More Punjabi Kahaniya  Posts
ਵਿਤਕਰਾ


ਰੇਸ਼ਮਾਂ ਦਸ ਕੁ ਸਾਲ ਦੀ ਛੋਟੀ ਲੜਕੀ ਸੀ ਜੇ ਕਿਧਰੇ ਕੁਝ ਕੁ ਪਲਾਂ ਲਈ ਓਸਦੇ ਚਿਹਰੇ ਤੇ ਜੰਮੀ ਕਾਲਖ ਨੂੰ ਸਾਫ਼ ਕਰਕੇ ਦੇਖ ਲਿਆ ਜਾਵੇ ਤਾਂ ਯਕੀਨ ਮੰਨਿਓ ਪਰੀਆਂ ਦੀ ਭੈਣ ਹੀ ਜਾਪੇਗੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ। ਮੈਂ ਕਾਲਜ ਜਾਂਦੇ ਸਮੇਂ ਹਰ ਰੋਜ਼ ਦੇਖਦੀ ਕਿ ਓਹ ਇੱਕ ਬਹੁਤ ਵਧੀਆ ਘਰ ਵਿੱਚ ਰਹਿ ਰਹੀ ਹੈ ਪਰ ਫਿਰ ਵੀ ਕੱਪੜਿਆਂ ਅਤੇ ਖਿਲਰੇ ਵਾਲਾਂ ਤੋਂ ਓਸ ਪਰਿਵਾਰ ਦੀ ਮੈਂਬਰ ਨਾ ਜਾਪਦੀ, ਮੈਂ ਕਾਲਜ ਤੋਂ ਵਾਪਸ ਆ ਕੇ ਵੀ ਦੇਖਦੀ ਤਾਂ ਓਹ ਓਥੇ ਹੀ ਹੁੰਦੀ। ਇੱਕ ਦਿਨ ਮਨ ਕੀਤਾ ਕਿ ਕਿਉਂ ਨਾ ਇਸ ਕੋਲ ਬੈਠ ਕੇ ਕੁਝ ਗੱਲਾਂ ਕਰਾਂ।
ਸੋ ਮਨ ਵਿੱਚ ਚਲ ਰਹੇ ਵਲਵਲਿਆਂ ਨੂੰ ਹੱਲ ਕਰਨ ਦੇ ਮਨ ਨਾਲ ਓਸ ਕੋਲ ਜਾ ਕੇ ਸਕੂਟਰੀ ਨੂੰ ਰੋਕ ਲਿਆ ਤੇ ਓਹ ਭੱਜ ਕੇ ਮੇਰੇ ਕੋਲ ਆਈ ਕਿ ਸ਼ਾਇਦ ਮੈਂ ਓਸ ਪਰਿਵਾਰ ਦੇ ਕਿਸੇ ਜੀਅ ਨੂੰ ਮਿਲਣਾ ਹੋਵੇ, ਮੈਂ ਬਿਲਕੁਲ ਨਜਦੀਕ ਤੋਂ ਓਸਨੂੰ ਦੇਖਿਆ ਕਿ ਕਿੰਨੀ ਚੁੱਪ ਤੇ ਖਾਮੋਸ਼ੀ ਛਾਈ ਹੋਈ ਸੀ ਓਹਦੇ ਅੰਦਰ, ਜਦ ਮੈਂ ਓਹਦੇ ਪੁੱਛਣ ਤੇ ਦੱਸਿਆ ਕਿ ਮੈਂ ਕਿਸੇ ਹੋਰ ਨੂੰ ਨਹੀਂ ਬਲਕਿ ਓਸਨੂੰ ਹੀ ਮਿਲਣ ਆਈ ਹਾਂ ਤਾਂ ਇੱਕ ਪਲ ਲਈ ਓਹ ਚੁੱਪ ਹੋ ਗਈ ਓਸ ਦੀਆਂ ਬੁੱਲਾਂ ਤੇ ਛਾਈ ਚੁੱਪ ਮੈਨੂੰ ਤੰਗ ਕਰਨ ਲੱਗੀ, ਫਿਰ ਮੈਂ ਇੱਕ ਦਮ ਸਭ ਸੋਚਾਂ ਚੋ ਬਾਹਰ ਨਿਕਲ ਕੇ ਬੋਲਿਆ ਬੇਟਾ ਜੀ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੀ ਹਾਂ। ਤਾਂ ਓਸਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਗਈ ਤੇ ਨਾਲ ਹੀ ਹੈਰਾਨੀ ਵੀ ਕਿ ਪਤਾ ਨਹੀਂ ਕੌਣ ਹੈ ਇਹ।
ਫਿਰ ਮੈਂ ਓਸਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਕਾਲਜ ਪੜਨ ਜਾਂਦੀ
ਹਾਂ ਤੇ ਤੁਹਾਨੂੰ ਦੇਖਦੀ ਹਾਂ ਰੋਜ ਸੋ ਅੱਜ ਮਨ ਕੀਤਾ ਕਿ ਗੱਲਾਂ ਕਰਦੇ ਅਾਂ ਬਸ ਤਾਂ ਕੋਲ ਰੁਕ ਗਈ।
ਮੇਰੇ ਪੜਨ ਬਾਰੇ ਸੁਣ ਕੇ ਓਸਨੂੰ ਮੇਰੇ ਬਾਰੇ ਜਾਨਣ ਦੀ ਉਤਸੁਕਤਾ ਹੋਰ ਵੱਧ ਗਈ ਤੇ ਓਹ ਹੋਲੀ ਹੋਲੀ ਮੈਨੂੰ ਹੱਥ ਲਗਾ ਕੇ ਗੱਲਾਂ ਕਰਨ ਲੱਗ ਪਈ ਕਦੇ ਮੇਰੇ ਕੱਪੜਿਆਂ ਨੂੰ ਹੱਥ ਲਗਾਉਂਦੀ ਤੇ ਕਦੇ ਮੇਰੇ ਮੋਬਾਈਲ ਵੱਲ ਦੇਖਣ ਲੱਗ ਜਾਂਦੀ। ਫਿਰ ਮੈਂ ਆਪਣੇ ਬਾਰੇ ਦੱਸਦਿਆਂ ਵਿੱਚਾਲੇ ਹੀ ਪੁੱਛਿਆ ਤੁਸੀਂ ਸਕੂਲ ਕਿਉਂ ਨਹੀਂ ਜਾਂਦੇ ਤਾਂ ਓਸਨੇ ਦੱਸਣਾ ਸ਼ੁਰੂ ਕੀਤਾ ਕਿ
ਓਹ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਚੱਲਦਿਆਂ ਪੜ ਨਾ ਸਕੀ।
ਰੇਸ਼ਮਾਂ ਦੀ ਪਿਛੋਕੜ ਬਿਹਾਰ ਤੋਂ ਸੀ ਪਰ ਮਾਂ ਬਾਪ ਦੇ ਨਾਲ ਹੀ ਓਹ ਵੀ ਪੰਜਾਬ ਆਈ ਸੀ ਜਦ ਓਹ ਕੇਵਲ ਦੋ ਸਾਲ ਦੀ ਸੀ। ਓਸ ਤੋਂ ਬਿਨਾਂ ਓਸ ਦੇ ਪਰਿਵਾਰ ਵਿੱਚ ਤਿੰਨ ਹੋਰ ਛੋਟੇ ਭੈਣ ਭਰਾ ਤੇ ਮਾਂ ਬਾਪ ਹਨ ਪਰ ਪਤਾ ਨਹੀਂ ਸਮੇਂ ਨੇ ਰੇਸ਼ਮਾਂ ਨੂੰ ਉਮਰ ਤੋਂ ਪਹਿਲਾਂ ਹੀ ਜਿੰਮੇਵਾਰੀਆਂ ਦਾ ਟੋਕਰਾ ਕਿਉਂ ਚੁੱਕਵਾ ਦਿੱਤਾ ਸੀ ਇਸ ਗੱਲ ਲਈ ਕਿਸੇ ਅੱਗੇ ਵੀ ਅਰਜੋਈ ਨਹੀਂ ਕੀਤੀ ਜਾ ਸਕਦੀ ਸੀ।
ਬਾਪ ਜਿਆਦਾ ਨਸ਼ੇ ਦਾ ਆਦੀ ਹੋਣ ਕਰਕੇ ਕੰਮ ਤੇ ਘੱਟ ਵੱਧ ਹੀ ਜਾਂਦਾ ਤੇ ਮਾਂ ਇਕੱਲੀ ਦਿਹਾੜੀ ਕਰਨ ਲਈ ਜਾਂਦੀ ਫਿਰ ਘਰ ਆ ਕੇ ਕੰਮ ਵੀ ਕਰਦੀ ਤੇ ਘਰਵਾਲੇ ਨੂੰ ਨਸ਼ੇ ਲਈ ਖੁਦ ਪੈਸੇ ਦੇ ਕੇ ਘਰੋਂ ਤੋਰਦੀ ਤੇ ਰਾਤ ਨੂੰ ਓਸੇ ਨਸ਼ੇ ਦੇ ਜੋਰ ਚ ਓਹ ਦਰਿੰਦਾ ਰੇਸ਼ਮਾਂ ਦੀ ਮਾਂ ਨੂੰ ਕੁੱਟਦਾ।
ਮਾਂ ਕੰਮ-ਕਾਰ ਵੀ ਕਰਦੀ ਤੇ ਦਿਹਾੜੀ ਵੀ, ਸੋ ਹੋਰਨਾਂ ਦੇ ਕਹਿਣ ਤੇ ਮਾਂ ਨੇ ਰੇਸ਼ਮਾਂ ਨੂੰ ਵੀ ਕੰਮ ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਰੇਸ਼ਮਾਂ ਦੇ ਬੋਲਾਂ ਵਿੱਚ ਅਥਾਹ ਦਰਦ ਸੀ ਸ਼ਾਇਦ ਓਹ ਦਰਦ ਬੋਲਾਂ ਰਾਹੀਂ ਬਿਆਨ ਕਰਨਾ ਮੁਸ਼ਕਿਲ ਹੋ ਜਾਵੇ। ਰੇਸ਼ਮਾਂ ਬੋਲ ਰਹੀ ਸੀ ਕਿ ਇੱਟਾਂ ਚੁੱਕਣ ਦੇ ਕੰਮ ਚ ਓਸ ਨੂੰ ਸਾਰਾ ਦਿਨ ਮਾਂ ਦੇ ਨਾਲ ਰਹਿਣਾ ਪੈਂਦਾ। ਓਹ ਬੋਲਦੀ-ਬੋਲਦੀ ਹਾਲੇ ਵੀ ਨੰਨੇ ਜਿਹੇ ਹੱਥਾਂ ਨੂੰ ਮਲ ਰਹੀ ਸੀ। ਦੱਸਦੀ ਕਿ ਕਦੇ ਇੱਟ ਪੈਰ ਤੇ ਵੱਜ ਜਾਂਦੀ ਤੇ ਕਦੇ ਠੇਡਾ ਖਾ ਕੇ ਓਹ ਇੱਟਾਂ ਤੇ ਡਿੱਗ ਜਾਂਦੀ ਤੇ ਇਹ ਸੱਟਾਂ, ਇੱਟਾਂ ਹੀ ਓਸ ਦੇ ਖਿਡੌਣੇ ਬਣ ਗਏ।
ਫਿਰ ਕੰਮ ਘੱਟ ਗਿਆ ਤੇ ਓਹਨਾਂ ਮਾਵਾਂ ਧੀਆਂ ਨੂੰ ਕੋਈ ਹੋਰ ਕੰਮ ਲੱਭਣਾ ਪਿਆ। ਓਸਦੀ ਮਾਂ ਕਿਸੇ ਅਮੀਰ ਪਰਿਵਾਰ ਵਿੱਚ ਸਾਫ਼ ਸਫਾਈ ਦਾ ਕੰਮ ਕਰਨ ਲੱਗ ਪਈ ਤੇ ਮਾਲਕਿਨ ਨੇ ਰੇਸ਼ਮਾਂ ਨੂੰ ਆਪਣੀ ਧੀ ਦੀ ਸਾਂਭ ਸੰਭਾਲ ਲਈ ਰੱਖ ਲਿਆ। ਓਹਨਾਂ ਦੀ ਬੇਟੀ ਦੀ ਉਮਰ ਅੱਠ ਕੁ ਸਾਲ ਦੀ ਸੀ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਦੋਵੇਂ ਬੇਟੀਆਂ ਦੀ ਉਮਰ ਚ ਕੁਝ ਖਾਸ ਫਰਕ ਨਹੀਂ ਸੀ। ਹੋ ਸਕਦਾ ਉਮਰ ਚ ਖਾਸ ਫਰਕ ਨਹੀਂ ਪਰ ਜੋ ਰੇਸ਼ਮਾਂ ਨੇ ਦੱਸਿਆ ਓਸ ਹਿਸਾਬ ਨਾਲ ਵਿਤਕਰਾ ਤਾਂ ਪੂਰਾ ਹੋਇਆ ਸੀ ਪਰ ਪਤਾ ਨਹੀਂ ਕਿਸ ਵੱਲੋਂ ਕੀਤਾ ਗਿਆ।
ਹੁਣ ਰੇਸ਼ਮਾ ਨੂੰ ਮੇਰੇ ਨਾਲ...

ਗੱਲ ਕਰਨਾ ਵਧੀਆ ਲੱਗ ਰਿਹਾ ਸੀ ਮੈਂ ਆਪਣੇ ਕਾਲਜ ਬੈਗ ਚੋ ਇੱਕ ਬਿਸਕੁਟ ਦਾ ਪੈਕਟ ਕੱਢ ਕੇ ਓਸ ਨੂੰ ਦਿੱਤਾ ਤਾਂ ਓਸਨੇ ਸਭ ਤੋਂ ਪਹਿਲਾਂ ਇੱਧਰ ਉੱਧਰ ਦੇਖਿਆ ਤੇ ਫਿਰ ਹੌਲੀ ਜਿਹੀ ਫੜ ਲਿਆ।
ਮੈਂ ਓਸਨੂੰ ਫਿਰ ਪੁੱਛਣਾ ਸੁਰੂ ਕੀਤਾ ਕਿ ਤੁਹਾਡੇ ਮਾਲਕਿਨ ਤੁਹਾਡੇ ਕੋਲੋਂ ਕੀ ਕੰਮ ਕਰਵਾਉਂਦੇ ਨੇ ਤੁਸੀਂ ਤਾਂ ਸਾਰਾ ਦਿਨ ਅਰਸ ਨਾਲ ਖੇਡਦੇ ਰਹਿੰਦੇ ਹੋਵੋਂਗੇ। ਓਸਦੀ ਮਾਲਕਿਨ ਦੀ ਬੇਟੀ ਦਾ ਨਾਮ ਅਰਸ ਸੀ ਤੇ ਮਾਲਕਿਨ ਖੁਦ ਸਰਕਾਰੀ ਸਕੂਲ ਚ ਹੈਡਮਿਸਟ੍ਰਿਸ ਸੀ। ਖੇਡਣ ਦੀ ਗੱਲ ਸੁਣਦਿਆਂ ਹੀ ਜਿਵੇਂ ਕਿਸੇ ਨੇ ਓਸਦੀ ਦੁੱਖਦੀ ਰਗ ਤੇ ਹੱਥ ਰੱਖ ਦਿੱਤਾ ਹੋਵੇ। ਓਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਓਹ ਬੋਲਣ ਲੱਗੀ ਕਿ
“ਨਹੀਂ ਮੈਂ ਖੇਡ ਨਹੀਂ ਸਕਦੀ। ਜੇ ਮੈਂ ਕਿਸੇ ਖਿਡੌਣੇ ਨਾਲ ਖੇਡ ਲਿਆ ਤਾਂ ਅਰਸ ਆਪਣੀ ਮੰਮੀ ਨੂੰ ਦੱਸ ਕੇ ਮੈਨੂੰ ਮਾਰ ਪਵਾਉਂਦੀ ਹੈ”
ਮੈਂ ਹੈਰਾਨੀ ਨਾਲ ਪੁੱਛਿਆ ਓਹ ਕਿਉਂ ਮਾਰਦੇ ਚਲੋ ਅਰਸ ਤਾਂ ਬੱਚੀ ਹੈ ਪਰ ਓਹ ਤਾਂ ਪੜੇ ਲਿਖੇ ਨੇ? ਤਾਂ ਓਹ ਬੋਲੀ, “ਓਹ ਕਹਿੰਦੇ ਨੇ ਕਿ ਤੂੰ ਕੇਵਲ ਇਸ ਨੂੰ ਖਿਡਾਉਣ ਲਈ ਏ ਨਾ ਕਿ ਖੁਦ ਖਿਡੌਣਿਆਂ ਨਾਲ ਖੇਡਣ ਲਈ। ”
ਮੇਰਾ ਮਨ ਵਰੂੰਦਲਿਆ ਗਿਆ ਬਹੁਤ ਸਵਾਲ ਸਨ ਮਨ ਚ, ਕਦੇ ਤਾਂ ਵਿਚਾਰ ਆਵੇ ਕਿ ਸਿੱਧਾ ਅੰਦਰ ਜਾ ਕੇ ਉਡੀਕ ਕਰਾਂ ਤੇ ਸਭ ਸਵਾਲਾਂ ਦੇ ਜਵਾਬ ਲੈ ਕੇ ਜਾਵਾਂ, ਫਿਰ ਰੇਸ਼ਮਾਂ ਨੂੰ ਪੁੱਛਿਆ ਕਿ ਤੁਹਾਨੂੰ ਇਸ ਸਭ ਦੇ ਬਦਲੇ ਕੀ ਮਿਲਦਾ ਹੈ ਤਾਂ ਜਵਾਬ ਸੁਣ ਕੇ ਮੇਰੀ ਰੂਹ ਕੰਬ ਗਈ।
ਜਵਾਬ ਸੀ “ਦੋ ਸਮੇਂ ਦੀ ਰੋਟੀ ਮਿਲ ਜਾਂਦੀ ਏ ਜੋ ਮੇਰੀ ਮਾਂ ਤੇ ਮੈਂ ਕੁਝ ਭੈਣ ਭਰਾਵਾਂ ਲਈ ਬਚਾ ਕੇ ਬਾਕੀ ਖਾ ਲੈਂਦੇ ਹਾਂ ਤੇ ਮਾਂ ਨੂੰ ਪੈਸੇ ਵੀ ਮਿਲਦੇ ਨੇ ਜਿਸ ਵਿੱਚੋਂ ਕੁਝ ਤਾਂ ਬਾਪੂ ਲੈ ਜਾਂਦਾ ਤੇ ਕੁਝ ਮਾਂ ਰੱਖ ਲੈਂਦੀ ਘਰ ਦੇ ਖਰਚੇ ਲਈ।”
ਗੱਲਾਂ ਤੋਂ ਰੇਸ਼ਮਾਂ ਕਿਸੇ ਪੜੇ ਲਿਖੇ ਇਨਸਾਨ ਤੋਂ ਘੱਟ ਨਹੀਂ ਲੱਗ ਰਹੀ ਸੀ। ਮੈਂ ਓਸਦੇ ਚਿਹਰੇ ਦੇ ਹਾਵ ਭਾਵ ਪੜਨੇ ਸੁਰੂ ਕੀਤੇ ਤੇ ਓਸਨੂੰ ਪੁੱਛਿਆ ਕਿ ਬੇਟਾ ਜੀ ਕੀ ਤੁਹਾਡਾ ਮਨ ਨਹੀਂ ਕਰਦਾ ਕਿ ਤੁਸੀਂ ਪੜਨ ਜਾਓ, ਤੁਸੀਂ ਵੀ ਖਿਡੌਣਿਆਂ ਨਾਲ ਖੇਡੋ, ਤੁਸੀਂ ਵੀ ਆਪਣੇ ਹਿੱਸੇ ਦਾ ਪੂਰਾ ਖਾਣਾ ਖਾਵੋ?
ਤਾਂ ਓਹ ਹੱਸਣ ਲੱਗੀ ਓਹਦਾ ਇਹ ਹਾਸਾ ਮੈਨੂੰ ਬਹੁਤ ਅਜੀਬ ਲੱਗਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਕੁਝ ਕੁ ਪਲਾਂ ਚ ਮੇਰੇ ਹਾਸੇ ਤੋਂ ਲੈ ਕੇ ਸਕੂਨ ਤੱਕ ਖੋਹ ਲੈ ਜਾਵੇਗਾ ਇਹ ਹਾਸਾ।
ਓਸਨੇ ਬੋਲਣਾ ਸ਼ੁਰੂ ਕੀਤਾ ਕਿ “ਮਨ ਤਾਂ ਬਹੁਤ ਕੁਝ ਕਰਦਾ ਏ ਦੀਦੀ ਜੀ ਪਰ ਮਨ ਦੀਆਂ ਸੁਣਨ ਵਾਲਾ ਇੱਥੇ ਕੋਈ ਨਹੀਂ। ਦਿਲ ਤਾਂ ਬਹੁਤ ਰੌਲਾ ਪਾ ਕੇ ਰੱਖਦਾ ਕਿ ਇਹ ਨਹੀਂ ਓਹ ਕਰ, ਮੈਂ ਕਿਉਂ ਦੇਵਾਂ ਖੁਦ ਦਾ ਖਾਣਾ, ਮੈਂ ਕਿਉਂ ਕਿਸੇ ਦੇ ਖੇਡਣ ਲਈ ਖੁਦ ਖਿਡੌਣਾ ਬਣਾ ਪਰ ਮਨ ਦਾ ਸੌਰ ਮਨ ਤੱਕ ਹੀ ਰਹਿ ਜਾਂਦਾ।”
ਮੈਂ ਹਾਲੇ ਬਹੁਤ ਕੁਝ ਹੋਰ ਪੁੱਛਣਾ ਚਾਹੁੰਦੀ ਸੀ ਪਰ ਅਚਾਨਕ ਘਰ ਦੇ ਅੰਦਰੋਂ ਓਸਨੂੰ ਇੱਕ ਆਵਾਜ਼ ਪਈ ਤੇ ਓਹ ਕੰਬਦੀ ਹੋਈ ਅੰਦਰ ਭੱਜ ਗਈ ਤੇ ਮੈਂ ਓਹਨਾਂ ਹੀ ਵਲਵਲਿਆਂ ਚ ਸਕੂਟੀ ਸਟਾਰਟ ਕਰਕੇ ਤੁਰ ਪਈ ਪਰ ਮਨ ਚ ਬਹੁਤ ਸਵਾਲ ਸਨ।
ਜਿਨ੍ਹਾਂ ਦੇ ਜਵਾਬ ਲੈਣਾ ਹਾਲੇ ਬਾਕੀ ਸੀ, ਕਿ ਇਨਸਾਨ ਇੰਨਾ ਅੰਨਾ ਕਿਵੇਂ ਹੋ ਜਾਂਦਾ ਕਿ ਓਹ ਇਹ ਤੱਕ ਭੁੱਲ ਜਾਂਦਾ ਕਿ ਬੱਚੇ ਕੁਦਰਤ ਦੀ ਅਨਮੋਲ ਦੇਣ ਨੇ ਤੇ ਇਹ ਸਭ ਦੇ ਜਿਗਰ ਦੇ ਟੋਟੇ ਹੁੰਦੇ। ਇੱਕ ਪੜਿਆ ਲਿਖਿਆ ਗਿਆਨ ਦਾ ਸਰੋਤ ਕਹਾਉਣ ਵਾਲਾ ਇਨਸਾਨ ਖੁਦ ਅੰਦਰੋਂ ਹਨੇਰੇ ਚ ਜਕੜਿਆ ਹੋਇਆ ਓਹਨੂੰ ਵਿੱਦਿਆ ਦਾ ਚਾਨਣ ਫੈਲਾਉਣ ਦਾ ਹੱਕ ਕਿਸਨੇ ਤੇ ਕਿਉਂ ਦੇ ਦਿੱਤਾ?
ਜੇ ਓਹ ਚਾਹੁੰਦੇ ਤਾਂ ਰੇਸ਼ਮਾਂ ਦੀ ਜਿੰਦਗੀ ਚ ਵੀ ਬਦਲਾ ਆ ਸਕਦਾ ਸੀ, ਜੇ ਅਸੀਂ ਸਭ ਇਨਸਾਨ ਇਹ ਸੋਚ ਲਈਏ ਕਿ ਬੱਚੇ ਪਰਮਾਤਮਾ ਦਾ ਰੂਪ ਨੇ ਇਹਨਾਂ ਦੀ ਉਮਰ ਮਜਦੂਰੀ ਕਰਨ ਦੀ ਨਹੀਂ ਬਲਕਿ ਹੱਸਣ ਖੇਡਣ ਤੇ ਕੁਝ ਬਣਨ ਦੀ ਹੈ ਤਾਂ ਸੱਚੀ ਚ ਕੁਦਰਤ ਖੁਸ਼ ਹੋ ਜਾਵੇਗੀ।
ਮੰਨਦੇ ਕੁਝ ਮਾਪਿਆਂ ਦੀ ਮਜਬੂਰੀ ਹੁੰਦੀ ਬੱਚਿਆਂ ਕੋਲੋਂ ਕੰਮ ਕਰਵਾਉਣ ਦੀ ਪਰ ਜੇ ਅਸੀਂ ਪੜੇ ਲਿਖੇ ਇਨਸਾਨ ਇਸ ਮਜਬੂਰੀ ਦਾ ਫਾਇਦਾ ਚੁੱਕਣਾ ਬੰਦ ਕਰ ਦੇਈਏ ਤਾਂ ਵਿਤਕਰਾ ਹੀ ਮੁੱਕ ਜਾਵੇਗਾ।
ਜੇ ਅਸੀਂ ਆਪਣੇ ਬੱਚਿਆਂ ਦੇ ਨਾਲ-ਨਾਲ ਇਹਨਾਂ ਬੱਚਿਆਂ ਨੂੰ ਵੀ ਪੜਨ ਦਾ ਮੌਕਾ ਦੇ ਦੇਈਏ ਤਾਂ ਯਕੀਨ ਮੰਨਿਓ ਸਾਰੀ ਉਮਰ ਅਸੀਸਾਂ ਦੇਣਗੇ ਇਹ ਬੱਚੇ ਇਕੱਲੇ ਤੜਫਨ ਦੀ ਬਜਾਇ।
ਬਸ ਜਰੂਰਤ ਹੈ ਤਾਂ ਮਨ ਦੀ ਰੋਸ਼ਨੀ ਜਗਾਉਣ ਦੀ।
ਮਨਪ੍ਰੀਤ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)