19 ਨਵੰਬਰ ਨੂੰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਅੱਜ ਤੋ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਜੀਵਨ ਤੇ ਸੰਖੇਪ ਝਾਤ ਮਾਰੀਏ ਜੀ ।
ਭਾਗ ੧
ਕਹਿੰਦੇ ਹਨ ਜਦੋਂ ਧਰਮ ਤੇ ਨੇਕੀ ਤੇ ਪੂਰਨ ਪ੍ਰਹਾਰ ਤੇ ਅਧਰਮ ਤੇ ਬਦੀ ਦੇ ਖੁਲੇ ਪ੍ਰਚਾਰ ਹੋਣ ਅੱਤ ਦੇ ਜੁਲਮ ,ਪਾਪ, ਅਪਰਾਧ ਤੇ ਹਾ ਹਾ ਕਾਰ ਮਚ ਜਾਏ , ਜਦੋਂ ਸਹਿਣ ਵਾਲਿਆਂ ਦਾ ਸਬਰ ਖਤਮ ਹੋ ਜਾਏ ਤਾਂ ਰਬ ਨੂੰ ਕਿਸੇ ਦੇ ਵਜੂਦ ਵਿਚ ਆਕੇ ਧਰਤੀ ਤੇ ਉਤਰਨਾ ਪੈਂਦਾ ਹੈ । ਅਰਸ਼ਾਂ ਤੋਂ ਕੋਈ ਰੱਬੀ ਨੂਰ ਧਰਤੀ ਤੇ ਪ੍ਰਗਟ ਹੁੰਦਾ ਹੈ, ਸ਼ਾਇਦ ਇਸੇ ਕਾਰਜ ਲਈ ਗੁਰੂ ਨਾਨਕ ਦੇਵ ਜੀ , ਇਕ ਅਲਾਹੀ ਨੂਰ ਦੇ ਰੂਪ ਵਿਚ ਧਰਤੀ ਤੇ ਉਤਰੇ . ਜਿਸ ਨਾਲ ਸਾਰੀ ਧਰਤੀ ਨੂਰੋ-ਨੂਰ ਹੋ ਗਈ ।
ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ
ਸੁਣੀ ਪੁਕਾਰਿ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ ।
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ ।
ਕੀਰਤ ਭਟ ਜੀ ਲਿਖਦੇ ਹਨ :-
ਆਪਿ ਨਾਰਾਇਣ ਕਲਾ ਧਾਰਿ ਜਗ ਮਹਿ ਪਰਵਰਉ
ਨਿਰੰਕਾਰ ਆਕਾਰੁ ਜੋਤਿ ਜਗ ਮੰਡਲ ਕਰਿਯਉ ।।
ਭਾਈ ਨੰਦ ਲਾਲ ਜੀ ਦਾ ਕਥਨ ਹੈ ;-
ਗੁਰੂ ਨਾਨਕ ਆਮਦ ਨਾਰਾਇਣ ਸਰੂਪ
ਹੁਮਾਨਾ ਨਿਰੰਜਨ ਨਿਰੰਕਾਰ ਰੂਪ ।
ਇਸ ਰਬੀ ਨੂਰ ਦਾ ਜਨਮ 19 ਨਵੰਬਰ 1469 ਨੂੰ ਰਾਇ ਭੋਇ ਦੀ ਤਲਵੰਡੀ, ਲਾਹੌਰ ਤੋਂ 40 ਕੁ ਮੀਲ ਦੂਰ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ , ਜਿਸ ਨੂੰ ਅਜ ਕਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਟਵਾਰੇ ਤੋ ਬਾਅਦ ਪਾਕਿਸਤਾਨ ਵਿਚ ਆ ਗਿਆ ਹੈ । ਪਿਤਾ ਪਟਵਾਰੀ ਦੀ ਅਹਿਮ ਪਦਵੀ ਤੇ ਸਨ ਤੇ ਆਪਣੇ ਪਿੰਡ ਦੇ ਚੰਗੇ ਮੰਨੇ -ਪ੍ਰਵੰਨੇ ਤੇ ਅਸਰ -ਰਸੂਖ ਵਾਲੇ ਇਨਸਾਨ ਸਨ ਰਾਇ ਭੋਇ ਜੋ ਇਸ ਪਿੰਡ ਤੇ ਇਸ ਪਿੰਡ ਦੇ ਆਸ ਪਾਸ ਵੀਹਾਂ ਪਿੰਡਾ ਦਾ ਮਾਲਕ ਸੀ, ਉਸਦੇ ਚਲਾਣੇ ਤੋ ਬਾਅਦ ਉਸਦੀ ਮਲਕੀਅਤ ਰਾਇ ਬੁਲਾਰ ਨੇ ਸੰਭਾਲੀ , ਜੋ ਮਹਜਬੀ ਈਰਖਾ ਤੋਂ ਰਹਿਤ ਇਕ ਨੇਕ ਦਿਲ ਇਨਸਾਨ ਸੀ ।
ਭੈਣ ਨਾਨਕੀ ਤੋਂ ਬਾਅਦ ਰਾਇ ਬੁਲਾਰ ਪਹਿਲਾ ਇਨਸਾਨ ਸੀ , ਜਿਸਨੇ ਗੁਰੂ ਸਾਹਿਬ ਦੇ ਰੱਬੀ ਨੂਰ ਦਾ ਜਲਵਾ ਤਕਿਆ ਉਸਨੇ ਗੁਰੂ ਸਾਹਿਬ ਦੇ ਪਸ਼ੂਆਂ ਦੀ ਉਜੜੀ ਖੇਤੀ ਨੂੰ ਹਰਾ ਭਰਾ ਹੁੰਦਾ ਦੇਖਿਆ, ਫਨੀਅਰ ਸੱਪ ਨੂੰ ਨਾਨਕ ਸਾਹਿਬ ਉਤੇ ਛਾਂ ਕਰਦੇ ਦੇਖਿਆ , ਉਸਨੇ ਗੁਰੂ ਨਾਨਕ ਸਾਹਿਬ ਦੇ ਤਿੰਨ ਉਸਤਾਦਾਂ ਕੋਲੋਂ ਉਨ੍ਹਾ ਦੀ ਰਬੀ ਗਿਆਨ ਦੀ ਚਰਚਾ ਸੁਣੀ ਜਿਸ ਵਿਚ ਗੁਰੂ ਸਾਹਿਬ ਨੇ ਪੈਂਤੀ ਅਖਰੀ ਦੇ ਰੂਹਾਨੀ ਮਤਲਬ ਪੱਟੀ ਤੇ ਲਿਖ ਦਿਤੇ । ਜਦੋਂ ਮੋਲਵੀ ਨੇ ਅਲਫ ਬਾਰੇ ਬਾਲ ਨਾਨਕ ਨੂੰ ਸਵਾਲ ਕੀਤਾ ਤਾਂ ਉਨ੍ਹਾ ਦੇ ਜਵਾਬ ਨੇ ਮੌਲਵੀ ਨੂੰ ਹੈਰਾਨ ਕਰ ਦਿਤਾ ।
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ
ਹਕ ਕਬੀਰ ਕਰੀਮ ਤੂ ਬੇਐਬ ਪਰਵਦਗਾਰ ।।
ਪਿਤਾ ਨੇ 7 ਸਾਲ ਦੀ ਉਮਰ ਵਿਚ ਪੰਡਿਤ ਗੋਪਾਲ ਪਾਸੋਂ ਹਿੰਦੀ ,ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ਵਿਚ ਮੌਲਵੀ ਕੁਤਬੁਦੀਨ ਕੋਲੋਂ ਫ਼ਾਰਸੀ ਪੜਨ ਲਈ ਭੇਜਿਆ । ਆਪਜੀ ਨੇ ਬਚਪਨ...
ਵਿਚ ਹੀ ਸੰਕੇਤ ਦੇ ਦਿਤੇ ਕੀ ਉਨ੍ਹਾ ਦਾ ਇਸ ਦੁਨਿਆ ਵਿਚ ਆਣ ਦਾ ਖਾਸ ਉਦੇਸ਼ ਹੈ ਇਸ ਲਈ ਉਨ੍ਹਾ ਨੇ ਪਾਂਧੇ ਨੂੰ ਸੰਸਾਰਿਕ ਤੇ ਅਧਿਆਤਮਿਕ ਵਿਦਿਆ ਸੰਬੰਧੀ ਤਿਖ਼ੇ ਪ੍ਰਸ਼ਨ ਕੀਤੇ । ਉਨ੍ਹਾ ਨੇ ਛੋਟੀ ਉਮਰ ਵਿਚ ਹੀ ਮਹਿਸੂਸ ਕਰ ਲਿਆ ਕੀ ਸਿਰਫ ਤਤਕਾਲੀ ਵਿਦਿਆ ਮਨੁਖਤਾ ਲਈ ਕ੍ਲਿਆਨਕਾਰੀ ਨਹੀਂ ਹੋ ਸਕਦੀ ਤੇ ਸਿਰਫ ਨਿਜੀ ਲਾਭ ਵਾਸਤੇ ਕੀਤਾ ਵਪਾਰ ਵੀ ਕਿਸੇ ਕਾਰੇ ਨਹੀਂ ਭੁਖਿਆਂ , ਗਰੀਬਾਂ ਤੇ ਲੋੜਵੰਦਾ ਦੀ ਲੋੜ ਪੂਰੀ ਕਰਨਾ ਹੀ ਸਚਾ ਸੌਦਾ ਤੇ ਵਪਾਰ ਹੈ ।
ਗ੍ਰਹਿਸਤ ਧਰਮ ਨੂੰ ਵੀ ਉਨ੍ਹਾ ਨੇ ਬਾਖੂਬੀ ਨਿਭਾਇਆ , ਮੱਝਾਂ ਵੀ ਚਾਰੀਆਂ , ਨੌਕਰੀ ਵੀ ਕੀਤੀ ,ਪਰ ਸਰਬੱਤ ਦੇ ਭਲੇ ਨੂੰ ਮੁਖ ਰਖਦਿਆਂ ਘਰ ਪਰਿਵਾਰ ਦੇ ਦਾਇਰੇ ਵਿਚ ਸੀਮਤ ਰਹਿਣਾ ਮਨਜ਼ੂਰ ਨਹੀਂ ਕੀਤਾ ਜਿਥੇ ਉਨ੍ਹਾ ਨੇ ਆਪਣੇ ਅਲਾਹੀ ਦਰਸ਼ਨ ਦੀਦਾਰੇ ਕਰਕੇ ਲੋਕਾ ਨੂੰ ਨਿਹਾਲ ਕੀਤਾ ਉਥੇ ਧਰਮ ਦੇ ਮੁਖੀਆਂ, ਬ੍ਰਾਹਮਣਾ, ਪੰਡਤਾਂ,ਸਿਧਾਂ , ਨਾਥਾਂ, ਜੋਗੀਆਂ ,ਮੌਲਵੀਆਂ, ਕਾਜ਼ੀਆਂ ,ਪੀਰਾਂ ,ਵਲੀਆਂ , ਔਲੀਆਂ ਆਦਿ ਨਾਲ ਉਚੇਚੇ ਸੰਵਾਦ ਰਚਾਏ ।
ਗੁਰੂ ਨਾਨਕ ਸਾਹਿਬ ਜਦੋਂ ਵੇਈ ਨਦੀ ਤੋਂ ਬਾਹਰ ਨਿਕਲੇ ਤਾਂ ਉਨ੍ਹਾ ਦੇ ਜ਼ੁਬਾਨ ਤੇ ਇਕੋ ਲਫਜ਼ ਸੀ ਨਾ ਮੈ ਹਿੰਦੂ ਨਾ ਮੁਸਲਮਾਨ ਜਿਸਦਾ ਇਸ਼ਾਰਾ ਸੀ ਇਕ ਸੁਤੰਤਰ ਕੌਂਮ ਦੀ ਹੋਂਦ ਨੂੰ ਕਾਇਮ ਕਰਨ ਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਪੂਰਾ ਕੀਤਾ । ਜਿਹੜੀਆਂ ਪਰੰਮਪਵਾਂ , ਦਸਤੂਰ ਤੇ ਸੰਸਥਾਵਾਂ ਦੀ ਗੁਰੂ ਸਾਹਿਬ ਨੇ ਨੀਹ ਰੱਖੀ ਉਸ ਨਾਲ ਜਾਤ ਪਾਤ , ਊਚ ਨੀਚ ਦੇ ਅਧਾਰਤ ਭਾਰਤੀ ਸਮਾਜਿਕ ਢਾਂਚੇ ਨੂੰ ਕਰਾਰੀ ਸੱਟ ਵਜੀ ।
ਸਿੱਧਾਂ, ਜੋਗੀਆਂ ਆਪਣੇ ਆਪ ਉਚਾ ਮੰਨਦੇ ਸੀ ਦੇ ਜੀਣ ਦੇ ਤਰੀਕੇ ਤੇ ਟਿਪਣੀ ਕਰਦਿਆਂ ਕਿਹਾ ਕੀ ਜੇ ਤੁਸੀਂ ਪ੍ਰਭੁ -ਨਾਮ ਦੀ ਇਤਨੀ ਸਮਝ -ਸਾਰ ਰਖਦੇ ਹੋ ਤਾਂ ਇਥੇ ਇੰਨੇ ਉਚੇ ਉਚੇ ਪਹਾੜਾ ਤੇ ਸਮਾਧੀਆਂ ਲਗਾਣ ਦਾ ਕੀ ਲਾਭ ਹੈ । ਲੋਕਾਂ ਵਿਚ ਵਿਚਰ ਕੇ ਉਨ੍ਹਾ ਨੂੰ ਰਾਹੇ ਪਾਉਣ ਦਾ ਜਤਨ ਕਰੋ ਗ੍ਰਿਹਸਤ ਧਰਮ ਦੀ ਮਹਾਨਤਾ ਤੇ ਵਡਿਆਈ ਦੀ ਚਰਚਾ ਕਰਦੇ ਗੁਰੂ ਸਾਹਿਬ ਨੇ ਗ੍ਰਹਿਸਤੀਆਂ ਦੇ ਦਮ ਤੇ ਪਲਣ ਵਾਲੇ ਵੇਹਲੜ ਗ੍ਰਹਿਸਤੀਆਂ ਤੋ ਚੰਗੇ ਕਿਵੈ ਹੋ ਸਕਦੇ ਹਨ ।
ਉਨ੍ਹਾ ਦਾ ਵਿਅਕਤੀਗਤ ਇਤਨਾ ਪ੍ਰਭਾਵਸ਼ਾਲੀ ਤੇ ਬੋਲਾਂ ਵਿਚ ਇਤਨੀ ਕਸ਼ਿਸ਼ ਸੀ ਲਗਪਗ ਸਾਰੇ ਲੋਕ ਜੋ ਉਨ੍ਹਾ ਦੇ ਸੰਪਰਕ ਵਿਚ ਆਏ ਉਨਾ ਦੇ ਵਿਚਾਰਾਂ ਦੇ ਕਾਇਲ ਹੁੰਦੇ ਗਏ । ਆਪਣੇ ਗੁਰਮਤਿ ਦੇ ਸਿਧਾਂਤਾਂ ਦੁਆਰਾ ਉਨ੍ਹਾ ਨੇ ਅਨਗਿਣਤ ਭੁਲੇ-ਭਟਕੇ , ਕਾਤਲਾਂ ,ਚੋਰਾਂ ,ਡਾਕੂਆਂ ,ਜਾਦੂਗਰਾਂ , ਜਾਦੂਗਰਨੀਆਂ , ਮਨੁਖਾਂ ਤੇ ਆਦਮਖੋਰਾਂ ਨੂੰ ਨੇਕ ਰਾਹ ਤੇ ਚਲਣਾ ਸਿਖਾਇਆ ਜਿਨ੍ਹਾ ਵਿਚੋਂ ਕੁਝ ਤਾਂ ਸਿਖੀ ਦੇ ਪ੍ਰਚਾਰਕ ਤਕ ਬਣ ਗਏ । ਆਪਣੇ ਅੰਤਲੇ ਸਮੇ ਵਿਚ ਖੇਤੀ ਕਰਕੇ ਸੰਸਾਰ ਦੇ ਸਾਮਣੇ ਕਿਰਤ ਕਰਨਾ ਵੰਡ ਕੇ ਛਕਣਾ ਤੇ ਸਿਮਰਨ ਕਰਨ ਦੀ ਅਹਿਮੀਅਤ ਨੂੰ ਆਪਣੇ ਉਪਰ ਹੰਡਾ ਕੇ ਦਸਿਆ ਜੋ ਕਿ ਆਤਮ ਕਲਿਆਣ ਤੇ ਲੋਕ ਕਲਿਆਣ ਦਾ ਅਸਲੀ ਮਾਰਗ ਹੈ ।
( ਚਲਦਾ )
Mukhtiar singh
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ