More Gurudwara Wiki  Posts
1 ਮਈ ਦਾ ਇਤਿਹਾਸ – ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ


1 ਮਈ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਗੇਹਨੂੰ ਮੱਲ ਤੇੜ੍ਹਨ ਖੱਤਰੀ ਗੁਜਰਾਤ ਰਾਵੀ ਤੋਂ ਪਾਰ ਉਠ ਕੇ ਆਪਣੇ ਸੌਹਰੇ ਪਿੰਡ ਮਤੇ ਦੀ ਸਰਾਂ ਆ ਡੇਰੇ ਲਾਏ । ਇਸ ਦੇ ਤਿੰਨ ਪੁੱਤਰ ਹੋਏ ਇਕ ਦਾ ਨਾਂ ਭਾਈ ਫੇਰੂਮੱਲ ਸੀ । ਫੇਰੂਮਲ ਪੜ੍ਹ ਲਿਖ ਬੜਾ ਸਿਆਣਾ ਹੋ ਗਿਆ । ਚੌਧਰੀ ਤਖ਼ਤ ਮੱਲ ਨੇ ਇਸ ਨੂੰ ਆਪਣੇ ਪਿੰਡਾਂ ਦੇ ਮਾਲੀਏ ਦਾ ਹਿਸਾਬ ਕਿਤਾਬ ਕਰਨ ਲਈ ਰੱਖ ਲਿਆ । ਇਸ ਨੇ ਚੰਗਾ ਪ੍ਰਬੰਧ ਕੀਤਾ ਤੇ ਮਾਲੀਏ ਦਾ ਹਿਸਾਬ ਕਿਤਾਬ ਵੀ ਬਹੁਤ ਸਹੀ ਰੱਖਿਆ ਤੇ ਚੌਧਰੀ ਨੂੰ ਵੀ ਖੁਸ਼ ਰੱਖਿਆ ਭਾਈ ਫੇਰੂ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੇ ਕੁੱਖੋਂ ਇਕ ਬਾਲਕ ਜਨਮਿਆ । ਜਿਸ ਦਾ ਨਾਮ ਲਹਿਣਾ ਰੱਖਿਆ ਗਿਆ । ਭਾਈ ਫੇਰੂ ਜੀ ਦਾ ਮਤੇ ਦੀ ਸਰਾਂ ਦੇ ਚੌਧਰੀ ਤਖ਼ਤ ਮੱਲ ਦੇ ਘਰ ਆਮ ਆਉਣ ਜਾਨ ਸੀ । ਭਾਈ ਫੇਰੂ ਜੀ ਤਖੱਤ ਮੱਲ ਦੀ ਬੇਟੀ ਭਰਾਈ ਜੀ ਨੂੰ ਭੈਣ ਜੀ ਕਰਕੇ ਬੁਲਾਂਦੇ । ਇਹ ਆਪ ਨੂੰ ਆਪਣੇ ਸਕੇ ਭਰਾਵਾਂ ਵਾਂਗ ਪਿਆਰ ਕਰਦੀ । ਬਾਲਕ ਲਹਿਣਾ ਜੀ ਭਰਾਈ ਜੀ ਨੂੰ ਭੂਆ ਜੀ ਕਰਕੇ ਬਲੋਦਾਂ ਸੀ । ਜਦੋਂ ਪੇਕੇ ਆਉਂਦੀ ਤਾਂ ਲਹਿਣਾ ਜੀ ਨੂੰ ਚੁੱਕ ਲਿਆਉਂਦੀ ਤੇ ਖਿਡਾਉਂਦੀ ਥਕਦੀ ਨਾਂ । ਹੁਣ ਲਹਿਣਾ ਜੀ ਜੁਆਨ ਹੋ ਗਿਆ । ਇਕ ਵਾਰੀ ਭਾਈ ਫੇਰੂ ਜੀ ਪਾਸੋਂ ਮਾਲੀਏ ਦੇ ਹਿਸਾਬ ਵਿਚ ਕੁਝ ਟੱਪਲਾ ਲੱਗ ਗਿਆ । ਚੌਧਰੀ ਨੂੰ ਭਾਈ ਫੇਰੂ ਦੇ ਖਿਲਾਫ ਚੁਕ ਚੁਕਾ ਉਸ ਨੂੰ ਕੈਦ ਕਰਾ ਦਿੱਤਾ । ਭਰਾਈ ਦੀ ਮਾਂ ਤੇ ਉਸ ਦੇ ਭਰਾਵਾਂ ਨੇ ਚੌਧਰੀ ਨੂੰ ਬੜਾ ਸਮਝਾਇਆ | ਪਰ ਉਸ ਨੇ ਇਨ੍ਹਾਂ ਦੀ ਕੋਈ ਨਾ ਮੰਨੀ । ਹਾਰ ਕੇ ਇਨਾਂ ਨੇ ਭਾਈ ਲਹਿਣਾ ਜੀ ਨੂੰ ਖਡੂਰ ਭਰਾਈ ਜੀ ਪਾਸ ਭੇਜਿਆ ਕਿ ਉਸ ਦਾ ਕਿਹਾ ਚੌਧਰੀ ਨਹੀਂ ਮੋੜ ਸਕਦਾ । ਵਾਟਾਂ ਮਾਰਦਾ ਭਾਈ ਲਹਿਣਾ ਜੀ ਖਡੂਰ ਪੁੱਜਾ ਤੇ ਆਪਣੀ ਭੂਆ ਭਰਾਈ ਜੀ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਭੂਆ ਜੀ ਤੁਸੀਂ ਆਪ ਜਾ ਚੌਧਰੀ ਜੀ ਨੂੰ ਸਮਝਾਉ । ਉਹ ਮਾਤਾ ਜੀ ਤੇ ਭਰਾਵਾਂ ਦੇ ਆਖੇ ਵੀ ਕਦੇ ਨਹੀਂ ਲੱਗੇ । ‘ ‘ ਭਰਾਈ ਜੀ ਕਿਹਾ ਕਿ “ ਉਨਾਂ ਦੇ ਖੂਹ ਤੇ ਸੰਤ ਮਹਾਂਪੁਰਸ਼ ਉਤਰੇ ਹੋਏ ਹਨ । ਉਨ੍ਹਾਂ ਦੀ ਸੇਵਾ ਕਰਨੀ ਅਤੀ ਜ਼ਰੂਰੀ ਹੈ । ਉਹ ਕਿਸੇ ਰਾਹੀਂ ਸੁਨੇਹਾ ਭੇਜ ਦੇਂਦੀ ਹੈ । ਉਹ ਤੇਰੇ ਪਿਤਾ ਜੀ ਨੂੰ ਛੱਡ ਦੇਣਗੇ । ‘ ‘ ਲਹਿਣਾ ਜੀ ਜਿੱਦ ਕੀਤੀ ਕਿ ਉਹ ਆਪ ਜਾ ਕੇ ਕਹਿਣ । ਭਰਾਈ ਜੀ ਕਿਹਾ “ ਚੰਗਾ ਪੁੱਤਰਾ ਰੱਬ ਰੂਪ , ਰੱਬ ਦੇ ਪਿਆਰੇ ਸਾਡੇ ਖੂਹ ਤੇ ਆਏ ਹੋਏ ਹਨ । ਉਨ੍ਹਾਂ ਦਾ ਪ੍ਰਸਾਦਿ ਪਾਣੀ ਲੈ ਕੇ ਜਾਣਾ ਹੁੰਦਾ ਹੈ । ਮਹਿਰੀ ( ਨੌਕਰਾਣੀ ) ਮੇਰੇ ਨਾਲ ਪ੍ਰਸ਼ਾਦਿ ਪਾਣੀ ਲੈ ਕੇ ਜਾਂਦੀ ਹੈ । ਉਹ ਮਨੋਹਰ ਤੇ ਸੁਰੀਲਾ ਕੀਰਤਨ ਕਰਦੇ ਹਨ ਤੂੰ ਵੀ ਉਨਾਂ ਦੇ ਦਰਸ਼ਨ ਕਰੀਂ । ਤੇਰੀ ਵੀ ਰੇਖ ਵਿਚ ਮੇਖ ਮਾਰ ਮੇਰੇ ਵੀਰ ਨੂੰ ਕੈਦ ਵਿਚੋਂ ਖੁਲਾਸ ਕਰਾਉਣਗੇ । ‘ ਖੂਹ ਤੇ ਅਪੜ ਦੋਵਾਂ ਭੂਆ ਭਤੀਜੇ ਰੋਟੀ ਪਾਣੀ ਰਖਵਾ ਮਹਾਂਪੁਰਖਾਂ ਦੇ ਮੱਥਾ ਟੇਕਿਆ । ਮਹਾਂਪੁਰਸ਼ਾਂ ਨੂੰ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਬਾਰੇ ਸਾਰੀ ਗੱਲਬਾਤ ਦੱਸੀ । ਮਹਾਪੁਰਸ਼ਾਂ ਜੀ ਹੋਰਾਂ ਪੁਛਿਆ ਕਿ ‘ ਤੇਰਾ ਨਾ ਕੀ ਹੈ ? ‘ ‘ ਭਾਈ ਲਹਿਣਾ ਜੀ ਹੱਥ ਜੋੜ ਕੇ ਕਿਹਾ “ ਜੀ ਲਹਿਣਾ ਤਾਂ ਸੰਤਾਂ ਨੇ ਬਚਨ ਕੀਤਾ ਕਿ ‘ ਤੂੰ ਤਾਂ ਆਪਣੇ ਹੈ ਲਹਿਣਾ , ਤੂੰ ਕਿਸੇ ਦਾ ਕੀ ਹੈ ਦੇਣਾ ਜਾਂਹ , ਪਿੰਡ ਜਾ ਕੇ ਆਪਣੇ ਪਿਉ ਦਾ ਤਿਆਰ ਕੀਤਾ , ਹਿਸਾਬ ਕਿਤਾਬ ਦਾ ਚਿੱਠਾ ਪੜਚੋਲ ਤੇ ਉਸ ਦੀ ਪੜਤਾਲ ਕਰ । ਚਿੱਠੇ ਵਿਚ ਭੰਗ ਪਾਇਆ ਹੈ । ਜੇ ਤੂੰ ਕੱਢ ਲਏਂਗਾ ਆਪ ਨਾ ਕੋਈ ਪੁੰਨ ਨਾ ਕੋਈ ਪਾਪ । ‘ ਇਹ ਬਚਨ ਸੁਣ ਲਹਿਣਾ ਜੀ ਮੱਥਾ ਟੇਕ ਸਿੱਧੇ ਮਤੇ ਦੀ ਸਰਾਂ ਵੱਲ ਚਾਲੇ ਪਾ ਦਿੱਤੇ । ਉਧਰ ਮਾਈ ਭਰਾਈ ਦਾ ਸੁਨੇਹਾ ਵੀ ਇਕ ਹਰਕਾਰੇ ਰਾਹੀਂ ਉਸ ਦੇ ਪਿਤਾ ਨੂੰ ਮਿਲ ਗਿਆ ਕਿ “ ਭਾਈ ਫੇਰੂ ਨੂੰ ਬਾਹਰ ਕੱਢ ਦਿਓ ! ਇਸ ਦਾ ਪੁੱਤਰ ਇਸ ਦਾ ਤਿਆਰ ਕੀਤਾ ਚਿੱਠਾ ਫਿਰ ਪੜਤਾਲੇਗਾ ਇਸ ਨਾਲ ਬੈਠ ਕੇ । ‘ ‘ ਭਾਈ ਫੇਰੂ ਜੀ ਦੇ ਬਾਹਰ ਆਉਣ ਤੇ ਦੋਹਾਂ ਪਿਓ ਪੁਤਰਾ ਚਿੱਠਾ ਪੜਤਾਲਿਆ । ਟਿੱਪਲਾ ਲੱਭ ਪਿਆ ਹਿਸਾਬ ਕਿਤਾਬ ਠੀਕ ਮਿਲਿਆ ਤੇ ਭਾਈ ਫੇਰੂ ਜੀ ਦੀ ਇੱਜ਼ਤ ਬਹਾਲ ਹੋ ਗਈ ।
ਮਾਈ ਭਰਾਈ ਜੀ ਭਾਈ ਲਹਿਣਾ ਜੀ ਨੂੰ ਭਤੀਜ ਕਰਕੇ ਬੁਲਾਉਂਦੇ ਬਹੁਤ ਪਿਆਰ ਤੇ ਸਤਿਕਾਰ ਕਰਦੇ।ਇਸੇ ਪਿਆਰ ਨੇ ਮਾਈ ਭਰਾਈ ਜੀ ਨੂੰ ਭਾਈ ਲਹਿਣਾ ਜੀ ਦੀ ਵਿਚੋਲੀ ਬਣਾ ਦਿੱਤਾ । ਮਾਈ ਭਰਾਈ ਜੀ ਨੇ ਸੰਘਰ ਪਿੰਡ ਦੇ ਦੇਵੀ ਚੰਦ ਖੱਤਰੀ ਦੀ ਲੜਕੀ ਬੀਬੀ ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ ਨਾਲ ੧੫੧੯ ਈ . ਵਿਚ ਵਿਆਹ ਕਰ ਦਿੱਤਾ । ਭਾਈ ਦੇਵੀ ਚੰਦ ਤਗੜਾ ਹਟਵਾਣੀਆਂ ਸੀ । ਲਾਗਲੇ ਪਿੰਡਾਂ ਵਿਚ ਸ਼ਾਹੂਕਾਰਾ ਵੀ ਚਲਦਾ ਸੀ । ਇਸ ਦਾ ਮਹਿਮੇ ਚੌਧਰੀ ਨਾਲ ਚੰਗਾ ਗਲ ਘਸਾਵਾ ਸੀ । ਚੌਧਰੀ ਤਖ਼ਤ ਮੱਲ ਦੇ ਵਤੀਰੇ ਤੋਂ ਤੰਗ ਆ ਕੇ ਭਾਈ ਫੇਰੂ ਜੀ ਪਹਿਲਾਂ ਹਰੀ ਕੇ ਪਤਨ ਆ ਬੈਠੇ ਫਿਰ ਦੇਵੀ ਚੰਦ ਨੇ ਆਪਣੇ ਪਿੰਡ ਸੰਘਰ ਜਿਹੜਾ ਖਡੂਰ ਤੋਂ ਤਿੰਨ ਕੁ ਮੀਲ ਦੀ ਵਿੱਥ ਤੇ ਹੈ ਸੱਦ ਲਿਆ । ਏਥੇ ਆ ਵੱਖਰੀ ਦੁਕਾਨ ਤੇ ਵਿਉਪਾਰ ਸ਼ੁਰੂ ਕਰ ਦਿੱਤਾ । ਉਧਰ ਦਿੱਲੀ ਦੇ ਰਾਜ ਗਰਦੀ ਕਾਰਨ ਮੱਤੇ ਦੀ ਸਰਾਂ ਲੁਟ ਮਾਰ ਕਾਰਨ ਉਜਾੜ ਕੇ ਥੇਹ ਕਰ ਦਿੱਤੀ । ਕਹਿੰਦੇ ਹਨ ਕਿ ਭਟੀਆਂ ਤੇ ਬਲੋਚਾਂ ਨੇ ਸਭ ਲੋਕਾਈ ਵੀ ਲੁੱਟ ਮਾਰ ਕਰਕੇ ਕਤਲ ਕਰ ਦਿੱਤੀ । ਚੰਗੇ ਭਾਗਾਂ ਨੂੰ ਭਾਈ ਲਹਿਣਾ ਜੀ ਪ੍ਰਵਾਰ ਪਹਿਲਾਂ ਛੱਡ ਕੇ ਆ ਗਏ ਸਨ । ਮਾਈ ਭਰਾਈ ਜੀ ਨੇ ਆਪਣੇ ਪੇਕਿਆਂ ਦੇ ਪਰਿਵਾਰ ਦਾ ਕੋਈ ਜੀਅ ਨਾ ਬਚਿਆ ਵੇਖ ਭਾਈ ਲਹਿਣਾ ਜੀ ਨੂੰ ਪੇਕਿਆਂ ਦੀ ਨਿਸ਼ਾਨੀ ਸਮਝ ਹੋਰ ਜ਼ਿਆਦਾ ਪਿਆਰ ਕਰਨ ਲੱਗ ਪਈ । ਸੰਘਰ ਆ ਭਾਈ ਲਹਿਣਾ ਜੀ ਦੀ ਦੁਕਾਨ ਬਹੁਤ ਚਮਕੀ । ਇਲਾਕੇ ਵਿਚ ਵਾਹਵਾ ਪ੍ਰਸਿੱਧੀ ਹੋ ਗਈ । ਆਪ ਦੇ ਪਿਤਾ ਸੰਗ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਪਹਾੜਾਂ ‘ ਚ ਜਾਇਆ ਕਰਦੇ ਸਨ । ਕਦੀ ਲਹਿਣਾ ਜੀ ਦੀ ਆਪਣੇ ਪਿਤਾ ਜੀ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ।ਜਦੋਂ ਕਿਤੇ ਭਾਈ ਲਹਿਣਾ ਜੀ ਆਪਣੀ ਭੂਆ ਪਾਸ ਜਾਂਦੇ ਤਾਂ ਮਾਈ ਭਰਾਈ ਜੀ ਇਨ੍ਹਾਂ ਨੂੰ ਗੁਰਬਾਣੀ ਵੀ ਦੱਸਦੇ।ਇਕ ਭਾਈ ਜੋਧ ਜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ੨੧ ਪਉੜੀ ਦਾ ਪਾਠ ਕਰ ਰਹੇ ਸਨ ਕਿ ਭਾਈ ਲਹਿਣਾ ਜੀ ਖਡੂਰ ਆਪਣੀ ਕਿਸੇ ਆਸਾਮੀ ਪਾਸੋਂ ਉਗਰਾਹੀ ਕਰਨ ਆਇਆ ਇਨ੍ਹਾਂ ਦੇ ਕੰਨੀਂ ਭਾਈ ਜੋਧ ਜੀ ਦਾ ਸ਼ਬਦ ਪਿਆ ਜਿਸ ਨੇ ਕਲੇਜੇ ਧੂਹ ਪਾਈ । ਸ਼ਬਦ : ਜਿਤੁ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ ਜਿਉ ਸਾਹਿਬ ਨਾਲ ਨਾ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ ਘਾਲੀਐ ॥੨੧ ॥ ਭਾਵ ਹੈ ਕਿ ਉਸ ( ਪ੍ਰਭੂ ) ਨੂੰ ਸਦਾ ਯਾਦ ਰੱਖੋ ਜਿਸ ਦੀ ਸੇਵਾ ਸਦਕਾ ਹਰ ਸੁਖ ਪ੍ਰਾਪਤ ਹੁੰਦਾ ਹੈ । ਹੋਰ ਕਿਸੇ ਦੀ ਪੂਜਾ ਜਾਂ ਸੇਵਾ ਕੁਝ ਚਿਰ ਲਈ ਸੁਖ ਦੇ ਸਕਦੀ ਹੈ । ਜਦੋਂ ਇਹ ਮੰਨੀ ਹੋਈ ਸਚਾਈ ਹੈ ਕਿ ਹਰ ਇਕ ਨੇ ਆਪਣੇ ਕੀਤੇ ਕੰਮ ਦਾ ਫਲ ਭੋਗਣਾ ਹੈ ਤੇ ਫਿਰ ਮੰਦੇ ਤੇ ਗਲਤ ਕੰਮ ਕਿਉਂ ਕਰੀਏ ? ਜਿਨ੍ਹਾਂ ਦੇ ਕੀਤਿਆਂ ਬੇਇਜ਼ਤੀ ਹੋਣੀ ਹੈ ਉਨ੍ਹਾਂ ਵੱਲ ਵੇਖੀਏ ਵੀ ਕਿਉਂ ? ਚੰਗਾ ਜੀਵਨ ਉਸ ਦਾ ਹੀ ਜਿਹੜੇ ਮਾੜੇ ਕੰਮ ਨਹੀਂ ਕਰਦਾ ਦੂਰ ਦ੍ਰਿਸ਼ਟੀ ਵਾਲਾ ਮਨੁੱਖ ਚੰਗੇ ਮੰਦੇ ਦੀ ਪਛਾਣ ਕਰ ਲੈਂਦਾ ਹੈ ਤੇ ਭੈੜੇ ਕੰਮਾਂ ਵਿਚ ਨਹੀਂ ਫਸਦਾ । ਮੂਲ ਮੁਦਾ ਕਿ ਉਹ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ । ਉਨਾਂ ਰਾਹਾਂ ਤੇ ਨਹੀਂ ਤੁਰਨਾ ਚਾਹੀਦਾ । ਜਿਨ੍ਹਾਂ ਕਰਕੇ ਪ੍ਰਮਾਤਮਾ ਪਾਸੋਂ ਹਾਰ ਹੋਵੇ । ਹਮੇਸ਼ਾ ਲਾਹੇ ਵਾਲਾ ਕੰਮ ਕਰੋ ਸਭ ਤੋਂ ਲਾਹੇਵੰਦ ਕੰਮ ਪ੍ਰਭੂ ਭਗਤੀ ਹੈ । ਇਹ ਸ਼ਬਦ ਨੇ ਕਪਾਟ ਖੋਲ੍ਹ ਦਿੱਤੇ । ਪ੍ਰਭੂ ਨਾਲ ਮਿਲਾਪ ਦਾ...

ਢੋਹ ਢੁਕਣਾ ਸੀ । ਭਾਈ ਲਹਿਣਾ ਆਪਣੀ ਭੂਆ ਪਾਸ ਆ ਕਿਹਾ “ ਭੂਆ ਜੀ ਅੱਜ ਭਾਈ ਜੋਧ ਜੀ ਨੇ ਕੁਝ ਪੜਿਆ ਮੈਂ ਬਾਹਰ ਖੜੇ ਹੋ ਕੇ ਸੁਣਿਆ ਉਹ ਤਾਂ ਮੇਰੇ ਕਲੇਜੇ ਧਸ ਗਿਆ । ਜਿਸ ਨੇ ਇਹੋ ਜਿਹੇ ਸ਼ਬਦ ਲਿਖੇ ਹਨ ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਸਾਰੀ ਗਲ ਭੂਆ ਜੀ ਜਾ ਕੇ ਦੱਸੀ ਭੂਆ ਬੋਲੀ ਵੀਰਾ ਤੂੰ ਹੈਂ ਹੀਰਾ , ਤੇਰੇ ਕਿੰਨੇ ਭਾਗ ਤੈਨੂੰ ਉਨ੍ਹਾਂ ਦੇ ਦਰਸ਼ਨ ਖਿੱਚ ਤੇ ਤਾਂਘ ਪਈ । ਹੁਣ ਬਾਣੀ ਨੇ ਕਲੇਜਾ ਵਿੰਨ ਸੁੱਟਿਆ । ਵੀਰਾ ਸੁਣ ਤੇਰੇ ਪਿਆਰ ਦੀ ਗੱਲ ! ਹਰ ਮਨੁੱਖ ਦੇ ਅੰਦਰ ਰੱਬ ਵੱਸਦਾ ਹੈ ਪਰ ਦਿਸਦਾ ਨਹੀਂ ਹੈ ਕਿਸੇ ਨੂੰ । ਪਰ ਅੰਦਰ ਸੋਚਾਂ ਵਿਚਾਰਾਂ ਰੋਲ ਘਚੋਲ , ਫਿਕਰਾਂ , ਲੋੜਾਂ ਤੇ ਤ੍ਰਿਸ਼ਨਾ ਤੇ ਪੰਜ ਚੋਰ ਕੁਝ ਨਹੀਂ ਦਿੱਸਣ ਦੇਂਦੇ । ਕਿਸੇ ਵੇਲੇ ਕੋਈ ਨੇਕੀ ਦੀ ਸੱਦ ਸੁਣੀਦੀ ਹੈ । ਹੁਣ ਇਹ ਨੇਕੀ ਦੀ ਸੱਦ ਤੇਰੇ ਕਲੇਜੇ ਵਿਚ ਮੁੜੀ ਹੈ । ਹੁਣ ਅਵੇਸਲਾ ਨਾ ਹੋ । ਇਹ ਕੋਈ ਅਗੰਮੀ ਆਵਾਜ਼ ਹਨ ਅੰਦਰੋਂ ਦਿੱਤਾ ਰੱਬ ਦਾ ਸੱਦਾ ਜਾ ਹਲੂਣਾ ਹੈ । ‘ ‘ ਇਹ ਸਨ ਸਿਖਿਆਵਾਂ ਭੂਆ ਦੀਆਂ ਭਤੀਜੇ ਨੂੰ ਤੋਂ ਪ੍ਰੇਰਨਾ ਸੀ ਅਕਾਲ ਪੁਰਖ ਵੱਲ ਧਿਆਨ ਧਰਨ ਦੀ । ਇਨ੍ਹਾਂ ਭੂਆ ਦੇ ਬਚਨਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਖਿਚਿਆ । ਇਸ ਵਿਚ ਅਤ ਕਥਨੀ ਨਹੀਂ ਹੋਵੇਗੀ ਜੇ ਇਹ ਕਹਿ ਲਈਏ ਕਿ ਮਾਈ ਭਰਾਈ ਜੀ ਸੰਗਤ ਤੇ ਪਿਆਰ ਪ੍ਰਭੂ ਸਿਖਿਆ ਸਦਕਾ ਸੀ ਲਹਿਣਾ ਜੀ ਇਕ ਦੇਵੀ ਭਗਤ ਹੋ ਕੇ ਗੁਰੂ ਨਾਨਕ ਦੇਵ ਜੀ ਲੜ ਲੱਗ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਸਿੱਖਾਂ ਦੇ ਦੂਜੇ ਗੁਰੂ ਹੋ ਨਿਬੜੇ ।
ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਲਹਿਣਾ ਜੀ ਗੁਰੂ ਗੱਦੀ ਪ੍ਰੀਖਿਆ ਤੋਂ ਸਫਲ ਹੋ ਗਏ ਤਾਂ ਇਨ੍ਹਾਂ ਨੂੰ ਖਡੂਰ ਜਾ ਕੇ ਰਹਿਣ ਦਾ ਆਦੇਸ਼ ਦਿੱਤਾ । ਗੁਰੂ ਨਾਨਕ ਦੇਵ ਜੀ ਪਹਿਲਾਂ ਵੀ ਖਡੂਰ ਆ ਕੇ ਮਾਈ ਭਰਾਈ ਦੇ ਖੂਹ ਤੇ ਟਿਕਦੇ ਤੇ ਪ੍ਰਚਾਰ ਕਰਦੇ ਤਾਂ ਮਾਈ ਭਰਾਈ ਸਿੱਖ ਸੰਗਤ ਦੀ ਬੜੀ ਖਾਤਰ ਤਵਜੋ ਕਰਦੇ।ਏਥੇ ਆਪਣੀ ਭੂਆ ਦੇ ਘਰ ਆ ਇਕ ਪੱਕੇ ਕੋਠੇ ਵਿਚ ਬੈਠੇ ਤਪੱਸਿਆ ਸ਼ੁਰੂ ਕਰ ਦਿੱਤੀ । ਗਿ : ਗਿਆਨ ਸਿੰਘ ਲਿਖਦਾ ਹੈ ਹੇਠਾਂ ਰੋੜਾਂ ਦੀ ਬਿਛਾਈ ਕਰ ਲਈ ਰਾਤ ਦਿਨ ਨਾਮ ਜਪਦੇ ਖਾਂਦੇ ਬਹੁਤ ਘਟ ਸੌਂਦੇ ਵੀ ਘਟ ਕਿਸੇ ਨੂੰ ਨਾ ਮਿਲਦੈ । ਮਾਈ ਭਰਾਈ ਜੀ ਨੂੰ ਇਹ ਹੁਕਮ ਦੇ ਰੱਖਿਆ ਸੀ ਕਿ ਇਨਾਂ ਦੇ ਏਥੇ ਰਹਿਣ ਬਾਰੇ ਕਿਸੇ ਨੂੰ ਨਾ ਦੱਸਦਾ । ਇਥੋਂ ਤੱਕ ਕਿ ਇਨ੍ਹਾਂ ਦੇ ਪ੍ਰਵਾਰ ਨੂੰ ਵੀ ਨਹੀਂ ਸੀ ਪਤਾ । ਮਾਈ ਭਰਾਈ ਭਤੀਜੇ ਪਾਸੋਂ ਇੰਝ ਇਕਾਂਤ ਵਿਚ ਰਹਿਣ ਦਾ ਕਾਰਨ ਵੀ ਨ ਪੁੱਛ ਸਕੇ । ਇਹ ਸਿੱਖਿਆ ਮਾਈ ਜੀ ਨੇ ਗੁਰੂ ਨਾਨਕ ਦੇਵ ਪਾਸੋਂ ਪ੍ਰਾਪਤ ਕੀਤੀ ਸੀ ਕਿ ਸੰਸਾਰ ਵਿਚ ਵਸੋ , ਵੈਰਾਗ ਵਿਚ ਰਸੋ , ਗਿਆਨ ਨਾਲ ਸਮਝੋ , ਪ੍ਰੇਮ ਨਾਲ ਜੁੜੋ , ਸਦਾ ਖਿੜੇ ਮੱਥੇ ਮਿੱਠੇ ਬੋਲ ਬੋਲੋ ਤਾਂ ਪ੍ਰਮਾਤਮਾ ਉਸ ਨੂੰ ਕਦੇ ਨਾ ਭੁਲੇਗਾ । ਇਧਰ ਅੰਦਰ ਰੋੜਾਂ ਦੀ ਵਿਛਾਈ ਤੇ ਤਪ ਕਰਦੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰ ਨੈਣਾਂ ‘ ਚੋਂ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ । ਉਧਰ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਮਾਈਂ ਭਰਾਈ ਦੇ ਘਰ ਪਧਾਰੇ । ਗੁਰੂ ਜੀ ਦੇ ਮਨ ਦੀਆਂ ਤਾਰਾਂ ਖੜਕੀਆਂ ਸਨ । ਗੁਰੂ ਨਾਨਕ ਜੀ ਸਿੱਧੇ ਖਡੂਰ ਆ ਮਾਈ ਭਰਾਈ ਜੀ ਪਾਸੋਂ ਕੋਠੇ ਦਾ ਜਿੰਦਾ ਖੁਲਾਇਆ । ਤਾਂ ਭਾਈ ਲਹਿਣਾ ਸਮਾਧੀ ਤੋਂ ਉਠ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ । ਬਾਬਾ ਜੀ ਉਠਾਕੇ ਬੜੇ ਪ੍ਰੇਮ ਨਾਲ ਗਲ ਵਿਚ ਲਿਆਂ ਤੇ ਪਿਆਰ ਕੀਤਾ । ਉਧਰ ਮਾਈ ਭਰਾਈ ਜੀ ਦੇ ਭਾਗ ਖੁਲ੍ਹ ਗਏ ਬਾਬਾ ਜੀ ਦਰਸ਼ਨ ਤੇ ਸੇਵਾ ਕਰਕੇ ਜਨਮ ਸਫਲ ਕੀਤਾ । ਇਸ ਤਰਾਂ ਦੋ ਵਾਰੀ ਆ ਕੇ ਗੁਰੂ ਨਾਨਕ ਜੀ ਨੇ ਭਾਈ ਲਹਿਣਾ ਜੀ ਨੂੰ ਦਰਸ਼ਨ ਦਿੱਤੇ ।
ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾ ਗਏ।ਪਿਛੋਂ ਸੰਗਤਾਂ ਬੜੀਆਂ ਉਤਾਵਲੀਆਂ ਹੋਈਆਂ । ਗੁਰੂ ਬਗੈਰ ਗੁਰੂ ਉਪਦੇਸ਼ ਕਿਥੋਂ ਪ੍ਰਾਪਤ ਕਰਨ । ਆਖਰ ਕੁਝ ਮੁਖੀ ਸਿੱਖ ਭਾਈ ਲਾਲੋ ਜੀ , ਭਾਈ ਸਾਧਾਰਨ ਜੀ , ਭਾਈ ਅਜਿਤਾ ਰੰਧਾਵਾ , ਭਾਈ ਧੀਰ , ਭਗੀਰਥ ਆਦਿ ਤੇ ਸੰਗਤ ਇਕੱਠੀ ਹੋ ਕੇ ਭਾਈ ਬੁੱਢੇ ਜੀ ਪਾਸ ਜਾ ਗੁਰੂ ਜੀ ਭਾਲਣ ਬਾਰੇ ਬੇਨਤੀ ਕੀਤੀ । ਬਾਬਾ ਜੀ ਨੇ ਅੰਤਰ ਧਿਆਨ ਹੋ ਕੇ ਪਤਾ ਕੀਤਾ । ਤਾਂ ਸਾਰੇ ਮੁਖੀ ਸਿੱਖਾਂ ਤੇ ਸੰਗਤਾਂ ਨੂੰ ਨਾਲ ਲੈ ਕੇ ਖਡੂਰ ਮਾਈ ਭਰਾਈ ਜੀ ਦੇ ਘਰ ਜਾ ਪੁੱਜੇ । ਮਾਈ ਜੀ ਨੇ ਗੁਰੂ ਜੀ ਦੀ ਹਦਾਇਤ ਅਨੁਸਾਰ ਬਥੇਰਾ ਕਿਹਾ । ਪਰ ਸੰਗਤਾਂ ਦੀ ਦਿਆਲਤਾ , ਸ਼ਰਧਾ ਤੇ ਪ੍ਰੇਮ ਵੈਖ ਉਸੇ ਕੋਠੇ ਵੱਲ ਇਸ਼ਾਰਾ ਕੀਤਾ । ਜਿਸ ਵਿਚ ਗੁਰੂ ਜੀ ਸਮਾਧੀ ਗਤਿ ਸਨ ।
ਛੇ ਮਹੀਨੇ ਹੋ ਗਏ ਸਨ ਸੰਗਤਾਂ ਨੂੰ ਗੁਰੂ ਲੱਭਦਿਆਂ ਬਾਬਾ ਬੁੱਢਾ ਜੀ ਨੇ ਤਾਲਾ ਖੋਲਿਆ ਕੀ ਵੇਖਦੇ ਹਨ ਕਿ ਨੂਰੀ ਜੋਤਿ ਰੋੜਾਂ ਦੀ ਵਿਛਾਈ ਤੇ ਸਮਾਧੀ ਲਾਏ ਬੈਠੇ ਹਨ । ਬਾਬਾ ਨਾਨਕ ਜੀ ਦੇ ਜੋਤੀ ਜੋਤਿ ਸਮਾਉਣ ਦੀ ਖਬਰ ਸੁਣ ਨੈਣਾਂ ਵਿਚ ਨੀਰ ਚੱਲ ਤੁਰਿਆ । ਸਿੱਖਾਂ ਨੇ ਵਾਰੀ ਵਾਰੀ ਚਰਨਾਂ ਤੇ ਸੀਸ ਟਿਕਾਇਆ ਗੁਰੂ ਜੀ ਨੇ ਸਿੱਖਾਂ ਨੂੰ ਬਚਨ ਕੀਤਾ ‘ ਭਾਈ ਸਿਖੋ ! ਕੀ ਚਾਹੀਦਾ ਹੈ ਮੰਗੋ ? ” ਬਾਬਾ ਬੁੱਢਾ ਜੀ ਹੱਥ ਜੋੜ ਕੇ ਬੇਨਤੀ ਕੀਤੀ ਕਿ “ ਸੱਚੇ ਪਾਤਸ਼ਾਹ ! ਸਾਨੂੰ ਕੁਝ ਨਹੀਂ ਚਾਹੀਦਾ । ਸਿਰਫ ਬਾਹਰ ਪਧਾਰ ਕੇ ਉਤਾਵਲੀ ਹੋਈ ਸੰਗਤ ਨੂੰ ਖੁਲ੍ਹੇ ਦਰਸ਼ਨ ਦਿਦਾਰੇ ਬਖਸ਼ੋ । ਤੇ ਸਤਿਨਾਮ ਦਾ ਦ੍ਰਿੜਾ ਕੇ ਜਗਤ ਦਾ ਉਧਾਰ ਕਰੋ । ਇਹ ਬੇਨਤੀ ਸੁਣ ਕੇ ਗੁਰੂ ਜੀ ਬਾਹਰ ਪ੍ਰਗਟ ਹੋਏ । ਬਾਬਾ ਬੁੱਢਾ ਜੀ ਨੇ ਮੱਥੇ ਤਿਲਕ ਲਾਇਆ । ਮਾਈ ਭਰਾਈ ਦਾ ਘਰ ਸੰਗਤਾਂ ਦੇ ਚਰਨਾਂ ਨਾਲ ਹੋਰ ਪਵਿੱਤਰ ਹੋ ਗਿਆ । ਹੁਣ ਗੁਰੂ ਲੱਭਣ ਕਰਕੇ ਸੰਗਤਾਂ ਨੇ ਖਡੂਰ ਵੱਲ ਵਹੀਰਾਂ ਘੱਤ ਦਿੱਤੀਆਂ । ਸੰਗਤ ਨਾਲ ਹੀ ਦੁੱਧ ਘਿਉ ਆਟਾ ਆਦਿ ਲੰਗਰ ਵਿਚ ਵਰਤਣ ਵਾਲੇ ਪਦਾਰਥ ਘਰੋਂ ਹੀ ਲਈ ਆਉਣ।ਲੰਗਰ ਵਿਚ ਖੀਰ ਕੜਾਹ ਲੱਗਾ ਬਨਣ । ਭਾਈ ਸਾਦੂ , ਬਾਦੂ ਭਾਈ ਸਜਾ ਦੇ ਪੁੱਤ ਤੇ ਭਾਈ ਮਰਦਾਨੇ ਦੇ ਪੋਤਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ । ਸਾਰਾ ਦਿਨ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਲੱਗੇ ਤਾਰਨ ਜੀ ।
ਹੁਣ ਮਾਤਾ ਖੀਵੀ ਜੀ ਨੂੰ ਸੱਦ ਲਿਆ ਗਿਆ । ਮਾਤਾ ਖੀਵੀ ਜੀ ਨੇ ਗੁਰੂ ਪਤੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਚਰਨਾਂ ਵਿਚ ਬੱਚਿਆਂ ਨੂੰ ਲੈ ਕੇ ਬੈਠ ਗਏ । ਗੁਰੂ ਜੀ ਬਚਨ ਕੀਤਾ ਕਿ “ ਭਲੀਏ ਲੋਕੇ ! ਜਦੋਂ ਮੇਰੇ ਦਾਤੇ ਸਤਿਗੁਰੂ ਨੇ ਮੈਨੂੰ ਸੰਗਤ ਨੂੰ ਸ਼ਬਦ ਦਾਨ ਕਰਨ ਦਾ ਆਦੇਸ਼ ਦਿੱਤਾ ਤਾਂ ਕੜਛਾ ਪੰਗਤ ਵਿਚ ਵਰਤਾਉਣ ਲਈ ਤੈਨੂੰ ਬਖਸ਼ਿਆ ਤੂੰ ਵਰਤਾ । ਮਾਈ ਭਰਾਈ ਜੀ ਬੜੇ ਚਤਰ ਤੇ ਸਿਆਣੇ ਸਨ । ਝਟ ਲਾਗੋਂ ਕੜਛੀ ਫੜ ਗੁਰੂ ਜੀ ਹੱਥ ਪਕੜਾਉਂਦਿਆਂ ਕਿਹਾ “ ਮੇਰੇ ਵੀਰ ! ਮੇਰੇ ਸਤਿਗੁਰੂ ਨਾਨਕ ਜੀ ਨੇ ਜੇ ਸ਼ਬਦ ਦਾ ਦਾਨ ਮੇਰੇ ਭਤੀਜ਼ੇ ਦੇ ਜਿਮੇਂ ਲਾਇਆ ਹੈ । ਆਹ ਕੜਛਾ ਆਪਣੇ ਹੱਥੀਂ ਰਾਣੀ ਭਰਜਾਈ ਨੂੰ ਬਖਸ਼ੋ । ‘ ‘ ਸਤਿਗੁਰੂ ਨੇ ਮੁਸਕਰਾਉਂਦਿਆਂ ਇਹ ਕੜਛਾ ਆਪਣੇ ਹੱਥੀਂ ਮਾਤਾ ਖੀਵੀ ਜੀ ਨੂੰ ਫੜਾਇਆ । ਹੁਣ ਮਾਈ ਭਰਾਈ ਜੀ ਨੇ ਬਾਹੋਂ ਫੜ ਮਾਤਾ ਖੀਵੀ ਜੀ ਨੂੰ ਲਿਆ ਇਕ ਪੀਹੜੇ ਤੇ ਬਿਠਾਇਆ ਤੇ ਕਿਹਾ “ ਮੇਰੇ ਰਾਜੇ ਵੀਰ ਦੀਏ ਰਾਣੀਏ।ਵਰਤਾਓ ਦਾਤੇ ਦਾ ਹੁਕਮ ਹੋ ਚੁੱਕਾ ਹੈ । ਏਨਾ ਵਰਤਾਓ ਕਿ ਤੇਰੇ ਦਰ ਤੋਂ ਕੋਈ ਭੁੱਖਾ ਨਾ ਜਾਵੇ । ਉਹ ਕੜਛਾ ਜਿਹੜਾ ਮਾਤਾ ਖੀਵੀ ਜੀ ਨੂੰ ਮਾਈ ਭਰਾਈ ਜੀ ਨੇ ਗੁਰੂ ਅੰਗਦ ਦੇਵ ਜੀ ਰਾਹੀਂ ਪਕੜਵਾਇਆ ਸੀ । ਉਸ ਕੜਛੇ ਦੀ ਬਰਕਤ ਹੈ ਕਿ ਦੇਸ਼ ਦੇਸ਼ ਗੁਰੂ ਘਰਾਂ ਦੇ ਲੰਗਰਾਂ ਵਿਚ ਅਤੁੱਟ ਲੰਗਰ ਵਰਤਦਾ ਹੈ । ਜਿਥੇ ਚਾਰੇ ਵਰਨ ਬਿਨਾਂ ਭਿੰਨ ਭਾਵ ਦੇ ਲੰਗਰ ਛਕ ਕੇ ਤ੍ਰਿਪਤ ਹੁੰਦੇ ਹਨ ।
ਦਾਸ ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)