਂਦੇ ਹਾਂ… ਨਿੱਤ ਨਵੇਂ ਕਰਜ਼ ਸਿਰ ਚੜ੍ਹਾਈ ਜਾਂਦੇ ਹਾਂ… ਖੌਰੇ ਤਾਂ ਹੀ ਨਿੱਤ ਹੀ ਟਾਹਲੀਆਂ ਦੇ ਟਾਹਣਿਆਂ ਨਾਲ ਰੱਸੇ ਲਟਕਦੇ ਦਿਸਦੇ ਨੇ ….ਦਿਖਾਵੇ ਵਧਾ ਲਏ ਨੇ… ਪੱਠੇ ਵੱਢਣ ਲਈ ਵੀ ਅਸੀਂ ਤਾਂ ਹੁਣ ਭਈਏ ਲਾ ਲਏ ਨੇ…!
ਹੁਣ ਬੜਾ ਯਾਦ ਆਉਂਦਾ ਹੈ ਬਾਬਾ… ਕਿਉਂਕਿ ਬਾਬਾ ਅਕਸਰ ਇਹ ਆਖਦਾ ਹੁੰਦਾ ਸੀ….!!
ਕੁਲਵਿੰਦਰ ਵਿਰਕ
ਕੋਟਕਪੂਰਾ
ਫੋਨ:- 78146 54133