ਤੁਹਾਨੂੰ ਇੱਕ ਛੋਟੀ ਜਿਹੀ ਸੱਚੀ ਵਾਰਤਾ ਦੱਸਦੀ ਹਾਂ,
ਮੈਂ ਆਰਮੀ ਸਕੂਲ ਬਠਿੰਡਾ ਵਿਖੇ ਪੜਾ ਰਹੀ ਸੀ। 2014 ਵਿਚ ਜਦੋਂ ਪਾਕਿਸਤਾਨ ਦੇ ਪੇਸ਼ਾਵਰ ਦੇ ਆਰਮੀ ਸਕੂਲ ਵਿਚ ਬੰਬ ਧਮਾਕਾ ਹੋਇਆ ਸੀ, ਉਸ ਤੋਂ ਬਾਅਦ ਸਭ ਜਗ੍ਹਾ ਅਲਰਟ ਕਰ ਦਿੱਤਾ ਗਿਆ। ਅਸੀਂ ਆਪਣੇ ਬੱਚਿਆਂ ਨੂੰ ਮੋਕਡਰਿਲ ਕਰਵਾਉਂਦੇ ਸਾਂ ਕਿ ਜੇਕਰ ਕੋਈ ਵਾਰਦਾਤ ਹੋ ਜਾਵੇ ਤਾਂ ਕਿਵੇਂ ਬਚਣਾ ਹੈ। ਇਕ ਦਿਨ ਅਫਵਾਹ ਉੱਡੀ ਕਿ ਰਾਤ ਨੂੰ ਬਾਹਰੋਂ ਕੋਈ ਵਾੜ ਟੱਪ ਆਇਆ ਹੈ, ਅਸੀਂ ਸਾਰਿਆਂ ਬੱਚਿਆਂ ਦੀਆਂ ਜਮਾਤਾਂ ਨੂੰ ਵਾਰੀ ਵਾਰੀ ਸਿਰ ਲਿਜਾ ਕੇ ਬੱਸਾਂ ਵਿਚ ਬਿਠਾ ਦਿੱਤਾ ਅਤੇ ਬੱਸਾਂ ਘਰਾਂ ਨੂੰ ਤੋਰ ਦਿੱਤੀਆਂ, ਸਾਡੇ ਕੋਲ ਕੁਝ ਛੋਟੇ ਬੱਚੇ ਰਹਿ ਗਏ ਜੋ ਕਿ ਮਾਪਿਆਂ ਨਾਲ ਪੈਦਲ ਜਾਂਦੇ ਸਨ, ਅਸੀਂ ਸਾਰੇ ਅਧਿਆਪਕ ਕੁਝ ਛੋਟੇ ਗਰੁੱਪਾਂ ਵਿਚ ਵੰਡੇ ਗਏ। ਸਾਡੇ ਬਠਿੰਡੇ ਦੇ ਆਰਮੀ ਸਕੂਲ ਵਿੱਚ ਬਹੁਤ ਸਾਰੀਆਂ ਅਧਿਆਪਕਾਵਾਂ ਹਨ ਜਿਨ੍ਹਾਂ ਦੇ ਘਰ ਦਿਆਂ ਦੀਆ ਸ਼ਹਿਰ ਵਿੱਚ ਤਗੜੀਆਂ ਦੁਕਾਨਾਂ ਹਨ। ਕੁਦਰਤੀ ਮੈਂ ਉਨ੍ਹਾਂ ਦੇ ਗਰੁੱਪ ਵਿਚ ਸੀ। ਇਸ ਔਖੇ ਵੇਲੇ ਸਾਂਤ ਰਹਿਣ ਦੀ ਬਜਾਏ ਉਨ੍ਹਾਂ ਵਿਚੋਂ ਕੁਝ ਨੇ ਘਬਰਾਉਣਾ ਅਤੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਇਕ ਤਾਂ ਇਥੋਂ ਤੱਕ ਕਹੀ ਜਾਏ ,ਮੈਂ ਨਹੀਂ ਹੁਣ ਇਥੇ ਨੌਕਰੀ ਕਰਨੀ।ਇੱਕ ਸਿੱਖ ਲਾਈਟ ਇਨਫੈਂਟਰੀ ਦਾ ਫੋਜੀ ਜਵਾਨ ਪੀ.ਟੀ ਡਰੈੱਸ ਵਿਚ ਆਪਣੇ ਦੂਜੀ ਜਮਾਤ ਵਿੱਚ ਪੜ੍ਹਦੇ ਮੁੰਡੇ ਨੂੰ ਲੈਣ ਆਇਆ ਸੀ, ਉਸ ਦੀ ਪਿੱਠ ਉਤੇ ਇੱਕ ਕਾਲਾ...
ਬੈਗ ਸੀ, ਮੈਡਮ ਨੇ ਉਸਨੂੰ ਦੇਖ ਰੌਲਾ ਪਾ ਦਿੱਤਾ ਕਿ ਇਸ ਕੋਲ ਬੰਬ ਹੋ ਸਕਦਾ ਹੈ। ਹੁਣ ਤਾਂ ਮੇਰੇ ਸਬਰ ਦਾ ਬੰਨ ਟੁੱਟ ਗਿਆ, ਮੈਂ ਬਹੁਤ ਗੁੱਸੇ ਵਿਚ ਕਿਹਾ ਕਿ ਕੋਈ ਇਸ ਦੇ ਬੈਗ ਦੀ ਚੈਕਿੰਗ ਨਹੀਂ ਕਰੇਗਾ, ਇਹ ਫੌਜੀ ਹੈ ਅਤੇ ਆਪਣੇ ਬੱਚੇ ਨੂੰ ਲੈਣ ਆਇਆ ਹੈ। ਪਹਿਲੀ ਗੱਲ ਇਸ ਨੂੰ ਚੈਂਕ ਕਰਕੇ ਹੀ ਗੇਟ ਤੋਂ ਅੰਦਰ ਭੇਜਿਆ ਗਿਆ ਹੈ ਦੂਜੀ ਗੱਲ ਬੱਚੇ ਨੇ ਆਪਣੇ ਪਿਓ ਨੂੰ ਪਛਾਣ ਲਿਆ ਹੈ। ਮੈਡਮ ਤੁਸੀਂ ਘਬਰਾਉਣਾ ਅਤੇ ਰੌਲਾ ਪਾਉਣਾ ਬੰਦ ਕਰ ਦਿਓ ਜੇ
ਕੋਈ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਅੱਗੇ ਜਾਵਾਂਗੀ, ਅਤੇ
ਮੈਂ ਸਾਰਿਆਂ ਨੂੰ ਕਿਹਾ ਕਿ ਕੋਈ ਨਹੀਂ ਆਉਂਦਾ ਇਥੇ ,ਇਹੋ ਜਿਹਾ ਕੁਝ ਨਹੀਂ ਹੋਣਾ। ਮੇਰਾ ਸਾਥ ਇੱਕ ਕੁੜੀ ਨੇ ਦਿੱਤਾ ਤੇ ਕਿਹਾ ਬੱਗਾ ਮੈਡਮ ਬਿਲਕੁਲ ਠੀਕ ਕਹਿ ਰਹੇ ਹਨ।ਫਿਰ ਬਾਅਦ ਵਿੱਚ ਪੂਰੀ ਤਹਿਕੀਕਾਤ ਹੋਈ ਅਤੇ ਪਤਾ ਚੱਲਿਆ ਕਿ ਸ਼ਾਇਦ ਕੋਈ ਜਨੌਰ ਵੜਿਆ ਸੀ ਅੰਦਰ ਅਤੇ ਉਸਨੇ ਵਾੜ ਥੋੜੀ ਤੋੜ ਦਿੱਤੀ ਸੀ।
ਸ਼ਾਇਦ ਕੋਈ ਭਰੋਸਾ ਸੀ ਇਸ ਲਈ ਮੈਨੂੰ ਅੰਦਰੋਂ ਡਰ ਵੀ ਨਹੀਂ ਲੱਗ ਰਿਹਾ ਸੀ।
ਰਿਪਨਜੋਤ ਕੌਰ ਸੋਨੀ ਬੱਗਾ
ਸਾਬਕਾ ਅਧਿਆਪਕਾ
ਆਰਮੀ ਪਬਲਿਕ ਸਕੂਲ ਬਠਿੰਡਾ, ਪਟਿਆਲਾ