More Punjabi Kahaniya  Posts
ਪੁੱਤਰ ਹੱਟਾਂ ਤੇ ਨਹੀਂ ਵਿਕਦੇ


ਸੁਨੇਹੇ ਆਏ..ਕੁਝ ਲਿਖੋ..ਪਰ ਦੁਬਿਧਾ ਵਿੱਚ ਸਾਂ ਕਿਸ ਪੱਖ ਬਾਰੇ ਲਿਖਾਂ..ਕਿਥੋਂ ਸ਼ੁਰੂ ਕਰਾਂ ਤੇ ਕਿਥੇ ਮੁਕਾਵਾਂ..ਬੱਸ ਵੇਖਦਾ ਸੁਣਦਾ ਹੀ ਰਿਹਾ..ਫੇਸਬੂਕ ਖਬਰਾਂ ਯੂ.ਟੀਊਬ..ਕਿੰਨਾ ਕੁਝ ਹੋਰ ਵੀ..ਇੱਕ ਆਮ ਜਿਹਾ ਪਰਿਵਾਰ..ਤ੍ਰੀਆਂਨਵੇਂ ਵਿਚ ਜਦੋਂ ਪਹਿਲੀ ਨੌਕਰੀ ਸ਼ੁਰੂ ਕੀਤੀ ਓਦੋਂ ਹੀ ਤਾਂ ਜੰਮਿਆ ਸੀ..ਬਾਪ ਫੌਜ ਵਿਚ ਫੇਰ ਪੁਲਸ..ਕੱਲਾ ਕੱਲਾ ਸਰਫ਼ੇ ਦਾ ਤੇ ਪਲੇਠੀ ਦਾ ਵੀ..ਫੇਰ ਸੰਤਾਲੀ ਤੋਂ ਪਹਿਲਾਂ ਦੀਆਂ ਮਾਵਾਂ ਚੇਤੇ ਆਈਆਂ..ਹਰ ਘਰ ਵਿਚ ਪੰਜ ਛੇ ਪੁੱਤ..ਇੱਕ ਕਿਸੇ ਲੇਖੇ ਲੱਗ ਵੀ ਗਿਆ ਤਾਂ ਹੋਰ ਅਜੇ ਜਿਉਂਦੇ..ਅਸੀਂ ਸਭ ਜੁੰਮੇਵਾਰ..ਹਮ ਦੋ ਹਮਾਰੇ ਦੋ ਵਾਲੀ ਤਕਨੀਕ ਅਪਨਾਉਣ ਵਾਲੇ!
ਕਨੇਡਾ ਨਾਲ ਹੋਟਲ ਵਿਚ ਕੰਮ ਕਰਦੇ ਨਾਇਜੀਰਿਆ ਦੇ ਮੁੰਡੇ..ਇਸਦੇ ਹੀ ਗੀਤਾਂ ਤੇ ਨੱਚਦੇ ਰਹਿੰਦੇ..ਇਸ ਆਖਿਆ ਇਹ ਮੇਰੇ ਹੀ ਗਾਏ ਹੋਏ ਨੇ..ਪਹਿਲੋਂ ਇਤਬਾਰ ਨਾ ਕੀਤਾ..ਮਗਰੋਂ ਸਿਰਾਂ ਤੇ ਚੁੱਕ ਲਿਆ..!
ਜਦੋਂ ਹਵਾਰੇ ਅਤੇ ਸੰਤਾਂ ਬਾਰੇ ਅਤੇ ਚੁਰਾਸੀ ਬਾਰੇ ਹਵਾਲੇ ਦਿੰਦਾ ਤਾਂ ਵਧੀਆ ਲੱਗਦਾ..ਪਰ ਕਈਆਂ ਅੰਦਰੋਂ ਅੰਦਰੀ ਧਾਰ ਲਿਆ ਸੀ..ਮੁਕਾਉਣਾ ਏ ਇਸਨੂੰ ਵੀ..ਕਈ ਵੇਰ ਗੱਡੀਆਂ ਪਿਸਤੌਲਾਂ ਬੰਦੂਕਾਂ ਅਤੇ ਬੰਬਾਂ ਬਾਰੇ ਗੱਲ ਕਰਦਾ ਤਾਂ ਤੌਖਲਾ ਜਿਹਾ ਵੀ ਹੁੰਦਾ ਕਿਧਰੇ ਦੂਜੇ ਪਾਸੇ ਹੀ ਨਾ ਤੁਰ ਪਵੇ ਜਵਾਨੀ..!
ਫੇਰ ਸਵੈ ਪੜਚੋਲ ਕੀਤੀ..ਮੈਂ ਵੀ ਤੇ ਇਸ ਉਮਰੇ ਕਿੰਨੀਆਂ ਗਲਤੀਆਂ ਕੀਤੀਆਂ ਸਨ..ਖੁਦ ਸਹੀ ਬਾਕੀ ਸਭ ਗਲਤ ਲੱਗਿਆ ਕਰਦੇ..ਫੇਰ ਬਾਪ ਆਖਦਾ ਮੇਰੀ ਪੱਗ ਨੂੰ ਦਾਗ ਨਾ ਲਾਵੀਂ..ਓਹੀ ਪੱਗ ਜਿਹੜੀ ਉਸਨੇ ਜਨਾਜੇ ਵੇਲੇ ਲਾਹੀ..ਫੇਰ ਝੋਲੀ ਅੱਡ ਪਤਾ ਨੀ ਕੀ ਮੰਗਿਆ..!
ਇੱਕ ਵੇਰ ਧਨੌਲੇ ਰੈਲੀ ਹੋਈ..ਬੁੱਬੂ ਮਾਨ ਅਤੇ ਇਸਦੇ ਫੈਨਾ ਮੁਕਾਬਲਾ..ਡਰ ਗਿਆ ਕਿਧਰੇ ਲੜ ਹੀ ਨਾ ਪੈਣ..ਲੇਖ ਵੀ ਲਿਖ ਮਾਰਿਆ..ਚੰਗੇ ਮਾੜੇ ਪ੍ਰਤੀਕਰਮ ਵੀ ਆਏ..!
ਅੱਜ ਵਕਤ ਨੇ ਗੇੜਾ ਦਿੱਤਾ..ਪੈਂਤੀ ਸਾਲ ਪਹਿਲੋਂ ਵਾਲਾ ਓਹੀ ਟਾਈਮ ਚੇਤੇ ਆਗਿਆ..ਕਿਸੇ ਬਹਿਕ ਤੇ ਬੈਠੇ ਪੰਥ ਦਰਦੀ ਖਾਕੀ ਕੋਲੋਂ ਘੱਟ ਤੇ ਖੱਟੇ ਪਰਨਿਆਂ ਤੋਂ ਵੱਧ ਚੌਕੰਨੇ ਹੋਇਆ ਕਰਦੇ..ਆਪਣਿਆਂ ਦੇ ਭੇਸ ਵਿਚ ਪਤਾ ਨੀ ਕੌਣ ਹੋਵੇ..ਉਸ ਮੌਕੇ ਦੀਆਂ ਅਖਬਾਰਾਂ..ਆਪਸੀ ਦੁਸ਼ਮਣੀ..ਖਹਿਬਾਜੀ..ਨਿੱਜੀ ਰੰਜਿਸ਼..ਦੇ ਟੈਗ ਆਮ ਵਰਤੋਂ ਵਿਚ ਹੁੰਦੇ!
ਚੁਰਾਸੀ ਦੇ ਉਹ ਦਿਨ ਆਉਣ ਵਾਲੇ ਨੇ..ਖਾਲਸਾ ਕਾਲਜ ਵਿਚ ਉਸ ਵੇਲੇ ਹੁੰਦੀ ਹਰ ਲੜਾਈ ਵਿਚ ਮੋਹਰੀ ਭਾਈ ਜਿੰਦਾ ਓਦੋਂ ਡਰ ਗਿਆ ਜਦੋਂ ਸੁਨੇਹਾ ਆਇਆ..ਮੈਨੂੰ ਆ ਕੇ ਮਿਲ..ਕਿਸੇ ਦੱਸਿਆ ਉਹ ਤਾਂ ਕੁੱਟਦਾ ਬਹੁਤ ਏ..ਫੇਰ ਜਦੋਂ ਮਿਲੇ ਹੋਏ ਤਾਂ ਉਸਨੇ ਮਿਕਨਾਤੀਸੀ ਜੱਫੀ ਪਾ ਕੇ ਆਪਣਾ ਭਾਈ ਬਣਾ ਲਿਆ..ਫੇਰ ਓਸੇ ਨੇ ਟੀਸੀ ਦੇ ਕਿੰਨੇ ਸਾਰੇ ਬੇਰ ਤੋੜੇ ਸਣੇ ਟਾਹਣ!
ਇਸੇ ਤਰਾਂ ਹੀ ਅਰਫਕੇਆ ਦਾ ਭਾਈ ਰਸਾਲ ਸਿੰਘ ਸਿੰਘ..ਹੱਦੋਂ ਵੱਧ ਸ਼ਰਾਬੀ..ਇੱਕ ਦਿਨ ਪ੍ਰਚਾਰ ਦੌਰਾਨ ਕਿਸੇ ਪਿੰਡ ਵਿਚ ਠਹਿਰੇ ਇਸ ਬਾਬੇ ਦਾ ਅੱਧੀ ਰਾਤ ਜਾ ਬੂਹਾ ਖੜਕਾਇਆ..ਅਖ਼ੇ ਤੇਰੇ ਮੁਖੜੇ ਤੇ ਇੱਕ ਅਜੀਬ ਜਿਹੀ ਖਿੱਚ ਏ..ਮੈਨੂੰ ਆਪਣਾ ਮੁਰੀਦ ਬਣਾ ਲੈ..ਉਸਨੇ ਅੱਗਿਓਂ ਘੁੱਟ ਕੇ ਜੱਫੀ ਪਾ ਲਈ..ਅੱਜ ਮਗਰੋਂ ਅਸੀਂ ਇੱਕ ਦੂਜੇ ਦੇ ਭਾਈ ਹਾਂ..ਫੇਰ ਇਹ ਭਾਈਵਾਲੀ ਛੇ ਜੂਨ ਤੱਕ ਨਿਭੀ..ਕੰਧ ਬਣ ਕੇ ਲੜਿਆ..ਇਹ ਸਾਰੇ...

ਹਵਾਲੇ ਇਸ ਲਈ ਦਿੱਤੇ ਕੇ ਅੱਜ ਓੰਜ ਦੀ ਮਿਕਨਾਤੀਸੀ ਜੱਫੀ ਪਾਉਣ ਵਾਲੇ ਨੂੰ ਉਡੀਕਦੀ ਕੌਂਮ..ਐਸੀ ਜੱਫੀ ਜਿਹੜੀ ਆਪਣੀ ਪੱਕੀ ਕਣਕ ਨੂੰ ਹੀ ਸਾੜਦੀ ਹੋਈ ਸੀਨੇ ਦੀ ਇਸ ਅੱਗ ਨੂੰ ਕਿਸੇ ਲੀਹੇ ਪਾ ਸਕੇ!
ਵਰਤਮਾਨ ਵੱਲ ਮੁੜਦੇ ਹਾਂ..ਸਿੱਧੂ ਅੱਗੋਂ ਵੀ ਪੈਦਾ ਹੋਣੇ ਨੇ..ਓਹਨਾ ਦੀ ਸੋਚ ਵਾਲੀ ਕਿਸ਼ਤੀ ਨੂੰ ਕਿਸ ਚੱਪੂ ਦੀ ਲੋੜ ਏ..ਰਾਖ਼ੀ ਕਿੱਦਾਂ ਕਰਨੀ..ਓਹਨਾ ਦੀ ਜਾਨ ਦੀ ਅਤੇ ਸੋਚ ਦੀ..ਇਹ ਵਿਚਾਰਨ ਦੀ ਲੋੜ ਏ..ਅੱਜ ਦੀ ਤੀਜੀ ਸਟੇਟ ਸੱਪ ਵੀ ਮਾਰਦੀ ਸੋਟੀ ਵੀ ਨਹੀਂ ਟੁੱਟਣ ਦਿੰਦੀ..ਅੰਨ੍ਹੇ ਬੋਲੇ ਖੁੰਬਾਂ ਵਾਂਙ ਉੱਗ ਖਲੋਤੇ ਕਿੰਨੇ ਸਾਰੇ ਚੈਨਲ..ਉਸਦੇ ਮੁੱਕ ਗਏ ਦੀ ਬਾਂਹ ਨਾਲ ਸੈਲਫੀਆਂ ਲੈਂਦੇ ਚੋਬਰ..ਕਦੀ ਜੈਕਾਰਿਆਂ ਦੀ ਗੂੰਝ ਵਿਚ ਮੀਚੀਆਂ ਹੋਈਆਂ ਮੁਠੀਆਂ ਅਸਮਾਨ ਵੱਲ ਉਠਿਆ ਕਰਦੀਆਂ ਸਨ ਪਰ ਅੱਜ ਉੱਪਰ ਉੱਠੇ ਹੱਥਾਂ ਵਿਚ ਮੁਬਾਈਲ ਹੀ ਦਿਸਦੇ..ਇੱਕ ਦੂਜੇ ਤੋਂ ਵਧੀਆ ਕਲਿਪ ਬਣਾਉਂਦੇ ਹੋਏ..ਹੱਦ ਮੁੱਕ ਗਈ!
ਸਾਰੀਆਂ ਗੱਲਾਂ ਪਾਸੇ ਰੱਖ ਇੱਕ ਬਾਪ ਦੀ ਮਾਨਸਿਕਤਾ ਪੜਚੋਲਦੇ ਹਾਂ..ਜਿਸ ਹੱਥ ਨਾਲ ਕਦੀ ਪੰਜਾ ਲੜਾਇਆ ਕਰਦਾ..ਉਹ ਅੱਜ ਪੱਗ ਦਾ ਲੜ ਵੀ ਨਾ ਫੜ ਸਕਿਆ..ਆਪ ਮੋਇਆ ਤੇ ਜੱਗ ਪਰਲੋ ਹੋ ਗਈ..ਅਜੇ ਤੇ ਜਖਮ ਹਰੇ ਨੇ..ਜਦੋਂ ਹਮਦਰਦੀ ਵਾਲਾ ਸੈਲਾਬ ਮੁੱਕਿਆ ਤਾਂ ਫੇਰ ਪਤਾ ਲੱਗੂ ਦਰਿਆ ਦਾ ਆਪਣਾ ਪਾਣੀ ਕਿੰਨਾ ਕੂ ਏ!
ਸੰਘਰਸ਼ ਦਾ ਸੱਚ ਵੇਖਦਾ ਹਾਂ..ਕਿੰਨੇ ਪਰਿਵਾਰ..ਕਈਆਂ ਟੱਬਰਾਂ ਦੇ ਪੰਜ ਪੰਜ ਚੋਬਰ..ਨਿਸ਼ਾਨੇ ਦੀ ਭੇਂਟ ਚੜ ਗਏ..ਕਈ ਥਾਈਂ ਮਾਪਿਆਂ ਹੱਥੀਂ ਵੀ ਤੋਰੇ..ਪਰ ਅੱਜ ਗੁੰਮਨਾਮੀ ਦੀ ਬੁੱਕਲ ਵਿਚ..ਕੋਈ ਵਾਤ ਨੀ ਪੁੱਛਦਾ..ਮਾਵਾਂ ਆਪਣੀ ਝੋਲੀ ਵਿਚ ਫੋਟੋਆਂ ਰੱਖ ਚੁੰਨੀ ਨਾਲ ਘੱਟਾ ਪੂੰਝਦੀਆਂ..ਗੱਲਾਂ ਚੇਤੇ ਕਰਦੀਆਂ..!
ਇਥੇ ਵੀ ਕਿਧਰੇ ਇੰਝ ਨਾ ਹੋਵੇ..ਜਿਉਂਦੇ ਜਾਗਦੇ ਦੇ ਲੱਖਾਂ ਫੈਨ..ਗੇੜਾ ਜਰੂਰ ਮਾਰਦੇ ਰਿਹੋ..ਇਕੱਲਤਾ ਮਾਵਾਂ ਨੂੰ ਅਕਸਰ ਅਤੀਤ ਵਿਚ ਲੈ ਜਾਂਦੀ ਏ..ਅਤੀਤ ਪਛਤਾਵੇ ਅਤੇ ਝੋਰੇ ਵਾਲੇ ਪਾਸੇ..ਫੇਰ ਪਛਤਾਵਾ ਅੰਦਰੋਂ ਅੰਦਰੀ ਖਾ ਜਾਂਦਾ..ਘੁਣ ਵਾਂਙ..ਗਏ ਭਾਵੇਂ ਕਦੀ ਨੀ ਮੁੜਦੇ..ਪਰ ਓਹਨਾ ਨਾਲ ਲੰਘਾਏ ਪਲ ਟੁੰਬਦੇ ਰਹਿੰਦੇ..ਦਿਨੇ ਰਾਤ..!
ਅੱਜ ਅਸੀਂ ਸਿਰਫ ਇੱਕ ਮਾਂ ਹੀ ਵੇਖੀ..ਕਮਲੀ ਹੋਈ ਤੁਰੀ ਫਿਰਦੀ..ਸਰਕਾਰ ਨੂੰ ਗਾਹਲਾਂ ਕੱਢਦੀ..ਪਰ ਹਜਾਰਾਂ ਹੋਰ ਵੀ ਨੇ..ਗੁੰਮਨਾਮ..ਇਕੱਲਤਾ ਦੇ ਆਲਮ ਵਿਚ..ਚਿੱਟੇ ਖੁਦਕੁਸ਼ੀਆਂ ਨਾਲ ਮੁੱਕ ਗਿਆਂ ਦੀਆਂ..ਭਲਾ ਸਰਕਾਰ ਦਰਬਾਰੇ ਇਨਸਾਫ ਮੰਗਦੀਆਂ ਨੂੰ ਕੌਣ ਸਮਝਾਵੇ ਕੇ “ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ..ਤੂੰ ਲੱਭਦੀ ਫਿਰੇਂ ਬਜਾਰ ਕੁੜੇ..ਇਹ ਸੌਦਾ ਨਕਦ ਵੀ ਮਿਲਦਾ ਨਹੀਂ..ਤੂੰ ਲੱਭਦੀ ਫਿਰੇਂ ਉਧਾਰ ਕੁੜੇ..”
ਭਾਵੇਂ ਜੋ ਮਰਜੀ ਵੀ ਕਰਨਾ ਪਵੇ..ਪਰ ਕਰੀਏ ਜਰੂਰ..ਕਿਓੰਕੇ ਅੱਗ ਸਾਡੀਆਂ ਬਰੂਹਾਂ ਤੱਕ ਆਣ ਅੱਪੜੀ..ਬੂਹੇ ਭੇੜ ਲੈਣਾ ਕੋਈ ਹੱਲ ਨਹੀਂ..ਲਾਂਬੂ ਲਾ ਕੇ ਭੱਜੇ ਜਾਂਦੇ ਦਾ ਪਿੱਛਾ ਕਰਨਾ ਪੈਣਾ..ਤਾਂ ਜੋ ਹੋਰ ਘਰਾਂ ਨੂੰ ਸੜਨ ਤੋਂ ਬਚਾਇਆ ਜਾ ਸਕੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਪੁੱਤਰ ਹੱਟਾਂ ਤੇ ਨਹੀਂ ਵਿਕਦੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)