More Gurudwara Wiki  Posts
12 ਸਤੰਬਰ ਨੂੰ ਹੋਈ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ


12 ਸਤੰਬਰ ਨੂੰ ਸਾਰਾਗੜੀ ਦੀ ਲੜਾਈ ਹੋਈ ਸੀ । ਚਮਕੌਰ ਸਾਹਿਬ ਤੋ ਬਾਅਦ ਮਹਾਨ ਯੁੱਧ ਸਿੰਘਾਂ ਵਲੋ ਸਾਰਾਗੜੀ ਵਿੱਖੇ ਲੜਿਆ ਗਿਆ।
ਜਿਸ ਦੇ ਬਾਬਤ ਕਵੀ ਦੀਆ ਲਿਖੀਆ ਕੁਝ ਲਾਇਨਾ ਯਾਦ ਆ ਗਈਆ ।
ਜਿਨ੍ਹਾ ਦੇਸ਼ ਖਾਤਰ ਜਾਨਾਂ ਵਾਰੀਆਂ ਨੇ ਉਨ੍ਹਾ ਜਾਂ-ਨਿਸਾਰਾਂ ਦੀ ਗਲ ਕਰੀਏ
ਹੋਏ ਸਾਰੇ ਦੇ ਸਾਰੇ ਸ਼ਹੀਦ ਜਿਹੜੇ ਉਨ੍ਹਾ ਇਕੀ ਸਰਦਾਰਾਂ ਦੀ ਗਲ ਕਰੀਏ ।
ਚਮਕੌਰ ਤੇ ਸਾਰਾਗੜੀ ਦੀਆਂ ਇਹ ਕਚੀਆਂ ਗੜੀਆਂ ਪੱਕੇ ਤੌਰ ਤੇ ਇਤਿਹਾਸ ਦੇ ਪੰਨਿਆਂ ਵਿਚ ਆਪਣੀ ਡੂੰਘੀ ਛਾਪ ਛਡ ਗਈਆਂ ਹਨ ਕਿਸੇ ਕਵੀ ਨੇ ਆਪਣੇ ਜਜਬਾਤਾਂ ਰਾਹੀਂ ਸਾਰਾਗੜ੍ਹੀ ਤੇ ਉਸ ਵਿਚ ਤਾਇਨਾਤ ਫੌਜੀਆਂ ਦੀ ਦਲੇਰੀ ਤੇ ਸੂਰਬੀਰਤਾ ਦਾ ਚਿਤਰਣ ਕੀਤਾ ਹੈ ।
ਮੈਂ ਕਚੀ ਗੜ੍ਹੀ ਸਰਹਦ ਦੀ ਜੋ ਵਿਚ ਵਜੀਰਸਤਾਨ
ਉਥੇ ਪਲਟਣ ਕੋਈ ਨਾ ਠਹਿਰਦੀ ਬਸ ਜਾਵਣ ਤੇ ਮੁੜ ਆਣ
ਫਿਰ ਪਲਟਣ 36 ਨੰਬਰੀ ਪਹੁੰਚੀ ਵਿਚ ਮੈਦਾਨ
ਉਹ ਛੇ ਛੇ ਫੁਟ ਦੇ ਸੂਰਮੇ ਜਿਨ੍ਹਾ ਬੰਨੀ ਸਿਰ ਦਸਤਾਰ
ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀਆਂ ਸਰਹੱਦਾਂ ਅਫਗਾਨਿਸਤਾਨ, ਚੀਨ,ਤੇ ਲਦਾਖ ਤਕ ਪੁਚਾ ਦਿਤੀਆਂ ਸੀ । ਅਫਗਾਨਿਸਤਾਨ ਦੀ ਸਰਹਦ ਤੇ ਉਸਨੇ ਫੌਜ਼ ਦੀ ਸੁਰਖਿਆ ਲਈ ਦੋ ਕਿਲੇ ਬਣਵਾਏ ਸੀ ਲੋਕਹਾਰਟ ਤੇ ਕਿਲਾ ਗੁਲਿਸਤਾਨ । ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੋਈ ਯੋਗ ਵਾਰਿਸ ਨਾ ਹੋਣ ਕਰਕੇ ਤੇ ਡੋਗਰਿਆਂ ਦੀ ਬਦਨੀਤੀ ਕਾਰਣ ਪੰਜਾਬ ਤੇ ਅੰਗਰੇਜ਼ ਕਾਬਜ਼ ਹੋ ਗਏ ।
1839 ਵਿਚ ਭਾਵੇਂ ਅੰਗਰੇਜਾਂ ਨੇ ਅਫਗਾਨਿਸਤਾਨ ਤੇ ਕਬਜਾ ਕਰ ਲਿਆ ਸੀ ਪਰ ਜਲਦੀ ਹੀ ਹਜ਼ਾਰਾਂ ਫੌਜੀ ਮਰਵਾ ਕੇ ਵਾਪਸ ਆ ਗਏ । ਫਿਰ ਲੰਬੇ ਸਮੇਂ ਬਾਅਦ 1878 ਵਿਚ ਸਿਖਾਂ ਦੀ ਮਦਤ ਨਾਲ ਉਨ੍ਹਾ ਨੇ ਅਫਗਾਨਿਸਤਾਨ ਤੇ ਦੁਬਾਰਾ ਕਬਜਾ ਕੀਤਾ ਸਿਖਾਂ ਦੀ ਬਹਾਦਰੀ ਨੂੰ ਉਨ੍ਹਾ ਨੇ ਬਹੁਤ ਨੇੜਿਓਂ ਦੇਖਿਆ ਸੀ । ਉਨ੍ਹਾ ਨੂੰ ਇਸ ਗਲ ਦੀ ਤਾਂ ਸਮਝ ਆ ਗਈ ਸੀ ਕਿ ਸਖਤ ਜਾਨ ਪਠਾਣਾ ਨਾਲ ਮੁਕਾਬਲਾ ਸਿਖਾਂ ਦੀ ਮਦਤ ਬਗੈਰ ਨਹੀਂ ਕੀਤਾ ਜਾ ਸਕਦਾ । ਇਸ ਲਈ 23 ਮਾਰਚ 1887 ਵਿਚ Lt. Col. Jim Cook. ਦੀ ਕਮਾਂਡ ਹੇਠਾਂ ਜਲੰਧਰ ਛਾਵਨੀ ਵਿਖੇ 36 ਸਿਖ ਰੇਜਮੈਂਟ ਸਥਾਪਿਤ ਕੀਤੀ ਗਈ ।
ਜਨਵਰੀ 1897 ਵਿਚ ਕੈਪਟਨ H.R.Holmes ਨੇ Lt.General John Houghton ਦੀ ਕਮਾਨ ਹੇਠ ਇਸ 36 ਸਿਖ ਰੈਜਮੇਂਟ ਨੂੰ ਪਿਸ਼ਾਵਰ ਭੇਜ ਦਿਤਾ ਗਿਆ ਜਿਥੇ ਇਨ੍ਹਾ ਨੇ ਅਫਗਾਨਿਸਤਾਨ ਵਿਚ ਸਮਾਣਾ ਦੇ ਕਿਲਿਆਂ ਦਾ ਚਾਰਜ ਸੰਭਾਲ ਲਿਆ । ਕਿਲਾ ਲੋਕਹਾਰਡ ਜੋ ਸਮੁੰਦਰ ਤਲ ਤੋ 6496 ਫੁਟ ਦੀ ਉਚਾਈ ਤੇ ਸੀ, ਜੋਨ ਹਾਰਟੇਨਡ ਦੀ ਕਮਾਂਡ ਹੇਠ 168 ਸਿਪਾਹੀ ਤਾਇਨਾਤ ਕਰ ਦਿਤੇ ਗਏ । ਕਿਲਾ ਗੁਲਿਸਤਾਨ ਜਿਸਦੀ ਉਚਾਈ ਸਮੁੰਦਰ ਤਲ ਤੋ 6152 ਫੁਟ ਸੀ ,ਕੈਪਟਨ ਗੋਰ੍ਡਨ ਦੀ ਕਮਾਂਡ ਹੇਠ 175 ਸਿਪਾਹੀ ਤਾਇਨਾਤ ਕੀਤੇ ਗਏ । ਪੰਜ ਚੌਕੀਆਂ ,ਥਾਰ, ਸੰਗਰ,ਸਤੋ, ਕਰਾਗ ਅਤੇ ਸਾਰਾਗੜੀ ਜਿਸ ਉਤੇ ਹਰ ਚੌਕੀ ਤੇ 20 -25 ਸਿਖ ਸਿਪਾਹੀਆਂ ਨੂੰ ਤਾਇਨਾਤ ਕਰ ਦਿਤਾ । ਇਥੇ 36 ਸਿਖ ਰਜਮੈਂਟ ਦੇ 21 ਸਿਖ ਸੈਨਿਕ ਤਾਇਨਾਤ ਸੀ ਇਹ ਰਣਜੀਤ ਸਿੰਘ ਦੇ ਵਕਤ ਦੋ ਬਣਾਏ ਦੋ ਕਿਲਿਆਂ ਦੇ ਵਿਚਕਾਰ ਸੈਨਿਕਾਂ ਦੀ ਚੌਕੀ ਸੀ ਜੋ ਸਾਰਾਗੜ੍ਹੀ ਦੇ ਨਾਮ ਤੇ ਜਾਣੀ ਜਾਂਦੀ ਸੀ । ਇਨ੍ਹਾਂ ਕਿਲਿਆਂ ਤੇ ਅਫਗਾਨੀਆਂ ਦੀ ਕਦ ਤੋਂ ਨਜਰ ਸੀ ਤੇ ਇਸ ਨੂੰ ਜਿਤਣ ਵਾਸਤੇ ਇਨ੍ਹਾ ਨੇ ਕਿਲਿਆਂ ਤੇ ਕਈ ਵਾਰੀ ਹਮਲੇ ਵੀ ਕੀਤੇ । ਪਰ ਹਮੇਸ਼ਾ ਹੀ ਇਸ ਰੈਜਮੇੰਟ ਦੇ ਬਹਾਦਰ ਸਿਪਾਹੀਆਂ ਨੇ ਇਨ੍ਹਾ ਨੂੰ ਖਦੇੜ ਦਿਤਾ ।
ਸਾਰਾਗੜੀ ਇਨ੍ਹਾ ਦੋ ਕਿਲਿਆਂ ਦੇ ਵਿਚਕਾਰ ਉਹ ਚੌਕੀ ਸੀ, ਜਿਥੋਂ ਇਨ੍ਹਾ ਦੋਨੋ ਕਿਲਿਆਂ ਨਾਲ ਬੜੀ ਆਸਾਨੀ ਨਾਲ ਸੰਪਰਕ ਕੀਤਾ ਜਾ ਸਕਦਾ ਸੀ । ਇਸ ਕਿਲੇ ਤੇ ਫ਼ਰਵਰੀ 1891 ਵਿਚ ਪੰਜਾਬ ਇੰਨਫੇਨਟਰੀ ਦੇ ਕਰਨਲ ਬਰੂਸ ਦੀ ਕਮਾਂਡ ਹੇਠ 150 ਸਿੰਘਾਂ ਦੀ ਟੁਕੜੀ ਨੇ ਜਿਤ ਹਾਸਲ ਕਰਕੇ ਕਬਜਾ ਕਰ ਲਿਆ ਸੀ ਜਿਸਦੇ ਵਿਰੋਧ ਵਿਚ ਪਠਾਣਾਂ ਨੇ ਮਾਰਚ ਵਿਚ ਫਿਰ ਹਮਲਾ ਕੀਤਾ ਜਿਸ ਵਿਚ 2 ਸਿਖ ਦੀਵਾਨ ਸਿੰਘ ਤੇ ਜੈਮਲ ਸਿੰਘ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਤੇ 300 ਪਠਾਣਾ ਨੂੰ ਮਾਰ ਕੇ ਸ਼ਹੀਦ ਹੋ ਗਏ ਪਰ ਪਠਾਣਾ ਦਾ ਕਬਜਾ ਨਹੀਂ ਹੋਣ ਦਿਤਾ । ਇਨ੍ਹਾ ਦੋਨੋ ਸਿਖਾਂ ਨੂੰ ਵੀ ਉਸ ਵੇਲੇ ਦਾ ਸਭ ਤੋ ਉਚਾ ਸ਼ਹੀਦੀ ਸਨਮਾਨ indian order of merit ਦਿਤਾ ਗਿਆ ਸੀ ।
ਇਸਤਰ੍ਹਾਂ ਬਾਰ ਬਾਰ ਹਾਰਾਂ ਤੋ ਦੁਖੀ ਹੋਕੇ ਤਕਰੀਬਨ 50 ਕਬੀਲਿਆਂ ਨੇ ਇਕ ਸਾਂਝੀ ਬੈਠਕ ਕੀਤੀ ਜਿਸ ਨੂੰ ਲੋਹਿਆ ਜਿਗਾਹ ਆਖਦੇ ਹਨ ਜਿਸ ਵਿਚ ਫੈਸਲਾ ਹੋਇਆ ਕੀ ਜੋ ਮਰਜ਼ੀ ਹੋਵੇ ਹਮਲਾ ਕਰਕੇ ਅੰਗਰੇਜਾਂ ਨੂੰ ਅਫਗਾਨਿਸਤਾਨ ਤੋ ਕਢਣਾ ਹੈ । ਇਸ ਆਪਸੀ ਇਕਰਾਰਨਾਮੇ ਦੇ ਅਧੀਨ 24 ਅਗਸਤ ਤੋ ਲੈਕੇ 11 ਸਤੰਬਰ 1897 ਦਰਿਮਿਆਨ ਹੋਈਆਂ ਵਖ ਵਖ ਲੜਾਈਆਂ ਵਿਚ ਪਠਾਣਾਂ ਨੂੰ ਹਰ ਵਾਰੀ ਹਾਰ ਦਾ ਮੂੰਹ ਦੇਖਣਾ ਪਿਆ ਜਿਸਦਾ ਵਡਾ ਕਾਰਨ ਸੀ, ਸਾਰਾਗੜੀ ਦੀ ਚੌਕੀ । ਜੋ ਹਮਲਿਆਂ ਦੀ ਜਾਣਕਾਰੀ ਬਾਕੀ ਕਿਲਿਆਂ ਵਿਚ ਬੈਠੇ ਸਿਪਾਹੀਆਂ ਨੂੰ ਪੁਚਾ ਦਿੰਦੀ ਸੀ ।
ਇਨ੍ਹਾਂ ਕਿਲਿਆਂ ਤੇ ਹਮਲਿਆਂ ਦੀ ਨਾਕਾਮਯਾਬੀ ਦੇਖ ਕੇ ਕਬੀਲਿਆਂ ਨੇ ਕਿਲਿਆਂ ਦਾ ਆਪਸੀ ਸੰਪਰਕ ਤੋੜਨ ਲਈ ਸਾਰਾਗੜ੍ਹੀ ਦੀ ਅਹਿਮ ਪੋਸਟ ਜਿਥੇ ਜਵਾਨਾਂ ਦੀ ਗਿਣਤੀ ਬੜੀ ਥੋੜੀ ਸੀ ਹਮਲਾ ਕਰਨ ਦਾ ਫੈਸਲਾ ਕੀਤਾ । 12 ਸਤੰਬਰ 1897 ਅਫਗਾਨੀਆਂ ਦੇ ਸਾਰੇ ਕਬੀਲਿਆਂ ਨੇ ਮਿਲਕੇ ਤਕਰੀਬਨ 10-15 ਹਜ਼ਾਰ ਫੌਜ਼ ਨਾਲ ਸਾਰਾਗੜੀ ਦੀ ਚੌਕੀ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ , 5000 ਪਠਾਣਾ ਨੇ ਕਿਲੇ ਗੁਲਿਸਤਾਂ ਦੇ ਆਸ ਪਾਸ ਘੇਰਾ ਪਾ ਲਿਆ ਤੇ 1000 ਪਠਾਨ ਸਭ ਰਸਤਿਆਂ ਤੇ ਤਾਇਨਾਤ ਕੀਤੇ ਗਏ ਤਾਂਕਿ ਕਿਤੋਂ ਵੀ ਕੋਈ ਮਦਤ ਨਾ ਆ ਸਕੇ । ਉਸ ਵੇਲੇ ਸਾਰਾਗੜ੍ਹੀ ਦੀ ਚੌਕੀ ਵਿਚ ਸਿਰਫ 21 ਜਵਾਨ ਸਨ ।
ਜਰਾ ਸੋਚੋ 1971ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ,ਜਿਸ ਵਿਚ ਜਨਰਲ ਨਿਆਜ਼ੀ ਦੀ ਕਮਾਂਡ ਹੇਠ 93000 ਪਾਕਿਸਤਾਨ ਦੇ ਸਿਪਾਹੀਆਂ ਨੂੰ ਇਕ ਸਿਖ ਜਰਨੈਲ ਅਰੋੜਾ(General Arora) ਦੇ ਸਾਮਣੇ ਹਥਿਆਰ ਸੁਟ ਦਿਤੇ ਤਾਕਿ 93000 ਸਿਪਾਹੀਆਂ ਦੀਆਂ ਜਾਨਾਂ ਬਚ ਸਕਣ । ਬਲਿਹਾਰ ਜਾਈਏ ਇਨ੍ਹਾ ਗੁਰੂ ਦੇ ਸਿਖਾਂ ਤੋਂ ਜਿਨ੍ਹਾ ਨੇ ਗਿਣਤੀ ਦੇ ਸਿਰਫ 21 ਸਿਪਾਹੀ ਹੁੰਦਿਆਂ, ਮੌਤ ਨੂੰ ਸਾਮਣੇ ਦੇਖਦਿਆਂ ਜਿਸ ਬਹਾਦਰੀ ਨਾਲ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਹਥਿਆਰ ਸੁਟਣ ਤੋ ਇਨਕਾਰ ਕਰਦਿਆਂ ਜੂਝ ਕੇ ਮਰਨ ਦਾ ਫੈਸਲਾ ਕਰ ਲਿਆ,ਇਹ ਇਕ ਆਪਣੇ ਆਪ ਵਿਚ ਇਕ ਮਿਸਾਲ ਹੈ । ਇਨ੍ਹਾ ਵਿਚ ਤਿੰਨ ਸਿਖਾਂ ਦੀ ਉਮਰ 38-40 ਸਾਲ ਦੇ ਦਰਮਿਆਨ ,10 ਸਿਖ 27-30 ਸਾਲ ਦੀ ਉਮਰ ਦੇ ਸੀ ਤੇ ਬਾਕੀ ਸਾਰੇ 23-26 ਸਾਲ ਦੇ ਉਮਰ ਦੇ ਸਨ ਜਿਨ੍ਹਾ ਨੇ ਪੰਥ ਦੇ ਵਾਲੀ ਸ੍ਰੀ ਗੋਬੰਦ ਸਿੰਘ ਜੀ ਅਗੇ ਅਰਦਾਸ ਕਰਕੇ ਅੰਤਿਮ ਸੁਆਸਾਂ ਤਕ ਲੜਨ ਦੀ ਕਸਮ ਖਾਧੀ ।
12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ।
ਉਨ੍ਹਾਂ ਦੀ ਗਿਣਤੀ 8 ਹਜ਼ਾਰ ਤੋਂ 14 ਹਜ਼ਾਰ ਵਿਚਾਲੇ ਸੀ।
ਸੰਤਰੀ ਨੂੰ ਫੌਰਨ ਅੰਦਰ ਲਿਆ ਗਿਆ ਅਤੇ ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲ੍ਹੇ ਲੋਕਹਾਰਟ ‘ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਤੁਰੰਤ ਹਾਲਾਤ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਉਨ੍ਹਾਂ ਲਈ ਕੀ ਹੁਕਮ ਹੈ?
ਕਰਨਲ ਹਾਟਨ ਨੇ ਹੁਕਮ ਦਿੱਤਾ, “ਹੋਲਡ ਯੋਰ ਪੋਜ਼ੀਸ਼ਨ”, ਯਾਨਿ ਆਪਣੀ ਥਾਂ ‘ਤੇ ਡਟੇ ਰਹੋ। ਇੱਕ ਘੰਟੇ ਅੰਦਰ ਕਿਲ੍ਹੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਅਤੇ ਓਰਕਜ਼ਈਆਂ ਦਾ ਇੱਕ ਸੈਨਿਕ ਹੱਥ ‘ਚ ਚਿੱਟਾ ਝੰਡਾ ਲਈ ਕਿਲ੍ਹੇ ਵੱਲ ਵਧਿਆ।
ਉਸ ਨੇ ਚੀਕ ਕੇ ਕਿਹਾ, “ਸਾਡੀ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ। ਸਾਡੀ ਜੰਗ ਅੰਗਰੇਜ਼ਾਂ ਨਾਲ ਹੈ। ਤੁਸੀਂ ਗਿਣਤੀ ਵਿੱਚ ਬਹੁਤ ਘੱਟ ਹੋ, ਮਾਰੇ ਜਾਓਗੇ। ਸਾਡੇ ਸਾਹਮਣੇ ਹਥਿਆਰ ਸੁੱਟ ਦਿਓ। ਅਸੀਂ ਤੁਹਾਡਾ ਖ਼ਿਆਲ ਰੱਖਾਂਗੇ ਅਤੇ ਤੁਹਾਨੂੰ ਇੱਥੋਂ ਸੁਰੱਖਿਅਤ ਨਿਕਲਣ ਦਾ ਰਸਤਾ ਦੇਵਾਂਗੇ।”
ਬਾਅਦ ‘ਚ ਬ੍ਰਿਟਿਸ਼ ਫੌਜ਼ ਦੇ ਮੇਜਰ ਜਨਰਲ ਜੈਮਸ ਲੰਟ ਨੇ ਇਸ ਜੰਗ ਬਾਰੇ ਦੱਸਦੇ ਹੋਏ ਲਿਖਿਆ, “ਈਸ਼ਰ ਸਿੰਘ ਨੇ ਇਸ ਪੇਸ਼ਕਸ਼ ਦਾ ਜਵਾਬ ਓਰਕਜ਼ਈਆਂ ਦੀ ਹੀ ਭਾਸ਼ਾ ਪਸ਼ਤੋ ਵਿੱਚ ਦਿੱਤਾ।”
“ਉਨ੍ਹਾਂ ਦੀ ਭਾਸ਼ਾ ਨਾ ਸਿਰਫ਼ ਸਖ਼ਤ ਸੀ ਬਲਕਿ ਗਾਲ੍ਹਾਂ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸ ਦੀ ਆਖ਼ਰੀ ਸਾਹ ਤੱਕ ਰੱਖਿਆ ਕਰਾਂਗੇ।”
ਕਿਉਂ ਹੋਈ ਸੀ ਸਾਰਾਗੜ੍ਹੀ ਦੀ ਜੰਗ
ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜਿਲ੍ਹੇ ‘ਚ ਕਰੀਬ 6 ਹਜ਼ਾਰ ਫੁੱਟ ਦੀ ਉਚਾਈ ‘ਤੇ ਹੈ।
ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ ‘ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ਼ ਨਹੀਂ ਹੋ ਸਕਿਆ।
1880 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ, ਜਿਸ ਦਾ ਸਥਾਨਕ ਓਰਕਜ਼ਈ ਲੋਕਾਂ ਨੇ ਵਿਰੋਧ ਕੀਤਾ ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ ਸਨ।
1891 ਵਿੱਚ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ, ਰਬੀਆ ਖੇਡ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਤੇ ਉਨ੍ਹਾਂ ਨੂੰ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ ‘ਚ ਤਿੰਨ ਛੋਟੇ ਕਿਲ੍ਹੇ ਬਣਾਉਣ ਦੀ ਮਨਜ਼ੂਰੀ ਮਿਲ ਗਈ।
ਪਰ ਸਥਾਨਕ ਓਰਕਜ਼ਈ ਲੋਕਾਂ ਨੇ ਇਸ ਨੂੰ ਕਦੇ ਪਸੰਦ ਨਹੀਂ ਕੀਤਾ। ਉਹ ਇਨ੍ਹਾਂ ਟਿਕਾਣਿਆਂ ‘ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ ਉਥੋਂ ਭੱਜ ਜਾਣ।
3 ਸਤੰਬਰ 1897 ਨੂੰ ਪਠਾਣਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨਾਂ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਰਨਲ ਹਾਟਨ ਨੇ ਕਿਸੇ ਤਰ੍ਹਾਂ ਹਾਲਾਤ ਨੂੰ ਸੰਭਾਲ ਲਿਆ।
ਪਰ 12 ਸਤੰਬਰ ਨੂੰ ਓਰਕਜ਼ਈਆਂ ਨੇ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ ਅਤੇ ਲੌਕਹਾਰਟ ਤੇ ਗੁਲਿਸਤਾਂ ਨੂੰ ਸਾਰਾਗੜ੍ਹੀ ਤੋਂ ਵੱਖ ਕਰ ਦਿੱਤਾ।
‘ਫਾਇਰਿੰਗ ਰੇਂਜ’
ਓਰਕਜ਼ਈਆਂ ਦਾ ਪਹਿਲਾਂ ਫਾਇਰ ਠੀਕ 9 ਵਜੇ ਆਇਆ।
ਸਾਰਾਗੜ੍ਹੀ ਜੰਗ ‘ਤੇ ਪ੍ਰਸਿੱਧ ਕਿਤਾਬ ‘ਦਿ ਆਈਕਨ ਬੈਟਲ ਆਫ ਸਾਰਾਗੜ੍ਹੀ’ ਲਿਖਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, “ਹਵਲਦਾਰ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਅਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ।”
“ਉਨ੍ਹਾਂ ‘ਤੇ ਉਦੋਂ ਗੋਲੀਬਾਰੀ ਕੀਤੀ ਜਦੋਂ ਉਹ 1000 ਗਜ਼ ਯਾਨਿ ਉਨ੍ਹਾਂ ਦੀ ‘ਫਾਇਰਿੰਗ ਰੇਂਜ’ ‘ਚ ਆ ਜਾਣ।”
“ਸਿੱਖ ਜਵਾਨਾਂ ਕੋਲ ਸਿੰਗਲ ਸ਼ੌਟ ‘ਮਾਰਟਿਨੀ ਹੇਨਰੀ .303’ ਰਾਈਫਲਾਂ ਸਨ, ਜੋ ਇੱਕ ਮਿੰਟ ਵਿੱਚ 10 ਰਾਊਂਡ ਫਾਇਰ ਕਰ ਸਕਦੀ ਸੀ। ਹਰੇਕ ਸੈਨਿਕ ਕੋਲ 400 ਗੋਲੀਆਂ ਸਨ, 100 ਉਨ੍ਹਾਂ ਦੀਆਂ ਜੇਬਾਂ ਵਿੱਚ ਅਤੇ 300 ਰਿਜ਼ਰਵ ਵਿੱਚ।”
“ਉਨ੍ਹਾਂ ਨੇ ਪਠਾਣਾਂ ਨੂੰ ਆਪਣੀਆਂ ਰਾਈਫਲਾਂ ਦੀ ਰੇਂਜ ‘ਚ ਆਉਣ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।”
ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਰਿਹਾ
ਪਹਿਲੇ ਇੱਕ ਘੰਟੇ ‘ਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।
ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ ਪਰ ਉਨ੍ਹਾਂ ਨੇ ਸਿੱਖਾਂ ‘ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀ।
ਸਿੱਖ ਵੀ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਪਰ ਹਜ਼ਾਰਾਂ ਫਾਇਰ ਕਰਦਿਆਂ ਹੋਇਆ ਪਠਾਨਾਂ ਦੇ ਸਾਹਮਣੇ 21 ਰਾਇਫਲਾਂ ਦੀ ਕੀ ਪੇਸ਼ ਸੀ? ਅਤੇ ਫਿਰ ਕਿੰਨੇ ਸਮੇਂ ਤੱਕ?
ਪਠਾਣਾਂ ਨੇ ਘਾਹ ‘ਚ ਲਗਾਈ ਅੱਗ
ਉਦੋਂ ਉੱਤਰ ਵੱਲੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਪਠਾਣਾਂ ਨੂੰ ਬਹੁਤ ਮਦਦ ਮਿਲ ਗਈ। ਉਨ੍ਹਾਂ ਨੇ ਘਾਹ ‘ਚ ਅੱਗ ਲਗਾ ਦਿੱਤੀ ਅਤੇ ਉਨ੍ਹਾਂ ਦੀਆਂ ਲਪਟਾਂ ਕਿਲ੍ਹੇ ਦੀਆਂ ਕੰਧਾਂ ਵੱਲ ਵਧਣ ਲਗੀਆਂ।
ਧੂੰਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਆ ਗਏ ਪਰ ਸਿੱਖਾਂ ਵੱਲੋਂ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਨ੍ਹਾਂ ਨੂੰ ਪਿੱਛੇ ਹਟਨਾ ਪਿਆ।
ਉਸ ਵਿਚਾਲੇ ਸਿੱਖ ਖੇਮੇ ਵਿੱਚ ਵੀ...

ਜਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਅਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਗੋਲੀਆਂ ਬਚਾ ਕੇ ਰੱਖਣ ਦਾ ਆਦੇਸ਼
ਸਿਗਨਲ ਮੈਨ ਗੁਰਮੁਖ ਸਿੰਘ ਲਗਾਤਾਰ ਕਰਨਲ ਹਾਟਨ ਨੂੰ ਸੰਕੇਤਕ ਭਾਸ਼ਾ ਵਿੱਚ ਦੱਸ ਰਹੇ ਸਨ ਕਿ ਪਠਾਣ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਡੀ ਗੋਲੀਆਂ ਖ਼ਤਮ ਹੋ ਰਹੀਆਂ ਹਨ।
ਕਰਨਲ ਨੇ ਜਵਾਬ ਦਿੱਤਾ, “ਅੰਨ੍ਹੇਵਾਹ ਗੋਲੀਆਂ ਨਾ ਚਲਾਈਆਂ ਜਾਣ। ਜਦੋਂ ਤੁਸੀਂ ਬਿਲਕੁਲ ਨਿਸ਼ਚਿਤ ਹੋਵੋ ਕਿ ਗੋਲੀ ਦੁਸ਼ਮਣ ਨੂੰ ਲੱਗੇਗੀ, ਤਾਂ ਹੀ ਗੋਲੀਆਂ ਚਲਾਈਆਂ ਜਾਣ। ਅਸੀਂ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਕੁਝ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ।”
ਅਮਰਿੰਦਰ ਸਿੰਘ ਆਪਣੀ ਕਿਤਾਬ ‘ਸਾਰਾਗੜ੍ਹੀ ਐਂਡ ਦਿ ਡਿਫੈਂਸ ਆਫ ਦਿ ਸਾਮਨਾ ਫੋਰਟ’ ਵਿੱਚ ਲਿਖਦੇ ਹਨ, “ਲੌਕਹਾਰਟ ਕਿਲ੍ਹੇ ਨਾਲ ਰਾਇਲ ਆਇਰਿਸ਼ ਰਾਇਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜ੍ਹੀ ‘ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ।”
“ਪਰ ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਣਗੇ ਤਾਂ ਪਠਾਨਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।”
“ਜੇਕਰ ਉਹ ਹੋਰ ਨੇੜੇ ਜਾਣਗੇ ਤਾਂ ਪਠਾਣਾਂ ਦੀ ਲੰਬੀਆਂ ਨਾਲਾਂ ਵਾਲੀਆਂ ‘ਜਿਜ਼ੇਲ’ ਅਤੇ ਚੋਰੀ ਕੀਤੀਆਂ ਗਈਆਂ ਲੀ ਮੈਟਫੋਰਡ ਰਾਇਫਲਾਂ ਉਨ੍ਹਾਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲੈਣਗੀਆਂ। ਉਹ ਵਾਪਸ ਆਪਣੇ ਕਿਲ੍ਹੇ ਵਿੱਚ ਪਰਤ ਆਏ।”
ਪਠਾਨਾਂ ਨੇ ਕਿਲ੍ਹੇ ਦੀ ਕੰਧ ‘ਚ ਕੀਤੀ ਮੋਰੀ
ਇਹ ਸਭ ਹੋ ਰਿਹਾ ਸੀ ਕਿ ਦੋ ਪਠਾਣ ਮੁੱਖ ਕਿਲ੍ਹੇ ਦੇ ਸੱਜੇ ਹਿੱਸੇ ਦੀ ਕੰਧ ਦੇ ਠੀਕ ਹੇਠਾਂ ਪਹੁੰਚਣ ਵਿੱਚ ਸਫ਼ਲ ਹੋ ਗਏ।
ਆਪਣੀਆਂ ਤੇਜ਼ ਛੁਰੀਆਂ ਨਾਲ ਉਨ੍ਹਾਂ ਨੇ ਕੰਧ ਦੀ ਨੀਂਹ ਅਤੇ ਹੇਠਾਂ ਦੇ ਪੱਥਰਾਂ ਦੇ ਪਲਾਸਟਰ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ।
ਇਸ ਵਿਚਾਲੇ ਈਸ਼ਰ ਸਿੰਘ ਆਪਣੇ ਚਾਰ ਲੋਕਾਂ ਨੂੰ ਕਿਲ੍ਹੇ ਦੇ ਮੁੱਖ ਹਾਲ ਵਿੱਚ ਲੈ ਆਏ ਜਦਕਿ ਉਹ ਖ਼ੁਦ ਉਪਰੋਂ ਫਾਇਰਿੰਗ ਕਰਦੇ ਰਹੇ।
ਪਰ ਪਠਾਨ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ ‘ਚ 7 ਫੁੱਟ ਵੱਡੀ ਮੋਰੀ ਕਰਨ ਵਿੱਚ ਸਫ਼ਲ ਰਹੇ।
ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, “ਪਠਾਣਾਂ ਨੇ ਇੱਕ ਹੋਰ ਤਰਕੀਬ ਕੱਢੀ। ਉਨ੍ਹਾਂ ਨੇ ਮੰਜੀਆਂ ਨੂੰ ਆਪਣੇ ਸਿਰ ‘ਤੇ ਚੁੱਕਿਆ ਅਤੇ ਉਨ੍ਹਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਨ੍ਹਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ।”
“ਉਹ ਇੱਕ ਅਜਿਹੇ ਕੋਣ ‘ਤੇ ਪਹੁੰਚ ਗਏ ਜਿੱਥੇ ਕਿਲ੍ਹੇ ਉਪਰੋਂ ਉਨ੍ਹਾਂ ਨੂੰ ਮੋਰੀ ਕਰਦਿਆਂ ਕੋਈ ਦੇਖ ਨਹੀਂ ਸਕਦਾ ਸੀ, ਫੋਰਟ ਗੁਲਿਸਤਾਂ ਦੇ ਕਮਾਂਡਰ ਮੇਜਰ ਦੇ ਵੋਏ ਆਪਣੇ ਟਿਕਾਣੇ ਤੋਂ ਇਹ ਸਭ ਹੁੰਦਿਆਂ ਦੇਖ ਰਹੇ ਸਨ।”
“ਸਾਰਾਗੜ੍ਹੀ ਦੇ ਜਵਾਨਾਂ ਨੂੰ ਇਸ ਬਾਰੇ ਸਿਗਨਲ ਵੀ ਭੇਜੇ ਪਰ ਸਿਗਨਲ ਮੈਨ ਗੁਰਮੁਖ ਸਿੰਘ ਲੌਕਹਾਰਟ ਤੋਂ ਆ ਰਹੇ ਸਿਗਨਲਾਂ ਨੂੰ ਪੜ੍ਹਣ ‘ਚ ਮਸ਼ਰੂਫ ਸਨ, ਇਸ ਲਈ ਇਨ੍ਹਾਂ ਸਿਗਨਲਾਂ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ।”
ਮਦਦ ਦੀਆਂ ਕੋਸ਼ਿਸ਼ਾਂ ਹੋਈਆਂ ਬੇਕਾਰ
ਲਾਂਸ ਨਾਇਕ ਚਾਂਦ ਸਿੰਘ ਦੇ ਨਾਲ ਮੁੱਖ ਬਲਾਕ ‘ਚ ਤਾਇਨਾਤ ਤਿੰਨ ਜਵਾਨ ਸਾਹਿਬ ਸਿੰਘ, ਜੀਵਨ ਸਿੰਘ ਅਤੇ ਦਯਾ ਸਿੰਘ ਮਾਰੇ ਗਏ।
ਜਦੋਂ ਚਾਂਦ ਸਿੰਘ ਇਕੱਲੇ ਰਹਿ ਗਏ ਤਾਂ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਬਾਕੀ ਸਾਥੀ ਆਪਣੀ ਰੱਖਿਆ ‘ਪੋਜੀਸ਼ਨ’ ਨੂੰ ਛੱਡ ਕੇ ਉਨ੍ਹਾਂ ਦੇ ਕੋਲ ਮੁੱਖ ਬਲਾਕ ਵਿੱਚ ਆ ਗਏ।
ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀ ਰਾਇਫਲਾਂ ‘ਚ ਸੰਗੀਨ ਲਗਾ ਲੈਣ। ਜੋ ਵੀ ਪਠਾਨ ਉਸ ਮੋਰੀ ਵਿਚੋਂ ਅੰਦਰ ਆਇਆ, ਉਸ ‘ਤੇ ਰਾਇਫਲਾਂ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਗਾਇਆ ਗਿਆ ਜਾਂ ਉਨ੍ਹਾਂ ਨੂੰ ਸੰਗੀਨ ਮਾਰ ਦਿੱਤੀ ਗਈ।
ਪਰ ਬਾਹਰ ਕੌਨਿਆਂ ‘ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਣ ਬਾਂਸ ਦੀਆਂ ਬਣੀਆਂ ਪੌੜੀਆਂ ਤੋਂ ਉਪਰ ਚੜ੍ਹ ਆਏ।
ਅਮਰਿੰਦਰ ਸਿੰਘ ਲਿਖਦੇ ਹਨ, “ਉਸ ਇਲਾਕੇ ‘ਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹਾਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ ‘ਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ।”
“ਜਦੋਂ ਉਹ ਕਿਲ੍ਹੇ ਤੋਂ ਸਿਰਫ਼ 500 ਮੀਟਰ ਦੂਰ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਣ ਕਿਲ੍ਹੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ। ਹਾਟਨ ਨੂੰ ਅੰਦਾਜ਼ਾ ਹੋ ਗਿਆ ਹੁਣ ਸਾਰਾਗੜ੍ਹੀ ਘਿਰ ਗਿਆ ਹੈ।”
ਗੁਰਮੁਖ ਸਿੰਘ ਦਾ ਆਖ਼ਰੀ ਸੰਦੇਸ਼
ਇਸ ਵਿਚਾਲੇ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖ਼ਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਹਨ।
ਲੈਫਟੀਨੈਂਟ ਕ੍ਰੈਸਟਰ, ਲੈਫਟੀਨੈਂਟ ਬ੍ਰਾਊਨ, ਲੈਫਟੀਨੈਂਟ ਵੈਨ ਸੋਮੇਰ (ਖੱਬੇ ਪਾਸੇ ਖੜ੍ਹੇ, ਲੈਫਟੀਨੈਂਟ ਮਨ, ਕੈਪਟਨ ਕੁਸਟੈਂਸ, ਲੈਫਟੀਨੈਂਟ ਕਰਨਲ ਜੌਨ ਹਾਰਟਨ, ਮੇਜਰ ਡੈ ਵੋਏਕਸ, ਕੈਪਟਨ ਸਰਲੇ, ਕੈਪਟਨ ਸਰਜਨ ਪ੍ਰਾਲ, ਲੈਫਟੀਨੈਂਟ ਟਰਨਿੰਗ (ਖੱਬੇ ਪਾਸੇ ਬੈਠੇ ਹੋਏ)
ਉਨ੍ਹਾਂ ਨੇ ਕਰਨਲ ਹਾਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜ਼ਾਜਤ ਮੰਗੀ। ਕਰਨਲ ਨੇ ਆਪਣੇ ਆਖ਼ਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।
ਗੁਰਮੁਖ ਸਿੰਘ ਨੇ ਆਪਣੇ ਹੇਲਿਓ ਨੂੰ ਇੱਕ ਪਾਸੇ ਰੱਖਿਆ, ਆਪਣੀ ਰਾਇਫਲ ਚੁੱਕੀ ਅਤੇ ਮੁੱਖ ਬਲਾਕ ਵਿੱਚ ਲੜਾਈ ਲੜ ਰਹੇ ਆਪਣੇ ਬਚੇ ਖੁਚੇ ਸਾਥੀਆਂ ਕੋਲ ਆ ਗਏ।
ਉਦੋਂ ਤੱਕ ਈਸ਼ਰ ਸਿੰਘ ਸਮੇਤ ਸਿੱਖ ਟੁਕੜੀ ਦੇ ਵਧੇਰੇ ਜਵਾਨ ਮਾਰੇ ਗਏ ਸਨ। ਪਠਾਣਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿੱਲਰੀਆਂ ਪਈਆਂ ਸਨ।
ਉਨ੍ਹਾਂ ਵੱਲੋਂ ਬਣਾਈ ਗਈ ਮੋਰੀ ਅਤੇ ਸੜ੍ਹ ਚੁੱਕਿਆ ਮੁੱਖ ਗੇਟ ਪਠਾਣਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ। ਆਖ਼ਿਰ ਵਿੱਚ ਨਾਇਕ ਲਾਲ ਸਿੰਘ, ਗੁਰਮੁਖ ਸਿੰਘ ਅਤੇ ਇੱਕ ਅਸੈਨਿਕ ਦਾਦ ਬਚ ਗਏ।
ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਹੀ ਪਠਾਨਾਂ ਉੱਤੇ ਗੋਲੀਆਂ ਚਲਾ ਰਹੇ ਸਨ।
ਦਾਦ ਨੇ ਵੀ ਚੁੱਕੀ ਰਾਇਫਲ
ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਬੰਦੂਕ ਨਹੀਂ ਚੁੱਕਣਗੇ।
ਦਾਦ ਦਾ ਕੰਮ ਸੀ ਜਖ਼ਮੀ ਹੋਏ ਲੋਕਾਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਅਤੇ ਉਨ੍ਹਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ।
ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਦਾਦ ਨੇ ਵੀ ਰਾਇਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਨ੍ਹਾਂ ਨੇ 5 ਪਠਾਣਾਂ ਨੂੰ ਜਾਂ ਤਾਂ ਗੋਲੀ ਨਾਲ ਉਡਾਇਆ ਜਾਂ ਉਨ੍ਹਾਂ ਦੇ ਢਿੱਡ ‘ਚ ਸੰਗੀਨ ਮਾਰੀ।
ਅਮਰਿੰਦਰ ਸਿੰਘ ਲਿਖਦੇ ਹਨ, “ਆਖ਼ਿਰ ‘ਚ ਗੁਰਮੁਖ ਸਿੰਘ ਬਚੇ। ਉਨ੍ਹਾਂ ਨੇ ਉਸ ਥਾਂ ਜਾ ਕੇ ‘ਪੋਜੀਸ਼ਨ’ ਲਈ, ਜਿੱਥੇ ਜਵਾਨਾਂ ਦੇ ਸੋਣ ਲਈ ਕਮਰੇ ਸਨ।”
“ਗੁਰਮੁਖ ਨੇ ਇਕੱਲੇ ਗੋਲੀ ਚਲਾਉਂਦਿਆਂ ਹੋਇਆ ਘੱਟੋ-ਘੱਟ 20 ਪਠਾਨਾਂ ਨੂੰ ਮਾਰਿਆ। ਪਠਾਣਾਂ ਨੇ ਲੜਾਈ ਖ਼ਤਮ ਕਰਨ ਲਈ ਪੂਰੇ ਕਿਲ੍ਹੇ ਨੂੰ ਅੱਗ ਲਗਾ ਦਿੱਤੀ।”
“36 ਸਿੱਖ ਦੇ ਆਖ਼ਰੀ ਜਵਾਨ ਨੇ ਹਥਿਆਰ ਸੁੱਟਣ ਨਾਲੋਂ ਬਿਹਤਰ ਆਪਣੀ ਜਾਨ ਗੁਆਉਣਾ ਸਹੀ ਸਮਝਿਆ।”
ਗ਼ੈਰ-ਬਰਾਬਰੀ ਦੀ ਇਹ ਜੰਗ 7 ਘੰਟੇ ਤੱਕ ਚੱਲੀ, ਜਿਸ ਵਿੱਚ ਸਿੱਖਾਂ ਵੱਲੋਂ 22 ਲੋਕ ਅਤੇ ਪਠਾਨਾਂ ਵੱਲੋਂ 180 ਤੋਂ 200 ਵਿਚਾਲੇ ਲੋਕ ਮਾਰੇ ਗਏ। ਉਨ੍ਹਾਂ ਦੇ ਕਰੀਬ 600 ਲੋਕ ਜਖ਼ਮੀ ਹੋਏ ਸਨ।
ਲੱਕੜ ਦੇ ਦਰਵਾਜ਼ੇ ਕਰਕੇ ਕਿਲ੍ਹਾ ਫਤਹਿ ਹੋਇਆ
ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, “ਜੰਗ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਦੇ ‘ਡਿਜ਼ਾਇਨ’ ‘ਚ ਇੱਕ ਹੋਰ ਖਾਮੀ ਮਿਲੀ।”
“ਕਿਲ੍ਹੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾਂ ਵੀ ਨਹੀਂ ਲਗਾਈਆਂ ਗਈਆਂ ਸਨ।”
“ਉਹ ਪਠਾਣਾਂ ਦੀ ‘ਜਿਜ਼ੇਲ’ ਰਾਇਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਹੀਂ ਝੱਲ ਨਹੀਂ ਸਕਿਆ ਅਤੇ ਟੁੱਟ ਗਿਆ।”
“ਤਿੰਨ ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਅੱਗੇ ਵਧਦੇ ਪਠਾਣਾਂ ਨਾਲ ਸਿਰਫ਼ ਸੰਗੀਨਾਂ ਨਾਲ ਲੜ ਰਹੇ ਸਨ।”
ਪਠਾਣਾਂ ਨੇ ਕਿਲ੍ਹੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ, ਉਹ ਉਦੋਂ ਤੱਕ ਵੱਧ ਕੇ 7 ਫੁੱਟ ਗੁਣਾ 12 ਫੁੱਟ ਹੋ ਗਈ ਸੀ।”
ਇੱਕ ਦਿਨ ਬਾਅਦ ਹੀ ਓਰਕਜ਼ਈ ਸਾਰਾਗੜ੍ਹੀ ਤੋਂ ਭੱਜ ਗਏ
14 ਸਤੰਬਰ ਨੂੰ ਕੋਹਾਟ ਤੋਂ 9 ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲ੍ਹੇ ‘ਚ ਮੌਜੂਦ ਸਨ।
ਉਨ੍ਹਾਂ ਨੇ ਤੋਪ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਰਿਜ ‘ਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਕੋਲੋਂ ਛੁਡਾ ਲਿਆ।
ਜਦੋਂ ਇਹ ਸੈਨਿਕ ਅੰਦਰ ਗਏ ਤਾਂ ਉੱਥੇ ਉਨ੍ਹਾਂ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ ਲਾਸ਼ ਮਿਲੀ। ਉਥੇ ਬਾਕੀ ਸਿੱਖ ਸੈਨਿਕਾਂ ਅਤੇ ਦਾਦ ਦੀਆਂ ਲਾਸ਼ਾਂ ਵੀ ਪਈਆਂ ਹੋਈਆਂ ਸਨ।
ਇਸ ਪੂਰੀ ਲੜਾਈ ਨੂੰ ਨੇੜੇ ਦੇ ਲੌਕਹਾਰਟ ਅਤੇ ਗੁਲਿਸਤਾਂ ਕਿਲ੍ਹਿਆਂ ਤੋਂ ਅੰਗਰੇਜ਼ ਅਫ਼ਸਰਾਂ ਨੇ ਦੇਖਿਆ।
ਪਰ ਪਠਾਨ ਇੰਨੀ ਵੱਡੀ ਗਿਣਤੀ ਵਿੱਚ ਸਨ ਕਿ ਉਹ ਬਹੁਤ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆ ਸਕੇ।
ਲੈਫਟੀਨੈਂਟ ਕਰਨਲ ਜੌਨ ਹਾਟਨ ਪਹਿਲੇ ਸ਼ਖ਼ਸ ਸਨ, ਜਿਨ੍ਹਾਂ ਉਨ੍ਹਾਂ ਫੌਜੀਆਂ ਦੀ ਬਹਾਦੁਰੀ ਨੂੰ ਪਛਾਣਿਆ। ਉਨ੍ਹਾਂ ਨੇ ਸਾਰਾਗੜ੍ਹੀ ਪੋਸਟ ਦੇ ਸਾਹਮਣੇ ਮਾਰੇ ਗਏ ਆਪਣੇ ਸਾਥੀਆਂ ਨੂੰ ਸਲੂਟ ਕੀਤਾ।
14 ਸਤੰਬਰ ਦੀ ਸ਼ਾਮ ਨੇ ਫਿਰ ਸਿਖਾਂ ਨੇ ਸਾਰਾਗੜੀ ਦੀ ਚੋਟੀ ਤੇ ਕਬਜਾ ਕਰ ਲਿਆ ਤੇ ਸ਼ਹੀਦ ਸਿਖਾਂ ਦਾ ਸਸਕਾਰ ਕਰਕੇ ਉਥੇ ਇਕ ਤਿਕੋਣੀ ਯਾਦਗਾਰ ਸਥਾਪਿਤ ਕੀਤੀ
ਨਵੰਬਰ 1901 ਵਿਚ ਕਿਲਾ ਲੋਕਹਾਰਟ ਦੇ ਕੋਲ ਇਨ੍ਹਾ ਸਹੀਦਾਂ ਦੀ ਯਾਦਗਾਰ ਬਣਾਈ ਗਈ । ਫਿਰ 16 ਅਪ੍ਰੈਲ 1902 ਅਮ੍ਰਿਤਸਰ ਵਿਖੇ ਇਨ੍ਹਾ ਸਿਪਾਹੀਆਂ ਦੀ ਯਾਦਗਾਰ ਵਜੋਂ ਇਕ ਗੁਰੂਦਵਾਰਾ, ਜਨਵਰੀ 1904 ਵਿਚ ਫਿਰੋਜ਼ਪੁਰ ਤੇ ਵਜ਼ੀਰਸਤਾਨ ਵਿਚ ਇਕ-ਇਕ ਗੁਰੂਦਵਾਰਾ ਬਣਵਾਇਆ ਗਿਆ । ਬ੍ਰਿਟਿਸ਼ ਸਰਕਾਰ ਨੇ 50 ਏਕੜ ਜਮੀਨ , 500 ਰੁਪੇ ਨਕਦ ਤੇ ਉਸ ਵਕਤ ਦਾ ਸਭ ਤੋ ਉਚਾ ਸਨਮਾਨ ਇੰਡੀਅਨ ਆਰਡਰ ਆਫ ਮੇਰਿਟ ਸਾਰਾਗੜੀ ਦੇ ਹਰ ਸਿਖ ਸਿਪਾਹੀ ਨੂੰ ਦਿਤਾ । ਇਹ ਸਿਪਾਹੀਆਂ ਦੇ ਜਥੇ ਨੂੰ ਦੇਣ ਵਾਲਾ ਦੁਨਿਆ ਦੇ ਇਤਿਹਾਸ ਵਿਚ ਇਕੋ ਇਕ ਸਮੂਹਿਕ ਤੌਰ ਤੇ ਦਿਤਾ ਸਨਮਾਨ ਹੈ । hands off ਉਨ੍ਹਾ ਸਿਪਾਹੀਆਂ ਨੂੰ ਜਿਨ੍ਹਾ ਨੇ ਚਮਕੌਰ ਦੀ ਲੜਾਈ ਤੋਂ ਪ੍ਰੇਰਨਾ ਲੈਕੇ ਆਪਣੇ ਮੁਲਕ, ਆਪਣੇ ਦੇਸ਼ ਤੇ ਸਰਬੱਤ ਦੇ ਭਲੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਹੁਕਮ ਦੀ ਤਮੀਲ ਕਰਕੇ ਸਿਖੀ ਦਾ ਮਾਣ ਰਖ ਲਿਆ ।
ਜਬ ਆਵ ਕੀ ਅਉਧ ਨਿਦਾਨ ਬਨੈ
ਅਤ ਹੀ ਰਨ ਮੈ ਤਬ ਜੂਝ ਮਰੋਂ !!
ਇਸ ਬਹਾਦਰੀ ਦੀ ਖਬਰ ਜਦ ਦੁਨੀਆ ਨੇ ਸੁਣੀ ਤਾਂ ਲੋਕ ਦੰਗ ਰਹਿ ਗਏ । ਬਰੀਟੇਨ ਨੇ ਆਪਣੀ ਸੰਸਦ ਦੀ ਕਾਰਵਾਈ ਰੋਕ ਕੇ ਖੜੇ ਹੋਕੇ ਸ਼ਹੀਦਾ ਨੂੰ ਨਮ-ਮਸਤਕ ਕੀਤਾ । ਸਿਖ ਕੌਮ ਦਾ ਇਹ ਗੋਰਵਮਈ ਇਤਿਹਾਸ ਅਜ ਫਰਾਂਸ ਤੇ ਪੂਰੇ ਯਰੋਪ ਦੇ ਸਕੂਲਾਂ ਵਿਚ ਪੜਾਇਆ ਜਾਂਦਾ ਹੈ । 5 ਸਾਲ ਪਹਿਲਾਂ ਲੰਦਨ ਵਿਚ ਸਾਰਾਗੜੀ ਪੋਲੋ ਮੈਚ ਕਰਵਾਇਆ ਗਿਆ , ਜਿਥੇ ਸਿਖਾਂ ਤੇ ਯੂ.ਕੇ ਦੀ ਟੀਮ ਵਿਚਕਾਰ ਮੁਕਾਬਲਾ ਹੋਇਆ । ਸ਼ਾਮ ਨੂੰ ਮਹਾਰਾਜਾ ਦਲੀਪ ਸਿੰਘ ਦੇ elevedan ਵਿਚ ਬਣੇ ਮਹਿਲ ਵਿਚ ਪਾਰਟੀ ਤੇ ਸਾਰਾਗੜੀ ਦੀ ਲੜਾਈ ਦੀ ਚਰਚਾ ਹੋਈ । ਪਰ ਅਫਸੋਸ ਕੀ ਹਿੰਦੁਸਤਾਨ ਵਿਚ ਬਹੁਤ ਘਟ ਲੋਕ ਇਸ ਲੜਾਈ ਬਾਰੇ ਜਾਣਦੇ ਹਨ ।
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਨੇ ਵੀ ਸਕੂਲਾਂ ਦੀਆਂ ਕਿਤਾਬਾਂ ਵਿਚ ਇਸ ਬਾਰੇ ਪੜ੍ਹਾਈ ਆਰੰਭ ਕਰਾਈ ਹੈ। ਸਾਨੂੰ ਲੋੜ ਹੈ ਕਿ ਭਾਰਤ ਸਰਕਾਰ ਵੀ ਇਸ ਲੜਾਈ ਦਾ ਵਰਨਣ ਪੂਰੇ ਭਾਰਤ ਦੇ ਸਕੂਲਾਂ ਦੇ ਸਿਲੇਬਸ ਵਿਚ ਪਾਵੇ।
ਸ਼ਹੀਦ ਸਿੰਘਾਂ ਦੇ ਹਵਾਲੇ
ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ)
ਸ: ਲਾਲ ਸਿੰਘ ਨਾਇਕ
ਸ: ਚੰਦਾ ਸਿੰਘ ਨਾਇਕ
ਸ: ਭਗਵਾਨ ਸਿੰਘ ਸਿਪਾਹੀ
ਸ: ਸੁੰਦਰ ਸਿੰਘ ਲਾਂਸ ਨਾਇਕ “
ਸ: ਉੱਤਮ ਸਿੰਘ ” “
ਸ: ਹੀਰਾ ਸਿੰਘ ਸਿਪਾਹੀ
ਸ: ਰਾਮ ਸਿੰਘ ਲਾਂਸ ਨਾਇਕ “
ਸ: ਜੀਵਾ ਸਿੰਘ ਸਿਪਾਹੀ
ਸ: ਜੀਵਨ ਸਿੰਘ ਸਿਪਾਹੀ
ਸ: ਗੁਰਮੁਖ ਸਿੰਘ ਸਿਗਨਲਮੈਨ
ਸ: ਭੋਲਾ ਸਿੰਘ ਸਿਪਾਹੀ
ਸ: ਬੇਲਾ ਸਿੰਘ ਸਿਪਾਹੀ
ਸ: ਨੰਦ ਸਿੰਘ ਸਿਪਾਹੀ
ਸ: ਸਾਹਿਬ ਸਿੰਘ ਲਾਂਸ ਨਾਇਕ
ਸ: ਦਿਆ ਸਿੰਘ ਸਿਪਾਹੀ
ਸ: ਭਗਵਾਨ ਸਿੰਘ ਸਿਪਾਹੀ
ਸ: ਨਰੈਣ ਸਿੰਘ ਸਿਪਾਹੀ
ਸ: ਗੁਰਮੁਖ ਸਿੰਘ ਸਿਪਾਹੀ
ਸ: ਸਿੰਦਰ ਸਿੰਘ ਸਿਪਾਹੀ
ਸੇਵਾਦਾਰ ਦਾਓ ਸਿੰਘ
ਦਾਦ ਸਿੰਘ। ਸਿਪਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
ਜੋਰਾਵਰ ਸਿੰਘ ਤਰਸਿੱਕਾ ।

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)